ਭਾਰਤੀ ਕਿਸਾਨਾਂ ਦੇ ਜੇਤੂ ਨਾਇਕ ਚੌਧਰੀ ਦੇਵੀ ਲਾਲ

09/25/2020 3:55:12 AM

ਡਾ. ਅਜੇ ਸਿੰਘ ਚੌਟਾਲਾ, ਸਰਪ੍ਰਸਤ ਜਨਨਾਇਕ ਜਨਤਾ ਪਾਰਟੀ

ਭਾਰਤ ’ਚ ਜਦੋਂ-ਜਦੋਂ ਕਿਸਾਨਾਂ ਦੇ ਹਿਤਾਂ ਦੀ ਗੱਲ ਹੋਵੇਗੀ ਉਦੋ-ਉਦੋਂ ਦੇਸ਼ ਦੀ ਜਨਤਾ ਨੂੰ ਚੌ. ਦੇਵੀ ਲਾਲ ਵਰਗੇ ਮਹਾਂਪੁਰਸ਼ ਦੀ ਯਾਦ ਆਵੇਗੀ। ਕਿਉਂਕਿ ਚੌਧਰੀ ਦੇਵੀ ਲਾਲ ਨੇ ਆਪਣੀ ਸਾਰੀ ਜ਼ਿੰਦਗੀ ਕਿਸਾਨਾਂ ਦੀ ਹਿੱਤਾਂ ਦੀ ਰੱਖਿਆ ਲਈ ਸਮਰਪਿਤ ਕੀਤੀ। ਅੱਜ ਧਰਤੀ ਪੁੱਤਰ ਅਤੇ ਕਿਸਾਨਾਂ ਦੇ ਲੋਕਨਾਇਕ ਚੌਧਰੀ ਦੇਵੀ ਲਾਲ ਦੀ ਜਯੰਤੀ ਹੈ। ਉਨ੍ਹਾਂ ਦੀ ਜਯੰਤੀ ’ਤੇ ਉਨ੍ਹਾਂ ਨਾਲ ਜੁੜੀ ਹੋਈ ਹਰ ਯਾਦ ਨੂੰ ਕੋਟਿਨ-ਕੋਟ ਪ੍ਰਣਾਮ।

ਚੌਧਰੀ ਦੇਵੀ ਲਾਲ ਨੇ ਆਪਣੀ ਜ਼ਿੰਦਗੀ ’ਚ ਗੀਤਾ ਦੇ ਸੰਦੇਸ਼ ਨੂੰ ਯਾਦ ਰੱਖਦੇ ਹੋਏ ਕਿ ਕਰਮ ਕਰਨ ’ਚ ਯਕੀਨ ਰੱਖਿਆ ਫਲ ’ਚ ਨਹੀਂ। ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕਿਸਾਨਾਂ ਨੂੰ ਜਾਗਰੂਕ ਕਰ ਕੇ ਸੰਘਰਸ਼ ਦੀ ਉਹ ਘੁੱਟੀ ਪਿਆਈ, ਜਿਸਦੀ ਬਦੌਲਤ ਮੁਕੰਮਲ ਕਿਸਾਨ ਸਮਾਜ ਜਾਗਰੂਕ ਹੋ ਉੱਠਿਆ। ਦੇਸ਼ ਦੇ ਕਿਸਾਨਾਂ ਲਈ ਚੌਧਰੀ ਦੇਵੀ ਲਾਲ ਅਜਿਹੇ ਜੇਤੂ ਨਾਇਕ ਰਹੇ ਹਨ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਕਿਸਾਨ, ਗਰੀਬ, ਮਜ਼ਦੂਰ ਅਤੇ ਬੇਸਹਾਰਾ ਵਰਗ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ।

‘ਕਿਸਾਨ ਦੇ ਹਰ ਖੇਤ ਕੋ ਪਾਨੀ, ਕਿਸਾਨ ਕੇ ਹਰ ਹਾਥ ਕੋ ਕਾਮ’

ਚੌ. ਦੇਵੀ ਲਾਲ ਦੀ ਆਤਮਾ ਦਿਹਾਤ ’ਚ ਰਚੀ-ਵਸੀ ਹੋਈ ਸੀ। ਇਸ ਲਈ ਉਹ ਅਕਸਰ ਕਹਿੰਦੇ ਹੁੰਦੇ ਸਨ ਕਿ ਭਾਰਤ ਪਿੰਡਾਂ ਦਾ ਦੇਸ਼ ਹੈ। ਦੇਸ਼ ਦੀ ਆਤਮਾ ਦਾ ਨਿਵਾਸ ਤਾਂ ਦਿਹਾਤੀ ਇਲਾਕਿਆਂ ’ਚ ਹੈ। ਉਹ ਕਹਿੰਦੇ ਸਨ,‘‘ ਮੇਰੇ ਦਿਲ ’ਚ ਹਰੇਕ ਗਰੀਬ ਅਤੇ ਹਰੇਕ ਕਿਸਾਨ ਭਰਾ ਨਾਲ ਸੱਚੀ ਹਮਦਰਦੀ ਹੈ। ਜਦੋਂ ਤਕ ਪਿੰਡਾਂ ’ਚ ਰਹਿਣ ਵਾਲੀ ਜਨਤਾ ਨੂੰ ਉਪਰ ਨਹੀਂ ਚੁੱਕਾਂਗੇ, ਉਨ੍ਹਾਂ ਦੀ ਆਰਥਿਕ ਅਤੇ ਸਮਾਜਿਕ ਹਾਲਤ ’ਚ ਤਬਦੀਲੀ ਨਹੀਂ ਲਿਆਂਵਗੇ, ਉਦੋਂ ਤਕ ਪਿੰਡਾਂ ’ਚ ਖੁਸ਼ਹਾਲੀ ਨਹੀਂ ਆਵੇਗੀ। ਜਦੋਂ ਤਕ ਪਿੰਡਾਂ ’ਚ ਸਾਰੀਆਂ ਮੁੱਢਲੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਦੀ ਹਰੇਕ ਵਿਅਕਤੀ ਨੂੰ ਲੋੜ ਹੈ ਉਦੋਂ ਤਕ ਸਹੀ ਅਰਥਾਂ ’ਚ ਨਾ ਤਾਂ ਭਾਰਤ ਆਰਥਿਕ ਤੌਰ ’ਤੇ ਆਜ਼ਾਦ ਅਖਵਾ ਸਕਦਾ ਹੈ ਅਤੇ ਨਾ ਹੀ ਮਹਾਤਮਾ ਗਾਂਧੀ ਜੀ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ-

ਹਰ ਖੇਤ ਕੋ ਪਾਨੀ, ਹਰ ਹਾਥ ਕੋ ਕਾਮ।

ਹਰ ਤਨ ਕੋ ਕਪੜਾ, ਹਰ ਸਰ ਕੋ ਮਕਾਨ।

ਹਰ ਪੇਟ ਕੋ ਰੋਟੀ, ਬਾਕੀ ਸਬ ਬਾਤ ਖੋਟੀ।

ਕਿਸਾਨੀ ਮੁਜਾਰਿਆਂ ਦੇ ਸਮਰਥਨ ’ਚ ਖੜ੍ਹੇ ਹੋਏ

ਚੌ. ਦੇਵੀ ਲਾਲ ਦਾ ਬਚਪਨ ਤੋਂ ਹੀ ਕਿਸਾਨੀ ਸੱਭਿਆਚਾਰ ਨਾਲ ਬੜਾ ਲਗਾਅ ਰਿਹਾ। ਇਹੀ ਕਾਰਨ ਸੀ ਕਿ ਛੋਟੇ ਕਿਸਾਨਾਂ, ਮੁਜਾਰਿਆਂ ਅਤੇ ਨਿਰਧਨ ਪਰਿਵਾਰਾਂ ਤੋਂ ਆਉਣ ਵਾਲੇ ਸੰਗੀ-ਸਾਥੀਆਂ ਦੇ ਕਰੀਬ ਆਉਂਦੇ ਗਏ। ਵੱਡੇ ਜ਼ਿਮੀਦਾਰਾਂ ਦੇ ਬੱਚੇ ਚੰਗੇ ਕੱਪੜੇ ਅਤੇ ਬੂਟ ਪਹਿਨ ਕੇ ਨੌਕਰਾਂ-ਚਾਕਰਾਂ ਨਾਲ ਸਕੂਲ ਜਾਂਦੇ ਹੁੰਦੇ ਸੀ। ਦੇਵੀ ਲਾਲ ਉਨ੍ਹਾਂ ਨਾਲੋਂ ਅਲੱਗ ਦਿਖਦਾ ਸੀ। ਉਸਦੇ ਕੱਪੜੇ ਸਾਧਾਰਨ ਪਰਿਵਾਰਾਂ ਦੇ ਬੱਚਿਆਂ ਵਾਂਗ ਹੀ ਹੁੰਦੇ ਸਨ ਅਤੇ ਬੂਟ ਵੀ ਫਟੇ ਹੁੰਦੇ ਸਨ ਕਿਉਂਕਿ ਉਹ ਨਵੇਂ ਬੂਟ ਲੈਣ ਲਈ ਮਾਤਾ-ਪਿਤਾ ਨੂੰ ਕਹਿਣ ਦੀ ਹਿੰਮਤ ਨਹੀਂ ਕਰ ਸਕਦਾ ਸੀ। ਸਾਧਾਰਨ ਪਰਿਵਾਰਾਂ ਦੇ ਬੱਚੇ ਬਿਨਾਂ ਬੂਟਾਂ ਦੇ ਨੰਗੇ ਪੈਰੀਂ ਹੀ ਸਕੂਲ ਜਾਂਦੇ ਸੀ।

ਮੇਰੇ ਦਾਦਾ ਜੀ ਚੌ. ਦੇਵੀ ਲਾਲ ਵੀ ਆਪਣੇ ਬੂਟ ਸਕੂਲ ਦੇ ਰਸਤੇ ਕਿਸੇ ਝਾੜੀ ਜਾਂ ਪੱਥਰ ਦੇ ਹੇਠਾਂ ਲੁਕਾ ਕੇ ਨੰਗੇ ਪੈਰੀਂ ਸਕੂਲ ਜਾਂਦੇ ਸਨ। ਇਸ ਤਰ੍ਹਾਂ ਉਸਦਾ ਮੇਲ ਜੋਲ ਿਜ਼ਮੀਂਦਾਰ ਪਰਿਵਾਰਾਂ ਦੇ ਬੱਚਿਆਂ ਦੀ ਬਜਾਏ ਨਿਰਧਨ ਕਿਸਾਨਾਂ ਅਤੇ ਮੁਜਾਰਿਆਂ-ਕਾਸ਼ਤਕਾਰਾਂ ਦੇ ਬੱਚਿਆਂ ਨਾਲ ਵਧ ਹੁੰਦਾ ਗਿਆ। ਇਹੀ ਝੁਕਾਅ ਅੱਗੇ ਚੱਲ ਕੇ ਦੇਵੀ ਲਾਲ ਨੂੰ ਵੱਡੇ ਕਿਸਾਨਾਂ ਅਤੇ ਜ਼ਿਮੀਦਾਰਾਂ ਦੇ ਵਿਰੁੱਧ ਮੁਜਾਰਿਆਂ ਅਤੇ ਕਿਸਾਨਾਂ ਦੇ ਹੱਕਾਂ ਦੇ ਲਈ ਸੰਘਰਸ਼ ਕਰਨ ਵਲ ਲੈਗਿਆ।

ਕਿਸਾਨ ਸੰਘਰਸ਼ ਸਮਿਤੀ ਬਣਾ ਕੇ ਕੀਤਾ ਲੋਕਾਂ ਨੂੰ ਜਾਗਰੂਕ

ਘਟਨਾ ਸੰਨ 1973 ਦੀ ਹੈ ਜਦੋਂ ਚੌ. ਦੇਵੀ ਲਾਲ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਉਸ ਸਮੇਂ ਦੀ ਕਾਂਗਰਸ ਸਰਕਾਰ ਦੇ ਵਿਰੁੱਧ ਕਿਸਾਨ ਸੰਘਰਸ਼ ਸਮਿਤੀ ਦਾ ਨਿਰਮਾਣ ਕੀਤਾ। ਇਸ ਸਮਿਤੀ ਦੇ ਝੰਡੇ ਹੇਠਾਂ ਹਰਿਆਣਾ ’ਚ ਵਿਸ਼ਾਲ ਰੈਲੀਆਂ ਦੇ ਆਯੋਜਨ ਰਾਹੀਂ ਦੇਵੀ ਲਾਲ ਸਿਆਸੀ ਘਾਟ ਨੂੰ ਦੂਰ ਕਰਨ ਲਈ ਸਾਹਮਣੇ ਆਏ। ਇਸ ਸੰਗਠਨ ਦੇ ਪ੍ਰਧਾਨ ਦੇ ਰੂਪ ’ਚ ਉਨ੍ਹਾਂ ਨੇ ਕਈ ਥਾਵਾਂ ’ਤੇ ਇਕੱਠ ਕਰਨ ਦੀ ਯੋਜਨਾ ਬਣਾਈ ਅਤੇ ਸੂਬੇ ਦੀਆਂ ਵੱਖ-ਵੱਖ ਪਾਰਟੀਆਂ ਨੂੰ ਉਸ ਅੰਦੋਲਨ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਜਿਸਦਾ ਮਕਸਦ ਕਿਸਾਨਾਂ ਦੀਆਂ ਸਮੱਸਿਆ ਵਲ ਸਰਕਾਰ ਦਾ ਧਿਆਨ ਦਿਵਾਉਣਾ ਸੀ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਰਕਾਰੀ ਘਾਣ ਦਾ ਯਕੀਨ ਦੇ ਨਾਲ ਅਹਿੰਸਾਨਾਤਮਕ ਢੰਗ ਨਾਲ ਮੁਕਾਬਲਾ ਕਰਨ।

ਲੱਖਾਂ ਕਿਸਾਨਾਂ ਨੂੰ ਬੋਟ ਕਲੱਬ ’ਤੇ ਜੋੜਿਆ

ਚੌਧਰੀ ਦੇਵੀ ਲਾਲ ਕਿਸਾਨਾਂ ਦੇ ਹਮੇਸ਼ ਹਮਦਰਦ ਰਹੇ। ਜਦੋਂ ਵੀ ਕਿਸਾਨੀ ਨਾਲ ਜੁੜੇ ਨੇਤਾਵਾਂ ਨਾਲ ਅੱਤਿਆਚਾਰ ਹੋਇਆ ਉਨ੍ਹਾਂ ਨੇ ਸੰਗਠਨ ਕੋਆਰਡੀਨੇਟਰ ਦੀ ਭੂਮਿਕਾ ਨਿਭਾ ਕੇ ਹਮੇਸ਼ਾ ਕਿਸਾਨਾਂ ਦੀ ਪੈਰਵੀ ਕੀਤੀ। ਚੌਧਰੀ ਚਰਣ ਸਿੰਘ ਦੇ ਸਮਰਥਨ ’ਚ ਚੌਧਰੀ ਦੇਵੀ ਲਾਲ ਨੇ ਦਿੱਲੀ ਬੋਟ ਕਲੱਬ ’ਤੇ ਅਜਿਹੀ ਇਤਿਹਾਸਕ ਰੈਲੀ ਦਾ ਆਯੋਜਨ ਕੀਤਾ ਜੋ ਅੱਜ ਤਕ ਨਹੀਂ ਹੋਇਅਾ।

23 ਦਸੰਬਰ, 1978 ਨੂੰ ਦਿੱਲੀ ’ਚ ਇਕ ਸਿਆਸੀ ਮਕਸਦ ਨਾਲ ਆਯੋਜਿਤ ਇਹ ਸਭ ਤੋਂ ਵੱਡੀ ਰੈਲੀ ਸੀ ਇਸ ’ਚ ਲਗਭਗ 50 ਲੱਖ ਕਿਸਾਨਾਂ ਨੇ ਚੌਧਰੀ ਚਰਣ ਸਿੰਘ ਅਤੇ ਉਨ੍ਹਾਂ ਦੀਆਂ ਕਿਸਾਨ ਸਮਰੱਥਕ ਨੀਤੀਆਂ ਦੇ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਜਨਤਾ ਪਾਰਟੀ ਦੇ ਨੇਤਾਵਾਂ ਨੂੰ ਇਸ ਸੱਚਾਈ ਤੋਂ ਜਾਣੂ ਕਰਵਾਉਣ ’ਚ ਇਹ ਰੈਲੀ ਬਹੁਤ ਸਫਲ ਰਹੀ ਕਿ ਪਾਰਟੀ ’ਚ ਲੋਕ ਸਮਰਥਨ ਨੂੰ ਬਣਾਈ ਰੱਖਣ ਤੇ ਕਿਸਾਨ ਰੈਲੀ ਦੇ ਆਯੋਜਕਾਂ ਨੂੰ ਫਿਲਹਾਲ ਖੁਸ਼ ਰੱਖਣ ਲਈ ਚਰਣ ਸਿੰਘ ਨੂੰ ਦੁਬਾਰਾ ਮੰਤਰੀ ਮੰਡਲ ’ਚ ਸ਼ਾਮਲ ਕਰ ਲੈਣਾ ਜ਼ਰੂਰੀ ਹੈ। ਇਸੇ ਦੇ ਅਨੁਸਾਰ 24 ਜਨਵਰੀ, 1979 ਨੂੰ ਉਨ੍ਹਾਂ ਨੂੰ ਵਿੱਤ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਾਈ ਗਈ ਅਤੇ ਉਪ ਪ੍ਰਧਾਨ ਮੰਤਰੀ ਦਾ ਦਰਜਾ ਦਿਤਾ ਗਿਆ।

ਕਿਸਾਨਾਂ ਨਾਲ ਭ੍ਰਿਸ਼ਟਾਚਾਰ ਬੰਦ ਕਰੋ, ਬਿਜਲੀ ਪਾਣੀ ਦਾ ਪ੍ਰਬੰਧ ਕਰੋ

ਚੌਧਰੀ ਦੇਵੀ ਲਾਲ ਕਹਿੰਦੇ ਹੁੰਦੇ ਸਨ ਕਿ - ‘ਭਾਰਤ ਪਿੰਡ ’ਚ ਵਸਦਾ ਹੈ ਜਦੋਂ ਤਕ ਪਿੰਡਾਂ ਦਾ ਵਿਕਾਸ ਨਹੀਂ ਹੋਵੇਗਾ ਅਤੇ ਪਿੰਡਾਂ ਦੇ ਲੋਕਾਂ ਦੀ ਭਾਈਵਾਲੀ ਸੂਬੇ ’ਚ ਨਹੀਂ ਹੋਵੇਗੀ, ਉਦੋਂ ਤਕ ਮਹਾਤਮਾ ਗਾਂਧੀ ਦੇ ਸੁਪਨੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਇਸੇ ਧਾਰਨਾ ਨੂੰ ਲੈ ਕੇ ਉਨ੍ਹਾਂ ਨੇ ਖੁੱਲ੍ਹੇ ਜਨਤਾ ਦਰਬਾਰ ਲਗਾਉਣ ਦੀ ਪਰੰਪਰਾ ਦੀ ਸ਼ੁਰੂਆਤ ਕੀਤੀ ਤਾਂ ਕਿ ਲੋਕਤੰਤਰ ਦੇ ਅਹਿਸਾਸ ਨੂੰ ਆਮ ਆਦਮੀ ਸਮਝ ਸਕੇ। ਉਨ੍ਹਾਂ ਨੂੰ ਪਤਾ ਸੀ ਕਿ ਭ੍ਰਿਸ਼ਟਾਚਾਰ ਸਾਡੇ ਸਿਸਟਮ ਦੀਆਂ ਜੜ੍ਹਾਂ ’ਚ ਘਰ ਕਰ ਚੁੱਕਾ ਹੈ। ਇਸਨੂੰ ਖਤਮ ਕਰਨ ਲਈ ਪ੍ਰਜਾ ਦੇ ਅਧੀਨ ਰਾਜਾ (ਰਾਈਟ ਟੂ ਰੀਕਾਲ) ਦੀ ਧਾਰਨਾ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ। ਇਸੇ ਧਾਰਨਾ ਨੂੰ ਲਾਗੂ ਕਰਨ ਲਈ ਸੰਨ 1977 ’ਚ ਉਨ੍ਹਾਂ ਨੇ ਨਾਅਰਾ ਦਿੱਤਾ ਸੀ ,‘‘ਭ੍ਰਿਸ਼ਟਾਚਾਰ ਬੰਦ ਕਰੋ, ਬਿਜਲੀ ਪਾਣੀ ਦਾ ਪ੍ਰਬੰਧ ਕਰੋ’’ ਮੂਲ ਤੌਰ ’ਤੇ ਇਹ ਨਾਅਰਾ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਉਨ੍ਹਾਂ ਦੀ ਦੂਰਦਰਸ਼ੀ ਸੋਚ ਦਾ ਹੀ ਸੂਚਕ ਸੀ।

ਮੈਂ ‘ਪਹਿਲਾਂ ਕਿਸਾਨ ਹਾਂ ਬਾਅਦ ’ਚ ਮੁੱਖ ਮੰਤਰੀ’

ਚੌਧਰੀ ਦੇਵੀ ਲਾਲ ਹਮੇਸ਼ਾ ਲੋਕਾਂ ਨੂੰ ਜਾਗਰੂਕ ਕਰਨ ਲਈ ਲੜਾਈ ਲੜਦੇ ਰਹੇ। ਉਹ ਅਕਸਰ ਕਹਿੰਦੇ ਹੁੰਦੇ ਸਨ ਕਿ ਮੈਂ ਪਹਿਲਾਂ ਕਿਸਾਨ ਹਾਂ ਬਾਅਦ ’ਚ ਮੁੱਖ ਮੰਤਰੀ। ਇਸ ਮੂਲ ਮੰਤਰ ਨੂੰ ਪ੍ਰਵਾਨਦੇ ਹੋਏ ਉਨ੍ਹਾਂ ਨੇ ਪਿੰਡਾਂ ਤੇ ਕਿਸਾਨਾਂ ਦੇ ਹਿੱਤ ਲਈ ਅਨੇਕ ਲੋਕ ਭਲਾਈ ਯੋਜਨਾਵਾਂ ਲਾਗੂ ਕੀਤੀਆਂ। ਅੱਠਵੀਂ ਪੰਜ ਸਾਲਾਂ ਯੋਜਨਾ ਦੇ ਨਿਰਧਾਰਨ ’ਚ ਤਾਊ ਦੇਵੀ ਲਾਲ ਦੀ ਬੇਨਤੀ ’ਤੇ ਹੀ ਸਰਕਾਰੀ ਬਜਟ ਦਾ ਅੱਧਾ ਿਹੱਸਾ ਖੇਤੀਬਾੜੀ ਖੇਤਰ ’ਤੇ ਹੀ ਲਗਾਉਣ ਦਾ ਫੈਸਲਾ ਕੀਤਾ ਗਿਆ।

ਉਨ੍ਹਾਂ ਦੇ ਯਤਨ ਵਜੋਂ ਦਿਹਾਤੀ ਵਿਕਾਸ ਕਾਰਜਾਂ ’ਤੇ ਖਰਚ ਕੀਤੇ ਜਾਣ ਵਾਲੇ ਕੇਂਦਰੀ ਬਜਟ ਨੂੰ 20 ਫੀਸਦੀ ਤੋਂ ਵਧਾ ਕੇ 49 ਫੀਸਦੀ ਕਰ ਦਿੱਤਾ ਗਿਆ। ਇਸਦੇ ਇਲਾਵਾ ਫਸਲਾਂ ਦਾ ਉੱਚਿਤ ਮੁੱਲ ਦਿਵਾਉਣ ਲਈ ਖੇਤੀ ਉਪਜ ਦੀ ਲਾਗਤ ਦੇ ਆਧਾਰ ’ਤੇ ਉਨ੍ਹਾਂ ਦੀਆਂ ਕੀਮਤਾਂ ’ਚ ਵਾਧਾ ਕਰ ਕੇ ਕਿਸਾਨਾਂ ਨੂੰ ਲਾਭ ਪਹੁੰਚਾਇਆ। ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਕੁਦਰਤੀ ਆਫਤ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇ ਕੇ ਉਨ੍ਹਾਂ ਨੇ ਇਕ ਅਨੋਖੀ ਉਦਾਹਰਣ ਪੇਸ਼ ਕੀਤੀ। ਟਰੈਕਟਰਾਂ ਦਾ ਟੋਕਨ ਮੁਆਫ ਕੀਤਾ। ਹਰਿਆਣਾ ਖੇਤੀ ਕਰਜ਼ਾ ਰਾਹਤ ਮੁਹਿੰਮ 1989 ਦਾ ਬਜਟ ਬਣਵਾ ਕੇ ਉਨ੍ਹਾਂ ਨੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਉਣ ਦੀ ਕੋਸ਼ਿਸ਼ ਕੀਤੀ।

ਸੜਕਾਂ ਅਤੇ ਨਹਿਰਾਂ ਦੇ ਕੰਢੇ ਖੜ੍ਹੇ ਰੁੱਖਾਂ ’ਚ ਕਿਸਾਨਾਂ ਦਾ ਅੱਧਾ ਹਿੱਸਾ ਨਿਰਧਾਰਤ ਕਰ ਕੇ ਉਨ੍ਹਾਂ ਦੀ ਕਿਸਾਨ ਹੇਤੂ ਸੋਚ ਦੀ ਸਾਕਸ਼ਾਤ ਉਦਾਹਰਣ ਪੇਸ਼ ਕੀਤੀ।

ਕਿਸਾਨ ਦੀ ਮੁਸਕਾਨ ਰਾਸ਼ਟਰ ਦੀ ਮੁਸਕਾਨ ਬਣਦੀ ਹੈ

ਚੌਧਰੀ ਦੇਵੀ ਲਾਲ ਦਾ ਦ੍ਰਿੜ ਵਿਸ਼ਵਾਸ ਸੀ ਕਿ - ਅਸੀਂ ਤਾਂ ਹੀ ਸੁਖੀ ਰਹਿ ਸਕਦੇ ਹਾਂ ਜਦੋਂ ਕਿਸਾਨ ਦੇ ਚਿਹਰੇ ’ਤੇ ਮੁਸਕਾਨ ਹੋਵੇ। ਇਹੀ ਮੁਸਕਾਨ ਸੂਬੇ ਅਤੇ ਰਾਸ਼ਟਰ ਦੀ ਮੁਸਕਾਨ ਬਣਦੀ ਹੈ। ਕਿਸਾਨਾਂ ਦੇ ਹਿਤ ਲਈ ਚੌਧਰੀ ਦੇਵੀ ਲਾਲ ਨੇ ਕਈ ਵਾਰ ਸੱਤਾ ਛੱਡੀ ਪਰ ਕਿਸਾਨਾਂ ਦੇ ਹਿੱਤਾਂ ਨਾਲ ਕਦੀ ਵੀ ਬੇਇਨਸਾਫੀ ਨਾ ਹੋਣ ਦਿੱਤੀ। ਅੱਜ ਹਰਿਆਣਾ ਹੀ ਨਹੀਂ ਸਗੋਂ ਦੇਸ਼ ਦੀ ਜਨਤਾ ਚੌਧਰੀ ਦੇਵੀ ਲਾਲ ਨੂੰ ਦੇਵਤਾ ਰੂਪ ’ਚ ਪੂਜਦੀ ਹੈ।

ਜਜਪਾ ਚੌਧਰੀ ਦੇਵੀ ਲਾਲ ਦੀਆਂ ਕਿਸਾਨੀ ਨੀਤੀਆਂ ਦੀ ਰਾਹ ’ਤੇ

ਜਨਨਾਇਕ ਜਨਤਾ ਪਾਰਟੀ (ਜਜਪਾ) ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ’ਤੇ ਲਗਾਤਾਰ ਚੱਲ ਰਹੀ ਹੈ। ਹਰਿਆਣਾ ਦੇ ਉੱਪ-ਮੁੱਖ ਮੰਤਰੀ ਅਤੇ ਦੇਵੀ ਲਾਲ ਦੇ ਪੜਪੋਤੇ ਦੁਸ਼ਯੰਤ ਚੌਟਾਲਾ ਲਗਾਤਾਰ ਕਿਸਾਨਾਂ ਦੀ ਹਿੱਤਾਂ ਦੀ ਰੱਖਿਆ ਲਈ ਸਰਕਾਰ ’ਚ ਕਿਸਾਨਾਂ ਦੀ ਪੈਰਵੀ ਕਰ ਰਹੇ ਹਨ। ਭਾਜਪਾ -ਜਜਪਾ ਗਠਜੋੜ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ। ਕਿਸਾਨਾਂ ਦੀ ਫਸਲਾਂ ਦਾ ਨਿਰਧਾਰਤ ਮੁੱਲ ਅਤੇ ਕਿਸਾਨ ਦੇ ਖਾਤੇ ’ਚ ਸਿੱਧਾ ਭੁਗਤਾਨ ਵਰਗੀਆਂ ਸਹੂਲਤਾਂ ਸਰਕਾਰ ਨੇ ਜਜਪਾ ਦੀ ਪਹਿਲ ’ਤੇ ਹੀ ਸ਼ੁਰੂ ਕੀਤੀਆਂ ਹਨ। ਦੁਸ਼ਅੰਤ ਚੌਟਾਲਾ ਦੀ ਜਨਤਾ ਦੇ ਨਾਲ ਵਚਨਬੱਧਤਾ ਹੈ ਕਿ ਉਹ ਕਿਸਾਨਾਂ ਦੇ ਹਿਤਾਂ ਨੂੰ ਕਦੀ ਵੀ ਸੇਕ ਨਹੀਂ ਆਉਣ ਦੇਣਗੇ। ਮੇਰੀਆਂ ਅਤੇ ਦੁਸ਼ਯੰਤ ਚੌਟਾਲਾ ਦੀਆਂ ਰਗਾਂ ’ਚ ਚੌਧਰੀ ਦੇਵੀ ਲਾਲ ਦਾ ਖੂਨ ਹੈ। ਚੌਧਰੀ ਦੇਵੀ ਲਾਲ ਨੇ ਆਪਣੀ ਪੂਰੀ ਜ਼ਿੰਦਗੀ ਕਿਸਾਨਾਂ ਦੇ ਪੱਧਰ ਨੂੰ ਉੱਚਾ ਚੁੱਕਣ ’ਚ ਲਗਾ ਦਿੱਤੀ ਹੈ।

ਜਜਪਾ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ਦਾ ਹੀ ਬੀਜਿਆ ਗਿਆ ਪੌਦਾ ਹੈ ਜੋ ਹਮੇਸ਼ਾ ਕਿਸਾਨਾਂ, ਗਰੀਬਾਂ, ਮਜ਼ਦੂਰਾਂ ਅਤੇ ਸਰਵਹਾਰਾ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਲੜਾਈ ਲੜਦੇ ਰਹਿਣਗੇ। ਜਜਪਾ ਨੂੰ ਸੱਤਾ ਦਾ ਸੁਖ ਪਹਿਲ ਨਹੀਂ ਹੈ। ਉਸਦੀ ਪਹਿਲ ਹੈ ਕਿ ਸੱਤਾ ਦੇ ਦਰਮਿਆਨ ਰਹਿ ਕੇ ਕਿਸਾਨਾਂ ਦੀ ਸੇਵਾ ਕਰ ਕੇ ਉਨ੍ਹਾਂ ਨੁੰ ਸਹੀ ਹੱਕ ਦਿਵਾਉਣਾ ਹੈ ਤਾਂਕਿ ਚੌਧਰੀ ਦੇਵੀ ਲਾਲ ਦੇ ਅਧੂਰੇ ਸੁਪਨਿਆਂ ਅਤੇ ਨੀਤੀਆਂ ਨੂੰ ਪੂਰਾ ਕਰ ਕੇ ਕਿਸਾਨ ਅਤੇ ਕਮਜ਼ੋਰ ਵਰਗ ਨੂੰ ਖੁਸ਼ਹਾਲ ਬਣਾਇਆ ਜਾ ਸਕੇ।


Bharat Thapa

Content Editor

Related News