ਭਾਰਤ ਨੂੰ ਜੀਣ ਵਾਲਾ ਧਰਤੀ ਪੁੱਤਰ ਨਰਿੰਦਰ ਮੋਦੀ

09/17/2021 4:00:33 AM

- ਜਗਤ ਪ੍ਰਕਾਸ਼ ਨੱਡਾ
ਅੱਜ ਦੁਨੀਆ ਦੇ ਸਭ ਤੋਂ ਪ੍ਰਸਿੱਧ ਲੋਕ-ਨੇਤਾ, ਦੂਰਅੰਦੇਸ਼ ਅਤੇ ਦੇਸ਼ ਦੇ ਸਫਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਹੈ। ਲਗਭਗ 20 ਸਾਲ ਤੱਕ, ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ’ਚ ਭਾਰਤੀ ਸ਼ਾਸਨ ਦੇ ਇਤਿਹਾਸ ’ਚ ਸਭ ਤੋਂ ਲੰਬੇ ਸਮੇਂ ਤੱਕ ਕਾਰਜ ਕਰਨ ਵਾਲੇ ਚੁਣੇ ਹੋਏ ਪ੍ਰਮੁੱਖ ਦੇ ਤੌਰ ’ਤੇ ਸਾਡੇ ਪ੍ਰਧਾਨ ਮੰਤਰੀ ਦੁਨੀਆ ਦੇ ਇਕੋ-ਇਕ ਅਜਿਹੇ ਨੇਤਾ ਹਨ, ਜਿਨ੍ਹਾਂ ਨੇ ਆਮ ਜਨਤਾ ’ਚ ਨਾ ਸਿਰਫ ਸਿਆਸੀ ਸੰਬੰਧ ਵਿਕਸਿਤ ਕੀਤਾ ਸਗੋਂ ਇਕ ਭਾਵਨਾਤਮਕ ਸੰਬੰਧ ਵੀ ਸਥਾਪਿਤ ਕੀਤਾ ਹੈ। ਇਸ ਲਈ ਜਦੋਂ ਪ੍ਰਸਿੱਧ ਅੰਤਰਰਾਸ਼ਟਰੀ ਰੇਟਿੰਗ ਏਜੰਸੀਆਂ ਦੇ ਸਰਵੇ ’ਚ ਨਰਿੰਦਰ ਮੋਦੀ ਜੀ ਦੁਨੀਆ ਦੇ ਸਭ ਤੋਂ ਪ੍ਰਸਿੱਧ ਲੋਕ-ਨੇਤਾ ਚੁਣੇ ਜਾਂਦੇ ਹਨ ਤਾਂ ਸਾਨੂੰ ਭਾਰਤ ਵਾਸੀਆਂ ਨੂੰ ਇਸ ’ਤੇ ਥੋੜ੍ਹੀ ਜਿਹੀ ਵੀ ਹੈਰਾਨੀ ਨਹੀਂ ਹੁੰਦੀ।

ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਦੇ ਸਿਰਫ ਪ੍ਰਧਾਨ ਮੰਤਰੀ ਹੀ ਨਹੀਂ ਹਨ ਸਗੋਂ ਉਹ ਲੋਕਹਿੱਤ ’ਚ ਸਮਾਜਿਕ ਮੁੱਦਿਆਂ ਨੂੰ ਚੁੱਕਣ ਅਤੇ ਲੋਕ-ਸਹਿਯੋਗ ਨਾਲ ਹੀ ਉਨ੍ਹਾਂ ਮੁੱਦਿਆਂ ਦਾ ਹੱਲ ਕੱਢਣ ਵਾਲੇ ਇਕ ਸਮਾਜ ਸੁਧਾਰਕ ਵੀ ਹਨ। ਖੁੱਲ੍ਹੇ ’ਚ ਜੰਗਲ-ਪਾਣੀ ਤੋਂ ਮੁਕਤੀ, ਸਵੱਛ ਭਾਰਤ ਅਭਿਆਨ, ਬੇਟੀ ਬਚਾਓ-ਬੇਟੀ ਪੜ੍ਹਾਓ, ਜਲ ਸੁਰੱਖਿਆ ਅਤੇ ਨਮਾਮਿ ਗੰਗੇ ਅਭਿਆਨ ਦੀ ਸਫਲਤਾ ਇਸੇ ਦੀ ਕਹਾਣੀ ਹੈ। ਉਹ ਬੱਚਿਆਂ ਦੇ ਮਾਰਗਦਰਸ਼ਕ ਹਨ ਤਾਂ ਉਨ੍ਹਾਂ ਨੂੰ ਮੋਟੀਵੇਟ ਕਰਨ ਵਾਲੇ ਗੁਰੂ ਵੀ। ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਨੇ ਨਾ ਸਿਰਫ ਬੱਚਿਆਂ ’ਤੇ ਮਾਨਸਿਕ ਦਬਾਅ ਨੂੰ ਘੱਟ ਕੀਤਾ ਸਗੋਂ ਉਨ੍ਹਾਂ ਵਿਚ ਸਵੈ-ਭਰੋਸਾ ਵੀ ਪੈਦਾ ਕੀਤਾ ਅਤੇ ਦੇਸ਼ ਦੇ ਲਈ ਕੁਝ ਕਰਨ ਦੀ ਪ੍ਰੇਰਣਾ ਵੀ ਦਿੱਤੀ।

ਉਹ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਨਹੀਂ ‘ਪ੍ਰਧਾਨ ਸੇਵਕ’ ਮੰਨਦੇ ਹਨ। ਉਹ ਹਮੇਸ਼ਾ ਸਮਾਜ ਨੂੰ ਅੱਗੇ ਵਧਣ ਅਤੇ ਵਧੀਆ ਆਚਾਰ, ਵਿਚਾਰ ਅਤੇ ਸੰਸਕਾਰ ਨੂੰ ਅਪਨਾਉਣ ਲਈ ਜਨਤਾ ਨੂੰ ਪ੍ਰੇਰਿਤ ਕਰਦੇ ਹਨ। ਉਹ ਰਾਸ਼ਟਰ ਹਿੱਤ ’ਚ ਕਿਸੇ ਵੀ ਔਖੇ ਤੋਂ ਔਖੇ ਕੰਮ ਨੂੰ ਕਰਨ ਤੋਂ ਝਿਜਕਦੇ ਨਹੀਂ ਹਨ ਸਗੋਂ ਉਸ ਟੀਚੇ ਦੀ ਪ੍ਰਾਪਤੀ ਲਈ ਜੀਅ-ਜਾਨ ਲਗਾ ਦਿੰਦੇ ਹਨ। ਉਨ੍ਹਾਂ ਦਾ ਪੂਰਾ ਜਨਤਕ ਜੀਵਨ ਬੇਦਾਗ ਅਤੇ ਨਿਸ਼ਕਲੰਕ ਰਿਹਾ ਹੈ। ਉਨ੍ਹਾਂ ਦਾ ਜੀਵਨ ਇਕ ਰਾਜਰਿਸ਼ੀ ਦਾ ਜੀਵਨ ਹੈ ਜੋ ਸਦਾ ਸਮਾਜ ਦੀ ਭਲਾਈ ਅਤੇ ਦੇਸ਼ ਦੀ ਭਲਾਈ ਪ੍ਰਤੀ ਪੂਰਨ ਰੂਪ ਤੋਂ ਸਮਰਪਿਤ ਹੈ।

ਕੀ ਦੇਸ਼ਵਾਸੀਆਂ ਨੇ ਕਦੇ ਕਲਪਨਾ ਵੀ ਕੀਤੀ ਸੀ ਕਿ ਭਾਰਤ ’ਚ ਧਾਰਾ 370 ਅਤੇ 35-ਏ ਖ਼ਤਮ ਹੋ ਸਕਦੀ ਹੈ? ਇਸ ਇਕ ਟੀਚੇ ਨੂੰ ਪ੍ਰਾਪਤ ਕਰਨ ’ਚ ਕਿੰਨੇ ਦਹਾਕੇ ਗੁਜ਼ਰ ਗਏ, ਵਿਰੋਧੀ ਧਿਰ ਇਸ ਨੂੰ ਲੈ ਕੇ ਸਾਨੂੰ ਤਾਅਨੇ ਮਾਰਦੀ ਸੀ ਪਰ 5 ਅਗਸਤ, 2019 ਨੂੰ ਸ਼੍ਰੀ ਨਰਿੰਦਰ ਮੋਦੀ ਜੀ ਦੀ ਦ੍ਰਿੜ੍ਹ ਇੱਛਾਸ਼ਕਤੀ ਨਾਲ ਧਾਰਾ 370 ਵੀ ਢਹਿ-ਢੇਰੀ ਹੋਈ ਅਤੇ ਸੱਚੇ ਮਾਅਨੇ ਵਿਚ ‘ਇਕ ਦੇਸ਼, ਇਕ ਸੰਵਿਧਾਨ’ ਦੀ ਸਥਾਪਨਾ ਹੋਈ ਅਤੇ ਜੰਮੂ- ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਬਣਿਆ। ਇਸ ਤਰ੍ਹਾਂ ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਨਾਲ ਨਰਿੰਦਰ ਮੋਦੀ ਜੀ ਨੇ ਦੁਨੀਆ ਨੂੰ ਸਖਤ ਸੰਦੇਸ਼ ਦਿੰਦੇ ਹੋਏ ਦੱਸਿਆ ਕਿ ਭਾਰਤ ਹੁਣ ਬਦਲ ਗਿਆ ਹੈ, ਆਪਣੀਆਂ ਸਰਹੱਦਾਂ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਉਹ ਕੋਈ ਵੀ ਕਦਮ ਚੁੱਕ ਸਕਦਾ ਹੈ। ਪਿਛਲੇ ਸੱਤ ਵਰ੍ਹਿਆਂ ਵਿਚ ਦੇਸ਼ ਵਿਚ ਅੱਤਵਾਦੀ ਘਟਨਾਵਾਂ ’ਚ ਕਮੀ ਆਈ ਹੈ ਅਤੇ ਦੇਸ਼ ਸ਼ਾਂਤੀ ਅਤੇ ਖੁਸ਼ਹਾਲੀ ਦੇ ਰਸਤੇ ’ਤੇ ਅੱਗੇ ਚੱਲ ਪਿਆ ਹੈ।

ਕੋਰੋਨਾ ਕਾਲ ਵਿਚ ਉਨ੍ਹਾਂ ਦੇ ਹਰ ਨਿਰਦੇਸ਼ ’ਤੇ ਜਨਤਾ ਨੇ 100 ਫੀਸਦੀ ਅਮਲ ਕੀਤਾ ਜਿਸ ਦੇ ਕਾਰਨ ਸਾਨੂੰ ਸਮਾਂ ਰਹਿੰਦੇ ਕੋਰੋਨਾ ’ਤੇ ਰੋਕ ਲਗਾਉਣ ਵਿਚ ਮਦਦ ਮਿਲੀ। ਉਨ੍ਹਾਂ ਦੇ ਇਕ ਐਲਾਨ ’ਤੇ ਖੁਸ਼ਹਾਲ ਲੋਕਾਂ ਨੇ ਆਪਣੀ ਸਬਸਿਡੀ ਛੱਡ ਦਿੱਤੀ, ਉਨ੍ਹਾਂ ਦੇ ਇਕ ਐਲਾਨ ’ਤੇ ਦੇਸ਼ ਦੀ ਜਨਤਾ ਨੇ ਰਾਸ਼ਟਰ ਸੇਵਾ ਲਈ ਪੀ. ਐੱਮ. ਕੇਅਰਸ ਫੰਡ ਨੂੰ ਭਰ ਦਿੱਤਾ, ਉਨ੍ਹਾਂ ਦੇ ਇਕ ਐਲਾਨ ’ਤੇ ਸਾਰੇ ਸੰਗਠਨ ਕੋਵਿਡ ਪ੍ਰਭਾਵਿਤਾਂ ਦੀ ਮਦਦ ਵਿਚ ਜੁੱਟ ਗਏ, ਉਨ੍ਹਾਂ ਦੇ ਇਕ ਐਲਾਨ ’ਤੇ ਬੇਟੀ ਬਚਾਓ-ਬੇਟੀ ਪੜ੍ਹਾਓ ਨੇ ਸਮਾਜ ਵਿਚ ਕ੍ਰਾਂਤੀ ਲਿਆ ਦਿੱਤੀ, ਉਨ੍ਹਾਂ ਦੇ ਇਕ ਐਲਾਨ ਨੇ ਵਿਗਿਆਨਿਕਾਂ ਨੂੰ ਦੇਸ਼ ਵਿਚ ਹੀ ਕੋਵਿਡ ਦਾ ਟੀਕਾ ਬਣਾਉਣ ਦਾ ਮੰਤਰ ਦੇ ਦਿੱਤਾ ਅਤੇ ਉਨ੍ਹਾਂ ਦੇ ਇਕ ਐਲਾਨ ਨੇ ਦੇਸ਼ਵਾਸੀਆਂ ਦੇ ਮਨ ਵਿਚ ਵੈਕਸੀਨੇਸ਼ਨ ਨੂੰ ਲੈ ਕੇ ਸਾਰੀ ਝਿਜਕ ਵੀ ਦੂਰ ਕਰ ਦਿੱਤੀ।

2014 ਤੋਂ ਪਹਿਲਾਂ ਸਿਆਸੀ ਪਾਰਟੀਆਂ ਦੇ ਐਲਾਨ ਪੱਤਰਾਂ ਨੂੰ ਜਨਤਾ ਉਨ੍ਹਾਂ ਦੀ ਵੋਟ ਹੜੱਪਣ ਦੇ ਕਾਗਜ਼ ਦਾ ਇਕ ਪੁਲੰਦਾ ਭਰ ਸਮਝਦੀ ਸੀ ਪਰ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਅੱਜ ਲੋਕ ਸਮਝਣ ਲੱਗੇ ਹਨ ਕਿ ਭਾਜਪਾ ਆਪਣੇ ਐਲਾਨ ਪੱਤਰ ਵਿਚ ਝੂਠੇ ਵਾਅਦੇ ਨਹੀਂ ਕਰਦੀ ਅਤੇ ਜੋ ਵੀ ਵਾਅਦੇ ਕਰਦੀ ਹੈ, ਉਸ ਨੂੰ ਪੂਰਾ ਕਰਦੀ ਹੈ ।

ਪਹਿਲਾਂ ਰਾਜਨੀਤੀ ਨੂੰ ਜਾਤੀਵਾਦ, ਪਰਿਵਾਰਵਾਦ ਅਤੇ ਤੰਗਦਿਲੀ ਦੇ ਰਾਖਸ਼ਸਾਂ ਨੇ ਜਕੜ ਲਿਆ ਸੀ ਜਿਸ ਦੇ ਕਾਰਨ ‘ਰਾਜਨੀਤੀ’ ਸ਼ਬਦ ਕਲੰਕਿਤ ਹੋ ਰਿਹਾ ਸੀ। ਅੱਜ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਜਾਤੀਵਾਦ, ਪਰਿਵਾਰਵਾਦ ਅਤੇ ਤੰਗਦਿਲੀ ਦੀ ਰਾਜਨੀਤੀ ਦੀ ਜਗ੍ਹਾ ਵਿਕਾਸਵਾਦ ਦੇ ਸਿਆਸੀ ਸੱਭਿਆਚਾਰ ਵੱਕਾਰੀ ਹੋਇਆ ਹੈ ਜਿਸ ਨੇ ਪੂਰੇ ਦੇਸ਼ ਦੀ ਰਾਜਨੀਤੀ ਨੂੰ ਬਦਲ ਕੇ ਰੱਖ ਦਿੱਤਾ ਹੈ।

50-50 ਸਾਲ ਤੋਂ ਲੰਬਿਤ ਯੋਜਨਾਵਾਂ ਨੂੰ ਤੇਜ਼ ਗਤੀ ਨਾਲ ਪੂਰਾ ਕਰਨ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਦੇ ਹੋਏ ਭ੍ਰਿਸ਼ਟਾਚਾਰ ’ਤੇ ਰੋਕ ਲਗਾਉਣ ਲਈ ਪ੍ਰਧਾਨ ਮੰਤਰੀ ਜੀ ਨੇ ‘ਸਰਗਰਮ ਸ਼ਾਸਨ ਅਤੇ ਸਮਾਂਬੱਧ ਲਾਗੂਕਰਨ’ ਅਰਥਾਤ ‘ਪ੍ਰਗਤੀ’ ਦੀ ਸ਼ੁਰੂਆਤ ਕੀਤੀ। ਇਸ ਨਾਲ ਨਾ ਕੇਵਲ ਲੰਬਿਤ ਪ੍ਰਾਜੈਕਟ ਪੂਰੇ ਹੋਏ ਹਨ, ਸਗੋਂ ਲਗਾਤਾਰ ਸਮੀਖਿਆ ਨਾਲ ਪ੍ਰਾਜੈਕਟ ਦੇ ਮਾਰਗ ਵਿਚ ਆਉਣ ਵਾਲੀਆਂ ਰੁਕਾਵਟਾਂ ਵੀ ਦੂਰ ਹੋਈਆਂ ਹਨ।

ਬਾਲ ਵਾਲੰਟੀਅਰ ਬਣਨ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਨੂੰ ਸੁਸ਼ੋਭਿਤ ਕਰਨ ਤੱਕ, ਉਨ੍ਹਾਂ ਦਾ ਜੀਵਨ ਬੇਹੱਦ ਅਨੁਸ਼ਾਸਿਤ ਰਿਹਾ ਹੈ। ਉਨ੍ਹਾਂ ਦੀ ਇਕ ਖੂਬੀ ਇਹ ਵੀ ਹੈ ਕਿ ਉਹ ਤੁਰੰਤ ਹੀ ਫ਼ੈਸਲਾ ਲੈਣ ਲਈ ਜਾਣੇ ਜਾਂਦੇ ਹਨ ਚਾਹੇ ‘ਮੇਡ ਇਨ ਇੰਡੀਆ’ ਕੋਵਿਡ ਵੈਕਸੀਨ ਬਣਾਉਣ ਦੀ ਗੱਲ ਹੋਵੇ, ਮੈਡੀਕਲ ਆਕਸੀਜਨ ਉਤਪਾਦਨ ਦੀ ਗੱਲ ਹੋਵੇ, ਖਾੜੀ ਦੇਸ਼ਾਂ ਦੇ ਨਾਲ-ਨਾਲ ਯੂਰਪ ਅਤੇ ਅਮਰੀਕਾ ਨਾਲ ਸੰਬੰਧ ਗੂੜ੍ਹੇ ਕਰਨ ਦੀ ਗੱਲ ਹੋਵੇ, ਓਲੰਪਿਕ ਅਤੇ ਪੈਰਾਲੰਪਿਕ ਲਈ ਦੇਸ਼ ਨੂੰ ਤਿਆਰ ਕਰਨ ਦੀ ਗੱਲ ਹੋਵੇ ਜਾਂ ਫਿਰ ਅੱਤਵਾਦ ’ਤੇ ਸੱਟ, ਅਸੀਂ ਉਨ੍ਹਾਂ ਦੇ ਫ਼ੈਸਲੇ ਲੈਣ ਦੀ ਸਮਰੱਥਾ ਦੇ ਕਾਇਲ ਰਹੇ ਹਾਂ।

ਸ਼੍ਰੀ ਨਰਿੰਦਰ ਮੋਦੀ ਜੀ ਦੇ ਸਰੀਰ ਦਾ ਕਣ-ਕਣ ਅਤੇ ਜੀਵਨ ਦਾ ਪਲ-ਪਲ ਦੇਸ਼ ਦੇ ਪਿੰਡ, ਗ਼ਰੀਬ, ਕਿਸਾਨ, ਦਲਿਤ, ਪੀੜਤ, ਸ਼ੋਸ਼ਿਤ, ਵੰਚਿਤ, ਨੌਜਵਾਨ ਅਤੇ ਮਹਿਲਾਵਾਂ ਦੀ ਭਲਾਈ ਪ੍ਰਤੀ ਸਮਰਪਿਤ ਹੈ। ਕੋਰੋਨਾ ਕਾਲ ਵਿਚ ਲਗਾਤਾਰ ਦੂਜੇ ਸਾਲ ਮਾਰਚ ਤੋਂ ਲੈ ਕੇ ਨਵੰਬਰ ਤੱਕ, ਦੇਸ਼ ਦੇ 80 ਕਰੋੜ ਲੋਕਾਂ ਨੂੰ ਜ਼ਰੂਰੀ ਅਨਾਜ ਮੁਫ਼ਤ ਉਪਲੱਬਧ ਕਰਵਾਇਆ ਜਾ ਰਿਹਾ ਹੈ। ਦੇਸ਼ ਦੇ 55 ਕਰੋੜ ਲੋਕਾਂ ਨੂੰ ਆਯੁਸ਼ਮਾਨ ਭਾਰਤ ਦੇ ਤਹਿਤ ਪੰਜ ਲੱਖ ਰੁਪਏ ਸਾਲਾਨਾ ਦਾ ਮੁਫ਼ਤ ਸਿਹਤ ਬੀਮਾ ਮਿਲ ਰਿਹਾ ਹੈ। 330 ਰੁਪਏ ਅਤੇ 12 ਰੁਪਏ ਦੇ ਪ੍ਰੀਮੀਅਮ ’ਤੇ ਜੀਵਨ ਬੀਮਾ ਅਤੇ ਦੁਰਘਟਨਾ ਬੀਮਾ ਮਿਲ ਰਿਹਾ ਹੈ। ਦੇਸ਼ ਦੇ ਲਗਭਗ 12 ਕਰੋੜ ਕਿਸਾਨਾਂ ਨੂੰ, ਜਿਨ੍ਹਾਂ ਵਿਚ ਲਗਭਗ 80 ਫੀਸਦੀ ਛੋਟੇ ਅਤੇ ਦਰਮਿਆਨੇ ਕਿਸਾਨ ਹਨ, ਪ੍ਰਤੀ ਸਾਲ 6,000 ਰੁਪਏ ਦੀ ਆਰਥਿਕ ਸਹਾਇਤਾ ਕਿਸਾਨ ਸਨਮਾਨ ਨਿਧੀ ਦੇ ਰੂਪ ਵਿਚ ਮਿਲ ਰਹੀ ਹੈ। ਦੇਸ਼ ਦੇ ਹਰ ਗ਼ਰੀਬ ਨੂੰ ਘਰ ਮਿਲ ਰਿਹਾ ਹੈ ਅਤੇ ਉਸ ਘਰ ਵਿਚ ਪਾਣੀ, ਬਿਜਲੀ, ਗੈਸ ਸਿਲੰਡਰ ਅਤੇ ਪਖਾਨਾ ਮਿਲ ਰਿਹਾ ਹੈ। ਉਨ੍ਹਾਂ ਦੀ ਅਗਵਾਈ ਵਿਚ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤੇਜ਼ ਗਤੀ ਨਾਲ ਚੱਲਣ ਵਾਲਾ ਵੈਕਸੀਨੇਸ਼ਨ ਅਭਿਆਨ ਭਾਰਤ ਵਿਚ ਚੱਲ ਰਿਹਾ ਹੈ ਜਿਸ ਦੀ ਪੂਰੀ ਦੁਨੀਆ ਪ੍ਰਸ਼ੰਸਾ ਕਰ ਰਹੀ ਹੈ। ਹੁਣ ਤੱਕ ਦੇਸ਼ ਵਿਚ 75 ਕਰੋੜ ਤੋਂ ਜ਼ਿਆਦਾ ਕੋਵਿਡ ਡੋਜ਼ ਐਡਮਨਿਸਟਰ ਕੀਤੇ ਜਾ ਚੁੱਕੇ ਹਨ ਜੋ ਕਿ ਇਕ ਰਿਕਾਰਡ ਹੈ।

ਉਹ ਹਮੇਸ਼ਾ ਸਮੱਸਿਆਵਾਂ ਦਾ ਹੱਲ, ਰਚਨਾਤਮਕ ਸੋਚ ਰਾਹੀਂ ਕਰਦੇ ਹਨ। ਉਨ੍ਹਾਂ ਨੇ mygov.nic.in ਵੈੱਬਸਾਈਟ ਦੀ ਸ਼ੁਰੂਆਤ ਕੀਤੀ ਤਾਂ ਕਿ ਉਹ ਜਨਤਾ ਨਾਲ ਸਿੱਧੇ ਜੁੜ ਸਕਣ ਅਤੇ ਉਨ੍ਹਾਂ ਦੇ ਮਹੱਤਵਪੂਰਨ ਸੁਝਾਅ ਸਿੱਧੇ ਉਨ੍ਹਾਂ ਤੱਕ ਪਹੁੰਚ ਸਕਣ। ਉਹ ‘ਮਨ ਕੀ ਬਾਤ’ ਦੇ ਜ਼ਰੀਏ ਸਿੱਧੇ ਜਨਤਾ ਨਾਲ ਗੱਲ ਕਰਦੇ ਹਨ ਅਤੇ ਆਮ ਲੋਕਾਂ ਦੁਆਰਾ ਕੀਤੇ ਜਾ ਰਹੇ ਮਿਸਾਲੀ ਕੰਮਾਂ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਦੇਸ਼ਵਾਸੀਆਂ ਨੂੰ ਇਸ ਤੋਂ ਪ੍ਰੇਰਨਾ ਲੈਣ ਦੀ ਅਪੀਲ ਵੀ ਕਰਦੇ ਹਨ।

ਭਾਰਤੀ ਜਨਤਾ ਪਾਰਟੀ ਹਮੇਸ਼ਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮਦਿਨ ਨੂੰ ‘ਸੇਵਾ ਦਿਵਸ’ ਦੇ ਰੂਪ ਵਿਚ ਮਨਾਉਂਦੀ ਆਈ ਹੈ। ਉਨ੍ਹਾਂ ਦੀ ਅਗਵਾਈ ਵਿਚ ਭਾਜਪਾ ਦਾ ਮੂਲ ਮੰਤਰ ਬਣਿਆ ਹੈ-ਸੇਵਾ ਹੀ ਸੰਗਠਨ। ਅੱਜ ਦਾ ਦਿਨ ਵੀ ਸਾਡੇ ਵਰਕਰ ਦੇਸ਼ ਦੇ ਕੋਨੇ-ਕੋਨੇ ਵਿਚ ਕੋਵਿਡ ਵੈਕਸੀਨੇਸ਼ਨ ਅਭਿਆਨ ਨੂੰ ਗਤੀ ਦੇਣ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਕਈ ਥਾਂ ਬਲੱਡ ਡੋਨੇਸ਼ਨ ਕੈਂਪ ਲਗਾਏ ਗਏ ਹਨ, ਗ਼ਰੀਬਾਂ ਨੂੰ ਮੁਫ਼ਤ ਅਨਾਜ ਵੰਡਿਆ ਜਾ ਰਿਹਾ ਹੈ ਅਤੇ ਜ਼ਰੂਰਤਮੰਦਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਉਪਲੱਬਧ ਕਰਾਈ ਜਾ ਰਹੀ ਹੈ।

ਜਨਤਾ ਪ੍ਰਤੀ ਪੂਰਨ ਸਮਰਪਣ, ਅੰਨਤੋਦਿਆ ਤੋਂ ਸਬਕਾ ਸਾਥ, ਸਬਕਾ ਵਿਕਾਸ ਅਤੇ ਰਾਸ਼ਟਰ ਪਹਿਲਾਂ ਦਾ ਸਿਧਾਂਤ-ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 20 ਸਾਲ ਦਾ ਸ਼ਾਸਨ ਸੂਤਰ ਹੈ। ਉਨ੍ਹਾਂ ਦਾ ਇਕੋ-ਇਕ ਟੀਚਾ ਭਾਰਤਵਰਸ਼ ਨੂੰ ਵਿਸ਼ਵਗੁਰੂ ਦੇ ਅਹੁਦੇ ’ਤੇ ਬਿਰਾਜਮਾਨ ਕਰਨਾ ਹੈ। 20 ਸਾਲ ਦੇ ਚੁਣੇ ਪ੍ਰਮੁੱਖ ਦੇ ਰੂਪ ਵਿਚ ਸ਼੍ਰੀ ਨਰਿੰਦਰ ਮੋਦੀ ਜੀ ਨੇ ਪੰਜਾਹਾਂ ਅਜਿਹੇ ਇਤਿਹਾਸਿਕ ਕਾਰਜ ਕੀਤੇ ਹਨ ਜਿਨ੍ਹਾਂ ਲਈ ਦੇਸ਼ ਅਤੇ ਦੁਨੀਆ ਉਨ੍ਹਾਂ ਨੂੰ ਯਾਦ ਰੱਖੇਗੀ। ਉਨ੍ਹਾਂ ਦੇ ਮਨ ਵਿਚ ਹਮੇਸ਼ਾ ਦੇਸ਼ ਲਈ ਕੁਝ ਕਰਨ ਦੀ ਲਾਲਸਾ ਰਹਿੰਦੀ ਹੈ।

ਮਨ ਸਮਰਪਿਤ, ਤਨ ਸਮਰਪਿਤ ਔਰ ਯਹ ਜੀਵਨ ਸਮਰਪਿਤ,

ਚਾਹਤਾ ਹੂੰ ਦੇਸ਼ ਕੀ ਧਰਤੀ, ਤੁਝੇ ਕੁਛ ਔਰ ਭੀ ਦੂੰ!


Bharat Thapa

Content Editor

Related News