ਵਿਰੋਧੀ ਧਿਰ ਦੀ ਏਕਤਾ ਦੇ ਸੂਤਰਧਾਰ ਰਹੇ ਨਿਤੀਸ਼ ਹੁਣ ਰਾਜਗ ਦੇ ‘ਕਿੰਗਮੇਕਰ’ ਬਣੇ

Saturday, Jun 08, 2024 - 06:37 PM (IST)

ਵਿਰੋਧੀ ਧਿਰ ਦੀ ਏਕਤਾ ਦੇ ਸੂਤਰਧਾਰ ਰਹੇ ਨਿਤੀਸ਼ ਹੁਣ ਰਾਜਗ ਦੇ ‘ਕਿੰਗਮੇਕਰ’ ਬਣੇ

ਸਿਆਸਤ ਸਿਰਫ ਅੰਕੜਿਆਂ ਦੀ ਖੇਡ ਨਹੀਂ ਸਗੋਂ ਇਹ ਸਿਆਸੀ ਸੂਝ-ਬੂਝ ਅਤੇ ਹਾਲਾਤ ਦੇ ਕਰਵਟ ਬਦਲਣ ’ਤੇ ਠੀਕ ਸਮੇਂ ’ਤੇ ਠੀਕ ਫੈਸਲਾ ਲੈਣ ਦੀ ਕਲਾ ਵੀ ਹੈ। ਇਹ ਸ਼ਾਨਦਾਰ ਗੁਣ ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂਨਾਈਟਿਡ) ਦੇ ਪ੍ਰਧਾਨ ਨਿਤੀਸ਼ ਕੁਮਾਰ ’ਚ ਸ਼ਾਮਲ ਹੈ।

18ਵੀਂ ਲੋਕ ਸਭਾ ਦੇ ਚੋਣ ਨਤੀਜਿਆਂ ਦੇ ਰੁਝਾਨ ਜਿਵੇਂ ਹੀ ਹੌਲੀ-ਹੌਲੀ ਸਪੱਸ਼ਟ ਹੋਣ ਲੱਗੇ ਅਤੇ ਭਾਰਤੀ ਜਨਤਾ ਪਾਰਟੀ ‘400 ਦੇ ਪਾਰ’ ਦੇ ਦਾਅਵਿਆਂ ਦੇ ਉਲਟ 240 ’ਤੇ ਜਾ ਕੇ ਅਟਕ ਗਈ, ਤਾਂ ਸਭ ਦੀਆਂ ਨਜ਼ਰਾਂ ਨਿਤੀਸ਼ ਕੁਮਾਰ (ਜਿਨ੍ਹਾਂ ਦੇ 12 ਸੰਸਦ ਮੈਂਬਰ ਚੁਣੇ ਗਏ ਹਨ) ਅਤੇ ਚੰਦਰਬਾਬੂ ਨਾਇਡੂ (ਜਿਨ੍ਹਾਂ ਦੀ ਪਾਰਟੀ ਤੇਲਗੂਦੇਸ਼ਮ ਪਾਰਟੀ ਦੇ 16 ਸੰਸਦ ਮੈਂਬਰ ਚੁਣੇ ਗਏ ਹਨ) ’ਤੇ ਟਿਕ ਗਈਆਂ।

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ 4 ਜੂਨ ਨੂੰ ਉਂਝ ਹੀ ਨਿਤੀਸ਼ ਨੂੰ ਫੋਨ ਕਰ ਕੇ ਸਿਆਸੀ ਪਾਸਾ ਨਹੀਂ ਸੁੱਟਿਆ ਸੀ ਕਿਉਂਕਿ ਉਹ ਸਮਝ ਗਏ ਸਨ ਕਿ ਨਿਤੀਸ਼ ਕੁਮਾਰ ਦੀ ਹੁਣ ਅਸਲ ਸਿਆਸੀ ਸ਼ਕਤੀ ਕਿੰਨੀ ਮਹੱਤਵਪੂਰਨ ਹੈ ਪਰ ਨਿਤੀਸ਼ ਕੁਮਾਰ ਅਤੇ ਸ਼੍ਰੀ ਨਾਇਡੂ ਨੇ ਪਵਾਰ ਦੇ ਝਾਂਸੇ ’ਚ ਆਉਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ।

ਨਿਤੀਸ਼ ਕੁਮਾਰ ਅਸਲ ’ਚ 2024 ਦੀਆਂ ਆਮ ਚੋਣਾਂ ਤੋਂ ਇਕ ਸਾਲ ਪਹਿਲਾਂ ਹੀ ਵਿਰੋਧੀ ਧਿਰ ਦੀ ਏਕਤਾ ਦੇ ਮਿਸ਼ਨ ਦੇ ਸੂਤਰਧਾਰ ਸਨ ਅਤੇ ਉਨ੍ਹਾਂ ਨੇ ਉਦੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਲੈ ਕੇ ਦੱਖਣੀ ਭਾਰਤ ਦੇ ਮਹਾਰਥੀਆਂ ਨਵੀਨ ਪਟਨਾਇਕ, ਚੰਦਰਬਾਬੂ ਨਾਇਡੂ ਆਦਿ ਨਾਲ ਖੁਦ ਜਾ ਕੇ ਮੁਲਾਕਾਤਾਂ ਕੀਤੀਆਂ ਅਤੇ ਇਸ ਮਕਸਦ ਲਈ ਉਨ੍ਹਾਂ ਨੂੰ ਲਾਮਬੰਦ ਕਰਨ ਲਈ ਅਣਥੱਕ ਯਤਨ ਕੀਤੇ।

ਚੋਣਾਂ ਦੇ ਨੇੜੇ ਆਉਣ ’ਤੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਨੇ ਆਪਣੇ ਵੱਲੋਂ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਲਈ ਬਾਕੀ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਨਾਲ-ਨਾਲ ਨਿਤੀਸ਼ ਨੂੰ ਵੀ ਇਸ ਲਈ ਸੱਦਾ ਦਿੱਤਾ ਸੀ, ਤਾਂ ਉੱਥੇ ਬੈਠਕਾਂ ’ਚ ਨਿਤੀਸ਼ ਕੁਮਾਰ ਦੇ ਯਤਨਾਂ ਨੂੰ ਅਣਡਿੱਠ ਕਰ ਦਿੱਤਾ ਗਿਆ। ਉਨ੍ਹਾਂ ਨੂੰ ਵਿਰੋਧੀ ਧਿਰ ਦੇ ਗੱਠਜੋੜ ਦਾ ਕਨਵੀਨਰ ਨਹੀਂ ਬਣਾਇਆ ਗਿਆ, ਹਾਲਾਂਕਿ ਉਹ ਇਸ ਦੇ ਹੱਕਦਾਰ ਸਨ।

ਜਦੋਂ ਵਿਰੋਧੀ ਧਿਰ ਸਮੇਤ ਕਾਂਗਰਸ ਵੱਲੋਂ ਸੱਦੀਆਂ ਗਈਆਂ ਲਗਾਤਾਰ 2 ਬੈਠਕਾਂ ’ਚ ਨਿਤੀਸ਼ ਨੂੰ ਪੂਰਾ ਮਹੱਤਵ ਦੇਣ ਦੀ ਬਜਾਏ ਉਨ੍ਹਾਂ ਨੂੰ ਕਿਸੇ ਯੋਜਨਾ ਦੇ ਤਹਿਤ ਜਾਣਬੁੱਝ ਕੇ ਅੱਖੋਂ- ਪਰੋਖੇ ਕਰ ਦਿੱਤਾ ਗਿਆ ਤਾਂ ਇਹ ਸਲੂਕ ਦੇਖ ਕੇ ਨਿਤੀਸ਼ ਨੇ ਅਜਿਹੀਆਂ ਕੋਸ਼ਿਸ਼ਾਂ ਤੋਂ ਪਾਸਾ ਵੱਟ ਲਿਆ। ਉਸ ਤੋਂ ਬਾਅਦ ਮੋਦੀ ਅਤੇ ਭਾਜਪਾ ਲੀਡਰਸ਼ਿਪ ਨੇ ਨਿਤੀਸ਼ ਨੂੰ ਸਨਮਾਨ ਦਿੱਤਾ ਅਤੇ ਉਹ ਰਾਜਗ ’ਚ ਪਰਤ ਆਏ ਸਨ।

ਪੰਜਾਬੀ ’ਚ ਕਹਾਵਤ ਹੈ ‘‘ਗੌਂ ਭੁਨਾਵੇ ਜੌਂ ਭਾਵੇਂ ਗਿੱਲੇ ਹੋਣ’’-ਭਾਵ ਇਹ ਕਿ ਜਦ ਸਿਆਸੀ ਲੋੜ ਹੈ ਤਾਂ ਗਿੱਲੇ ਜੌਂ ਵੀ ਭੁੰਨਣ ਲਈ ਸਹੀ ਹੁੰਦੇ ਹਨ-ਇਹੀ ਹਾਲ ਹੁਣ ਵਿਰੋਧੀ ਧਿਰ ਦਾ ਹੈ। ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ ਰਾਹੁਲ ਗਾਂਧੀ ਨੇ ਚੋਣ ਨਤੀਜੇ ਆਉਣ ’ਤੇ ਸਿੱਧੇ ਨਿਤੀਸ਼ ਕੁਮਾਰ ਨੂੰ ਫੋਨ ਕਰ ਕੇ ਸਹਾਇਤਾ ਮੰਗਣ ਦੀ ਬਜਾਏ ਇਹੀ ਕੰਮ ਆਪਣੇ ਸਹਿਯੋਗੀ ਸ਼ਰਦ ਪਵਾਰ ਤੋਂ ਕਰਵਾਉਣਾ ਸਹੀ ਸਮਝਿਆ ਕਿਉਂਕਿ ਇਹ ਤਾਂ ਰਾਹੁਲ ਨੂੰ ਵੀ ਪਤਾ ਸੀ ਕਿ ਵਿਰੋਧੀ ਧਿਰ ਦੀ ਏਕਤਾ ਦੇ ਸੂਤਰਧਾਰ ਰਹੇ ਨਿਤੀਸ਼ ਕੁਮਾਰ ਨੂੰ ਕਿਸ ਤਰ੍ਹਾਂ ਉਨ੍ਹਾਂ ਦੀਆਂ ਬੈਠਕਾਂ ’ਚ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ।

ਇਹ ਚੰਗਾ ਹੀ ਹੋਇਆ ਕਿ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਨੇ ਵੀ ਸ਼ਰਦ ਪਵਾਰ ਵੱਲੋਂ 4 ਜੂਨ ਨੂੰ ਕੀਤੇ ਗਏ ਟੈਲੀਫੋਨਾਂ ਨੂੰ ਸੁਣਿਆ ਤਾਂ ਜ਼ਰੂਰ ਪਰ ਕੋਈ ਮੁੱਲ ਨਹੀਂ ਪਾਇਆ। ਇਹ ਤਾਂ ਕਾਂਗਰਸ ਸਮੇਤ ਪੂਰੀ ਵਿਰੋਧੀ ਧਿਰ ਨੂੰ ਵੀ ਦਿਖਾਈ ਦੇ ਰਿਹਾ ਸੀ ਕਿ ਅੱਜ ਦੇਸ਼ ਦੀ ਰਾਜਨੀਤੀ ਜਿਸ ਮੋੜ ’ਤੇ ਖੜ੍ਹੀ ਹੈ, ਉੱਥੋਂ ਅੱਗੇ ਜਾਣ ਲਈ ਖੇਵਨਹਾਰ ਨਿਤੀਸ਼ ਅਤੇ ਚੰਦਰਬਾਬੂ ਹੀ ਹਨ ਕਿਉਂਕਿ ਇਨ੍ਹਾਂ ਦੋਵਾਂ ਦੇ ਕੁੱਲ ਸੰਸਦ ਮੈਂਬਰਾਂ ਦੀ ਗਿਣਤੀ 28 ਬਣਦੀ ਹੈ ਅਤੇ ਇਸ ਲਈ ਉਨ੍ਹਾਂ ਨੇ ਸੋਚਿਆ ਕਿ ਦੋਵੇਂ ਨੇਤਾ ਜੇ ਪਾਲਾ ਬਦਲ ਲੈਣ ਤਾਂ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਰੋਕਿਆ ਜਾ ਸਕਦਾ ਹੈ। ਇੰਡੀਆ ਦੇ 234 ਉਮੀਦਵਾਰ ਜਿੱਤ ਚੁੱਕੇ ਸਨ ਅਤੇ 234+28=262 ਦਾ ਜੋੜ ਹੁਣ ਵਿਰੋਧੀ ਧਿਰ ਦੀ ਕਿਸ਼ਤੀ ਨੂੰ ਪਾਰ ਲਗਾਉਣ ਦੇ ਨੇੜੇ ਲਿਆ ਸਕਦਾ ਹੈ। ਕੁਝ ਹੋਰ ਜਿੱਤੇ ਸੰਸਦ ਮੈਂਬਰਾਂ ਨੇ ਵੀ ਕਾਂਗਰਸ ਦਾ ਸਮਰਥਨ ਕਰਨ ਦੀ ਗੱਲ ਕਹਿ ਦਿੱਤੀ ਸੀ। ਇਸ ਤਰ੍ਹਾਂ ਇੰਡੀਆ ਗੱਠਜੋੜ ਜੋੜ-ਤੋੜ ਕਰਕੇ 272 ਦੇ ਜਾਦੂਈ ਅੰਕੜੇ ਕੋਲ ਪਹੁੰਚਣ ਦੀ ਉਮੀਦ ਲਗਾਈ ਬੈਠਾ ਸੀ।

ਧਿਆਨ ਨਾਲ ਦੇਖਿਆ ਜਾਵੇ ਤਾਂ ਨਰਿੰਦਰ ਮੋਦੀ ਅਤੇ ਭਾਜਪਾ ਲੀਡਰਸ਼ਿਪ ਨੂੰ ਵੀ ਇਸ ਗੱਲ ਦਾ ਸਿਹਰਾ ਦੇਣਾ ਬਣਦਾ ਹੈ ਜਦ ਨਿਤੀਸ਼ ਨੇ ਵਿਰੋਧੀ ਧਿਰ ਦੀ ਏਕਤਾ ਦੀ ਮੁਹਿੰਮ ’ਚ ਸੱਟ ਖਾਧੀ ਤਾਂ ਉਹ ਆਜ਼ਾਦ ਹੋ ਕੇ ਸਿਆਸਤ ’ਚ ਘੁੰਮ ਰਹੇ ਸਨ। ਉਸ ਸਮੇਂ ਮੋਦੀ ਨੇ ਉਨ੍ਹਾਂ ਨੂੰ ਪੂਰੇ ਸਨਮਾਨ ਸਮੇਤ ਆਪਣੇ ਖੇਮੇ ’ਚ ਸੱਦ ਲਿਆ ਅਤੇ ਉਹ ਰਾਜਗ ਦਾ ਹਿੱਸਾ ਬਣ ਗਏ।

ਕਹਿੰਦੇ ਹਨ ਕਿ ਇਤਿਹਾਸ ਆਪਣੇ-ਆਪ ਨੂੰ ਦੁਹਰਾਉਂਦਾ ਹੈ। ਦਿੱਲੀ ’ਚ ਜਦ ਮੁਗਲ ਸ਼ਾਸਕ ਕਮਜ਼ੋਰ ਹੋਏ ਤਾਂ ਦਿੱਲੀ ਦਰਬਾਰ ’ਚ 2 ਵੱਡੇ ਦਰਬਾਰੀ ਉੱਭਰੇ, ਉਹ ਜਿਸ ਨੂੰ ਚਾਹੁੰਦੇ ਦਿੱਲੀ ਦਾ ਬਾਦਸ਼ਾਹ ਬਣਾ ਦਿੰਦੇ ਅਤੇ ਅਣਚਾਹੇ ਬਾਦਸ਼ਾਹ ਨੂੰ ਗੱਦੀ ਤੋਂ ਲਾਹ ਵੀ ਦਿੰਦੇ ਸਨ। ਇਨ੍ਹਾਂ ਭਰਾਵਾਂ ਨੂੰ ‘ਬਾਦਸ਼ਾਹ-ਗਰ ਭਾਈ’ (ਕਿੰਗਮੇਕਰ-ਬਾਦਸ਼ਾਹ ਬਣਾਉਣ ਵਾਲੇ) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਿਸੇ ਸਮੇਂ ਅਜਿਹੀ ਹੀ ਸ਼ਕਤੀ ਕਸ਼ਮੀਰੀ ਪੰਡਿਤਾਂ ਕੋਲ ਵੀ ਸੀ। ਉਹ ਇੰਨੇ ਤਾਕਤਵਰ ਹੁੰਦੇ ਸਨ ਕਿ ਰਾਜਾ ਨੂੰ ਬਣਾਉਣਾ ਅਤੇ ਗੱਦੀ ਤੋਂ ਲਾਹੁਣਾ ਉਨ੍ਹਾਂ ਦੇ ਖੱਬੇ ਹੱਥ ਦੀ ਖੇਡ ਹੁੰਦੀ ਸੀ।

ਅੱਜ ਇਹ ਗੱਲ ਸਹੀ ਸਿੱਧ ਹੋ ਰਹੀ ਹੈ ਕਿ ਉਹੀ ਨਿਤੀਸ਼ ਕੁਮਾਰ ‘ਕਿੰਗਮੇਕਰ’ ਭਾਵ ਪ੍ਰਧਾਨ ਮੰਤਰੀ ਨੂੰ ਬਣਾਉਣ ਦੀ ਸਮਰੱਥਾ ਵਾਲੇ ਨੇਤਾ ਦੇ ਰੂਪ ’ਚ ਸਾਹਮਣੇ ਆਏ ਹਨ।

ਓਮ ਪ੍ਰਕਾਸ਼ ਖੇਮਕਰਨੀ


author

Rakesh

Content Editor

Related News