ਦਹਿਸ਼ਤਗਰਦਾਂ ਦਾ ਸਵਰਗ ਹੈ ਪਾਕਿਸਤਾਨ

Sunday, Nov 24, 2024 - 11:45 AM (IST)

ਦਹਿਸ਼ਤਗਰਦਾਂ ਦਾ ਸਵਰਗ ਹੈ ਪਾਕਿਸਤਾਨ

1947 ’ਚ ਮਹਾਨ ਭਾਰਤ ਦੀ ਸਰਜ਼ਮੀਂ ਨੂੰ ਅੰਗਰੇਜ਼ਾਂ ਦੀ ਘਿਨੌਣੀ ਸਾਜ਼ਿਸ਼ ਅਤੇ ਮੁਸਲਿਮ ਲੀਗ ਦੇ ਮਜ਼੍ਹਬੀ ਜਨੂੰਨ ਨਾਲ ਫੈਲੀ ਨਫਤਰ ਕਾਰਨ ਤਿੰਨ ਹਿੱਸਿਆਂ ’ਚ ਵੰਡ ਦਿੱਤਾ ਗਿਆ। ਭਾਰਤ ਦੇ ਨਾਲ-ਨਾਲ ਪੱਛਮੀ ਅਤੇ ਪੂਰਬੀ ਪਾਕਿਸਤਾਨ ਹੋਂਦ ’ਚ ਆਏ। 77 ਸਾਲਾਂ ’ਚ ਭਾਰਤ ਹਰ ਖੇਤਰ ’ਚ ਵਿਕਾਸ ਦੇ ਰਾਹ ’ਤੇ ਚੱਲ ਰਿਹਾ ਹੈ ਅਤੇ ਕਈ ਖੇਤਰਾਂ ’ਚ ਵਿਕਸਿਤ ਦੇਸ਼ਾਂ ਦੇ ਮੁਕਾਬਲਾ ਕਰਨ ’ਚ ਸਮਰੱਥ ਹੋ ਚੁੱਕਾ ਹੈ ਜਦਕਿ ਪਾਕਿਸਤਾਨ ਇਸ ਲੰਬੇ ਦੌਰ ਪਿੱਛੋਂ ਵੀ ਮਜ਼ਲੂਮੀਅਤ, ਮਹਿਰੂਮੀਅਤ, ਮੁਫਲਸੀ ਅਤੇ ਗੁਰਬਤ ਦੀ ਦਲਦਲ ’ਚ ਬੁਰੀ ਤਰ੍ਹਾਂ ਫਸ ਚੁੱਕਾ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 700 ਅਰਬ ਡਾਲਰ ਦੇ ਕਰੀਬ ਹੈ, ਜਦਕਿ ਪਾਕਿਸਤਾਨ ਦਾ ਜੂਨ ਦੇ ਮਹੀਨੇ ’ਚ ਸਿਰਫ 4 ਅਰਬ ਡਾਲਰ ਸੀ।

ਇਸ ’ਚੋਂ ਦੋ ਅਰਬ ਸਾਊਦੀ ਅਰਬ, ਇਕ ਅਰਬ ਡਾਲਰ ਚੀਨ ਦਾ ਅਤੇ ਬਚਿਆ ਖੁਚਿਆ ਪਾਕਿਸਤਾਨ ਦਾ ਹੈ। ਪਾਕਿਸਤਾਨ ’ਚ ਉੱਚੀ ਮੁਦਰਾਸਫੀਤੀ ਕਾਰਨ ਮਹਿੰਗਾਈ ਸੱਤਵੇਂ ਆਸਮਾਨ ਨੂੰ ਪਾਰ ਕਰ ਗਈ ਹੈ। ਜ਼ਬਰਦਸਤ ਵਪਾਰਕ ਘਾਟੇ ’ਚੋਂ ਵੀ ਗੁਜ਼ਰ ਰਿਹਾ ਹੈ ਅਤੇ ਭਾਰੀ ਕਰਜ਼ੇ ਦੇ ਬੋਝ ਥੱਲੇ ਦੱਬ ਚੁੱਕਾ ਹੈ। ਹੁਣ ਕੋਈ ਵੀ ਦੇਸ਼ ਇਸ ਨੂੰ ਕਰਜ਼ਾ ਦੇਣ ਲਈ ਤਿਆਰ ਨਹੀਂ ਹੈ। ਇਸ ਨੂੰ ਸਿਰਫ ਅੰਤਰਰਾਸ਼ਟਰੀ ਮੁਦਰਾਕੋਸ਼ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਇਸ ਸੰਸਥਾ ਵਲੋਂ ਪਾਕਿਸਤਾਨ ਦੀ ਅਰਥਵਵਿਸਥਾ ਨੂੰ ਸੁਧਾਰਨ ਲਈ ਦਿੱਤੇ ਗਏ ਸੁਝਾਵਾਂ ਨਾਲ ਇਸ ਦਾ ਲੱਕ ਟੁੱਟ ਰਿਹਾ ਹੈ।

ਭਾਰਤ ਨੇ ਚੰਦ ’ਤੇ ਤਿਰੰਗਾ ਲਹਿਰਾ ਦਿੱਤਾ ਹੈ ਜਦਕਿ ਪਾਕਿਸਤਾਨ ਦੇ ਬਹੁਗਿਣਤੀ ਲੋਕ ਅਜੇ ਵੀ ਗੁਜ਼ਾਰੇ ਦੀ ਭਾਲ ’ਚ ਢੁੱਕਵੀਂ ਜ਼ਮੀਨ ਲੱਭ ਰਹੇ ਹਨ। ਅੰਤਰਰਾਸ਼ਟਰੀ ਪੱਧਰ ’ਤੇ ਪਾਕਿਸਤਾਨ ਦੇ ਪਿਛੜਨ ਦੇ ਕਾਰਨਾਂ ਨੂੰ ਜਾਨਣ ਲਈ ਇਸਦੇ ਇਤਿਹਾਸ ’ਤੇ ਨਜ਼ਰ ਮਾਰਨੀ ਬਹੁਤ ਜ਼ਰੂਰੀ ਹੋਵੇਗੀ। ਵੱਖ ਹੋਣ ਪਿੱਛੋਂ ਪਾਕਿਸਤਾਨ ਦੇ ਹੁਕਮਰਾਨਾਂ ਨੇ ਮੁਲਕ ’ਚ ਸ਼ਾਂਤੀ, ਸੁਰੱਖਿਆ, ਆਰਥਿਕ ਵਿਕਾਸ, ਲੋਕਾਂ ਨੂੰ ਨਵੇਂ ਮੌਕੇ ਪ੍ਰਦਾਨ ਕਰਨੇ, ਭਾਰਤ ਦੇ ਨਾਲ ਮਿੱਤਰਤਾ ਭਰੇ ਸੰਬੰਧ ਬਣਾਉਣ ਅਤੇ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਦੀ ਥਾਂ ਹੰਕਾਰ, ਅੰਨੀ ਰਾਸ਼ਟਰਭਗਤੀ, ਤੰਗ ਕੌਮਪ੍ਰਸਤੀ ਅਤੇ ਕੱਟੜਵਾਦ ਦੇ ਪਾਗਲ ਘੋੜੇ ’ਤੇ ਸਵਾਰ ਹੋ ਕੇ ਆਜ਼ਾਦੀ ਦੇ ਇਕ ਮਹੀਨੇ ਪਿੱਛੋਂ ਭਾਰਤ ਦੇ ਜੰਮੂ-ਕਸ਼ਮੀਰ ’ਤੇ ਹਮਲਾ ਕਰ ਦਿੱਤਾ। ਅਸਲ ’ਚ ਇੱਥੋਂ ਹੀ ਭਾਰਤ-ਪਾਕਿਸਤਾਨ ਦੁਸ਼ਮਣੀ ਦੀ ਨੀਂਹ ਰੱਖੀ ਗਈ।

ਭਾਰਤ ’ਚ 1947 ਤੋਂ 1989 ਤੱਕ ਤਕਰੀਬਨ-ਤਕਰੀਬਨ ਸਥਿਰ ਸਰਕਾਰਾਂ ਰਹੀਆਂ ਜੋ ਪ੍ਰਗਤੀਸ਼ੀਲ ਆਧੁਨਿਕੀਕਰਨ ਅਤੇ ਪਿਛੜੇ ਵਰਗ ਦੀ ਬਿਹਤਰੀ ਲਈ ਨਵੀਆਂ-ਨਵੀਆਂ ਨੀਤੀਆਂ ਬਣਾਉਂਦੀਆਂ ਰਹੀਆਂ। ਜਦਕਿ ਪਾਕਿਸਤਾਨ ’ਚ ਪਹਿਲੇ 10 ਸਾਲਾਂ ’ਚ ਸਿਆਸੀ ਉਥਲ-ਪੁਥਲ ਨਾਲ ਬੇਯਕੀਨੀ ਦਾ ਮਾਹੌਲ ਪੈਦਾ ਹੋ ਗਿਆ। ਵਿਕਾਸ ਰੁਕ ਗਿਆ ਅਤੇ ਪ੍ਰਸ਼ਾਸਨਿਕ ਵਵਿਸਥਾ ਵੀ ਵਿਗੜਣ ਲੱਗੀ। 1957 ਤੋਂ ਫੌਜੀ ਰਾਜ ਸ਼ੁਰੂ ਹੋਇਆ ਜੋ ਤਕਰੀਬਨ 30 ਸਾਲ ਤੱਕ ਚੱਲਿਆ। ਜਦਕਿ ਭਾਰਤ ’ਚ ਲੋਕਤੰਤਰੀ ਵਵਿਸਥਾ ਵਧਦੀ-ਫੁੱਲਦੀ ਰਹੀ ਅਤੇ ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਪ੍ਰਣਾਲੀ ਸੰਪੰਨ ਸਨਮਾਨਜਨਕ ਦੇਸ਼ ਹੈ। ਪਾਕਿਸਤਾਨ ਦੇ ਫੌਜੀ ਜਰਨੈਲਾਂ ਅਤੇ ਸਿਆਸਤਦਾਨਾਂ ਨੇ ਖੁੱਲ੍ਹ ਕੇ ਲੁੱਟ-ਖਸੁੱਟ ਕੀਤੀ ਜਦਕਿ ਭਾਰਤ ਇਸ ਮਾਮਲੇ ’ਚ ਬਹੁਤ ਕਿਸਮਤ ਵਾਲਾ ਰਿਹਾ।

ਅਮਰੀਕਾ ਦੀ ਕਠਪੁਤਲੀ ਪਾਕਿਸਤਾਨ ਨੇ ਜਰਨਲ ਜੀਆ ਉਲ ਹੱਕ ਦੀ ਅਗਵਾਈ ’ਚ ਅਫਗਾਨਿਸਤਾਨ ’ਚ ਰੂਸ ਨੂੰ ਕੱਢਣ ਲਈ ਤਾਲਿਬਾਨੀਆਂ ਦੀਆਂ ਕਈ ਫੈਕਟਰੀਆਂ ਲਗਵਾ ਲਈਆਂ ਜਿੱਥੇ ਉਨ੍ਹਾਂ ਨੂੰ ਵਿਦੇਸ਼ੀ ਹਥਿਆਰ, ਫੌਜੀ ਟ੍ਰੇਨਿੰਗ ਅਤੇ ਅਮਰੀਕੀ ਡਾਲਰਾਂ ਨਾਲ ਮਾਲਾਮਾਲ ਕਰ ਦਿੱਤਾ। ਇਸ ਤਰ੍ਹਾਂ 10 ਸਾਲ ਪਾਕਿਸਤਾਨ ਦੀ ਸਾਰੀ ਤਵੱਜੋ ਅਫਗਾਨਿਸਤਾਨ ’ਤੇ ਲੱਗੀ ਰਹੀ ਅਤੇ ਦੇਸ਼ ’ਚ ਉਦਯੋਗ ਬਰਬਾਦ ਹੋਣ ਲੱਗੇ ਅਤੇ ਕਈ ਹੋਰ ਖੇਤਰਾਂ ’ਚ ਵੀ ਪਾਕਿਸਤਾਨ ਵਿਸ਼ਵ ਦੇ ਛੋਟੇ-ਛੋਟੇ ਦੇਸ਼ਾਂ ਤੋਂ ਵੀ ਪਿਛੜਣ ਲੱਗਾ। ਰੂਸ ਤਾਂ ਅਫਗਾਨਿਸਤਾਨ ’ਚੋਂ ਨਿਕਲ ਿਗਆ। ਅਮਰੀਕਾ ਨੂੰ ਮਨਚਾਹੀ ਜਿੱਤ ਹਾਸਲ ਹੋਈ ਪਰ ਪਾਕਿਸਤਾਨ ਬਰਬਾਦੀ ਦੇ ਕੰਢੇ ’ਤੇ ਪੁੱਜ ਗਿਆ।

ਇਨ੍ਹਾਂ ਅੱਤਵਾਦੀਆਂ ਨੇ ਪਹਿਲਾਂ ਭਾਰਤ ਦੇ ਪੰਜਾਬ ਅਤੇ ਫਿਰ ਜੰਮੂ-ਕਸ਼ਮੀਰ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ, ਜੋ ਅੱਜ ਵੀ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਚੱਲਦਾ ਰਹਿੰਦਾ ਹੈ। ਪਾਕਿਸਤਾਨੀ ਹੁਕਮਰਾਨਾਂ ਦੀਆਂ ਨਕਾਰਾਤਮਕ ਨੀਤੀਆਂ ਤੋਂ ਸਕਾਰਾਤਮਿਕਤਾ, ਸਿਰਜਣਾਤਮਿਕਤਾ ਅਤੇ ਰਚਨਾਤਮਿਕਤਾ ਨੂੰ ਡੂੰਘਾ ਧੱਕਾ ਲੱਗਾ। ਬਿਨਾਂ ਕਿਸੇ ਉਕਸਾਵੇ ਦੇ ਪਾਕਿਸਤਾਨ ਨੇ 1947, 1965, 1971, 1999 ’ਚ ਭਾਰਤ ’ਤੇ ਹਮਲੇ ਕੀਤੇ ਜਿਸ ਨਾਲ ਉਸਦੀ ਆਰਥਿਕਤਾ ਕਮਜ਼ੋਰ ਹੋਈ ਅਤੇ ਵਿਸ਼ਵ ’ਚ ਅਕਸ ਵੀ ਧੁੰਦਲਾ ਹੋਇਆ।

ਵਿਸ਼ਵ ਦੇ 195 ਦੇਸ਼ਾਂ ’ਚ ਸਿਰਫ ਪਾਕਿਸਤਾਨ ਹੈ ਜਿੱਥੇ ਅੱਤਵਾਦੀਆਂ ਨੂੰ ਪ੍ਰੇਰਿਤ ਅਤੇ ਪਾਲਿਆ ਜਾਂਦਾ ਹੈ ਅਤੇ ਗੁਆਂਢੀ ਦੇਸ਼ਾਂ ਨੂੰ ਅਸਥਿਰ ਕਰਨ, ਪ੍ਰੇਸ਼ਾਨ ਕਰਨ, ਵਿਕਾਸ ਦੀ ਰਫਤਾਰ ਨੂੰ ਰੋਕਣ ਲਈ ਇਨ੍ਹਾਂ ਅੱਤਵਾਦੀਆਂ ਨੂੰ ਭੇਜਿਆ ਜਾਂਦਾ ਹੈ। ਅਸਲੀਅਤ ’ਚ ਪਾਕਿਸਤਾਨ ਦਹਿਸ਼ਤਗਰਦਾਂ ਦਾ ਸਵਰਗ ਹੈ। ਜਿਨ੍ਹਾਂ ਅੱਤਵਾਦੀਆਂ ਰਾਹੀਂ ਦੂਜੇ ਦੇਸ਼ਾਂ ਨੂੰ ਪ੍ਰੇਸ਼ਾਨ ਕਰਦਾ ਸੀ, ਅੱਜ ਉਹੀ ਅੱਤਵਾਦੀ ਉਸਦੇ ਗਲੇ ਦੀ ਹੱਡੀ ਬਣੇ ਹੋਏ ਹਨ।

ਭਾਰਤ ਦੀ ਸਰਕਾਰ ਅਤੇ ਲੋਕ ਦਿਲੋ-ਜਾਨ ਤੋਂ ਚਾਹੁੰਦੇ ਹਨ ਕਿ ਪਾਕਿਸਤਾਨ ’ਚ ਸ਼ਾਂਤੀ ਅਤੇ ਖੁਸ਼ਹਾਲੀ ਰਹੇ ਅਤੇ ਭਾਰਤ ਨਾਲ ਚੰਗੇ ਰਿਸ਼ਤੇ ਬਣਨ, ਵਪਾਰ ਖੁੱਲ੍ਹੇ, ਲੋਕ ਇਕ-ਦੂਜੇ ਦੇਸ਼ ’ਚ ਆਉਣ-ਜਾਣ ਕਿਉਂਕਿ ਸਾਡਾ ਸੱਭਿਆਚਾਰ ਇਕ ਹੈ, ਜ਼ਮੀਨ ਵੀ ਇਕ ਹੈ ਅਤੇ ਸਾਡੇ ਪੂਰਵਜ ਵੀ ਇਕ ਹਨ। ਸਾਡੀਆਂ ਸਮੱਸਿਆਵਾਂ ਵੀ ਇਕੋ ਜਿਹੀਆਂ ਹਨ। ਦੋਵਾਂ ਦੇ ਮਿਲ ਕੇ ਚੱਲਣ ਨਾਲ ਅਸੀਂ ਵਿਸ਼ਵ ਨੂੰ ਇਕ ਨਵਾਂ ਰਾਹ ਦਰਸਾ ਸਕਦੇ ਹਾਂ।

ਪਾਕਿਸਤਾਨੀ ਆਵਾਮ ਦੇ ਲਈ ਕੁਝ ਸਤਰਾਂ ਅਰਜ਼ ਕਰਦਾ ਹਾਂ:

ਜਹਾਂ ਜ਼ੁਲਮਤ ਕਾ ਰਾਜ ਹੈ ਬਰਸੋਂ ਸੇ,

ਯਹਾਂ ਇਨਸਾਫ ਕੇ ਦੀਪ ਕਿਉਂ ਨਹੀਂ ਜਲਤੇ।

ਯਹੀ ਸਵਾਲ ਹਰ ਦਿਲ ਮੇਂ ਉਠਤਾ ਹੈ,

ਯਹਾਂ ਫਰਿਆਦ ਕੇ ਲਬ ਕਿਉਂ ਨਹੀਂ ਹਿਲਤੇ।

ਪੂਛਤੀ ਹੈ ਸ਼ਮਾ ਹਰ ਘੜੀ ਉਮੀਦ ਕੀ,

ਯੇ ਬੇਨੂਰ ਹਾਲਾਤ ਸੰਵਰ ਕਿਉਂ ਨਹੀਂ ਜਾਤੇ।

-–ਪ੍ਰੋ. ਦਰਬਾਰੀ ਲਾਲ
(ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ)


author

Tanu

Content Editor

Related News