‘ਰਾਸ਼ਟਰੀ  ਸਵੈਮਸੇਵਕ ਸੰਘ ਦੀ ਪੱਤ੍ਰਿਕਾ ਨੇ’ ‘ਸਮਝਾਇਆ ਭਾਜਪਾ ਲੀਡਰਸ਼ਿਪ ਨੂੰ!’

Thursday, Jul 18, 2024 - 05:37 AM (IST)

ਲੋਕ ਸਭਾ ਚੋਣਾਂ ’ਚ ‘ਅਬ ਕੀ ਬਾਰ 400 ਪਾਰ’ ਦਾ ਨਾਅਰਾ ਲਾਉਣ ਵਾਲੀ ਭਾਜਪਾ ਆਪਣੇ ਦਮ ’ਤੇ ਬਹੁਮਤ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਅਤੇ ਸਹਿਯੋਗੀ ਪਾਰਟੀਆਂ ਦੀ ਮਦਦ ਨਾਲ ਹੀ ਗੱਠਜੋੜ ਸਰਕਾਰ ਬਣਾ ਸਕੀ ਹੈ। 
ਉਦੋਂ ਤੋਂ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਸਮੇਤ ਸੰਘ ਦੇ ਹੋਰਨਾਂ ਆਗੂਆਂ ਵੱਲੋਂ ਭਾਜਪਾ ਦੀਆਂ ਖਾਮੀਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜਿੱਥੇ ਮੋਹਨ ਭਾਗਵਤ ਨੇ ਕਿਹਾ ਕਿ ਸੇਵਕ ਨੂੰ ਹੰਕਾਰ ਨਹੀਂ  ਕਰਨਾ ਚਾਹੀਦਾ, ਉੱਥੇ ਹੀ ‘ਰਾਸ਼ਟਰੀ  ਸਵੈਮਸੇਵਕ ਸੰਘ’ ਦੀ ਪੱਤ੍ਰਿਕਾ ‘ਆਰਗੇਨਾਈਜ਼ਰ’ ’ਚ ਪ੍ਰਕਾਸ਼ਿਤ ਇਕ ਲੇਖ ’ਚ ‘ਸੰਘ’ ਦੇ ਉਮਰ ਭਰ   ਲਈ ਮੈਂਬਰ ਰਤਨ ਸ਼ਾਰਦਾ ਨੇ ਭਾਜਪਾ ਦੀ ਘਟੀਆ ਕਾਰਗੁਜ਼ਾਰੀ ਲਈ ਬੇਲੋੜੀ ਸਿਆਸਤ ਨੂੰ ਵੀ ਇਕ ਕਾਰਨ ਦੱਸਦੇ ਹੋਏ ਕਿਹਾ ਸੀ ਕਿ : 
‘‘ਚੋਣਾਂ  ਦੇ ਨਤੀਜੇ ਭਾਜਪਾ ਦੇ ਅਤਿ ਆਤਮਵਿਸ਼ਵਾਸੀ ਵਰਕਰਾਂ ਤੇ ਕਈ ਨੇਤਾਵਾਂ ਦਾ ਸੱਚ ਨਾਲ ਸਾਹਮਣਾ ਕਰਵਾਉਣ ਵਾਲੇ ਹਨ ਜੋ ਪ੍ਰਧਾਨ ਮੰਤਰੀ ਦੇ ਆਭਾਮੰਡਲ ਦੇ ਆਨੰਦ ’ਚ ਡੁੱਬੇ ਰਹਿ ਗਏ। ਉਨ੍ਹਾਂ ਨੇ ਆਮ ਲੋਕਾਂ ਦੀ ਆਵਾਜ਼ ਨੂੰ ਅਣਡਿੱਠ ਕਰ ਦਿੱਤਾ ਅਤੇ ‘ਸੰਘ’ ਦੇ ਵਰਕਰਾਂ ਕੋਲੋਂ ਸਹਿਯੋਗ ਤੱਕ ਨਹੀਂ ਮੰਗਿਆ।’’
‘‘ਸੰਘ ਨੂੰ ਅੱਤਵਾਦੀ ਸੰਗਠਨ ਦੱਸਣ ਵਾਲੇ ਕਾਂਗਰਸੀਆਂ ਨੂੰ ਭਾਜਪਾ ’ਚ ਸ਼ਾਮਲ ਕਰਨ ਵਰਗੇ ਫੈਸਲਿਆਂ ਨੇ ਭਾਜਪਾ ਦੇ ਅਕਸ ਨੂੰ ਖਰਾਬ ਕੀਤਾ ਤੇ ਸੰਘ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ ਵੀ ਠੇਸ  ਪੁੱਜੀ।’’
ਇਸ ਦੇ ਬਾਅਦ ਸੰਘ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਇੰਦ੍ਰੇਸ਼ ਕੁਮਾਰ ਨੇ 14 ਜੂਨ ਨੂੰ ਕਿਹਾ ਸੀ ਕਿ ‘‘ਰਾਮ ਸਾਰਿਆਂ ਦੇ ਨਾਲ ਨਿਆਂ ਕਰਦੇ ਹਨ ਜਿਨ੍ਹਾਂ ਨੇ ਰਾਮ ਦੀ ਭਗਤੀ ਕੀਤੀ ਪਰ ਉਨ੍ਹਾਂ ’ਚ ਹੌਲੀ-ਹੌਲੀ ਹੰਕਾਰ ਆ ਗਿਆ। ਉਸ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਐਲਾਨ ਦਿੱਤਾ। ਉਨ੍ਹਾਂ ਨੂੰ ਜੋ ਮੁਕੰਮਲ ਅਧਿਕਾਰ ਮਿਲਣਾ ਚਾਹੀਦਾ, ਜੋ ਸ਼ਕਤੀ ਮਿਲਣੀ ਚਾਹੀਦੀ, ਉਹ ਭਗਵਾਨ ਨੇ ਹੰਕਾਰ ਦੇ ਕਾਰਨ ਰੋਕ ਦਿੱਤੀ।’’ 
ਅਤੇ ਹੁਣ ਰਾਸ਼ਟਰੀ  ਸਵੈਮਸੇਵਕ ਸੰਘ ਨਾਲ ਸਬੰਧਤ ਮਰਾਠੀ ਹਫਤਾਵਾਰੀ ‘ਵਿਵੇਕ’ ’ਚ ਪ੍ਰਕਾਸ਼ਿਤ ਇਕ ਲੇਖ ‘ਵਰਕਰ ਨਿਰਉਤਸ਼ਾਹਿਤ ਨਹੀਂ ਪਰ ਭਰਮੇ’ ’ਚ ਮਹਾਰਾਸ਼ਟਰ ਦੀਆਂ ਚੋਣਾਂ ’ਚ ਭਾਜਪਾ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਲਈ ਪਾਰਟੀ ਦੇ ਨੇਤਾਵਾਂ, ਇਸ ਦੇ ਵਰਕਰਾਂ ਅਤੇ ਰਾਜਗ ਸਰਕਾਰ ਦੇ ਦਰਮਿਆਨ ਗੱਲਬਾਤ ਦੀ ਘਾਟ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਕਾਂਪਾ ਦੇ ਨਾਲ ਗੱਠਜੋੜ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਲਿਖਿਆ ਹੈ ਕਿ : 
‘‘ਹਰੇਕ (ਭਾਜਪਾ) ਵਰਕਰ ਮਹਾਰਾਸ਼ਟਰ ’ਚ ਲੋਕ ਸਭਾ ਚੋਣਾਂ ’ਚ ਅਸਫਲਤਾ ਲਈ ਰਾਕਾਂਪਾ ਦੇ ਨਾਲ ਗੱਠਜੋੜ ਨੂੰ ਜ਼ਿੰਮੇਵਾਰ ਮੰਨਦਾ ਹੈ। ਭਾਜਪਾ ਵਰਕਰਾਂ ਨੇ ਪਾਰਟੀ  ਦਾ ਰਾਕਾਂਪਾ ਨਾਲ ਹੱਥ ਮਿਲਾਉਣਾ ਪਸੰਦ ਨਹੀਂ ਕੀਤਾ।’’
‘‘ਸ਼ਿਵ ਸੈਨਾ (ਊਧਵ ਠਾਕਰੇ) ਹਿੰਦੂਤਵ ਆਧਾਰਿਤ ਹੋਣ ਦੇ ਕਾਰਨ ਭਾਜਪਾ ਦੀ ਸੁਭਾਵਿਕ ਸਹਿਯੋਗੀ ਸੀ ਜਿਸ ਨੂੰ ਵੋਟਰਾਂ ਨੇ ਪ੍ਰਵਾਨ ਕੀਤਾ ਸੀ ਪਰ ਰਾਕਾਂਪਾ ਦੇ ਨਾਲ ਗੱਠਜੋੜ ਨੇ ਉਸ ਭਾਵਨਾ ਨੂੰ ਬਦਲ ਦਿੱਤਾ ਅਤੇ ਲੋਕ ਭਾਵਨਾਵਾਂ ਪੂਰੀ ਤਰ੍ਹਾਂ ਭਾਜਪਾ ਦੇ ਵਿਰੁੱਧ ਹੋ ਗਈਆਂ। (ਪਾਰਟੀ ’ਚ) ਗੁੱਸਾ ਪੈਦਾ ਹੋਇਆ ਜੋ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਬਾਅਦ ਹੋਰ ਵਧ ਗਿਆ।’’
‘‘ਭਾਜਪਾ ਦੇ ਵਰਕਰ ਰਾਕਾਂਪਾ ਨਾਲ ਹੱਥ ਮਿਲਾਉਣ ਦੇ ਫੈਸਲੇ  ਨਾਲ ਸਹਿਮਤ ਨਹੀਂ ਸਨ ਤੇ ਪਾਰਟੀ ਦੇ ਵਰਕਰਾਂ ਦੇ ਗੁੱਸੇ ਨੂੰ ਘਟ ਕਰ ਕੇ ਮਿੱਥਿਆ ਗਿਆ।’’
‘‘ਭਾਜਪਾ ਹੀ ਇਕੋ ਇਕ ਪਾਰਟੀ ਹੈ ਜੋ ਵਰਕਰਾਂ ਨੂੰ ਨੇਤਾ ਬਣਾਉਂਦੀ ਹੈ। ਇਸੇ ਢੰਗ ਨਾਲ ਪਾਰਟੀ ਨੂੰ ਅਟਲ ਬਿਹਾਰੀ ਵਾਜਪਾਈ, ਪ੍ਰਮੋਦ ਮਹਾਜਨ ਤੇ ਨਿਤਿਨ ਗਡਕਰੀ ਵਰਗੇ ਨੇਤਾ ਮਿਲੇ ਪਰ ਹੁਣ ਪਾਰਟੀ ਦੇ ਵਰਕਰ ਮਹਿਸੂਸ ਕਰਨ ਲੱਗੇ ਹਨ ਕਿ  ਇਸ ਰਵਾਇਤ ਨੂੰ ਪਲਟ ਦਿੱਤਾ ਗਿਆ ਹੈ। ਵਿਰੋਧੀ ਧਿਰ ਨੇ ਇਹ ਧਾਰਨਾ ਕਾਇਮ ਕਰਨ ’ਚ ਸਫਲਤਾ ਹਾਸਲ ਕੀਤੀ ਕਿ ਭਾਜਪਾ ’ਚ ਮੂਲ ਵਰਕਰ ਹਮੇਸ਼ਾ ਹੇਠਲੇ ਸਥਾਨ ’ਤੇ ਰਹਿਣਗੇ ਅਤੇ ਦਲ ਬਦਲੂਆਂ ਨੂੰ ਵੱਡੇ ਅਹੁਦੇ ਮਿਲਣਗੇ।’’
ਲੇਖ ’ਚ ਵਿਰੋਧੀ ਧਿਰ ਵੱਲੋਂ ਭਾਜਪਾ ਦੇ ਵਿਰੁੱਧ ‘ਵਾਸ਼ਿੰਗ ਮਸ਼ੀਨ’ ਵਾਲੀ ਟਕੋਰ ਦਾ ਵੀ ਵਰਨਣ ਕੀਤਾ ਗਿਆ ਹੈ ਤੇ ਇਸ ’ਤੇ ਵੀ ਸਵਾਲ ਉਠਾਇਆ ਗਿਆ ਹੈ ਕਿ ਕੀ ਭਾਜਪਾ ਵੱਲੋਂ ਐਮਰਜੈਂਸੀ ਦੇ ਵਿਰੁੱਧ ਸੰਘਰਸ਼ ਅਤੇ ਰਾਮ ਮੰਦਰ ਅੰਦੋਲਨ ’ਚ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਪ੍ਰਚਾਰ ਦਾ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਸੂਬਾ ਵਿਧਾਨ ਸਭਾਵਾਂ ਦੀਆਂ ਚੋਣਾਂ ’ਚ ਨੌਜਵਾਨ ਵੋਟਰਾਂ ’ਤੇ ਕੋਈ ਅਸਰ ਪਵੇਗਾ? 
ਵਰਨਣਯੋਗ ਹੈ ਕਿ  ਭਾਜਪਾ ਨੇ ਮਹਾਰਾਸ਼ਟਰ ’ਚ ਰਾਕਾਂਪਾ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਨਾਲ ਗੱਠਜੋੜ ਕਰ ਕੇ (48 ਸੀਟਾਂ ’ਤੇ) ਚੋਣ ਲੜੀ ਸੀ ਪਰ ਸਿਰਫ 9 ਸੀਟਾਂ ਹੀ ਜਿੱਤ ਸਕੀ, ਜਦਕਿ 2019 ਦੀਆਂ ਚੋਣਾਂ ’ਚ ਇਸ ਨੇ 23 ਸੀਟਾਂ ਜਿੱਤੀਆਂ ਸਨ। 
ਮੋਹਨ ਭਾਗਵਤ, ਰਤਨ ਸ਼ਾਰਦਾ ਅਤੇ ਇੰਦ੍ਰੇਸ਼ ਕੁਮਾਰ ਦੇ ਬਾਅਦ ਹੁਣ ਸੰਘ ਦੀ ਪੱਤ੍ਰਿਕਾ ‘ਵਿਵੇਕ’ ’ਚ ਪ੍ਰਕਾਸ਼ਿਤ ਲੇਖ ’ਤੇ ਕੋਈ ਟਿੱਪਣੀ ਨਾ ਕਰਦੇ ਹੋਏ ਅਸੀਂ ਇੰਨਾ ਹੀ ਕਹਿਣਾ ਚਾਹਾਂਗੇ ਕਿ ਇਨ੍ਹਾਂ ਸਾਰੀਆਂ ਗੱਲਾਂ ’ਤੇ ਭਾਜਪਾ ਲੀਡਰਸ਼ਿਪ ਨੂੰ ਵਿਚਾਰ ਕਰ ਕੇ ਇਨ੍ਹਾਂ ਦੇ ਵੱਲੋਂ ਪ੍ਰਗਟ ਕੀਤੀਆਂ ਗਈਆਂ  ਖਾਮੀਆਂ ਨੂੰ ਦੂਰ  ਕਰਨਾ ਚਾਹੀਦਾ ਹੈ ਤਾਂ ਕਿ ਸਿਰਫ ਮਹਾਰਾਸ਼ਟਰ ’ਚ ਹੀ ਨਹੀਂ ਸਗੋਂ ਹੋਰਨਾਂ ਸੂਬਿਆਂ ’ਚ ਵੀ, ਜਿੱਥੇ ਨੇੜ ਭਵਿੱਖ ’ਚ ਚੋਣਾਂ ਹੋਣ ਵਾਲੀਆਂ ਹਨ, ਪਾਰਟੀ ਦੀ ਸਥਿਤੀ ਮਜ਼ਬੂਤ ਹੋ ਸਕੇ।     
–ਵਿਜੇ ਕੁਮਾਰ 


Inder Prajapati

Content Editor

Related News