ਖਿਲਰਨ ਦੇ ਕੰਢੇ ’ਤੇ ਪਹੁੰਚਿਆ ਪਾਕਿਸਤਾਨ

10/30/2020 3:47:02 AM

ਹਰੀ ਜੈਸਿੰਘ

ਪਾਕਿਸਤਾਨ ਦੇ ਪ੍ਰਸਿੱਧ ਕ੍ਰਿਕਟਰ ਤੋਂ ਪ੍ਰਧਾਨ ਮੰਤਰੀ ਬਣੇ ਇਮਰਾਨ ਖਾਨ ਨੂੰ ਜ਼ਰੂਰ ਇਹ ਪ੍ਰੇਸ਼ਾਨ ਕਰਨ ਵਾਲਾ ਅਹਿਸਾਸ ਹੋ ਗਿਆ ਹੋਵੇਗਾ ਕਿ ਸਿਆਸਤ ਦੀ ਗੁੰਝਲਦਾਰ ਪਿੱਚ ’ਤੇ ਫਾਸਟ ਬਾਲਿੰਗ ਕੰਮ ਨਹੀਂ ਕਰਦੀ, ਇਥੋਂ ਤਕ ਕਿ ਸ਼ਕਤੀਸ਼ਾਲੀ ਫੌਜ ਦੇ ਬਾਹਰੀ ਸਮਰਥਨ ਨਾਲ ਵੀ। ਜਦੋਂ ਤੋਂ ਦੇਸ਼ ਦੀਆਂ ਵਿਰੋਧੀ ਪਾਰਟੀਆਂ ਨੇ ਹਾਲ ਹੀ ’ਚ ਇਕ ਮੰਚ ’ਤੇ ਇਕੱਠੇ ਹੋ ਕੇ ਹੱਥ ਮਿਲਾਇਆ ਹੈ, ਇਮਰਾਨ ਖਾਨ ਲਈ ਹਾਲਾਤ ਹੋਰ ਵੀ ਭੈੜੇ ਹੋ ਗਏ ਹਨ।

ਕੁਲ ਮਿਲਾ ਕੇ 11 ਸਿਆਸੀ ਪਾਰਟੀਆਂ ਨੇ ਤਜਰਬੇਕਾਰ ਸਿਆਸੀ ਆਗੂ ਜਮਾਇਤ ਉਲੇਮਾ-ਏ-ਇਸਲਾਮ (ਐੱਫ) ਦੇ ਮੌਲਾਨਾ ਫਜ਼ਲੁਰਰਹਿਮਾਨ ਦੀ ਪ੍ਰਧਾਨਗੀ ’ਚ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ. ਡੀ. ਐੱਮ.) ਦਾ ਗਠਨ ਕੀਤਾ ਹੈ। ਪਾਕਿਸਤਾਨ ਮੁਸਲਿਮ ਲੀਗ (ਪੀ. ਐੱਮ. ਐੱਲ.-ਐੱਨ.) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਪੀ. ਡੀ. ਐੱਮ. ਢਾਂਚੇ ਦਾ ਹਿੱਸਾ ਹਨ।

ਬਹੁ-ਪਾਰਟੀ ਗਠਜੋੜ ਦਾ ਟੀਚਾ ਇਮਰਾਨ ਖਾਨ ਨੂੰ ਸੱਤਾ ਤੋਂ ਬਾਹਰ ਕਰਨਾ ਹੈ। ਇਸ ਨੇ ਮੁੱਖ ਤੌਰ ’ਤੇ ਆਪਣਾ ਧਿਆਨ ਪਾਕਿਸਤਾਨੀ ਨੌਜਵਾਨਾਂ ’ਚ ਵਧਦੀ ਬੇਰੋਜ਼ਗਾਰੀ ਅਤੇ ਜ਼ਰੂਰੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ’ਤੇ ਕੀਤਾ ਹੈ। ਉਹ ਲੋਕਤੰਤਰਿਕ ਮਾਮਲਿਆਂ ’ਚ ਫੌਜ ਦੇ ਵਧਦੇ ਦਖਲ ਦਾ ਵੀ ਵਿਰੋਧ ਕਰ ਰਹੇ ਹਨ।

ਇਹ ਇਕ ਤਰ੍ਹਾਂ ਦਾ ਕੋਈ ਨਵਾਂ ਦ੍ਰਿਸ਼ਟਾਂਤ ਨਹੀਂ ਹੈ। ਪਾਕਿਸਤਾਨ ਦੇ ਹਥਿਆਰਬੰਦ ਬਲ ਹਮੇਸ਼ਾ ਤੋਂ ਹੀ ਗੈਰ-ਫੌਜੀ ਸੱਤਾ ਦੇ ਗਲਿਆਰਿਆਂ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦਿੰਦੇ ਰਹੇ ਹਨ। ਜਿਵੇਂ ਕਿ ਆਪਣੀ ਹੋਂਦ ਦੇ 73 ਸਾਲਾਂ ’ਚ ਇਸਲਾਮਾਬਾਦ 4 ਵਾਰ ਫੌਜ ਦੇ ਸ਼ਾਸਨ ਹੇਠ ਰਿਹਾ ਹੈ। ਇਥੋਂ ਤਕ ਕਿ ਆਪਣੇ ਮਕਸਦਾਂ ਅਤੇ ਹਿੱਤਾਂ ਦੀ ਪੂਰਤੀ ਲਈ ਪਾਕਿਸਤਾਨੀ ਜਨਰਲ ਗੈਰ-ਫੌਜੀ ਪ੍ਰਧਾਨ ਮੰਤਰੀਆਂ ਦੀ ਵਰਤੋਂ ਕਰਦੇ ਰਹੇ ਹਨ। ਮੌਜੂਦਾ ਜਨਰਲਾਂ ਨੇ ਗੈਰ-ਫੌਜੀ ਇਮਰਾਨ ਖਾਨ ਦੇ ਰੂਪ ’ਚ ਇਕ ਸਹੂਲਤ ਅਨੁਸਾਰ ‘ਕਠਪੁਤਲੀ’ ਪਾ ਲਈ ਹੈ, ਜਦਕਿ ਉਸਦੇ ਸ਼ਾਸਨ ਨੂੰ ਪ੍ਰਸ਼ਾਸਨ ਦੇ ‘ਬਾਰੀਕ’ ਮਾਡਲ ਦੇ ਤੌਰ ’ਤੇ ਪੇਸ਼ ਕਰ ਰਹੇ ਹਨ।

ਸਿਆਸਤ ਦੀਆਂ ਗੁੰਝਲਾਂ ਅਤੇ ਪ੍ਰਸ਼ਾਸਨ ਦੀਆਂ ਘੁੰਮਣਘੇਰੀਆਂ ਦਰਮਿਆਨ ਇਕ ਸਿਖਾਂਦਰੂ ਇਮਰਾਨ ਖਾਨ ਨਿਸ਼ਚਿਤ ਤੌਰ ’ਤੇ ਪ੍ਰਧਾਨ ਮੰਤਰੀ ਦੇ ਕੱਦ ’ਤੇ ਖਰੇ ਨਹੀਂ ਉਤਰਦੇ। ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਕਿ ਅਸੀਂ ਆਮ ਤੌਰ ’ਤੇ ਮਨੁੱਖੀ ਹੱਕਾਂ ਦੀ ਉਲੰਘਣਾ, ਸਿਆਸੀ ਵਿਰੋਧੀ ਤੱਤਾਂ ਦੇ ਜ਼ਬਰਦਸਤੀ ਲਾਪਤਾ ਹੋਣ, ਈਸ਼ਨਿੰਦਾ ਦੇ ਅਤੀ ਮਾਮਲੇ ਅਤੇ ਕੁਲ ਮਿਲਾ ਕੇ ਸਿਆਸੀ ਅਸ਼ਾਂਤੀ ਦੇਖ ਰਹੇ ਹਾਂ। ਅਜਿਹੀਆਂ ਘਟਨਾਵਾਂ ਇਮਰਾਨ ਖਾਨ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਦਿਖਾਉਂਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨ ’ਚ ਜਾਰੀ ਮੌਜੂਦਾ ਖਿਲਾਰੇ ਨੇ ਫੌਜੀ ਗਲਿਆਰਿਆਂ ਨੂੰ ਵੀ ਜਨਤਾ ਦੀਆਂ ਨਜ਼ਰਾਂ ’ਚ ਓਨਾ ਹੀ ਜੋਖਮ ਭਰਿਆ ਬਣਾ ਦਿੱਤਾ ਹੈ।

ਪਾਕਿਸਤਾਨ ਦੇ ਚੋਟੀ ਦੇ ਫੌਜੀ ਜਨਰਲਾਂ-ਕਮਰ ਜਾਵੇਦ ਬਾਜਵਾ ਅਤੇ ਫੈਜ਼ ਹਮੀਦ ਦਾ ਨਾਂ ਲੈਂਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਕ ਵਾਰ ਫਿਰ ਜਨਰਲ ਬਾਜਵਾ ’ਤੇ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਿਠਾਉਣ ਲਈ 2018 ਦੀਆਂ ਚੋਣਾਂ ’ਚ ਖਰੀਦੋ-ਫਰੋਖਤ ਅਤੇ ਜੋੜ-ਤੋੜ ਦਾ ਦੋਸ਼ ਲਗਾਇਆ ਸੀ।

ਲੰਦਨ ਤੋਂ ਇਕ ਵਰਚੁਅਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਵਾਜ਼ ਸ਼ਰੀਫ ਨੇ ਕਿਹਾ ਸੀ ਕਿ ‘‘ਤੁਹਾਨੂੰ ਕੀਤੇ ਗਏ ਅਪਰਾਧ ਅਤੇ ਪਾਕਿਸਤਾਨ ਨੂੰ ਵਿਨਾਸ਼ ਵੱਲ ਧੱਕਣ ਦੇ ਲਈ ਜਵਾਬ ਦੇਣਾ ਹੋਵੇਗਾ।’’ ਉਨ੍ਹਾਂ ਨੇ ਗੁਜਰਾਂਵਾਲਾ ਪੀ. ਡੀ. ਐੱਮ. ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਨਰਲ ਬਾਜਵਾ ਦੇ ਕਰੀਬੀ ਅਤੇ ਇੰਟਰ ਸਰਵਿਸ ਇੰਟੈਲੀਜੈਂਸ (ਆਈ. ਐੱਸ. ਆਈ.) ਦੇ ਮੁਖੀ ਫੈਜ਼ ਹਮੀਦ ਦੀ ਵੀ ਆਲੋਚਨਾ ਕੀਤੀ।

ਯਕੀਨੀ ਤੌਰ ’ਤੇ ਫੌਜ ਵਲੋਂ ਨਿਰਦੇਸ਼ਿਤ ਇਮਰਾਨ ਖਾਨ ਦੀ ਗੈਰ-ਫੌਜੀ ਸਰਕਾਰ ’ਚ ਚੱਕਰ ਦੇ ਅੰਦਰ ਕਈ ਚੱਕਰ ਘੁੰਮ ਰਹੇ ਹਨ। ਪਾਕਿਸਤਾਨ ਦੀ ਦੁਬਿਧਾਪੂਰਨ ਵਿਵਸਥਾ ’ਚ ਅਸੀਂ ਕੱਲ ਹੋਣ ਵਾਲੇ ਘਟਨਾਕ੍ਰਮ ਬਾਰੇ ਯਕੀਨੀ ਨਹੀਂ ਹੋ ਸਕਦੇ, ਜਿਸ ’ਚ ਪੀ. ਡੀ. ਐੱਮ. ਗਠਜੋੜ ਦੇ ਸਾਂਝੀਦਾਰਾਂ ਦਰਮਿਆਨ ‘ਏਕਤਾ’ ਸ਼ਾਮਲ ਹੈ। ਬਿਨਾਂ ਸ਼ੱਕ ਪਾਕਿਸਤਾਨੀ ਜਨਰਲਾਂ ਦਾ ਵਿਚਾਰ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ. ਟੀ. ਆਈ.) ਦੇ ਨਾਲ ਕਾਰਜਸ਼ੀਲ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ ਹੈ, ਕਿਉਂਕਿ ਉਹ ਸਿੱਧੇ ਤੌਰ ’ਤੇ ਸੱਤਾ ਆਪਣੇ ਹੱਥਾਂ ’ਚ ਨਹੀਂ ਲੈਣਾ ਚਾਹੁੰਦੇ। ਇਹ ਸੱਚ ਹੈ ਕਿ ਇਮਰਾਨ ਅਤੇ ਬਾਜਵਾ ਇਕੋ ਜਿਹੇ ਹੀ ਹਨ।

ਇਸ ਤੱਥ ਨੂੰ ਦੇਖਦੇ ਹੋਏ ਮੈਂ ਸੁਨਿਸ਼ਚਿਤ ਨਹੀਂ ਹੋ ਸਕਦਾ ਕਿ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਇਮਰਾਨ ਖਾਨ ਦੀ ਫੌਜ ਸਮਰਥਿਤ ਗੈਰ-ਫੌਜੀ ਸਰਕਾਰ ਨੂੰ ਅਹੁਦੇ ਤੋਂ ਹਟਾਉਣ ’ਚ ਸਫਲ ਹੋ ਸਕੇਗੀ, ਜਿਵੇਂ ਕਿ ਹਾਲ ਹੀ ’ਚ ਅਸੀਂ ਇਸ ’ਚ ਸਿਆਸੀ, ਧਾਰਮਿਕ ਅਤੇ ਜਾਤੀ ਮੁੱਦਿਆਂ ਨੂੰ ਲੈ ਕੇ ਤਰੇੜਾਂ ਦੇਖੀਆਂ ਹਨ।

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਵਰਕਰ ਅਮਜਦ ਅਯੂਰ ਮਿਰਜ਼ਾ ਨੇ ਦੇਸ਼ ’ਚ ਹਫੜਾ-ਦਫੜੀ ਨੂੰ ਲੈ ਕੇ ਇਮਰਾਨ ਖਾਨ ਦੀ ਆਲੋਚਨਾ ਕੀਤੀ ਹੈ। ਉਹ ਇਸ ਹੱਦ ਤਕ ਚਲੇ ਗਏ ਕਿ ਪਾਕਿਸਤਾਨ ‘ਆਪਣੇ ਖੁਦ ਨਾਲ ਲੜਾਈ ਲੜ ਰਿਹਾ ਹੈ!’

ਮਜ਼ੇ ਦੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਜਨਰਲ ਦੇਸ਼ ਦੇ ਸਾਹਮਣੇ ਮੌਜੂਦ ਨਾ ਖਤਮ ਹੋਣ ਵਾਲੀਆਂ ਸਮੱਸਿਆਵਾਂ ਲਈ ਆਪਣੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰਦੇ ਹੋਏ ਖੁਦ ਨੂੰ ਦੇਸ਼ ਦੇ ਸਾਹਮਣੇ ਮੌਜੂਦ ਬਹੁਮੁਖੀ ਸਮੱਸਿਆਵਾਂ ਦੇ ਹੱਲ ਦੇ ਤੌਰ ’ਤੇ ਦੇਖ ਰਹੇ ਸਨ ਪਰ ਇਸਲਾਮਾਬਾਦ ਦੀ ਸਰਬ ਸ਼ਕਤੀਮਾਨ ਫੌਜ ਦੇ ਸਾਹਮਣੇ ਕੌਣ ਖੜ੍ਹਾ ਹੋ ਸਕਦਾ ਹੈ।

ਸਪੱਸ਼ਟ ਹੈ ਕਿ ਪਾਕਿਸਤਾਨ ਆਪਣੇ ਖੁਦ ਦੇ ਨਿਰਮਾਣ ਦੀ ਚਲਾਕ ਚਾਲ ’ਚ ਫਸ ਗਿਆ ਹੈ। ਜਨਰਲ ਲੋਕਾਂ ’ਚ ਅਸੁਰੱਖਿਆ ਦੀ ਭਾਵਨਾ ਜੀਵਿਤ ਬਣਾਏ ਰੱਖਦੇ ਹਨ। ਇਸ ਦਰਮਿਆਨ ਵਿਸ਼ਾਲ ਫੌਜੀ ਸੰਸਥਾਨਾਂ ਦੇ ਰੱਖ-ਰਖਾਅ ’ਤੇ ਭਾਰੀ ਖਰਚ ਕੀਤਾ ਜਾ ਰਿਹਾ ਹੈ। ਇਸ ਪ੍ਰਕਿਰਿਆ ’ਚ ਜੇਕਰ ਦੇਸ਼ ਆਰਥਿਕ ਤੰਗੀਆਂ ਝੱਲਦਾ ਵੀ ਹੈ ਤਾਂ ਕੌਣ ਪ੍ਰਵਾਹ ਕਰਦਾ ਹੈ।

ਮਹੱਤਵਪੂਰਨ ਸਵਾਲ ਇਹ ਹੈ ਕਿ ਇਸਲਾਮਾਬਾਦ ਦਾ ਆਰਥਿਕ ਸੰਕਟ ਇਮਰਾਨ ਖਾਨ ਤੇ ਜਨਰਲ ਬਾਜਵਾ ਦੀ ਸਿਆਸੀ ਭਾਈਵਾਲੀ ਨੂੰ ਹਿਲਾ ਸਕਦਾ ਹੈ? ਪਾਕਿਸਤਾਨ ਦੇ ਕੱਲ ਬਾਰੇ ਭਵਿੱਖਬਾਣੀ ਕਰਨੀ ਸੌਖੀ ਨਹੀਂ ਹੈ। ਵਰਤਮਾਨ ’ਚ ਪੀ. ਡੀ. ਐੱਮ. ਦੀਆਂ ਰੈਲੀਆਂ ’ਤੇ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਦੇ ਉਭਾਰ ਨੇ ਫੌਜ ਨੂੰ ਬਚਾਅ ਦੇ ਮੋਡ ’ਚ ਲਿਆ ਦਿੱਤਾ ਹੈ। ਫਿਰ ਵੀ ਅਸੀਂ ਇਮਰਾਨ ਖਾਨ ਅਤੇ ਫੌਜ ਦੇ ਭਾਰਤ ਦੇ ਨਾਲ-ਨਾਲ ਕੁਝ ਪੱਛਮੀ ਦੇਸ਼ਾਂ ਦੇ ਵਿਰੁੱਧ ਅੱਤਵਾਦ ਅਤੇ ‘ਇਸਲਾਮ-ਫੋਬੀਆ’ ਦੇ ਸਦਾਬਹਾਰ ਕਾਰਡਜ਼ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਦਰਅਸਲ ਨਵੀਂ ਦਿੱਲੀ ਦੀ ਵੱਡੀ ਸਿਰਦਰਦੀ ਪਾਕਿਸਤਾਨ ਵਲੋਂ ਅੱਤਵਾਦੀ ਰਣਨੀਤੀਆਂ ਰਾਹੀਂ ਅਸਥਿਰਤਾ ਦੀਆਂ ਸਥਿਤੀਆਂ ਬਣਾਉਣ ਲਈ ਇਸਲਾਮਿਕ ਕਾਰਡ ਦੀ ਦੁਰਵਰਤੋਂ ਕਰਨਾ ਹੈ।

ਅਸੀਂ ਪੁੱਛ ਸਕਦੇ ਹਾਂ ਕਿ ਆਪਣੇ ਬਹੁਤ ਹੀ ਆਰਥਿਕ ਸੰਕਟ ਦਰਮਿਆਨ ਕਦੋਂ ਤਕ ਪਾਕਿਸਤਾਨ ਆਪਣੇ ਅੱਤਵਾਦ ਦੇ ਪੱਤੇ ਖੇਡਦਾ ਰਹੇਗਾ। ਜੋ ਸਥਿਤੀ ਹੈ, ਪੈਰਿਸ ਸਥਿਤ ਗਲੋਬਲ ਵਾਚਡਾਗ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਨੇ ਪਾਕਿਸਤਾਨ ਨੂੰ ਆਪਣੀ ਗ੍ਰੇ ਲਿਸਟ ’ਚ ਬਣਾਈ ਰੱਖਿਆ। ਆਪਣੇ ਨਵੇਂ ਤਿੰਨ ਦਿਨਾ ਵਰਚੁਅਲ ਪਲੈਨਰੀ ਸੈਸ਼ਨ ’ਚ ਐੱਫ. ਏ. ਟੀ. ਐੱਫ. ਨੇ ਪਾਕਿਸਤਾਨ ਨੂੰ ਸਪੱਸ਼ਟ ਤੌਰ ’ਤੇ ਫਰਵਰੀ 2021 ਤਕ ਆਪਣੀ ਪੂਰਨ ਕਾਰਜ ਯੋਜਨਾ ਨੂੰ ਪੂਰਾ ਕਰਨ ਲਈ ਕਿਹਾ ਹੈ।

ਇਹ ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਅੱਤਵਾਦੀ ਸੰਗਠਨਾਂ ਅਤੇ ਲੋਕਾਂ ਨੂੰ ਸੇਫ ਹੈਵਨ ਮੁਹੱਈਆ ਕਰਵਾਉਣਾ ਜਾਰੀ ਰੱਖ ਰਿਹਾ ਹੈ ਅਤੇ ਮਸੂਦ ਅਜ਼ਹਰ, ਦਾਊਦ ਇਬ੍ਰਾਹਿਮ, ਜਾਕਿਰ-ਉਰ-ਰਹਿਮਾਨ ਲਖਨਵੀ ਵਰਗੇ ਖਤਰਨਾਕ ਅੱਤਵਾਦੀਆਂ ਵਿਰੁੱਧ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਹੈ, ਜਿਨ੍ਹਾਂ ਦਾ ਨਾਂ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਲਿਆ ਸੀ। ਕੀ ਇਮਰਾਨ ਖਾਨ ਦੀ ਸਰਕਾਰ ਅਗਲੇ ਚਾਰ ਮਹੀਨਿਆਂ ’ਚ ਕੋਈ ਕਦਮ ਚੁੱਕੇਗੀ?

ਐੱਫ. ਏ. ਟੀ. ਐੱਫ. ’ਚ ਸੂਚੀਬੱਧ ਹੋਣ ਦੇ ਕਾਰਨ ਪਾਕਿਸਤਾਨ ਲਈ ਆਈ. ਐੱਮ. ਐੱਫ. ਵਿਸ਼ਵ ਬੈਂਕ ਅਤੇ ਯੂਰਪੀ ਸੰਘ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਬਹੁਤ ਹੀ ਔਖੀ ਹੋ ਗਈ ਹੈ। ਹੁਣ ਜਦੋਂ ਇਹ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਕੀ ਇਮਰਾਨ ਖਾਨ ਦੀ ਸਰਕਾਰ ਅੱਤਵਾਦੀ ਸਮੂਹ ਵਿਰੁੱਧ ਕਾਰਵਾਈ ਕਰੇਗੀ। ਮੈਂ ਯਕੀਨੀ ਨਹੀਂ ਕਿ ਫੌਜ ਕੰਟਰੋਲਡ ਪਾਕਿਸਤਾਨ ਅਜੇ ਵੀ ਹਰ ਹੀਲੇ ਨਾਲ ਕਸ਼ਮੀਰ ਨੂੰ ਹੜੱਪਣ ਲਈ ਆਪਣੀ ਪੁਰਾਣੀ ਠੰਡੀ ਜੰਗ ਤਿਆਗਣ ਲਈ ਰਾਜ਼ੀ ਹੋਵੇਗਾ। ਚੀਨ ਦੇ ਸਮਰਥਨ ਵਾਲੇ ਪਾਕਿਸਤਾਨ ਨਾਲ ਨਜਿੱਠਣ ਲਈ ਭਾਰਤ ਨੂੰ ਨਵੀਆਂ ਰਣਨੀਤੀਆਂ ਤੇ ਕਾਰਜ ਯੋਜਨਾ ’ਤੇ ਕੰਮ ਕਰਨਾ ਹੋਵੇਗਾ।


Bharat Thapa

Content Editor

Related News