ਨਹਿਰੂ ਦੀ ਵਿਚਾਰਧਾਰਾ ਅੱਜ ਵੀ ਭਾਰਤ ਦੇ ਜਨਤਕ ਜੀਵਨ ''ਚ ਜ਼ਿੰਦਾ

05/27/2023 6:39:43 PM

ਦੇਸ਼ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰਨ ਵਾਲੇ ਪੰ. ਜਵਾਹਰ ਲਾਲ ਨਹਿਰੂ ਦੀ ਬਰਸੀ ’ਤੇ 27 ਮਈ ਨੂੰ ਉਨ੍ਹਾਂ ਨੂੰ ਪੂਰਾ ਰਾਸ਼ਟਰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕਰ ਰਿਹਾ ਹੈ। ਜਿਸ ਤਰ੍ਹਾਂ ਉਨ੍ਹਾਂ ਦੇ ਕੰਮ ਭਾਰਤ ਦੀ ਮਿੱਟੀ ’ਚ ਵਿਲੀਨ ਹਨ, ਉਸੇ ਤਰ੍ਹਾਂ ਉਨ੍ਹਾਂ ਦੀ ਵਿਚਾਰਧਾਰਾ ਅੱਜ ਵੀ ਭਾਰਤ ਦੇ ਜਨਤਕ ਜੀਵਨ ’ਚ ਜ਼ਿੰਦਾ ਹਨ।

ਉਨ੍ਹਾਂ ਨੂੰ ਮਹਾਨ ਆਜ਼ਾਦੀ ਘੁਲਾਟੀਏ ਦੇ ਰੂਪ ’ਚ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਬ੍ਰਿਟਿਸ਼ ਹਕੂਮਤ ਦੀਆਂ ਜੇਲਾਂ ’ਚ ਆਪਣੇ ਜੀਵਨ ਦੇ 9 ਸਾਲ ਤੋਂ ਵੀ ਵੱਧ ਦਾ ਸਮਾਂ ਬਿਤਾਇਆ ਅਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਰੂਪ ’ਚ ਮੁਸ਼ਕਲ ਜ਼ਿੰਮੇਵਾਰੀਆਂ ਨੂੰ ਸੰਭਾਲਿਆ ਤੇ ਗਰੀਬੀ, ਭੁੱਖ, ਅਨਪੜ੍ਹਤਾ, ਵੰਡ ਦੀ ਭਿਆਨਕਤਾ, ਸੰਸਦੀ ਲੋਕਤੰਤਰਿਕ ਢਾਂਚਾ ਅਤੇ ਦੂਜੀਆਂ ਬਹੁਤ ਸਾਰੀਆਂ ਵੱਡੀਆਂ ਚੁਣੌਤੀਆਂ ਨੂੰ ਪਾਰ ਕੀਤਾ। ਇਹ ਉਨ੍ਹਾਂ ਦੀ ਸੋਚ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਨੇ ਆਈ. ਆਈ. ਟੀ., ਆਈ. ਆਈ. ਐੱਮ., ਏਮਜ਼, ਪੁਲਾੜ ਅਤੇ ਪ੍ਰਮਾਣੂ ਸੰਸਥਾਵਾਂ ਵਰਗੀਆਂ ਕਈ ਵਿਸ਼ੇਸ਼ ਸੰਸਥਾਵਾਂ, ਪ੍ਰਯੋਗਸ਼ਾਲਾਵਾਂ, ਖੋਜ ਕੇਂਦਰਾਂ ਦੀ ਸਥਾਪਨਾ ਨਾਲ ਰਾਸ਼ਟਰ ਨਿਰਮਾਤਾ ਦੇ ਰੂਪ ’ਚ ਆਪਣੀ ਭੂਮਿਕਾ ਨੂੰ ਨਿਭਾਇਆ। ਖੁਸ਼ਹਾਲੀ ਅਤੇ ਰੋਜ਼ਗਾਰ ਸਿਰਜਣ ਦੀ ਦਿਸ਼ਾ ’ਚ ਉਨ੍ਹਾਂ ਭਾਰੀ ਉਦਯੋਗਾਂ ਅਤੇ ਬੰਨ੍ਹਾਂ ਦੀ ਸਥਾਪਨਾ ਕੀਤੀ। ਰਾਸ਼ਟਰੀ ਚਿੰਤਨ ’ਚ ਵਿਗਿਆਨਕ ਸੁਭਾਅ ਦੇ ਸੰਸਥਾਪਕ, ਸਮਾਜਵਾਦ, ਸਮਾਜਿਕ ਨਿਆਂ ਅਤੇ ਸਮਾਜਿਕ ਸਮਾਨਤਾ ਦੀ ਪਹਿਲ ਹੋਵੇ ਜਾਂ ਗੁਟਨਿਰਲੇਪ ਅੰਦੋਲਨ ਅਤੇ ਪੰਚਸ਼ੀਲ ਦੇ ਸੰਸਥਾਪਕ ਦੇ ਰੂਪ ’ਚ ਜਾਂ ਲੇਖਕ, ਦਾਰਸ਼ਨਿਕ ਅਤੇ ਉੱਤਮ ਬੁਲਾਰੇ ਦੇ ਰੂਪ ’ਚ ਨਹਿਰੂ ਆਪਣੇ ਕੋਟ ’ਚ ਗੁਲਾਬ ਦਾ ਫੁੱਲ ਲਗਾਏ ਬੱਚਿਆਂ ਦੇ ਚਾਚਾ ਦੇ ਰੂਪ ’ਚ ਹੋਣ ਜਾਂ ਆਪਣੀ ਇਕਲੌਤੀ ਬੇਟੀ ਇੰਦੂ ਦੇ ਪਿਆਰੇ ‘ਪੱਪੂ’ ਦੇ ਰੂਪ ’ਚ, ਉਨ੍ਹਾਂ ਨੂੰ ਹਮੇਸ਼ਾ ਲੋਕਤੰਤਰ ਦੇ ਰੂਪ ’ਚ ਮਜ਼ਬੂਤ ਪੈਰੋਕਾਰ ਦੇ ਰੂਪ ’ਚ ਵੀ ਯਾਦ ਕੀਤਾ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਪਿਛਲੇ 75 ਸਾਲਾਂ ’ਚ ਯੂਨੀਵਰਸਲ ਬਾਲਗ ਵੋਟ ਦੇ ਅਧਿਕਾਰ ’ਤੇ ਆਧਾਰਿਤ ਚੋਣਾਂ ਰਾਹੀਂ ਕੇਂਦਰ ਅਤੇ ਸੂਬਿਆਂ ’ਚ ਸੱਤਾ ਦੀ ਸ਼ਾਂਤੀਪੂਰਨ ਤਬਦੀਲੀ ਇਸ ਦਾ ਜਿਊਂਦਾ-ਜਾਗਦਾ ਸਬੂਤ ਹੈ।

ਪੰਡਿਤ ਜਵਾਹਰ ਲਾਲ ਨਹਿਰੂ ਉਸ ਅੱਧੀ ਰਾਤ ਦੇ ਜਾਦੂਈ ਪਲਾਂ ਦੇ ਨਾਇਕ ਸਨ ਜਦੋਂ ਪੂਰਾ ਭਾਰਤ ਆਜ਼ਾਦੀ ਦਾ ਨਵਾਂ ਸਾਹ ਲੈਂਦੇ ਹੋਏ ਜਾਗ ਰਿਹਾ ਸੀ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਸਾਲਾਂ ਪਹਿਲਾਂ ਅਸੀਂ ਕਿਸਮਤ ਦੇ ਨਾਲ ਇਕ ਵਾਅਦਾ ਕੀਤਾ ਸੀ ਅਤੇ ਹੁਣ ਸਮਾਂ ਆ ਗਿਆ ਹੈ ਜਦੋਂ ਅਸੀਂ ਆਪਣੇ ਉਸ ਸੰਕਲਪ ਨੂੰ ਪੂਰਾ ਕਰੀਏ। ਚੋਟੀ ਦੇ ਸਿਆਸਤਦਾਨ ਨਹਿਰੂ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ, ਵਿਦਵਾਨ ਅਤੇ ਜਨਤਾ ਦੇ ਹਰਮਨਪਿਆਰੇ ਨੇਤਾ ਸਨ। ਉਨ੍ਹਾਂ ਆਜ਼ਾਦ ਭਾਰਤ ਦੇ ਸਾਹਮਣੇ ਉੱਚ ਆਦਰਸ਼ ਅਤੇ ਏਜੰਡਾ ਤੈਅ ਕੀਤਾ ਅਤੇ ਬਹਾਦਰੀ ਵਾਲੀ ਪਹਿਲ ਕਰਦੇ ਹੋਏ ਭਾਰਤ ਨੂੰ ਇਕ ਆਧੁਨਿਕ ਅਤੇ ਜ਼ਿੰਦਾ ਲੋਕਤੰਤਰ ਬਣਾਉਣ ਲਈ ਵੱਖ-ਵੱਖ ਸੰਸਥਾਵਾਂ ਦੀ ਉਸਾਰੀ ਕੀਤੀ। ਉਨ੍ਹਾਂ ਐਲਾਨ ਕੀਤਾ, ‘‘ਇਹ ਹੋਛੀ ਅਤੇ ਘਾਤਕ ਆਲੋਚਨਾ ਦਾ ਸਮਾਂ ਨਹੀਂ ਹੈ, ਇਹ ਕਿਸੇ ਤਰ੍ਹਾਂ ਦੀ ਮਾੜੀ ਭਾਵਨਾ ਅਤੇ ਦੂਜਿਆਂ ’ਤੇ ਦੋਸ਼ ਮੜ੍ਹਨ ਦਾ ਸਮਾਂ ਨਹੀਂ ਹੈ। ਅਸੀਂ ਆਜ਼ਾਦ ਭਾਰਤ ਦੇ ਅਜਿਹੇ ਮਹਾਨ ਭਵਨ ਦੀ ਉਸਾਰੀ ਕਰਨੀ ਹੈ ਜਿੱਥੇ ਉਸ ਦੇ ਸਾਰੇ ਬੱਚੇ ਰਹਿ ਸਕਣ।’’

ਨਹਿਰੂ ਬੇਹੱਦ ਦ੍ਰਿੜ੍ਹ ਲੋਕਤੰਤਰਵਾਦੀ ਸਨ ਅਤੇ ਲੋਕਤੰਤਰ ਪ੍ਰਤੀ ਉਨ੍ਹਾਂ ਦੀ ਧਾਰਨਾ ਬੜੀ ਮਜ਼ਬੂਤ ਸੀ। ਉਹ ਰਾਸ਼ਟਰ ਨਿਰਮਾਣ ’ਚ ਵਿਰੋਧੀ ਧਿਰ ਨੂੰ ਬਰਾਬਰ ਦਾ ਭਾਈਵਾਲ ਮੰਨਦੇ ਸਨ ਤੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਅਤਿਅੰਤ ਸਨਮਾਨਜਨਕ ਵਤੀਰਾ ਕਰਦੇ ਸਨ।

ਉਨ੍ਹਾਂ ਦਾ ਮੰਨਣਾ ਸੀ ਕਿ ਮਜ਼ਬੂਤ ਅਤੇ ਸੁਚੇਤ ਵਿਰੋਧੀ ਧਿਰ ਦੀ ਘਾਟ ਲੋਕਤੰਤਰ ਦੀ ਘਾਟ ਦਾ ਜਿਊਂਦਾ-ਜਾਗਦਾ ਸਬੂਤ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਉਨ੍ਹਾਂ ਦੀ ਸਰਕਾਰ ਦੀ ਮਨਮਾਨੀ ’ਤੇ ਪਾਬੰਦੀ ਲਗਾਉਣ ਅਤੇ ਦੇਸ਼ਵਾਸੀਆਂ ਦੀ ਆਜ਼ਾਦੀ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਰਕਾਰ ਦੀ ਰਚਨਾਤਮਕ ਆਲੋਚਨਾ ਲਈ ਵਿਰੋਧੀ ਧਿਰ ਦੀ ਲੋੜ ਹੈ। ਇਸ ਲਈ ਉਨ੍ਹਾਂ ਨਾ ਸਿਰਫ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਸੰਭਾਲੀ ਰੱਖਿਆ ਸਗੋਂ ਉਨ੍ਹਾਂ ਦੀ ਦੇਖ-ਰੇਖ ਕਰਦੇ ਹੋਏ ਉਨ੍ਹਾਂ ਨੂੰ ਉਤਸ਼ਾਹਿਤ ਵੀ ਕੀਤਾ। ਸ਼ਾਇਦ ਇਸੇ ਕਾਰਨ ਜੇ. ਬੀ. ਕ੍ਰਿਪਲਾਨੀ ਨੇ ਅਟਲ ਬਿਹਾਰੀ ਵਾਜਪਾਈ ਬਾਰੇ ਪੱਖਪਾਤੀ ਟਿੱਪਣੀ ਕੀਤੀ ਸੀ ਕਿ ਉਹ ‘ਜਨਸੰਘ ਦੇ ਭੇਸ ’ਚ ਨਹਿਰੂਵਾਦੀ’ ਸਨ। ਨਹਿਰੂ ਨੇ ਪਹਿਲੀ ਵਾਰ ਸੰਸਦ ਮੈਂਬਰ ਬਣੇ ਵਾਜਪਾਈ ਨੂੰ 1960 ’ਚ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਲਈ ਵਫਦ ’ਚ ਸ਼ਾਮਲ ਕੀਤਾ ਸੀ। ਪ੍ਰਧਾਨ ਮੰਤਰੀ ਦਫਤਰ ਨੇ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਅਧਿਕਾਰੀਆਂ ’ਚੋਂ ਇਕ ਐੱਮ. ਕੇ. ਰਸਗੋਤਰਾ (ਜੋ ਬਾਅਦ ’ਚ ਵਿਦੇਸ਼ ਸਕੱਤਰ ਵੀ ਬਣੇ) ਨੂੰ ਸਾਰੇ ਮਹਾਦੀਪਾਂ ਤੋਂ ਪਹਿਲੀ ਵਾਰ ਆਉਣ ਵਾਲੇ ਵਿਜ਼ਿਟਰ ਨੇਤਾਵਾਂ ਨਾਲ ਜਾਣ-ਪਛਾਣ ਕਰਵਾਉਣ ਦਾ ਵੀ ਨਿਰਦੇਸ਼ ਦਿੱਤਾ ਤਾਂ ਜੋ ਉਨ੍ਹਾਂ ਨੂੰ ਇਹ ਪਤਾ ਲੱਗ ਸਕੇ ਕਿ ‘ਦੁਨੀਆ ਅਸਲ ’ਚ ਕਿਵੇਂ ਕੰਮ ਕਰਦੀ ਹੈ।’

ਨਹਿਰੂ ਨੂੰ ਆਮ ਲੋਕਾਂ ’ਤੇ ਜ਼ਬਰਦਸਤ ਭਰੋਸਾ ਸੀ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਲਈ ਸੱਦਿਆ ਸੀ। ਉਨ੍ਹਾਂ ਦੀ ਦੁਰਲੱਭ ਸਿਆਸਤ ਅਤੇ ਲੋਕਤੰਤਰਿਕ ਸੋਚ ਹੀ ਸੀ, ਜਿਸ ਨੇ ਇਕ ਗੈਰ-ਕਾਂਗਰਸੀ, ਹਿੰਦੂ ਮਹਾਸਭਾ ਦੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ, ਅਨੁਸੂਚਿਤ ਜਾਤੀ ਮਹਾਸੰਘ ਦੇ ਡਾ. ਬੀ. ਆਰ. ਅੰਬੇਡਕਰ, ਜਸਟਿਸ ਪਾਰਟੀ ਦੇ ਸਰ ਆਰ. ਕੇ. ਸ਼ਣਮੁਖਮ ਚੇਟੀ ਅਤੇ ਅਰਥਸ਼ਾਸਤਰੀ ਜਾਨ ਮਥਾਈ ਨੂੰ ਦੇਸ਼ ਦੇ ਮੁੜ ਨਿਰਮਾਣ ਲਈ ਜਨਤਕ ਜੀਵਨ ਦੇ ਵੱਖ-ਵੱਖ ਪਹਿਲੂਆਂ ’ਚ ਉਨ੍ਹਾਂ ਦੀ ਮੁਹਾਰਤਾ ਅਤੇ ਤਜਰਬਿਆਂ ਦਾ ਲਾਭ ਲੈਣ ਲਈ ਸੱਦਿਆ ਸੀ। ਇਹ ਸਾਰੇ ਨੇਤਾ ਨਹਿਰੂ ਅਤੇ ਕਾਂਗਰਸ ਦੇ ਘੋਰ ਆਲੋਚਕ ਸਨ ਪਰ ਨਹਿਰੂ ਨੇ ਨੀਤੀ ਨਿਰਮਾਣ ’ਚ ਸਰਵਸੰਮਤ ਫੈਸਲੇ ’ਤੇ ਪੁੱਜਣ ਲਈ ਹਰ ਵਿਚਾਰਕ ਪਹਿਲੂ ਦੀ ਰਾਏ ਅਤੇ ਸਹਿਯੋਗ ਹਾਸਲ ਕੀਤਾ।

1956 ’ਚ ਵਿਰੋਧੀ ਪਾਰਟੀ ਦੇ ਮੈਂਬਰ ਹੁਕਮ ਸਿੰਘ ਨੂੰ ਲੋਕ ਸਭਾ ਦੇ ਡਿਪਟੀ ਸਪੀਕਰ ਦੇ ਰੂਪ ’ਚ ਚੁਣਨ ਦਾ ਵਿਚਾਰ ਲੈ ਕੇ ਆਏ ਨਹਿਰੂ ਅਸਲ ’ਚ ਪੂਰੀ ਤਰ੍ਹਾਂ ਨਾਲ ਲੋਕਤੰਤਰਿਕ ਸਿਆਸਤਦਾਨ ਸਨ। ਹੁਕਮ ਸਿੰਘ ਭਾਵੇਂ ਹੀ ਨਹਿਰੂ ਦੇ ਆਲੋਚਕ ਸਨ ਅਤੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਹਵਾਲਾ ਦਿੱਤਾ ਜਾਂਦਾ ਹੈ ਕਿ ਕਹਿਣ ਨੂੰ ਹੀ ਸਹੀ, ਘੱਟੋ-ਘੱਟ ਨਹਿਰੂ ਤਾਨਾਸ਼ਾਹੀ ਸ਼ਾਸਕ ਹਨ, ਜੋ ਲੋਕਤੰਤਰ ਦੀ ਪ੍ਰਸ਼ੰਸਾ ਕਰਦੇ ਹਨ। ਉਦੋਂ ਤੋਂ ਦੇਸ਼ ’ਚ ਲਗਭਗ ਸਾਰੀਆਂ ਵਿਧਾਨਕ ਬਾਡੀਆਂ ’ਚ ਇਸ ਸਿਹਤਮੰਦ ਲੋਕਤੰਤਰਿਕ ਰਵਾਇਤ ਦੀ ਪਾਲਣਾ ਕੀਤੀ ਜਾਂਦੀ ਰਹੀ ਹੈ ਪਰ ਬਦਕਿਸਮਤੀ ਨਾਲ ਹੁਣ ਇਸ ਅਨੋਖੀ ਸੰਸਦੀ ਰਵਾਇਤ ਨੂੰ ਤਿਆਗ ਦਿੱਤਾ ਗਿਆ ਹੈ ਤੇ ਸੁਪਰੀਮ ਕੋਰਟ ਨੂੰ ਕੇਂਦਰ ਤੇ 5 ਸੂਬਿਆਂ ਨੂੰ ਡਿਪਟੀ ਸਪੀਕਰ ਦੀ ਚੋਣ ਕਰਨ ’ਚ ਉਨ੍ਹਾਂ ਦੀ ਅਸਫਲਤਾ ’ਤੇ ਨੋਟਿਸ ਜਾਰੀ ਕਰਨਾ ਪਿਆ। ਲੋਕ ਸਭਾ ਲਈ ਸੰਵਿਧਾਨ ਦੀ ਧਾਰਾ 93, ਰਾਜ ਵਿਧਾਨ ਸਭਾਵਾਂ ਲਈ ਧਾਰਾ 178 ਅਤੇ ਸੂਬਿਆਂ ਦੀ ਪ੍ਰੀਸ਼ਦ (ਰਾਜ ਸਭਾ) ਲਈ ਧਾਰਾ 89 (2) ਤਹਿਤ ਉਨ੍ਹਾਂ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ।

ਅਜਿਹਾ ਨਹੀਂ ਹੈ ਕਿ ਨਹਿਰੂ ਆਲੋਚਨਾਵਾਂ ਅਤੇ ਵਿਵਾਦਾਂ ਤੋਂ ਪਰ੍ਹੇ ਸਨ ਪਰ ਉਨ੍ਹਾਂ ਅਸਹਿਮਤੀ ਦਾ ਸਾਹਮਣਾ ਵੀ ਪੂਰੀ ਸ਼ਾਲੀਨਤਾ ਨਾਲ ਕੀਤਾ ਅਤੇ ਆਪਣੇ ਵਿਰੋਧੀਆਂ ਨੂੰ ਸ਼ਾਲੀਨਤਾ, ਸ਼ਾਨ ਅਤੇ ਮਿਸਾਲੀ ਸਹਿਣਸ਼ੀਲਤਾ ਨਾਲ ਜਵਾਬ ਦਿੱਤਾ। ਉਨ੍ਹਾਂ ਜਨਤਕ ਜੀਵਨ ’ਚ ਹਮੇਸ਼ਾ ਅਨੁਸ਼ਾਸਨ ਅਤੇ ਮਰਿਆਦਾ ਬਣਾਈ ਰੱਖੀ ਅਤੇ ਕਦੀ ਵੀ ਆਪਣੇ ਵਿਰੋਧੀਆਂ ਨੂੰ ਨਤੀਜਾ ਭੁਗਤਣ, ਅਪਸ਼ਬਦ ਬੋਲਣ ਜਾਂ ਡਰਾਉਣ ਦੀ ਕੋਸ਼ਿਸ਼ ਨਹੀਂ ਕੀਤੀ।

ਹਾਲ ਹੀ ’ਚ ਪ੍ਰਕਾਸ਼ਿਤ ਟੇਲਰ ਸੀ. ਸ਼ਰਮਨ ਦੀ ਪੁਸਤਕ ‘ਨਹਿਰੂ’ਜ਼ ਇੰਡੀਆ-ਏ ਹਿਸਟਰੀ ਆਫ ਸੈਵਨ ਮਿਥਸ’ ’ਚ ਉਨ੍ਹਾਂ ਦੀਆਂ ਟਿੱਪਣੀਆਂ ਦਾ ਜ਼ਿਕਰ ਕਰਨਾ ਇੱਥੇ ਪ੍ਰਾਸੰਗਿਕ ਹੋਵੇਗਾ ਕਿ ‘ਉਹ ਅਸਾਧਾਰਨ ਰੂਪ ਨਾਲ ਲੋਕਤੰਤਰਿਕ ਸਨ। ਉਨ੍ਹਾਂ ਦੀ ਲੋਕਪ੍ਰਿਯਤਾ, ਕਰਿਸ਼ਮੇ ਅਤੇ ਵਿਰੋਧੀ ਧਿਰ ਦੀ ਲਗਭਗ ਪੂਰਨ ਘਾਟ ਨੇ ਵੀ ਤਾਨਾਸ਼ਾਹੀ ਦੇ ਲਾਲਚ ’ਚ ਨਹੀਂ ਆਉਣ ਦਿੱਤਾ।’ ਅਸੀਂ ਸਾਰੇ ਤੁਹਾਡੀ ਯਾਦ ਨੂੰ ਪ੍ਰਣਾਮ ਕਰਦੇ ਹਾਂ।

ਭੁਪਿੰਦਰ ਸਿੰਘ ਹੁੱਡਾ (ਸਾਬਕਾ ਮੁੱਖ ਮੰਤਰੀ, ਹਰਿਆਣਾ)


Rakesh

Content Editor

Related News