ਪਦਮ ਸੂਚੀ ਦੇ ਖਿੜੇ ਗੁੰਮਨਾਮ ਚਿਹਰੇ
Saturday, Feb 08, 2025 - 04:32 PM (IST)
![ਪਦਮ ਸੂਚੀ ਦੇ ਖਿੜੇ ਗੁੰਮਨਾਮ ਚਿਹਰੇ](https://static.jagbani.com/multimedia/2025_2image_16_32_009280686padam.jpg)
ਸਾਲ 2025 ਲਈ ਪਦਮ ਪੁਰਸਕਾਰਾਂ ਦੀ ਸੂਚੀ ਜਾਰੀ ਹੋਈ ਅਤੇ ਹਰ ਵਾਰ ਵਾਂਗ ਇਸ ਵਾਰ ਵੀ ਇਸ ’ਚ ਕੁਝ ਨਾਵਾਂ ਨੂੰ ਲੈ ਕੇ ਵਿਵਾਦ ਹੋਇਆ। 7 ਪਦਮਵਿਭੂਸ਼ਣ, 19 ਪਦਮਭੂਸ਼ਣ ਅਤੇ 113 ਪਦਮਸ਼੍ਰੀ ਸਮੇਤ ਇਹ ਸੂਚੀ ’ਚ ਕੁੱਲ 139 ਨਾਂ ਹਨ। ਸੂਚੀ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਾਰ ਵੀ ਉਹ ਕੁਝ ਗੁੰਮਨਾਮ ਚਿਹਰੇ ਹਨ ਜਿਨ੍ਹਾਂ ਨੂੰ ਇਸ ’ਚ ਜਗ੍ਹਾ ਮਿਲੀ ਹੈ। ਇਹ ਚਿਹਰੇ ਪੂਰੇ ਸਮਾਜ ਨੂੰ ਪ੍ਰੇਰਣਾ ਿਦੰਦੇ ਹਨ। ਇਹ ਚਿਹਰੇ ਸਿਆਸਤ ਦੇ ਬਾਕੀ ਤੜਕੇ ਨਾਲੋਂ ਪਿਛਲੇ 10 ਸਾਲਾ ਤੋਂ ਸੂਚੀ ਨੂੰ ਇਕ ਨਵਾਂ ਰੰਗ ਦੇ ਰਹੇ ਹਨ।
ਇਕ ਦਹਾਕਾ ਪਹਿਲਾਂ ਤੱਕ ਪਦਮ ਪੁਰਸਕਾਰਾਂ ’ਚ ਬਾਲੀਵੁੱਡ ਵਾਲਿਆਂ ਦਾ ਹੀ ਦਬਦਬਾ ਹੁੰਦਾ ਸੀ। ਖਾਸ ਤੌਰ ’ਤੇ ਕਲਾ ਦੇ ਖੇਤਰ ਦੇ ਜ਼ਿਆਦਾਤਰ ਪਦਮ ਪੁਰਸਕਾਰ ਹਿੰਦੀ ਫਿਲਮਾਂ ਦੇ ਅਦਾਕਾਰ ਅਤੇ ਅਦਾਕਾਰਾ ਦੇ ਖਾਤੇ ’ਚ ਜਾਂਦੇ ਸਨ ਪਰ ਹੁਣ ਇਸ ’ਚ ਕਾਫੀ ਵਿਭਿੰਨਤਾ ਆਈ ਹੈ। ਇਸ ਵਾਰ ਪਦਮ ਪੁਰਸਕਾਰਾਂ ’ਚ ਦੱਖਣ ਦੇ ਕਲਾ ਜਗਤ ਦਾ ਦਬਦਬਾ ਹੈ। ਹਾਲਾਂਕਿ ਹਿੰਦੀ ਫਿਲਮਾਂ ਤੋਂ ਨਿਰਦੇਸ਼ਕ ਸ਼ੇਖਰ ਕਪੂਰ, ਗਾਇਕ ਅਰਿਜੀਤ ਸਿੰਘ ਅਤੇ ਮਰਹੂਮ ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਨਾਂ ਹੈ। ਇਨ੍ਹਾਂ ’ਚ ਜਸਪਿੰਦਰ ਨਰੂਲਾ ਵੀ ਹੈ ਜਿਨ੍ਹਾਂ ਨੇ ਪੰਜਾਬੀ ਦੇ ਨਾਲ-ਨਾਲ ਹਿੰਦੀ ਦੀ ਵੀ ਸੇਵਾ ਕੀਤੀ ਹੈ।
ਪਦਮਸ਼੍ਰੀ ਪਾਉਣ ਵਾਲਿਆਂ ’ਚ ਥੀਏਟਰ ਕਲਾਕਾਰਾਂ ਨੂੰ ਬਣਦੀ ਜਗ੍ਹਾ ਮਿਲੀ ਹੈ। ਇਨ੍ਹਾਂ ’ਚ ਮਰਾਠੀ ਥੀਏਟਰ ਦੇ ਅਸ਼ੋਕ ਲਕਸ਼ਮਣ ਸਿੰਘ, ਥੀਏਟਰ ਨਾਲ ਹੀ ਜੁੜੇ ਬੇਰੀ ਜਾਨ, ਭਰਤ ਗੁਪਤਾ, ਕਰਨਾਟਕ ਦੇ ਸਟੰਟ ਡਾਇਰੈਕਟਰ ਹਸਨ ਰਘੂ, ਬੰਗਲਾ ਅਦਾਕਾਰਾ ਮਮਤਾ ਸ਼ੰਕਰ, ਕੰਨੜ ਸੰਗੀਤਕਾਰ ਅਤੇ 3 ਵਾਰ ਗ੍ਰੇਮੀ ਜਿੱਤ ਚੁੱਕੇ ਰਿਕੀ ਕੇਜ ਸ਼ਾਮਲ ਹਨ।
ਰਾਮਕਾਜ ’ਚ ਸ਼ਾਮਲ ਰਹੀਆਂ ਹਸਤੀਆਂ ਨੂੰ ਵੀ ਪਦਮ ਸਨਮਾਨ ’ਚ ਖਾਸ ਜਗ੍ਹਾ ਮਿਲੀ ਹੈ। ਇਨ੍ਹਾਂ ’ਚ ਪੁਰਾਤੱਤਵ ਮਾਹਿਰ ਕੈਲਾਸ਼ ਨਾਥ ਦੀਕਸ਼ਿਤ ਪਦਮਭੂਸ਼ਣ ਨਾਲ ਸਨਮਾਨਿਤ ਕੀਤੇ ਗਏ ਹਨ, ਜਿਨ੍ਹਾਂ ਨੇ ਇਤਿਹਾਸਕਾਰ ਬੀ. ਬੀ. ਲਾਲ ਦੇ ਸਰਵੇ ’ਤੇ ਆਧਾਰਿਤ ਰਾਮਾਇਣ ਸਾਈਟਸ ਦੀ ਖੋਦਾਈ ਦੀ ਵਾਗਡੋਰ ਸੰਭਾਲੀ।
ਇਨ੍ਹਾਂ ’ਚ ਸ਼੍ਰਿੰਗਵੇਰੀਪੁਰਾ, ਉੱਨਾਵ ਸਥਿਤ ਪਰਿਯਾਰ, ਭਰਦਵਾਜ ਆਸ਼ਰਮ, ਅਯੁੱਧਿਆ ਅਤੇ ਚਿੱਤਰਕੂਟ ਦਾ ਪੁਰਾਤੱਤਵ ਖਨਨ ਸ਼ਾਮਲ ਹੈ। ਰਾਮ ਜਨਮਭੂਮੀ-ਬਾਬਰੀ ਮਸਜਿਦ ਵਿਵਾਦ ’ਚ ਰਾਮ ਲੱਲਾ ਬਿਰਾਜਮਾਨ ਵਲੋਂ ਕੋਰਟ ’ਚ ਬਹਿਸ ਕਰਨ ਵਾਲੇ ਸੀਨੀਅਰ ਵਕੀਲ ਸੀ. ਐੱਸ. ਵੈਦਯਾਨਾਥਨ ਨੂੰ ਪਦਮਸ਼੍ਰੀ ਦਿੱਤਾ ਗਿਆ ਹੈ।
ਬਨਾਰਸ ਦੇ ਗਣੇਸ਼ਵਰ ਸ਼ਾਸਤਰੀ ਦ੍ਰਵਿੜ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਰਾਮ ਮੰਦਰ ਪੂਜਨ ਦਾ ਮਹੂਰਤ ਦਿੱਤਾ ਸੀ, ਜੋ ਕਾਫੀ ਮਸ਼ਹੂਰ ਹੋਇਆ ਸੀ। ਇਸ ਤੋਂ ਇਲਾਵਾ ਉਹ ਬਨਾਰਸ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਚੋਣ ਨਾਮਜ਼ਦਗੀ ’ਚ ਪ੍ਰਸਤਾਵਕ ਵੀ ਰਹੇ ਹਨ। ਰਾਜਸਥਾਨ ਦੀ ਬਾਤੂਲ ਬੇਗਮ ਜੋ ਰਾਮ ਭਜਨ ਅਤੇ ਗਣਪਤੀ ਦੇ ਭਜਨ ਗਾਉਂਦੀ ਹੈ, ਤੋਂ ਇਲਾਵਾ ਮੁਸਲਿਮ ਮਾਂਦ ਦੀ ਵੀ ਗਾਇਕਾ ਹੈ, ਨੂੰ ਪਦਮਸ਼੍ਰੀ ਮਿਲਿਆ ਹੈ। ਮੱਧ ਪ੍ਰਦੇਸ਼ ਤੋਂ ਮਾਲਵਾ ਸੰਸਕ੍ਰਿਤੀ ਦੇ ਨਿਰਗੁਣ ਭਗਤੀ ਦੇ ਗਾਇਕ ਭੈਰੂ ਸਿੰਘ ਚੌਹਾਨ ਨੂੰ ਵੀ ਪਦਮਸ਼੍ਰੀ ਮਿਲਿਆ ਹੈ।
ਅਜਿਹੇ ਲੋਕ ਜੋ ਸਮਾਜ ਦੇ ਹਾਸ਼ੀਏ ’ਤੇ ਰਹਿ ਕੇ ਕੰਮ ਕਰਦੇ ਹਨ, ਉਨ੍ਹਾਂ ਨੂੰ ਪਛਾਣ ਕੇ ਪਦਮ ਪੁਰਸਕਾਰ ਦੇਣਾ, ਪਿਛਲੇ 10 ਸਾਲਾਂ ’ਚ ਉਭਰ ਕੇ ਆਈ ਇਨ੍ਹਾਂ ਪੁਰਸਕਾਰਾਂ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ। ਇਸ ਵਾਰ ਵੀ ਅਜਿਹੇ ਲੋਕਾਂ ਦੇ ਨਾਂ ਇਸ ਸੂਚੀ ’ਚ ਹਨ। ਇਨ੍ਹਾਂ ’ਚ ਬਿਹਾਰ ਦੇ ਭੀਮ ਸਿੰਘ ਭਾਵੇਸ਼ ਹਨ, ਜੋ ਮੂਸਹਰ ਜਾਤੀ ਦੇ ਲੋਕਾਂ ਦੇ ਵਿਕਾਸ ਲਈ ਕੰਮ ਕਰਦੇ ਹਨ। ਉਨ੍ਹਾਂ ਨੇ ਇਸ ਜਾਤੀ ਦੇ ਲੋਕਾਂ ਦੇ ਬੱਚਿਆਂ ਲਈ ਸਕੂਲ ਖੋਲ੍ਹਿਆ, ਲਾਇਬ੍ਰੇਰੀ ਸ਼ੁਰੂ ਕੀਤੀ।
ਕਰਨਾਟਕ ਦੇ 96 ਸਾਲਾ ਕਠਪੁਤਲੀ ਕਲਾਕਾਰ ਭੀਮੱਵਾ ਡੋਡਾਬਾਲੱਪਾ ਸ਼ਿਲੇਖਾਧਰਾ ਨੂੰ ਪਦਮਸ਼੍ਰੀ ਮਿਲਿਆ ਹੈ। ਬਿਹਾਰ ਦੀ ਸੁਜਨੀ ਕਢਾਈ ਕਲਾ ਦੀ ਸਰਪ੍ਰਸਤ ਨਿਰਮਲਾ ਦੇਵੀ ਨੂੰ ਵੀ ਪਦਮਸ਼੍ਰੀ ਲਈ ਚੁਣਿਆ ਗਿਆ ਹੈ। ਜਿਨ੍ਹਾਂ ਗੁੰਮਨਾਮ ਨਾਇਕਾਂ ਨੂੰ ਇਸ ਵਾਰ ਪਦਮ ਪੁਰਸਕਾਰ ਮਿਲੇ ਹਨ, ਉਨ੍ਹਾਂ ’ਚ ਗੋਆ ਦੇ ਪੁਰਤਗਾਲੀ ਰਾਜ ਵਿਰੁੱਧ ਆਜ਼ਾਦੀ ਦੀ ਜੋਤ ਜਗਾਉਣ ਵਾਲੀ 100 ਸਾਲਾ ਲੀਬੀਆ ਲੋਬੋ ਸਰਦੇਸਾਈ ਵੀ ਹੈ।
ਸਮਾਜ ਲਈ ਖਾਸ ਯੋਗਦਾਨ ਕਰਨ ਵਾਲਿਆਂ ’ਚ ਭਾਰਤ ’ਚ ਪਹਿਲਾ ਸਫਲ ਹਾਰਟ ਟਰਾਂਸਪਲਾਟ ਕਰਨ ਵਾਲੇ ਕਾਰਡੀਅਕ ਸਰਜਨ ਡਾ. ਜੋਂਸ ਚਾਕੋ ਪਰਿਯਾਪੁੱਰਮ ਨੂੰ ਪਦਮਵਿਭੂਸ਼ਣ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਅਤੇ ਗਰਮ ਇਲਾਕਿਆਂ ’ਚ ਸਫਲਤਾ ਨਾਲ ਹੋਣ ਵਾਲੀ ਸੇਬ ਦੀ ਨਵੀਂ ਕਿਸਮ ਦੇਣ ਵਾਲੇ ਹਰਿਮਨ ਸ਼ਰਮਾ ਨੂੰ ਪਦਮਸ਼੍ਰੀ ਮਿਲਿਆ ਹੈ।
ਪਦਮ ਪੁਰਸਕਾਰਾਂ ਦੇ ਬਹਾਨੇ ਸਿਆਸੀ ਹਿੱਤ ਹਮੇਸ਼ਾ ਤੋਂ ਸਾਧੇ ਜਾਂਦੇ ਰਹੇ ਹਨ ਅਤੇ ਇਸ ਵਾਰ ਜੋ 139 ਨਾਵਾਂ ਦੀ ਸੂਚੀ ਹੈ, ਉਹ ਵੀ ਇਸ ਤੋਂ ਬਚੀ ਨਹੀਂ ਹੈ। ਬਿਹਾਰ ’ਚ ਇਸ ਸਾਲ ਚੋਣਾਂ ਹੋਣੀਆਂ ਹਨ। ਉਥੋਂ 7 ਲੋਕਾਂ ਦੇ ਨਾਂ ਪਦਮ ਪੁਰਸਕਾਰਾਂ ਦੀ ਸੂਚੀ ’ਚ ਹਨ, ਕੁਝ ਵਿਵਾਦਗ੍ਰਸਤ ਨਾਂ ਹਨ, ਇਨ੍ਹਾਂ ’ਚ ਤੇਲਗੂ ਅਦਾਕਾਰ ਨੰਦਮੁਰੀ ਬਾਲਾਕ੍ਰਿਸ਼ਨ ਹੈ। ਉਨ੍ਹਾਂ ਦੀ ਸਿਆਸਤ ’ਚ ਰੁਚੀ ਹੈ, ਉਹ ਆਂਧਰਾ ਪ੍ਰਦੇਸ਼ ’ਚ ਵਿਧਾਇਕ ਅਤੇ ਮੰਤਰੀ ਰਹੇ ਹਨ। ਇਨ੍ਹਾਂ ਲਈ ਪਦਮਭੂਸ਼ਣ ਦਾ ਐਲਾਨ ਹੁੰਦੇ ਹੀ ਸੋਸ਼ਲ ਮੀਡੀਆ ’ਤੇ ਆਲੋਚਨਾ ਸ਼ੁਰੂ ਹੋ ਗਈ ਹੈ।
ਇਸ ਤਰ੍ਹਾਂ ਇਕ ਪੱਤਰਕਾਰ ਨੂੰ ਪਦਮਵਿਭੂਸ਼ਣ ਦੇਣ ’ਤੇ ਸੋਸ਼ਲ ਮੀਡੀਆ ’ਚ ਕਾਫੀ ਸਵਾਲ ਉੱਠ ਰਹੇ ਹਨ। ਰਾਮ ਮੰਦਰ ਅੰਦੋਲਨ ਨਾਲ ਜੁੜੀ ਰਹੀ ਸਾਧਵੀ ਰਿਤੰਭਰਾ ਨੂੰ ਪਦਮ ਪੁਰਸਕਾਰ ਮਿਲਣ ’ਤੇ ਸੋਸ਼ਲ ਮੀਡੀਆ ’ਤੇ ਬਹਿਸ ਸ਼ੁਰੂ ਹੋ ਗਈ। ਕੁਝ ਲੋਕਾਂ ਨੇ ਟਵੀਟ ਕੀਤਾ ਕਿ ਪੁਰਸਕਾਰਾਂ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਇਸ ’ਤੇ ਸਾਧਵੀ ਨੂੰ ਕਹਿਣਾ ਪਿਆ ਕਿ ਉਨ੍ਹਾਂ ਨੂੰ ਤਾਂ ਸਭ ਤੋਂ ਵੱਡਾ ਪੁਰਸਕਾਰ ਉਦੋਂ ਮਿਲ ਗਿਆ ਸੀ ਜਦ ਪਿਛਲੇ ਸਾਲ 22 ਜਨਵਰੀ ਨੂੰ ਰਾਮ ਲੱਲਾ ਮੰਦਰ ’ਚ ਬਿਰਾਜੇ ਸਨ।
ਉਨ੍ਹਾਂ ਦੇ ਬਚਾਅ ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਵੀ ਆਉਣਾ ਪਿਆ। ਉਧਰ ਪ੍ਰਸ਼ਾਂਤ ਭੂਸ਼ਣ ਨੇ ਸਵਾਲ ਉਠਾਉਂਦੇ ਹੋਏ ਕਿਹਾ ਕੇ ਪਦਮ ਪੁਰਸਕਾਰ ਸਿਆਸੀ ਤਮਾਸ਼ਾ ਬਣ ਗਏ ਹਨ। ਗਾਇਕ ਸੋਨੂੰ ਨਿਗਮ ਨੇ ਵੀ ਪਦਮ ਪੁਰਸਕਾਰਾਂ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕਿਸ਼ੋਰ ਕੁਮਾਰ ਅਤੇ ਅਲਕਾ ਯਾਗਨਿਕ ਨੂੰ ਅਜੇ ਤੱਕ ਪਦਮਸ਼੍ਰੀ ਨਹੀਂ ਮਿਲਿਆ ਹੈ। ਮੁਹੰਮਦ ਰਫੀ ਸਾਹਿਬ ਵੀ ਸਿਰਫ ਇਕ ਪਦਮਸ਼੍ਰੀ ਤੱਕ ਸੀਮਤ ਰਹੇ।
ਸਭ ਤੋਂ ਵੱਧ ਪਦਮ ਪੁਰਸਕਾਰ ਤਾਮਿਲਨਾਡੂ ਦੀ ਝੋਲੀ ’ਚ ਕੁੱਲ 13 ਗਏ ਹਨ। ਉੱਤਰ ਪ੍ਰਦੇਸ਼ ਨੂੰ ਵੀ 9 ਪਦਮ ਪੁਰਸਕਾਰ ਮਿਲੇ ਹਨ। ਬਿਹਾਰ ਭਾਜਪਾ ਦੇ ਮੁੱਖ ਨੇਤਾ ਸੁਸ਼ੀਲ ਮੋਦੀ ਨੂੰ ਪਦਮਭੂਸ਼ਣ ਦਿੱਤਾ ਿਗਆ ਹੈ। ਇਨ੍ਹਾਂ ਤੋਂ ਇਲਾਵਾ ਮਹਾਰਾਸ਼ਟਰ ’ਚ ਸ਼ਿਵ ਸੈਨਾ ਦੇ ਪ੍ਰਮੁੱਖ ਨੇਤਾ ਰਹੇ ਮਨੋਹਰ ਜੋਸ਼ੀ ਨੂੰ ਵੀ ਮਰਨ ਉਪਰੰਤ ਪਦਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਕੁਲ ਮਿਲਾ ਕੇ ਸਿਆਸਤ ਦੇ ਚਿੱਕੜ ਵਿਚਾਲੇ ਪਦਮ ਪੁਰਸਕਾਰਾਂ ’ਚ ਖਿੜੇ ਕੁਝ ਗੁੰਮਨਾਮ ਚਿਹਰੇ ਇਸ ਸੂਚੀ ਨੂੰ ਇਕ ਵੱਖਰੀ ਸੁੰਦਰਤਾ ਦਿੰਦੇ ਹਨ।