ਰੇਲਵੇ ਨੂੰ ਘਾਟਾ ਪਹੁੰਚਾ ਰਹੇ ਬੇਟਿਕਟ ਯਾਤਰੀ, ਜੁਰਮਾਨਾ ਮੁਹਿੰਮ ਤੇਜ਼ ਕਰਨ ਦੀ ਲੋੜ

Friday, Jan 10, 2025 - 02:13 AM (IST)

ਰੇਲਵੇ ਨੂੰ ਘਾਟਾ ਪਹੁੰਚਾ ਰਹੇ ਬੇਟਿਕਟ ਯਾਤਰੀ, ਜੁਰਮਾਨਾ ਮੁਹਿੰਮ ਤੇਜ਼ ਕਰਨ ਦੀ ਲੋੜ

ਸਾਲ 2022-23 ਵਿਚ ਲਗਭਗ 3.6 ਕਰੋੜ ਯਾਤਰੀਆਂ ਨੂੰ ਗਲਤ ਟਿਕਟਾਂ ਨਾਲ ਜਾਂ ਬਿਨਾਂ ਟਿਕਟਾਂ ਦੇ ਯਾਤਰਾ ਕਰਦਿਆਂ ਫੜਿਆ ਗਿਆ ਸੀ। ਇਸ ਨਾਲ ਰੇਲਵੇ ਨੂੰ ਮਾਲੀਏ ਦਾ ਕਿੰਨਾ ਘਾਟਾ ਪਿਆ ਹੋਵੇਗਾ, ਇਸ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।

ਇਸ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਰੇਲਵੇ ਨੇ ਯਾਤਰੀਆਂ ਨੂੰ ਟਿਕਟਾਂ ਲੈ ਕੇ ਯਾਤਰਾ ਕਰਨ ਲਈ ਪ੍ਰੇਰਿਤ ਕਰਨ ਅਤੇ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਨੂੰ ਫੜ ਕੇ ਉਨ੍ਹਾਂ ਕੋਲੋਂ ਜੁਰਮਾਨਾ ਵਸੂਲਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ।

ਇਸ ਸਬੰਧ ਵਿਚ ਪੰਜਾਬ ਵਿਚ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਨੇ ਬੇਟਿਕਟ ਯਾਤਰੀਆਂ ਨੂੰ ਫੜਨ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਦਸੰਬਰ, 2024 ਦੇ ਮਹੀਨੇ ਦੌਰਾਨ 27,834 ਯਾਤਰੀਆਂ ਕੋਲੋਂ 2.72 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਹੈ।

ਰੇਲਵੇ ਵਿਚ 70 ਡਿਵੀਜ਼ਨਾਂ ਹਨ ਅਤੇ ਇਹ ਇਕ ਡਿਵੀਜ਼ਨ ਤੋਂ ਵਸੂਲਿਆ ਗਿਆ ਜੁਰਮਾਨਾ ਹੈ। ਜੇਕਰ ਸਾਰੀਆਂ ਡਿਵੀਜ਼ਨਾਂ ਤੋਂ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ਕੋਲੋਂ ਸਖ਼ਤੀ ਨਾਲ ਜੁਰਮਾਨਾ ਵਸੂਲ ਕੀਤਾ ਜਾਵੇ ਤਾਂ ਰੇਲਵੇ ਦਾ ਸਾਰਾ ਵਿੱਤੀ ਸੰਕਟ ਹੱਲ ਹੋ ਸਕਦਾ ਹੈ।

ਇਸ ਲਈ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਇਸ ਨਾਲ ਰੇਲਵੇ ਦਾ ਮਾਲੀਆ ਵਧੇਗਾ ਅਤੇ ਰੇਲਗੱਡੀਆਂ ਦੇ ਸੰਚਾਲਨ ਨੂੰ ਬਿਹਤਰ ਬਣਾਇਆ ਜਾ ਸਕੇਗਾ।

-ਵਿਜੇ ਕੁਮਾਰ


author

Harpreet SIngh

Content Editor

Related News