ਮੰਦਿਰ ’ਚ ਨਮਾਜ਼

11/04/2020 3:42:44 AM

ਡਾ. ਵੇਦਪ੍ਰਤਾਪ ਵੈਦਿਕ

ਮਥੁਰਾ ਦੇ ਇਕ ਮੰਦਿਰ ’ਚ ਨਮਾਜ਼ ਪੜ੍ਹਨ ਦੇ ਅਪਰਾਧ ’ਚ ਪੁਲਸ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ’ਚ ਲੱਗੀ ਹੋਈ ਹੈ। ਉਨ੍ਹਾਂ ਚਾਰਾਂ ’ਚੋਂ 2 ਮੁਸਲਮਾਨ ਹਨ ਅਤੇ 2 ਹਿੰਦੂ ਹਨ। ਇਹ ਚਾਰੋਂ ਨੌਜਵਾਨ ਦਿੱਲੀ ਦੀ ਖੁਦਾਈ-ਖਿਦਮਤਗਾਰ ਸੰਸਥਾ ਦੇ ਮੈਂਬਰ ਹਨ। ਇਸ ਨਾਂ ਦੀ ਸੰਸਥਾ ਆਜ਼ਾਦੀ ਤੋਂ ਪਹਿਲਾਂ ਸਰਹੱਦੀ ਗਾਂਧੀ ਬਾਦਸ਼ਾਹ ਖਾਨ ਨੇ ਸਵਰਾਜ ਲਿਆਉਣ ਲਈ ਸਥਾਪਿਤ ਕੀਤੀ ਸੀ। ਹੁਣ ਇਸ ਸੰਸਥਾ ਨੂੰ ਦਿੱਲੀ ਦਾ ਗਾਂਧੀ ਸ਼ਾਂਤੀ ਸੰਸਥਾਨ ਅਤੇ ਨੈਸ਼ਨਲ ਅਲਾਇੰਸ ਫਾਰ ਪੀਪਲਜ਼ ਮੂਵਮੈਂਟ ਚਲਾਉਂਦੇ ਹਨ। ਇਸ ਸੰਸਥਾ ਦੇ ਮੁਖੀ ਫੈਜ਼ਲ ਖਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਤਿੰਨ ਹੋਰ ਸਾਥੀ ਅਜੇ ਫਰਾਰ ਹਨ। ਇਨ੍ਹਾਂ ਚਾਰਾਂ ਨੌਜਵਾਨਾਂ ਵਿਰੁੱਧ ਮੰਦਿਰ ਦੇ ਪੁਜਾਰੀਅਾਂ ਨੇ ਪੁਲਸ ’ਚ ਇਹ ਰਿਪੋਰਟ ਲਿਖਵਾਈ ਹੈ ਕਿ ਇਨ੍ਹਾਂ ਲੋਕਾਂ ਨੇ ਉਨ੍ਹਾਂ ਤੋਂ ਬਿਨਾਂ ਪੁੱਛੇ ਮੰਦਿਰ ਦੇ ਵਿਹੜੇ ’ਚ ਨਮਾਜ਼ ਪੜ੍ਹੀ ਅਤੇ ਉਸ ਦੀਅਾਂ ਫੋਟੋਅਾਂ ਇੰਟਰਨੈੱਟ ’ਤੇ ਪ੍ਰਸਾਰਿਤ ਕਰ ਦਿੱਤੀਅਾਂ। ਇਸ ਦਾ ਮਕਸਦ ਹਿੰਦੂਅਾਂ ਦੀਅਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਅਤੇ ਦੇਸ਼ ’ਚ ਫਿਰਕੂ ਤਣਾਅ ਪੈਦਾ ਕਰਨਾ ਰਿਹਾ ਹੈ।

ਇਨ੍ਹਾਂ ਚਾਰਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਦੁਪਹਿਰ ਨੂੰ ਉਹ ਜਦ ਮੰਦਿਰ ’ਚ ਸਨ, ਨਮਾਜ਼ ਦਾ ਵਕਤ ਹੋਣ ਲੱਗਾ ਤਾਂ ਉਨ੍ਹਾਂ ਨੇ ਪੁਜਾਰੀਅਾਂ ਤੋਂ ਇਜਾਜ਼ਤ ਲੈ ਕੇ ਨਮਾਜ਼ ਪੜ੍ਹੀ ਸੀ। ਉਸ ਸਮੇਂ ਉਥੇ ਕੋਈ ਭੀੜ ਵੀ ਨਹੀਂ ਸੀ। ਮੇਰੀ ਸਮਝ ’ਚ ਨਹੀਂ ਆਉਂਦਾ ਕਿ ਇਨ੍ਹਾਂ ਲੜਕਿਅਾਂ ਨੂੰ ਪੁਲਸ ਨੇ ਗ੍ਰਿਫਤਾਰ ਕਿਉਂ ਕੀਤਾ? ਉਨ੍ਹਾਂ ਨੇ ਮੂਰਤੀਅਾਂ ਦੇ ਸਾਹਮਣੇ ਜਾ ਕੇ ਤਾਂ ਨਮਾਜ਼ ਨਹੀਂ ਪੜ੍ਹੀ? ਉਨ੍ਹਾਂ ਨੇ ਹਿੰਦੂ ਦੇਵੀ-ਦੇਵਤਿਅਾਂ ਲਈ ਕੋਈ ਅਪਮਾਨਜਨਕ ਸ਼ਬਦ ਨਹੀਂ ਕਹੇ। ਜੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ ਤਾਂ ਉਨ੍ਹਾਂ ਨੇ ਨਮਾਜ਼ ਕਿਵੇਂ ਪੜ੍ਹ ਲਈ। ਕੀ ਪੁਜਾਰੀ ਲੋਕ ਉਸ ਸਮੇਂ ਸੌਂ ਰਹੇ ਸਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਸ ਫੈਜ਼ਲ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਰਾਮ ਚਰਿਤ ਮਾਨਸ ਦੀਅਾਂ ਚੌਪਾਈਅਾਂ ਲਗਾਤਾਰ ਗਾ ਕੇ ਸੁਣਾ ਰਿਹਾ ਸੀ। ਚਾਰੇ ਨੌਜਵਾਨ ਮਥੁਰਾ, ਵ੍ਰਿੰਦਾਵਨ ਕਿਸ ਲਈ ਗਏ ਸਨ। 84 ਕੋਸ ਦੀ ਬ੍ਰਜ ਪਰਿਕਰਮਾ ਕਰਨ ਗਏ ਸਨ। ਅਜਿਹੇ ਮੁਸਲਮਾਨ ਨੌਜਵਾਨਾਂ ’ਤੇ ਤੁਸੀਂ ਹਿੰਦੂ ਧ੍ਰੋਹ ਦਾ ਦੋਸ਼ ਲਗਾਓਗੇ ਤਾਂ ਅਮੀਰ ਖੁਸਰੋ, ਰਸਖਾਨ, ਤਾਜਬੀਬੀ, ਆਲਮ ਅਤੇ ਨਜ਼ੀਰ ਵਰਗੇ ਕ੍ਰਿਸ਼ਨ ਭਗਤਾਂ ਨੂੰ ਕੀ ਤੁਸੀਂ ਫਾਂਸੀ ’ਤੇ ਲਟਕਾਉਣਾ ਚਾਹੋਗੇ? ਕ੍ਰਿਸ਼ਨ ਦੇ ਘੁੰਗਰਾਲੇ ਵਾਲਾਂ ਦੇ ਬਾਰੇ ’ਚ ਦੇਖੋ ਤਾਜਬੀਬੀ ਨੇ ਕੀ ਕਿਹਾ ਹੈ-

ਲਾਮ ਕੇ ਮਾਨਿੰਦ ਹੈਂ, ਗੇਸੂ ਮੇਰੇ ਘਣਸ਼ਿਆਮ ਕੇ।

ਕਾਫਿਰ ਹੈ, ਵੋ ਜੋ ਬੰਦੇ ਨਹੀਂ ਇਸ ਲਾਮ ਕੇ।

ਜੇ ਤੁਸੀਂ ਸੱਚੇ ਹਿੰਦੂ ਹੋ, ਸੱਚੇ ਮੁਸਲਮਾਨ ਹੋ ਅਤੇ ਸੱਚੇ ਈਸਾਈ ਹੋ ਤਾਂ ਤੁਹਾਡਾ ਸਾਰਿਅਾਂ ਦਾ ਭਗਵਾਨ ਕੀ ਇਕ ਨਹੀਂ ਹੈ? ਭਗਵਾਨ ਨੇ ਤੁਹਾਨੂੰ ਬਣਾਇਆ ਹੈ ਜਾਂ ਤੁਸੀਂ ਕਈ ਭਗਵਾਨਾਂ ਨੂੰ ਬਣਾਇਆ ਹੈ। ਮੰਦਿਰ ’ਚ ਬੈਠ ਕੇ ਕੋਈ ਮੁਸਲਮਾਨ ਅਰਬੀ ਭਾਸ਼ਾ ’ਚ ਉਹੀ ਪ੍ਰਾਰਥਨਾ ਕਰ ਰਿਹਾ ਹੈ ਜੋ ਅਸੀਂ ਸੰਸਕ੍ਰਿਤ ’ਚ ਕਰਦੇ ਹਾਂ ਤਾਂ ਇਸ ’ਚ ਕਿਹੜਾ ਅਪਰਾਧ ਹੋ ਗਿਆ ਹੈ? ਮੈਂ ਲੰਡਨ ਦੇ ਇਕ ਗਿਰਜੇ ’ਚ ਅੱਜ ਤੋਂ 51 ਸਾਲ ਪਹਿਲਾਂ ਆਰ. ਐੱਸ. ਐੱਸ. ਦੀ ਸ਼ਾਖਾ ਲੱਗਦੇ ਹੋਏ ਦੇਖੀ ਹੈ। ਇਕ ਵਾਰ ਨਿਊਯਾਰਕ ’ਚ ਕਈ ਪਠਾਨ ਉਦਯੋਗਪਤੀਅਾਂ ਨੇ ਮੇਰੇ ਨਾਲ ਮਿਲ ਕੇ ਹਵਨ ’ਚ ਆਹੂਤੀਅਾਂ ਦਿੱਤੀਅਾਂ ਸਨ। ਬਗਦਾਦ ਦੇ ਪੀਰ ਗੈਲਾਨੀ ਦੀ ਦਰਗਾਹ ’ਚ ਬੈਠ ਕੇ ਮੈਂ ਵੇਦ ਮੰਤਰਾਂ ਦਾ ਪਾਠ ਕੀਤਾ ਹੈ ਅਤੇ 1983 ’ਚ ਪੇਸ਼ਾਵਰ ਦੀ ਵੱਡੀ ਮਸਜਿਦ ’ਚ ਨਮਾਜ਼ੇ-ਤਰਾਵੀ ਪੜ੍ਹਦੇ ਹੋਏ ਬੁਰਹਾਨੂੰਦੀਨ ਰੱਬਾਨੀ (ਜੋ ਬਾਅਦ ’ਚ ਅਫਗਾਨ ਰਾਸ਼ਟਰਪਤੀ ਬਣੇ) ਨੇ ਮੈਨੂੰ ਆਪਣੇ ਨਾਲ ਬਿਠਾ ਕੇ ‘ਸੰਧਿਆ’ ਕਰਨ ਦਿੱਤੀ ਸੀ। ਲੰਡਨ ਦੇ ‘ਸਾਈਨੇਗਾਗ’ (ਯਹੂਦੀ ਮੰਦਿਰ) ’ਚ ਵੀ ਸਾਰੇ ਯਹੂਦੀਅਾਂ ਨੇ ਮੇਰਾ ਸਵਾਗਤ ਕੀਤਾ ਸੀ। ਕਿਸੇ ਨੇ ਜਾ ਕੇ ਥਾਣੇ ’ਚ ਮੇਰੇ ਵਿਰੁੱਧ ਰਿਪੋਰਟ ਨਹੀਂ ਲਿਖਵਾਈ ਸੀ।


Bharat Thapa

Content Editor

Related News