ਬਾਬਾ ਸਾਹਿਬ ਦੇ ਵਿਰੋਧੀਆਂ 'ਚ ਬਾਬਾ ਸਾਹਿਬ ਲਈ ਮੋਹ ਕਿਥੋਂ ਜਾਗ ਆਇਆ......

04/14/2017 4:30:19 PM

ਜਲੰਧਰ— ਸੂਝਵਾਨ ਪਾਠਕੋ, ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਲੋਕ ਬਾਬਾ ਸਾਹਿਬ ਦੀ ਫੋਟੋ ਤੱਕ ਨੂੰ ਬਰਦਾਸ਼ਤ ਨਹੀਂ ਸਨ ਕਰਦੇ ਉਹ ਅੱਜ ਦਿਖਾਵੇ ਲਈ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਤਸਵੀਰ 'ਤੇ ਜਾਂ ਉਨ੍ਹਾਂ ਦੇ ਬਣੇ ਸਮਾਰਕ 'ਤੇ ਸ਼ਰਧਾ ਦੇ ਫੁੱਲ ਅਰਪਣ ਕਰਦੇ ਨਜ਼ਰ ਆ ਰਹੇ ਹਨ। ਆਖਿਰ ਇਸ ਦਿਖਾਵੇ ਪਿੱਛੇ ਉਨ੍ਹਾਂ ਦਾ ਮਕਸਦ ਕੀ ਹੈ? ਨਫਰਤ ਕਰਨ ਵਾਲੇ ਇਨ੍ਹਾਂ ਲੋਕਾਂ ਦੇ ਮਨਾਂ 'ਚ ਅਚਾਨਕ ਬਾਬਾ ਸਾਹਿਬ ਲਈ ਇਨ੍ਹਾਂ ਮੋਹ ਅਤੇ ਸਨਮਾਨ ਕਿਵੇਂ ਜਾਗ ਪਿਆ? 
ਇਹ ਸਵਾਲ ਸਿਰਫ ਸੂਝਵਾਨ ਲੋਕਾਂ ਦੇ ਮਨ 'ਚ ਹੀ ਉੱਠਦਾ ਹੈ ਕਿ ਵਿੱਦਿਆ ਅਤੇ ਗਿਆਨ ਦੀ ਦੇਵੀ (ਜਿਸਦਾ ਚਾਨਣ ਬਾਬਾ ਸਾਹਿਬ ਅੰਬੇਦਕਰ 'ਚ ਭਰਿਆ ਪਿਆ ਹੈ) ਦਾ ਅਪਮਾਨ ਕਰਨ ਵਾਲੇ ਲੋਕਾਂ ਨੇ ਕਿਹੜੀ ਜੜੀ-ਬੂਟੀ ਘੋਲ ਕੇ ਪੀ ਲਈ ਜਾਂ ਕਿਹੜਾ ਗੁਰੂ ਲੱਭ ਲਿਆ ਜਿਸ ਨੇ ਉਨ੍ਹਾਂ ਨੂੰ ਮੱਤ ਦਿੱਤੀ ਕਿ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ।
ਕਈ ਵਾਰੀ ਤਾਂ ਲੱਗਦਾ ਹੈ ਕਿ ਸ਼ਾਇਦ ਇਨ੍ਹਾਂ ਲੋਕਾਂ ਨੂੰ ਸਮਝ ਆ ਗਈ ਹੈ ਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਪਰ ਅਸਲ 'ਚ ਅਜਿਹਾ ਨਹੀਂ ਹੈ। ਅਜਿਹਾ ਦਿਖਾਵਾ ਕਰਨ ਵਾਲੇ ਲੋਕਾਂ ਨੇ ਸ਼ਾਇਦ ਡੰਗਣ ਦਾ ਕੋਈ ਨਵਾਂ ਤਰੀਕਾ ਲੱਭ ਲਿਆ ਹੈ ਕਿਉਂਕਿ ਡੰਗ ਮਾਰਨ ਵਾਲੇ ਨਾਗ ਕਦੇ ਵੀ ਆਪਣਾ ਫ਼ਨ ਫੈਲਾ ਕੇ ਡੰਗ ਮਾਰਨਾ ਨਹੀਂ ਭੁੱਲਦੇ।
ਜਿਹੜੇ ਲੋਕ ਧਾਰਮਿਕ ਸਥਲਾਂ 'ਤੇ ਵੀ ਰਾਜਨੀਤੀ ਝਾੜਣ ਤੋਂ ਬਾਜ ਨਹੀਂ ਆਉਂਦੇ ਉਹ ਬਾਬਾ ਸਾਹਿਬ ਵਰਗੇ ਮਸੀਹੇ ਦੇ ਕਿਵੇਂ ਸਕੇ ਬਣ ਸਕਦੇ ਹਨ। ਇੱਥੇ ਗਿਆਨ ਵਿਹੂਣੇ ਦੱਸਵੀਂ ਫੇਲ ਨੂੰ ਮਾਸਟਰ ਕਹਿ ਕੇ ਮਾਸਟਰ ਡਿਗਰੀਆਂ ਦਾ ਵੱਡਾ ਮਜਾਕ ਉਡਾਇਆ ਜਾ ਰਿਹਾ ਹੈ। ਜਿਹੜੇ ਕਦੀ ਆਪ ਸਕੂਲ ਵੀ ਨਹੀਂ ਗਏ ਉਹ ਸਿੱਖਿਆ ਮੰਤਰੀ ਦੀ ਉਪਾਧੀ ਪਾ ਰਹੇ ਹਨ।
ਅੱਜ ਸਮਾਜ ਵਿਚਲੇ ਪੜ੍ਹੇ-ਲਿਖੇ ਲੋਕ ਧੱਕੇ ਖਾ ਰਹੇ ਹਨ ਅਤੇ ਘੱਟ ਪੜ੍ਹੇ-ਲਿਖੇ ਲੋਕ ਜਾਂ ਗੰਵਾਰ ਕਿਸੇ ਨਾ ਕਿਸੇ ਮਹਿਕਮੇ 'ਚ ਅਫ਼ਸਰ ਲੱਗੇ ਹੋਏ ਹਨ। ਜਿਵੇਂ ਕਿ ਇਕ ਮਸ਼ਹੂਰ ਕਹਾਵਤ 'ਕਾਲਾ ਅੱਖਰ ਭੈਂਸ ਬਰਾਬਰ' ਮੁਤਾਬਕ ਸਾਡੇ ਸਮਾਜ 'ਚ ਭੈਂਸਾ ਦਾ ਰਾਜ ਚੱਲ ਰਿਹਾ ਹੈ। ਜੇਕਰ ਬਕਰੀ ਵੀ ਮੈਂ-ਮੈਂ ਕਰਦੀ ਹੈ ਤਾਂ ਸਰਕਾਰ ਵਲੋਂ ਉਸ ਨੂੰ ਉੱਚੀ ਪਦਵੀ ਦਿੱਤੀ ਜਾਂਦੀ ਹੈ ਕਿਉਂਕਿ ਭਾਰਤ ਦੇ ਜਿਆਦਾ ਸੂਝਵਾਨ ਲੋਕਾਂ ਨੂੰ ਮੈਂ ਦੀ ਭਾਸ਼ਾ ਦਾ ਗਿਆਨ ਹੈ।
ਇਹ ਸਾਰੀ ਗੱਲ ਮੈਂ ਪਿਛਲੇ ਸਾਰੇ ਇਤਿਹਾਸ ਵੱਲ ਨਿਗ੍ਹਾ ਮਾਰ ਕੇ ਕਹਿ ਰਿਹਾ ਹਾਂ। ਇਸ ਬਦਨਸੀਬੀ ਦਾ ਸਾਡੇ ਗੁਰੂ-ਪੀਰ ਵੀ ਸ਼ਿਕਾਰ ਹੋਏ ਹਨ। ਰਿਸ਼ੀ ਸੰਬੂਕ ਦਾ ਵੱਧ ਕਰ ਦਿੱਤਾ ਗਿਆ। ਕਿਸੇ ਨੂੰ ਜੇਲ 'ਚ ਬੰਦ ਕਰ ਦਿੱਤਾ ਗਿਆ, ਕਿਸੇ ਨੂੰ ਸਲੀਬ 'ਤੇ ਚੜ੍ਹਾ ਦਿੱਤਾ ਗਿਆ ਅਤੇ ਕਿਸੇ ਨੂੰ ਤੱਤੀਆਂ ਲੋਹਾਂ 'ਤੇ ਬਿਠਾ ਦਿੱਤਾ ਗਿਆ ਕਿਉਂਕਿ ਇਨ੍ਹਾਂ ਸਾਰਿਆਂ 'ਚ ਮੈਂ ਵਾਲੀ ਕੋਈ ਗੱਲ ਹੀ ਨਹੀਂ ਸੀ। ਇਨ੍ਹਾਂ ਸਾਰਿਆਂ 'ਚ 'ਤੇਰਾ ਭਾਣਾ ਮੀਠਾ ਲਾਗੇ' ਦੀ ਭਾਵਨਾ ਸੀ।
ਬਾਬਾ ਸਾਹਿਬ ਦੇ ਪੈਰੋਕਾਰਾਂ ਨੂੰ ਬਾਬਾ ਸਾਹਿਬ ਵਿਰੁੱਧ ਦੁਸ਼ਮਣ ਦੀ ਇਸ ਚਾਲ ਨੂੰ ਸਮਝਣਾ ਹੋਵੇਗਾ। ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਵਧਾਉਣ ਦਾ ਬੀੜਾ ਬਾਬੂ ਕਾਂਸ਼ੀ ਰਾਮ ਨੇ ਚੁੱਕਿਆ ਤਾਂ ਇਹ ਲੋਕ ਉਨ੍ਹਾਂ ਦੇ ਵੀ ਦੁਸ਼ਮਣ ਬਣ ਗਏ। ਬਾਬਾ ਸਾਹਿਬ ਦੇ ਵਿਰੋਧੀ ਪਤਾ ਨਹੀਂ ਕਿਉਂ ਦਿਖਾਵੇ ਦਾ ਢੋਂਗ ਰਚਾ ਰਹੇ ਹਨ। ਬਾਬਾ ਸਾਹਿਬ ਦੇ ਨਾਂ 'ਤੇ ਮਾਰਗਾਂ ਦੇ ਨਾਂ ਕਿਉਂ ਨਹੀਂ ਰੱਖੇ ਗਏ? ਕੀ ਤੁਸੀਂ ਬਾਬਾ ਸਾਹਿਬ ਦੇ ਲੋਕਤੰਤਰ 'ਤੇ ਉਸ ਦੀ ਐਜੂਕੇਸ਼ਨ ਦੇ ਅਪਮਾਨ ਨੂੰ ਸਮਝ ਨਹੀਂ ਸਕਦੇ?
ਬਹੁਤ ਸ਼ਰਮ ਵਾਲੀ ਗੱਲ ਹੈ ਕਿ ਅੱਜ ਦੇ ਲੋਕਤੰਤਰ ਦਾ ਅਜਿਹਾ ਹਾਲ ਦੇਖ ਕੇ ਵੀ ਨੌਜਵਾਨ ਮੁੰਡੇ-ਕੁੜੀਆਂ ਦੇਸ਼ 'ਚ ਕੁਝ ਕਰਨ ਦੀ ਥਾਂ ਬਾਹਰ ਭੱਜ ਰਹੇ ਹਨ। 
ਬਾਬਾ ਸਾਹਿਬ ਨੇ ਜਿਸ ਲੋਕਤੰਤਰ ਦੀ ਸਥਾਪਨਾ ਕੀਤੀ ਸੀ ਉਸ ਦੀ ਮੁੜ ਸਥਾਪਨਾ ਲਈ ਗਿਆਨਵਾਨ ਬਣਨ ਦੀ ਜ਼ਰੂਰਤ ਹੈ। ਜੇਕਰ ਗਿਆਨ ਹੋਵੇਗਾ ਤਾਂ ਹੀ ਦੁਸ਼ਮਣ ਦੀਆਂ ਕੋਝੀਆਂ ਚਾਲਾਂ ਨੂੰ ਸਮਝਣ ਦੀ ਸਮਰੱਥਾ ਉਤਪੰਨ ਹੋਵੇਗੀ। ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਕਦੀ ਵੀ ਬਾਬਾ ਸਾਹਿਬ ਦਾ ਰਾਜ ਮੁੜ ਨਹੀਂ ਆ ਸਕਦਾ ਕਿਉਂਕਿ ਦੁਸ਼ਮਣ ਬਹੁਤ ਚਾਲਾਕੀ ਨਾਲ ਆਪਣੀ ਚਾਲ ਚੱਲ ਰਿਹਾ ਹੈ। ਅਸਲ 'ਚ ਵਿਰੋਧੀ ਸਾਡੇ 'ਚ ਹੀ ਬੈਠੇ ਹੋਏ ਹਨ ।
ਵਿਰੋਧੀਆਂ ਦੀ ਪਹਿਚਾਣ ਉਸ ਵੇਲੇ ਹੋਵੇਗੀ ਜਦੋਂ ਗਰੀਬਾਂ ਦੇ ਬੱਚੇ ਵੀ ਪੜ੍ਹ-ਲਿਖ ਜਾਣਗੇ। ਵਿਰੋਧੀਆਂ ਦੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਦਿਖਾਵੇ ਦਾ ਢੋਂਗ ਕਰਨ ਵਾਲਿਆਂ ਦੀਆਂ ਲੂੰਬੜ ਚਾਲਾਂ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ। ਕ੍ਰਿਪਾ ਕਰਕੇ ਦੁਸ਼ਮਣ ਦਾ ਵਿਸ਼ਵਾਸ ਕਰਕੇ ਬਾਬਾ ਸਾਹਿਬ ਦੇ ਦੱਸੇ ਮਾਰਗ ਤੋਂ ਨਾ ਭਟਕੋ।

(ਪਰਸ਼ੋਤਮ ਲਾਲ ਸਰੋਏ)
ਮੋਬਾ: 91-92175-44348


Related News