ਮੈਂਬਰ ਲੋਕ ਸਭਾ ਪ੍ਰਧਾਨ ਮੰਤਰੀ ਦੇ ਜਨਮ ਦਿਨ ’ਤੇ ਵਿਸ਼ੇਸ਼ ਅਜੇਤੂ ਸਾਰਥੀ : ਨਰਿੰਦਰ ਮੋਦੀ

09/17/2020 3:59:01 AM

ਪਦਮ ਸ਼੍ਰੀ ਹੰਸ ਰਾਜ ਹੰਸ

ਦੁਆਪਰ ’ਚ ਕੁਰੂਕਸ਼ੇਤਰ ਦੇ ਇਤਿਹਾਸਕ ਜੰਗ ਦੇ ਮੈਦਾਨ ਤੋਂ ਗੀਤਾ ਸੁਣਾਉਣ ਵਾਲੇ ਸਾਰਥੀ ਸ਼੍ਰੀ ਕ੍ਰਿਸ਼ਨ ਜੀ ਵਾਂਗ ਹੀ ਅੱਜ ਜਦੋਂ ਕੋਰੋਨਾ ਤ੍ਰਾਸਦੀ ਅਤੇ ਸਰਹੱਦ ’ਤੇ ਡ੍ਰੈਗਨ ਦੀਅਾਂ ਹਰਕਤਾਂ ਨਾਲ ਕੁਰੂਕਸ਼ੇਤਰ ਵਰਗੇ ਹਾਲਾਤ ਪੈਦਾ ਹੋ ਗਏ ਹਨ, ਉਦੋਂ 135 ਕਰੋੜ ਜਨਤਾ ਦੇ ਸਾਰਥੀ ਦੇ ਰੂਪ ’ਚ ਨਰਿੰਦਰ ਭਾਈ ਮੋਦੀ ਦੇਸ਼ ਦੇ ਵਿਰੁੱਧ ਖੜ੍ਹੇ ਵੱਡੇ ਤੋਂ ਵੱਡੇ ਮਹਾਰਥੀ ਨੂੰ ਚਿੱਤ ਕਰ ਰਹੇ ਹਨ। ਉਨ੍ਹਾਂ ਆਪਣੇ ਕੂਟਨੀਤਕ ਹੁਨਰ ਨਾਲ ਚੀਨ ਨੂੰ ਵਿਸ਼ਵ ਪੱਧਰ ’ਤੇ ਅਲੱਗ-ਥਲੱਗ ਕਰ ਦਿੱਤਾ ਹੈ ਅਤੇ ਸਰਹੱਦ ’ਤੇ ਸਫਲ ਵਿਰੋਧ ਨਾਲ ਉਸ ਦੇ ਵਿਸ਼ਵ ਪੱਧਰੀ ਵੱਕਾਰ ਨੂੰ ਗ੍ਰਹਿਣ ਲਗਾ ਦਿੱਤਾ ਹੈ। ਇਹ ਨਰਿੰਦਰ ਮੋਦੀ ਜੀ ਦੀ ਕ੍ਰਿਸ਼ਮਈ ਅਗਵਾਈ ਹੀ ਹੈ ਕਿ ਸਾਡੇ ਨਾਲੋਂ ਵੱਡੀਅਾਂ ਆਰਥਿਕ ਅਤੇ ਫੌਜੀ ਸ਼ਕਤੀਅਾਂ ਕੋਰੋਨਾ ਤ੍ਰਾਸਦੀ ’ਚੋਂ ਨਿਕਲਣ, ਵਾਤਾਵਰਣ ਸੰਕਟ ਦੇ ਹੱਲ ਅਤੇ ਕੌਮਾਂਤਰੀ ਸ਼ਾਂਤੀ ਦੇ ਸੰਬੰਧ ’ਚ ਮੋਦੀ ਵੱਲ ਆਸ ਭਰੀਅਾਂ ਨਜ਼ਰਾਂ ਨਾਲ ਦੇਖਦੀਅਾਂ ਹਨ।

ਹਰ ਮਹਾਨਾਇਕ ਦਾ ਇਕ ਮੁਕੱਦਰ ਹੁੰਦਾ ਹੈ। ਉਸ ਦੇ ਕੋਲ ਦੇਣ ਲਈ ਇਕ ਸੰਦੇਸ਼ ਹੁੰਦਾ ਹੈ ਅਤੇ ਪੂਰਾ ਕਰਨ ਲਈ ਇਕ ਟੀਚਾ। ਇਕ ਨੇਤਾ ਦੇ ਰੂਪ ’ਚ ਨਰਿੰਦਰ ਭਾਈ ਮੋਦੀ ਪ੍ਰਾਚੀਨ ਭਾਰਤ ਦੇ ਮਾਣਮੱਤੇ ਅਤੀਤ ਤੋਂ ਪ੍ਰੇਰਣਾ ਲੈਂਦੇ ਹਨ ਅਤੇ ਇਸ ਪਵਿੱਤਰ ਭਾਰਤ ਦੀ ਭੂਮੀ ਨੂੰ ਵੱਕਾਰ ਦੇ ਸਿਖਰ ’ਤੇ ਸਥਾਪਿਤ ਕਰਨਾ ਹੀ ਉਨ੍ਹਾਂ ਦਾ ਟੀਚਾ ਹੈ, ਜਿਥੋਂ ਇਹ ਦੇਸ਼ ਵਿਸ਼ਵ ਗੁਰੂ ਦੀ ਭੂਮਿਕਾ ਨਿਭਾਉਂਦੇ ਹੋਏ ਦੁਨੀਆ ਦੀ ਸੱਭਿਆਚਾਰਕ ਅਤੇ ਭੌਤਿਕ ਅਗਵਾਈ ਕਰ ਸਕੇ। ਭਾਜਪਾ ਦੇ ਰਿਸ਼ੀ ਵਰਗੇ ਨੇਤਾਵਾਂ-ਦੀਨਦਿਆਲ ਜੀ, ਅਟਲ ਜੀ ਨੇ ਆਪਣੀ ਸਦਾਚਾਰ ਅਤੇ ਤਪੱਸਿਆ ਦੇ ਦਮ ’ਤੇ ਸੱਤਾ ਦੀ ਸਿਆਸਤ ਦੇ ਦਬਾਵਾਂ ਨੂੰ ਲੱਤ ਮਾਰਦੇ ਹੋਏ ਸੇਵਾ-ਸੰਸਕਾਰ ਘੜਨ ’ਚ ਸਫਲਤਾ ਹਾਸਲ ਕੀਤੀ।

ਅਸਲੀਅਤ ਇਹ ਹੈ ਕਿ ਇਨ੍ਹਾਂ ਰਿਸ਼ੀਅਾਂ ਵਰਗੇ ਨੇਤਾਵਾਂ ਨੇ ਆਪਣੀ ਜ਼ਿੰਦਗੀ ਦਾ ਇਕ ਅੰਸ਼ ਭਾਜਪਾ ਸੰਗਠਨ ਨੂੰ ਅਰਪਿਤ ਕਰ ਦਿੱਤਾ ਜੋ ਅੱਜ ਵੀ ਇਕ ਦਲ ਦੇ ਰੂਪ ’ਚ ਭਾਜਪਾ ਦੀ ਪ੍ਰਾਣਸ਼ਕਤੀ ਹੈ। ਨਰਿੰਦਰ ਭਾਈ ਮੋਦੀ ਨੇ ਉਸ ਪ੍ਰਾਣਸ਼ਕਤੀ ਦੇ ਨਾਲ ਖੁਦ ਨੂੰ ਜੋੜ ਲਿਆ। ਇਹੀ ਉਨ੍ਹਾਂ ਦੀ ਅਤੁੱਟ ਊਰਜਾ ਦਾ ਸਰੋਤ ਹੈ। ਦੂਸਰਾ ਖੁਦ ਨਰਿੰਦਰ ਭਾਈ ਮੋਦੀ ਦਾ ਜਨਤਕ ਜੀਵਨ ਇਕ ਤਰ੍ਹਾਂ ਉਨ੍ਹਾਂ ਦੀ ਅਧਿਆਤਮਕ ਯਾਤਰਾ ਹੈ। ਅੱਜ ਦੀ ਸਿਆਸਤ ’ਚ ਜਦੋਂ ਭ੍ਰਿਸ਼ਟਾਚਾਰ ਅਤੇ ਵੰਸ਼ਵਾਦ ਦਾ ਰਾਖਸ਼ਸ ਗਰੀਬ ਜਨਤਾ ਦੇ ਹੱਕ ’ਤੇ ਡਾਕਾ ਮਾਰ ਕੇ ਸਭ ਕੁਝ ਨਿਗਲ ਜਾਣਾ ਚਾਹੁੰਦਾ ਹੈ ਉਦੋਂ ਨਰਿੰਦਰ ਭਾਈ ਮੋਦੀ ਸਿਆਸੀ ਦਿਸਹੱਦੇ ’ਤੇ ਕਬੀਰ ਜੀ ਵਾਂਗ ਪ੍ਰਗਟ ਹੁੰਦੇ ਹਨ, ਜੋ ਜਨਤਕ ਜ਼ਿੰਦਗੀ ’ਚ ਸਦਾਚਾਰ ਦੀ ਚਾਦਰ ਨੂੰ ਉਵੇਂ ਹੀ ਬੇਦਾਗ ਰੱਖਣ ’ਚ ਸਫਲ ਹੁੰਦੇ ਹਨ।

ਗਰੀਬ ਜਨਤਾ ਦੇ ਦਿਲਾਂ ’ਚ ਨਰਿੰਦਰ ਭਾਈ ਮੋਦੀ ਪ੍ਰਤੀ ਅਪਾਰ ਸ਼ਰਧਾ ਦੇ ਕਾਰਨ ਉਨ੍ਹਾਂ ਦੀ ਸ਼ਖਸੀਅਤ ਦੀ ਜਾਦੂਮਈ ਖਿੱਚ ਪ੍ਰਤੀ ਜਿਗਿਆਸਾ ਸੁਭਾਵਿਕ ਤੌਰ ’ਤੇ ਪੈਦਾ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਸਾਦਗੀ ਅਤੇ ਈਮਾਨਦਾਰੀ ਅਜਿਹੇ ਗੁਣ ਹਨ ਜੋ ਜਨਤਕ ਜੀਵਨ ’ਚ ਮੋਦੀ ਜੀ ਨੂੰ ਮਹਾਤਮਾ ਗਾਂਧੀ, ਲਾਲ ਬਹਾਦੁਰ ਸ਼ਾਸਤਰੀ, ਰਾਮ ਮਨੋਹਰ ਲੋਹੀਆ ਅਤੇ ਅਟਲ ਜੀ ਵਰਗੇ ਯੁੱਗਪੁਰਸ਼ਾਂ ਦੀ ਕਤਾਰ ’ਚ ਖੜ੍ਹਾ ਕਰ ਦਿੰਦੇ ਹਨ, ਜਨਤਾ ਪ੍ਰਤੀ ਸ਼ਰਧਾ ਦਾ ਇਕ ਵੱਡਾ ਕਾਰਨ ਇਹ ਹੈ। ਦੂਸਰੇ ਖੁਦ ਗਰੀਬ ਪਰਿਵਾਰ ’ਚ ਪੈਦਾ ਹੋਣ ਦੇ ਕਾਰਨ ਬਸਤੀਵਾਦੀ ਸੋਚ ਅਤੇ ਆਚਰਨ ਦਾ ਗੈਰ-ਮਨੁੱਖੀ ਚਿਹਰਾ ਉਨ੍ਹਾਂ ਨੇ ਖੁਦ ਦੇਖਿਆ ਹੈ। ਗਰੀਬੀ ਦੀ ਜ਼ਲਾਲਤ ਉਨ੍ਹਾਂ ਨੇ ਕਿਸੇ ਕਿਤਾਬ ’ਚੋਂ ਨਹੀਂ ਪੜ੍ਹਨੀ ਹੈ। ਇਸ ਲਈ ਗਰੀਬਾਂ, ਦਲਿਤਾਂ, ਵਾਂਝਿਅਾਂ ਅਤੇ ਅੱਧੀ ਆਬਾਦੀ ਲਈ ਉਹ ਪੂਰੀ ਵਿਵਸਥਾ ਨੂੰ ਲਲਕਾਰ ਦਿੰਦੇ ਹਨ ਅਤੇ ਸਮਝੌਤਾ ਨਹੀਂ ਕਰਦੇ।

ਗਰੀਬਾਂ ਨੂੰ ਮੁੱਢਲੀਅਾਂ ਸਹੂਲਤਾਂ-ਉੱਜਵਲਾ, ਸੌਭਾਗਿਆ, ਸਵੱਛਤਾ ਮਿਸ਼ਨ, ਆਯੁਸ਼ਮਾਨ ਭਾਰਤ ਅਤੇ ਪ੍ਰਧਾਨ ਮੰਤਰੀ ਆਵਾਸ ਵਰਗੀਅਾਂ ਯੋਜਨਾਵਾਂ ਨੇ ਹਾਸ਼ੀਏ ’ਤੇ ਪਏ ਸਮਾਜ ਨੂੰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾ ਦਿੱਤੀਅਾਂ ਹਨ। ਅੱਧੀ ਗਰੀਬ ਆਬਾਦੀ ਨੂੰ ਰਸੋਈ ਦੇ ਸਾਹ ਘੁੱਟਣ ਵਾਲੇ ਧੂੰਏਂ ਤੋਂ ਐੱਲ. ਪੀ. ਜੀ. (ਉੱਜਵਲਾ) ਨੇ ਮੁਕਤੀ ਦਿਵਾ ਦਿੱਤੀ। ਓਧਰ ਚੰਗੀ ਕਿਸਮਤ ਨਾਲ ਬਿਜਲੀ ਕੁਨੈਕਸ਼ਨ ਅਤੇ ਸਪਲਾਈ ਨੇ ਦੀਵੇ ਦੀ ਰੌਸ਼ਨੀ ’ਚ ਭਵਿੱਖ ਘੜਦੇ ਗਰੀਬ ਬੱਚਿਅਾਂ ਨੂੰ ਹਨੇਰੇ ਤੋਂ ਮੁਕਤੀ ਦਿਵਾ ਦਿੱਤੀ ਅਤੇ ਆਯੁਸ਼ਮਾਨ ਭਾਰਤ ਨੇ ਬੀਮਾਰੀ ’ਚ ਬੀਮੇ ਦਾ ਰੱਖਿਆ ਕਵਚ ਦੇ ਦਿੱਤਾ।

ਉਨ੍ਹਾਂ ਦੇ ਸਵੱਛਤਾ ਮਿਸ਼ਨ ਨੇ ਜਨਤਕ ਥਾਵਾਂ ’ਤੇ ਸਾਫ-ਸਫਾਈ ਦਾ ਨਵਾਂ ਸੱਭਿਆਚਾਰ ਪੈਦਾ ਕਰ ਦਿੱਤਾ ਹੈ, ਜੋ ਨਵੀਂ ਪੀੜ੍ਹੀ ’ਚ ਸਾਫ ਦਿਖਾਈ ਦਿੰਦਾ ਹੈ। ਲੁਟੀਅਨਸ ਜ਼ੋਨ ’ਚ ਬੈਠੇ ਲੋਕਾਂ ਨੂੰ ਇਹ ਸਹੂਲਤਾਂ ਹਾਸੋ-ਹੀਣੀਅਾਂ ਲੱਗ ਰਹੀਅਾਂ ਸਨ। ਜਦੋਂ ਮਹਾਤਮਾ ਗਾਂਧੀ ਦਲਿਤਾਂ ਦੀ ਭਲਾਈ ਲਈ ਇਤਿਹਾਸਕ ਦਲਿਤ ਯਾਤਰਾ ਕਰ ਰਹੇ ਸਨ, ਤਦ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਦੀਅਾਂ ਯਾਤਰਾਵਾਂ ਅਤੇ ਉਨ੍ਹਾਂ ਦੇ ਰਚਨਾਤਮਕ ਕਾਰਜਾਂ ਦਾ ਮਜ਼ਾਕ ਉਡਾਉਂਦੇ ਹੋਏ ਇਸ ਨੂੰ ਔਰਤਾਂ ਦੇ ਲਈ ਛੱਡ ਦੇਣ ਦਾ ਸੁਝਾਅ ਦਿੱਤਾ ਸੀ। ਉਸੇ ਸੋਚ ਦੇ ਲੋਕ ਅੱਜ ਨਰਿੰਦਰ ਭਾਈ ਮੋਦੀ ਦੀਅਾਂ ਇਨ੍ਹਾਂ ਲੋਕ-ਹਿੱਤੂ ਯੋਜਨਾਵਾਂ ਦਾ ਵੀ ਮਜ਼ਾਕ ਉਡਾਉਂਦੇ ਹਨ ਪਰ ਜ਼ਮੀਨੀ ਹਕੀਕਤ ’ਤੇ ਦੇਖਿਆ ਜਾਵੇ ਤਾਂ ਛੋਟੀਅਾਂ-ਛੋਟੀਅਾਂ ਯੋਜਨਾਵਾਂ ਜੋ ਗਰੀਬਾਂ ਤੱਕ ਪਹੁੰਚੀਅਾਂ ਹਨ, ਉਨ੍ਹਾਂ ਦੀ ਜ਼ਿੰਦਗੀ ’ਚ ਆਸ ਜਗਾਉਂਦੀਅਾਂ ਹਨ।

ਅੰਦਰੂਨੀ ਸੁਰੱਖਿਆ ਦੇ ਪੱਧਰ ’ਤੇ ਨਰਿੰਦਰ ਭਾਈ ਮੋਦੀ ਨੇ ਜੀ. ਐੱਸ. ਟੀ. ਸਮੇਤ ਸਾਰੇ ਆਰਥਿਕ, ਪ੍ਰਸ਼ਾਸਨਿਕ ਨਿਯਮਾਂ ਨੂੰ ਕਾਨੂੰਨੀ ਰੂਪ ਦਿੱਤਾ ਹੈ, ਜਿਸ ਨਾਲ ਇਕ ਭਾਰਤ ਸ੍ਰੇਸ਼ਠ ਭਾਰਤ ਦੀ ਕਲਪਨਾ ਸਾਕਾਰ ਰੂਪ ਲੈ ਸਕੇ। ਅੰਦਰੂਨੀ ਚੁਣੌਤੀਅਾਂ ’ਚ ਨਕਸਲਵਾਦ ਦੇ ਵਿਰੁੱਧ ਉਨ੍ਹਾਂ ਦੀਅਾਂ ਪ੍ਰਾਪਤੀਅਾਂ ਇਤਿਹਾਸਕ ਹਨ। ਰਿਸ਼ੀ ਕਸ਼ਯਪ ਤੋਂ ਕਲਹਣ ਤੱਕ ਭਾਰਤੀ ਸੱਭਿਆਚਾਰ ਦੇ ਕੇਂਦਰ ਰਹੇ ਕਸ਼ਮੀਰ ਨੂੰ ਧਾਰਾ-370 ਰਾਹੀਂ ਦੇਸ਼ ਦੇ ਅੰਦਰ ਦੇਸ਼ ਬਣਾ ਦਿੱਤਾ ਗਿਆ ਸੀ। ਧਾਰਾ-370 ਨੂੰ ਖਤਮ ਕਰ ਕੇ ਨਰਿੰਦਰ ਭਾਈ ਮੋਦੀ ਨੇ ਇਕ ਤਰ੍ਹਾਂ ਬਰਲਿਨ ਦੀ ਦੀਵਾਰ ਢਹਿ-ਢੇਰੀ ਕਰ ਦਿੱਤੀ ਹੈ। ਪੂਰਾ ਦੇਸ਼ ਉਨ੍ਹਾਂ ਦੇ ਇਸ ਇਤਿਹਾਸਕ ਕਾਰਜ ਲਈ ਜਦ ਤੱਕ ਭਾਰਤ ਭੂਮੀ ਰਹੇਗੀ, ਉਨ੍ਹਾਂ ਦਾ ਰਿਣੀ ਰਹੇਗਾ।

ਆਪਣੀ ਸੁਰੱਖਿਆ ਦੇ ਪੱਧਰ ’ਤੇ ਮੋਦੀ ਜੀ ਨੇ ਭਾਰਤ ਦੀ ਆਦਰਸ਼ਵਾਦੀ ਸ਼ਾਂਤੀਪੂਰਨ ਅਤੇ ਰੇਤ ’ਚ ਸਿਰ ਦੇਣ ਵਾਲੇ ਸ਼ੁਤਰਮੁਰਗ ਵਾਲੀ ਨੀਤੀ ਤੋਂ ਮੁਕਤੀ ਦਿਵਾ ਦਿੱਤੀ। ਉਨ੍ਹਾਂ ਨੇ ਕੌਟੱਲਿਆ ਅਤੇ ਭਗਵਾਨ ਕ੍ਰਿਸ਼ਨ ਦੀ ਖੂਨ ਅਤੇ ਲੋਹੇ ਦੀ ਨੀਤੀ ਦਾ ਮੁਲਾਂਕਣ ਕਰਦੇ ਹੋਏ ਹਮਲਾਵਰ ਪ੍ਰਤੀਰੱਖਿਆ ਨੀਤੀ ਦਾ ਮੁਲਾਂਕਣ ਕੀਤਾ। ਯਾਦ ਰਹੇ 26/11 ਅੱਤਵਾਦੀ ਘਟਨਾ ਨਾਲ ਮੁੰਬਈ ਲਹੂ-ਲੁਹਾਨ ਪਈ ਸੀ। ਜ਼ਿੰਦਾ ਕਸਾਬ ਦੇ ਫੜੇ ਜਾਣ ’ਤੇ ਵੀ ਅਸੀਂ ਵਿਰਲਾਪ ਕਰ ਰਹੇ ਸੀ। ਓਧਰ ਮੋਦੀ ਜੀ ਨੇ ਪਠਾਨਕੋਟ ਆਦਿ ਘਟਨਾਵਾਂ ਦਾ ਬਦਲਾ ਸਰਜੀਕਲ ਸਟ੍ਰਾਈਕ, ਏਅਰ ਸਟ੍ਰਾਈਕ ਰਾਹੀਂ ਲੈ ਕੇ ਪਾਕਿਸਤਾਨ ਨੂੰ ਇਹ ਸਬਕ ਦੇ ਦਿੱਤਾ। ਹੁਣ ਉਹ ਭਾਰਤ ’ਚ ਦਹਿਸ਼ਤਗਰਦੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ 100 ਵਾਰ ਸੋਚੇਗੇ।

ਆਪਣੀ ਸੁਰੱਖਿਆ ਦੇ ਪੱਧਰ ’ਤੇ ਮੋਦੀ ਜੀ ਦੀ ਹੈਰਾਨੀਜਨਕ ਸਫਲਤਾ ਭਾਰਤ-ਚੀਨ ਸਰਹੱਦ ’ਤੇ ਭਾਰਤ ਦੇ ਸਫਲ ਵਿਰੋਧ ’ਚ ਦੇਖੀ ਜਾਂਦੀ ਹੈ। ਮੋਦੀ ਜੀ ਨੇ ਚੀਨੀ ਸਰਹੱਦ ਦੇ ਸਰਹੱਦੀ ਸੂਬਿਅਾਂ ਲੱਦਾਖ, ਹਿਮਾਚਲ, ਉੱਤਰਾਂਚਲ, ਸਿੱਕਮ ਤੇ ਅਰੁਣਾਚਲ ’ਚ ਜੰਗੀ ਮਹੱਤਵ ਦੀਅਾਂ ਸੜਕਾਂ, ਪੁਲਾਂ, ਏਅਰਬੇਸ ਦਾ ਤੇਜ਼ੀ ਨਾਲ ਨਿਰਮਾਣ ਕਰਵਾਇਆ ਅਤੇ ਚੀਨ ਦੇ ਹਮਲਾਵਰਪੁਣੇ ਦਾ ਜਵਾਬ ਹਮਲਾਵਰਪੁਣੇ ਨਾਲ ਹੀ ਦਿੱਤਾ।

ਪਹਿਲਾਂ ਡੋਕਲਾਮ ’ਚ ਭੂਟਾਨ ਦੀ ਸੁਰੱਖਿਆ ਲਈ ਭਾਰਤੀ ਫੌਜ ਨੇ ਚੀਨ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ, ਫਿਰ ਹਾਲ ਹੀ ’ਚ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਸਮੇਤ ਪੂਰੀ ਲੱਦਾਖ ਸਰਹੱਦ ’ਤੇ ਚੀਨੀਅਾਂ ਨੂੰ ਅਸਫਲ ਕਰ ਕੇ ਉਸ ਦੇ ਵੱਕਾਰ ’ਤੇ ਹੀ ਸਵਾਲੀਅਾ ਨਿਸ਼ਾਨ ਲਗਾ ਦਿੱਤਾ ਹੈ। ਭਾਰਤ ਦੇ ਸਫਲ ਵਿਰੋਧ ਨਾਲ ਜਾਪਾਨ, ਤਾਈਵਾਨ, ਫਿਲੀਪੀਨਸ ਅਤੇ ਵੀਅਤਨਾਮ ਵਰਗੇ ਦੇਸ਼ਾਂ ’ਚ ਵੀ ਚੀਨ ਵਿਰੁੱਧ ਪ੍ਰਤੀਰੋਧ ਦੇ ਪੱਧਰ ’ਤੇ ਆਤਮਵਿਸ਼ਵਾਸ ਪੈਦਾ ਹੋਇਆ ਹੈ। ਭਾਰਤ ਦੀ ਭਲਾਈ ਦਾ ਅਜਿਹਾ ਤੂਫਾਨ ਮੋਦੀ ’ਚ ਬਿਰਾਜਮਾਨ ਹੈ ਜੋ ਪੂਰੇ ਦੇਸ਼ਵਾਸੀਅਾਂ ਨੂੰ ਆਪਣੇ ਅੰਦਰ ਸਮੇਟ ਲੈਣਾ ਚਾਹੁੰਦਾ ਹੈ। ਉਹ ਰਾਸ਼ਟਰ ਨਿਰਮਾਣ ਦੇ ਕਾਰਜ ਲਈ ਕਿਸੇ ਵੀ ਕਾਰਜ ਨੂੰ ਛੋਟਾ ਨਹੀਂ ਸਮਝਦੇ। ਇਹੀ ਕਾਰਨ ਹੈ ਕਿ ਵਾਂਝੇ ਸਮਾਜ ਦੇ ਲੋਕਾਂ ਨਾਲ ਜਦੋਂ ਪਹਿਲਾਂ ਗੱਲ ਕਰਦੇ ਹਨ ਤਾਂ ਆਪਣੇ ਪਿਆਰ ਭਰੇ ਰਵਈਏ ਅਤੇ ਅੰਦਰੂਨੀ ਗੱਲਬਾਤ ਅਤੇ ਅਣਜਾਣਪੁਣੇ ਦੀ ਕੰਧ ਡੇਗ ਦਿੰਦੇ ਹਨ ਅਤੇ ਪੂਰਾ ਵਾਤਾਵਰਣ ਜੀਵੰਤ ਬਣਾ ਦਿੰਦੇ ਹਨ। ਉਨ੍ਹਾਂ ਨਾਲ ਮਿਲਣ ਦੇ ਬਾਅਦ ਮੇਰੇ ਵਰਗਾ ਸਾਧਾਰਨ ਇਨਸਾਨ ਜਦੋਂ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਚਿੰਤਨ ਕਰਨ ਵਾਲੇ ਨੇਤਾ ਨਹੀਂ ਸਗੋਂ ਚਿੰਤਾ ਕਰਨ ਵਾਲੇ ਸਰਪ੍ਰਸਤ ਦਾ ਰੱਖਿਆ ਕਵਚ ਪ੍ਰਾਪਤ ਹੁੰਦਾ ਹੈ।

Email : hansrajhansmp@gmail.com


Bharat Thapa

Content Editor

Related News