ਭਾਰਤ ਦੇ ਮੁਸਲਮਾਨ ਭਰਾਵੋ, ਮੇਰੀ ਆਵਾਜ਼ ਸੁਣੋ

01/08/2020 2:00:21 AM

ਮਾਸਟਰ ਮੋਹਨ ਲਾਲ, ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ

ਭਰਮ ਨਾ ਪਾਲ਼ੋ, ਐਵੇਂ ਹੀ ਗੁੱਸਾ ਨਾ ਕਰੋ। ਹਿੰਦੋਸਤਾਨ ਨੂੰ ਤਾਂ ਤੁਹਾਡੇ ’ਤੇ ਮਾਣ ਹੀ ਬਹੁਤ ਹੈ। ਭਾਰਤ ’ਚ ਰਹਿਣ ਵਾਲਾ ਹਿੰਦੂ ਮੁਸਲਮਾਨਾਂ ਦਾ ਦੁਸ਼ਮਣ ਨਹੀਂ। ਉਨ੍ਹਾਂ ਦਾ ਗੁੱਸਾ ਮੁਸਲਿਮ ਕੱਟੜਪੰਥੀਆਂ ਨਾਲ ਹੈ। ਭਾਰਤ ਦੇ ਹਿੰਦੂਆਂ, ਸਿੱਖਾਂ, ਈਸਾਈਆਂ, ਬੋਧੀਆਂ, ਜੈਨੀਆਂ ਅਤੇ ਪਾਰਸੀਆਂ ਦੀ ਲੜਾਈ ਅੱਤਵਾਦੀਆਂ ਨਾਲ ਹੈ। ਆਈ. ਐੱਸ. ਆਈ. ਦੇ ਏਜੰਟਾਂ ਨਾਲ ਹੈ। ਸਾਧਾਰਨ ਮੁਸਲਿਮ ਭਰਾ ਭਰਮ ਕਿਉਂ ਪਾਲਣ। 1947 ਵਿਚ ਭਾਰਤ ਦੀ ਵੰਡ ਦਾ ਗੁੱਸਾ ਜ਼ਰੂਰ ਸੀ। 70 ਸਾਲਾਂ ਵਿਚ ਉਹ ਗੁੱਸਾ ਵੀ ਨਿਕਲ ਗਿਆ। ਹੁਣ ਤੁਸੀਂ ਅਤੇ ਅਸੀਂ ਇਕ ਹਾਂ। ਇਸੇ ਏਕਤਾ ਵਿਚ ਭਾਰਤ ਦੀ ਜਿੱਤ ਹੈ। ਭਰਮ ਤਾਂ ਮੁਸਲਮਾਨਾਂ ਵਿਚ ਮੁੱਲਾ-ਮੌਲਵੀ ਫੈਲਾ ਰਹੇ ਹਨ ਜਾਂ ਉਹ ਨੇਤਾ ਫੈਲਾ ਰਹੇ ਹਨ, ਜਿਨ੍ਹਾਂ ਦੀਆਂ ਦੁਕਾਨਾਂ ਇਸ ਭਰਮ ਤੋਂ ਬਿਨਾਂ ਨਹੀਂ ਚੱਲਦੀਆਂ। ਹਿੰਦੋਸਤਾਨ ਤਾਂ ਅੱਜ ਤਕ ਮਾਲੇਰਕੋਟਲਾ ਦੇ ਨਵਾਬ ਦਾ ਕਰਜ਼ਦਾਰ ਹੈ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਬਚਾਉਣ ਲਈ ਆਵਾਜ਼ ਉਠਾਈ। ਅਸੀਂ ਤਾਂ ਉਨ੍ਹਾਂ ਮੁਸਲਮਾਨਾਂ ਦੇ ਅੱਗੇ ਸਿਰ ਝੁਕਾਉਂਦੇ ਹਾਂ, ਜਿਹੜੇ ਮੁਸਲਮਾਨਾਂ ਨੇ ‘ਨਬੀ ਕੇ ਪੀਰ’ ਬਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਾਨ ਬਚਾਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜ਼ਿੰਦਗੀ ਭਰ ਸਾਥੀ ਰਹੇ ਮੁਸਲਮਾਨ ਭਾਈ ਮਰਦਾਨਾ ਦੀ ਅੱਜ ਵੀ ਅਸੀਂ ਪੂਜਾ ਕਰਦੇ ਹਾਂ। ਭਾਰਤ ਦਾ ਮੁਸਲਮਾਨ ਨਿੱਜ ਨੂੰ ਪਛਾਣੇ। ਆਜ਼ਾਦੀ ਤੋਂ ਬਾਅਦ ਜਿਹੜੇ ਮੁਸਲਮਾਨਾਂ ਨੇ ਭਾਰਤ ਦੇ ਸਿਆਸੀ, ਸਮਾਜਿਕ, ਸਾਹਿਤਕ, ਕਾਵਿ, ਸੰਗੀਤ, ਸਿਨੇ ਉਦਯੋਗ, ਸ਼ਾਇਰੀ, ਖੇਡ ਉਦਯੋਗ ਜਾਂ ਫੌਜੀ ਖੇਤਰ ਵਿਚ ਭਾਰਤ ਦਾ ਮਾਣ ਵਧਾਇਆ, ਉਨ੍ਹਾਂ ਨੂੰ ਕੌਣ ਭੁਲਾ ਸਕੇਗਾ? ਥੋੜ੍ਹਾ ਸੋਚਣ ਦੀ ਲੋੜ ਹੈ। ਭਰਮ ਤੋਂ ਉੱਭਰਨ ਦੀ ਲੋੜ ਹੈ। ਆਓ, ਮੇਰੇ ਨਾਲ ਇਨ੍ਹਾਂ ਮੁਸਲਮਾਨ ਭਰਾਵਾਂ ਨੂੰ ਯਾਦ ਕਰੀਏ।

ਰਾਜਨੀਤੀ ਦੀ ਸ਼ੋਭਾ ਬਣੇ ਇਹ ਮੁਸਲਮਾਨ ਭਰਾ

ਦੇਸ਼ ਦੇ ਸਰਵਉੱਚ ਅਹੁਦੇ, ਭਾਵ ਰਾਸ਼ਟਰਪਤੀ ਦੇ ਅਹੁਦੇ ਨੂੰ ਜਿਨ੍ਹਾਂ ਨੇ ਸੁਸ਼ੋਭਿਤ ਕੀਤਾ, ਸਰਵਸ਼੍ਰੀ ਜ਼ਾਕਿਰ ਹੁਸੈਨ, ਫਖਰੂਦੀਨ ਅਲੀ ਅਹਿਮਦ, ਵਿਗਿਆਨਿਕ ਅਬਦੁਲ ਕਲਾਮ ਆਜ਼ਾਦ ਉੱਤੇ ਮੁਸਲਮਾਨ ਮਾਣ ਕਰਨ। ਉਪ-ਰਾਸ਼ਟਰਪਤੀ ਸ਼੍ਰੀ ਅਹਿਮਦ ਅੰਸਾਰੀ ’ਤੇ ਮਾਣ ਕਰਨ। ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ, ਦੇਸ਼ ਦੇ ਸਰਵਉੱਚ ਸਨਮਾਨ ‘ਭਾਰਤ ਰਤਨ’ ਹਾਸਿਲ ਕਰਨ ਵਾਲੇ ਮੌਲਾਨਾ ਅਬੁਲ ਕਲਾਮ ਆਜ਼ਾਦ ਉੱਤੇ ਭਾਰਤ ਦੇ ਮੁਸਲਮਾਨ ਆਪਣਾ ਮਾਣ ਕਰਨ। ਚਲੋ, ਕੋਈ ਗੱਲ ਨਹੀਂ, ਭਾਰਤ ਦੇ ਮੁਸਲਮਾਨ ਸਰ ਸਈਅਦ ਅਹਿਮਦ ਖਾਂ, ਜਿਨ੍ਹਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਬਣਾਈ, ਉਸੇ ਉੱਤੇ ਈਮਾਨ ਲੈ ਕੇ ਆਧੁਨਿਕ ਸਿੱਖਿਆ ਦੇ ਧਾਰਨੀ ਬਣ ਜਾਣ। ਮੁਸਲਿਮ ਭਰਾ ਕਿਉਂ ਭੁੱਲ ਜਾਂਦੇ ਹਨ ਕਿ ਇਸੇ ਭਾਰਤ ਦੇ ਲੋਕਾਂ ਨੇ 1980 ਵਿਚ ਏ. ਆਰ. ਅੰਤੁਲੇ ਨੂੰ ਮਹਾਰਾਸ਼ਟਰ ਵਰਗੇ ਸੂਬੇ ਦਾ ਮੁੱਖ ਮੰਤਰੀ ਬਣਾਇਆ। 1980 ਵਿਚ ਹੀ ਪਹਿਲੀ ਮੁਸਲਿਮ ਮਹਿਲਾ ਸਾਇਦਾ ਅਨਵਰਾ ਤੈਮੂਰ ਨੂੰ ਆਸਾਮ ਦਾ ਮੁੱਖ ਮੰਤਰੀ ਅਹੁਦਾ ਸੌਂਪਿਆ। 1952 ਵਿਚ ਮੁਹੰਮਦ ਯੂਨੁਸ ਬਿਹਾਰ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਦੀ ਮੌਤ ’ਤੇ ਭਾਰਤ ਸਰਕਾਰ ਨੇ ਸਰਕਾਰੀ ਸੋਗ ਮਨਾਇਆ। 1967 ਤੋਂ 68 ਤਕ, 1969 ਤੋਂ 1974 ਤਕ, 1985 ਤੋਂ 1990 ਤਕ ਐੱਮ. ਓ. ਐੱਚ. ਪਾਂਡੀਚਰੀ ਦੇ ਮੁੱਖ ਮੰਤਰੀ ਰਹੇ, 1973 ਤੋਂ 1975 ਤਕ ਅਬਦੁਲ ਗੱਫੂਰ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਸੁਸ਼ੋਭਿਤ ਰਹੇ। ਕੇਰਲਾ ਸੂਬੇ ਵਿਚ ਬਤੌਰ ਮੁੱਖ ਮੰਤਰੀ ਮੁਹੰਮਦ ਕੋਯਾ ਰਹੇ। ਮਣੀਪੁਰ ਵਿਚ ਮੁਹੰਮਦ ਅਲੀਮੂਦੀਨ ਨੇ ਰਾਜ ਕੀਤਾ। ਜੰਮੂ-ਕਸ਼ਮੀਰ ਤਾਂ ਰਿਹਾ ਹੀ ਮੁਸਲਮਾਨ ਮੁੱਖ ਮੰਤਰੀਆਂ ਜਾਂ ਪ੍ਰਧਾਨ ਮੰਤਰੀਆਂ ਦੀ ਛਤਰ-ਛਾਇਆ ਵਿਚ। ਗਿਣੋਗੇ ਤਾਂ ਖੁਸ਼ੀ ਨਾਲ ਉੱਛਲ ਪਓਗੇ। ਸ਼ੇਖ ਅਬਦੁੱਲਾ, ਬਖਸ਼ੀ ਗੁਲਾਮ ਮੁਹੰਮਦ, ਮੁਹੰਮਦ ਸਾਦਿਕ, ਸਈਦ ਮੀਰ ਕਾਸਿਮ, ਖਵਾਜਾ ਸ਼ਮਸੂਦੀਨ, ਗੁਲਾਮ ਨਬੀ ਆਜ਼ਾਦ, ਮੁਫਤੀ ਮਹਿਬੂਬਾਉਨ੍ਹਾਂ ਦੇ ਪਿਤਾ ਮੁਫਤੀ ਮੁਹੰਮਦ ਸਈਦ, ਫਾਰੂਖ ਅਬਦੁੱਲਾ, ਉਮਰ ਅਬਦੁੱਲਾ ਸਾਰੇ ਮੁਸਲਮਾਨ ਮੁੱਖ ਮੰਤਰੀ ਹਿੰਦੋਸਤਾਨ ਦੀ ਮਾਲਾ ਦੇ ਮਣਕੇ ਹਨ। ਉਹ, ਮੈਂ ਤਾਂ ਭੁੱਲ ਹੀ ਗਿਆ, ਰਾਜਸਥਾਨ ਵਿਚ 1971 ਤੋਂ 1973 ਤਕ ਸਰਵਸ਼੍ਰੀ ਬਰਕਤਉੱਲਾ ਖਾਨ ਮੁੱਖ ਮੰਤਰੀ ਅਹੁਦੇ ’ਤੇ ਬਿਰਾਜਮਾਨ ਰਹੇ।

ਮੁਸਲਿਮ ਭਰਾਵਾਂ ਨੂੰ ਹੁਣ ਮੈਂ ਖੇਡ ਜਗਤ ਵੱਲ ਲੈ ਕੇ ਆਉਂਦਾ ਹਾਂ : ਕ੍ਰਿਕਟ ਵਿਚ ਪਹਿਲਾਂ ਪਟੌਦੀ ਦੇ ਨਵਾਬ ਇਫਤਾਰ ਅਲੀ ਖਾਨ, ਫਿਰ ਉਨ੍ਹਾਂ ਦੇ ਸਪੁੱਤਰ ਮਨਸੂਰ ਅਲੀ ਖਾਂ ਪਟੌਦੀ ਕਪਤਾਨ ਰਹੇ। ਮੁਹੰਮਦ ਅਜ਼ਹਰੂਦੀਨ ਕਾਂਗਰਸ ਦਾ ਜਨਰਲ ਸਕੱਤਰ ਤਾਂ ਸੀ ਹੀ, ਸਾਲਾਂ ਤਕ ਹਿੰਦੋਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਰਹੇ। ਇਸ ਤੋਂ ਇਲਾਵਾ ਮੁਹੰਮਦ ਨਿਸਾਰ, ਜਹਾਂਗੀਰ ਖਾਂ, ਸਈਅਦ ਆਬਿਦ ਅਲੀ, ਸਲੀਮ ਦੁੱਰਾਨੀ, ਫਾਰੂਕ ਇੰਜੀਨੀਅਰ, ਸ਼ਾਹਿਦ ਗੁਲਾਮ, ਮੁਹੰਮਦ ਪਟੇਲ, ਬੈਸਟ ਵਿਕਟਕੀਪਰ ਕਿਰਮਾਨੀ, ਅਸ਼ਰਤ ਆਯੂਬ, ਅੱਬਾਸ ਅਲੀ ਬੇਗ, ਗੁਲਾਮ ਅਹਿਮਦ, ਸਬਾ ਕਰੀਮ, ਜ਼ਹੀਰ ਖਾਨ, ਇਰਫਾਨ ਪਠਾਨ ਅਤੇ ਉਨ੍ਹਾਂ ਦਾ ਭਰਾ, ਮੁਹੰਮਦ ਸ਼ੰਮੀ ਕ੍ਰਿਕਟ ਜਗਤ ਦੇ ਮੰਨੇ-ਪ੍ਰਮੰਨੇ ਖਿਡਾਰੀ ਰਹੇ। ਹਾਕੀ ਵਿਚ ਜ਼ਫਰ ਇਕਬਾਲ, ਮੁਹੰਮਦ ਸ਼ਾਹਿਦ (ਅਰਜੁਨ ਐਵਾਰਡੀ), ਸਈਅਦ ਅਲੀ ਨੇ ਖੂਬ ਨਾਂ ਕਮਾਇਆ। ਟੈਨਿਸ ਵਿਚ ਸਾਨੀਆ ਮਿਰਜ਼ਾ ਨੂੰ ਕਿਹੜਾ ਹਿੰਦੋਸਤਾਨੀ ਭੁੱਲ ਸਕੇਗਾ?

ਸੰਗੀਤ ਦੀ ਦੁਨੀਆ ਨੂੰ ਤਾਂ ਰੌਸ਼ਨ ਹੀ ਸਾਡੇ ਮੁਸਲਮਾਨ ਭਰਾਵਾਂ ਨੇ ਕੀਤਾ ਹੈ। ਸ਼ਹਿਨਾਈਵਾਦਕ ਬਿਸਮਿੱਲ੍ਹਾ ਖਾਂ, ਅੱਲ੍ਹਾਰੱਖਾ ਖਾਂ, ਤਬਲਾਵਾਦਕ ਜ਼ਾਕਿਰ ਹੁਸੈਨ ਭਾਰਤ ਦੀ ਸ਼ਾਨ ਹਨ। ਗਾਇਕੀ ਵਿਚ ਤਾਂ ਸਵ. ਮੁਹੰਮਦ ਰਫੀ ਨੇ ਕਮਾਲ ਹੀ ਕਰ ਦਿੱਤੀ। ਸੰਗੀਤਕਾਰ ਨੌਸ਼ਾਦ, ਏ. ਆਰ. ਰਹਿਮਾਨ ਅਤੇ ਖੱਯਾਮ ਸੰਗੀਤਕਾਰਾਂ ਦਾ ਸ਼ਿੰਗਾਰ ਹਨ। ਗੀਤਕਾਰ ਸ਼ਕੀਲ ਬਦਾਯੂਨੀ, ਹਸਰਤ ਜੈਪੁਰੀ, ਅਲੀ ਸਰਦਾਰ ਜਾਫਰੀ, ਕੈੈਫੀ ਆਜ਼ਮੀ ‘ਜੈ ਹਿੰਦ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਨੂੰ ਬੁਲੰਦ ਕਰਨ ਵਾਲੇ ਗੀਤਕਾਰ ਹਸਰਤ ਮੁਦਾਮੀ, ਜੋਸ਼ ਮਲੀਹਾਵਾਦੀ, ਖੁਮਾਰ ਬਾਰਾਬੰਕਵੀ, ਜਿਗਰ ਮੁਰਾਦਾਬਾਦੀ, ਸਾਹਿਰ ਲੁਧਿਆਣਵੀ, ਨਿਦਾ ਫਾਜ਼ਲੀ, ਜ਼ੁਬੈਰ ਰਿਜ਼ਵੀ, ਬਸ਼ੀਰ ਬਦਰ, ਰਾਹਤ ਇੰਦੌਰਵੀ ਭਾਰਤੀ ਗੀਤਕਾਰਾਂ ਦੀ ਸ਼ੋਭਾ ਹਨ ਅਤੇ ਸੁਣੋ, ਫੈਜ਼ ਮੁਹੰਮਦ ਫੈਜ਼ ਭਾਵੇਂ ਪਾਕਿਸਤਾਨ ਚਲੇ ਗਏ, ਉਥੇ ਸਾਰੀ ਉਮਰ ਹਕੂਮਤ ਨਾਲ ਲੜਦੇ-ਲੜਦੇ ਜੇਲਾਂ ਵਿਚ ਸੜ ਗਏ ਪਰ ਹਿੰਦੋਸਤਾਨ ਨੂੰ ਨਹੀਂ ਭੁੱਲੇ। ਇਸੇ ਤਰ੍ਹਾਂ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ, ਹਮ ਬੁਲਬੁਲੇ ਹੈਂ ਇਸਕੀ, ਯੇ ਗੁਲਿਸਤਾਂ ਹਮਾਰਾ’ ਦੇ ਰਚਣਹਾਰ ਇਕਬਾਲ ਹਿੰਦੋਸਤਾਨ ਦੀ ਮਿੱਟੀ ਵਿਚ ਪਲ਼ੇ-ਵਧੇ ਪਰ ਅਖੀਰ ਵਿਚ ਜਿੱਨਾਹ ਦੀ ਰਾਹ ’ਤੇ ਚੱਲ ਕੇ ਪਾਕਿਸਤਾਨ ਦੇ ਕੱਟੜ ਸਮਰਥਕ ਬਣ ਗਏ।

ਸਿਨੇਮਾ ਉਦਯੋਗ ਦੇ ਬੇਤਾਜ ਬਾਦਸ਼ਾਹ

ਮੁਸਲਮਾਨ ਭਰਾਵੋ, ਸਿਨੇਮਾ ਉਦਯੋਗ ਦੇ ਤਾਂ ਤੁਸੀਂ ਬੇਤਾਜ ਬਾਦਸ਼ਾਹ ਹੋ। ਸ਼ਾਹਰੁਖ਼ ਖਾਨ, ਆਮਿਰ ਖਾਨ, ਸਲਮਾਨ ਖਾਨ ਦਾ ਕੌਣ ਮੁਕਾਬਲਾ ਕਰ ਸਕਦਾ ਹੈ? ਦਿਲੀਪ ਕੁਮਾਰ, ਜਿਨ੍ਹਾਂ ਨੂੰ ਸਿਨੇ ਪ੍ਰੇਮੀ ‘ਟ੍ਰੈਜਿਡੀ ਕਿੰਗ’ ਕਹਿੰਦੇ ਹਨ, ਬੇਸ਼ੱਕ ਆਪਣੇ ਆਪ ਵਿਚ ਯੂਸੁਫ ਖਾਂ ਬਣੇ ਰਹਿਣ ਪਰ ਸਿਨੇਮਾ ਉਦਯੋਗ ਦੇ ਉਹ ਅਸਲ ’ਚ ਰਾਜਾ ਸਨ। ਨਰਗਿਸ, ਮਧੂਬਾਲਾ, ਨਿੰਮੀ, ਸੁਰੱਈਆ, ਮੀਨਾ ਕੁਮਾਰੀ, ਵਹੀਦਾ ਰਹਿਮਾਨ ਵਰਗੀਆਂ ਸਿਨੇ ਅਭਿਨੇਤਰੀਆਂ ਨੇ ਹਿੰਦੋਸਤਾਨ ਦੇ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ ਹੈ। ਸ਼ਬਾਨਾ ਆਜ਼ਮੀ, ਜਾਵੇਦ ਅਖਤਰ ਉਨ੍ਹਾਂ ਦੇ ਪਤੀ ਅਤੇ ਬੇਟੇ ਫਰਹਾਨ ਨੇ ਸਿਨੇ ਜਗਤ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਕਹਾਣੀਕਾਰ ਸਲੀਮ-ਜਾਵੇਦ ਵਿਲੱਖਣ ਪ੍ਰਤਿਭਾ ਦੇ ਧਨੀ ਹਨ।

ਉਸ ’ਤੇ ਫੌਜ ਦੇ ਅਬਦੁਲ ਹਮੀਦ ਹਵਲਦਾਰ ਦੀ ਕੁਰਬਾਨੀ ਸੈਨਾ ਦੇ ਇਤਿਹਾਸ ਵਿਚ ਅਨੋਖੀ ਉਦਾਹਰਣ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਪ੍ਰਦਾਨ ਕਰ ਕੇ ਹਿੰਦੋਸਤਾਨ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਦਾ ਸਨਮਾਨ ਕੀਤਾ। ਮੇਜਰ ਜਨਰਲ ਅਹਿਮਦ ਖਾਨ ’ਤੇ ਵੀ ਭਾਰਤ ਨੂੰ ਮਾਣ ਹੈ। ਮੈਂ ਮੰਨਦਾ ਹਾਂ ਕਿ ਮੁਸਲਮਾਨ ਭਰਾਵਾਂ ਦੀ ਆਬਾਦੀ ਦੇ ਹਿਸਾਬ ਨਾਲ ਅਜੇ ਫੌਜ ਵਿਚ ਉਨ੍ਹਾਂ ਦੀ ਭਰਤੀ ਦਾ ਅਨੁਪਾਤ ਘੱਟ ਹੈ। ਅਜੇ ਭਾਰਤੀ ਫੌਜ ਵਿਚ 1 ਫੀਸਦੀ ਮੁਸਲਮਾਨ ਹਨ ਪਰ ਇਹ ਮੁਸਲਿਮ ਨੌਜਵਾਨਾਂ ਦਾ ਆਲਸ ਕਹਾਂਗਾ ਕਿ ਉਹ ਭਾਰਤੀ ਫੌਜ ਵਿਚ ਭਰਤੀ ਹੋਣ ਵਿਚ ਰੁਚੀ ਨਹੀਂ ਦਿਖਾਉਂਦੇ। ਫੌਜ ਵਿਚ ਭਰਤੀ ਦੇ ਅਨੁਪਾਤ ਨੂੰ ਮੈਂ ਜਾਣਬੁੱਝ ਕੇ ਤੂਲ ਨਹੀਂ ਦੇਣਾ ਚਾਹੁੰਦਾ। ਹਿੰਦੋਸਤਾਨ ਦੇ ਲੋਕ ਮੁਸਲਿਮ ਉਦਯੋਗਪਤੀ ਅਤੇ ਦਾਨੀ ਅਜ਼ੀਮ ਪ੍ਰੇਮਜੀ ਨੂੰ ਵੀ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ।

ਮੈਂ ਉਪਰੋਕਤ ਗੱਲਾਂ ਜਾਣਬੁੱਝ ਕੇ ਮੁਸਲਮਾਨ ਭਰਾਵਾਂ ਸਾਹਮਣੇ ਰੱਖੀਆਂ ਹਨ। ਇੰਨਾ ਮਹਾਨ ਵਿਰਸਾ ਮੁਸਲਮਾਨ ਭਰਾਵਾਂ ਦੀ ਪਿੱਠ ’ਤੇ ਖੜ੍ਹਾ ਹੈ, ਤਾਂ ਵੀ ਉਹ ਭਰਮ ਵਿਚ ਕਿਉਂ ਹਨ? ਭੈਅ ਵਿਚ ਕਿਉਂ ਹਨ? ਭੈਅ ਤਾਂ ਭਾਰਤ ਦੇ ਦੂਜੇ ਫਿਰਕਿਆਂ ਵਿਚ ਹੋਣਾ ਚਾਹੀਦਾ ਹੈ ਕਿ ਇਸਲਾਮਿਕ ਕੱਟੜਵਾਦ ਜਿਸ ਰਫਤਾਰ ਨਾਲ, ਜਿਸ ਹਿੰਸਕ ਰੂਪ ਨਾਲ ਦੁਨੀਆ ਵਿਚ ਫੈਲਦਾ ਜਾ ਰਿਹਾ ਹੈ, ਕਿਤੇ ਭਾਰਤ ਨੂੰ ਨਾ ਦਬੋਚ ਲਵੇ। ਹਿੰਦੋਸਤਾਨ ਦਾ ਮੁਸਲਮਾਨ ਤਾਂ ਨਿਡਰ ਹੋ ਕੇ ਐਲਾਨ ਕਰੇ ਕਿ ਉਹ ਭਾਰਤ ਵਰਗੇ ਸਹਿਣਸ਼ੀਲ, ਉਦਾਰਵਾਦੀ ਅਤੇ ਸਭ ਧਰਮਾਂ ਦਾ ਬਰਾਬਰ ਤੌਰ ’ਤੇ ਸਨਮਾਨ ਕਰਨ ਵਾਲਾ ਦੇਸ਼ ਹੈ। ਪਾਕਿਸਤਾਨ ਨੂੰ ਦੇਖ ਲਓ, ਉਥੇ ਸ਼ੀਆ ਮੁਸਲਮਾਨ ਕਰਾਹ ਰਹੇ ਹਨ। ਅਹਿਮਦੀਆ ਮੁਸਲਮਾਨਾਂ ਨੂੰ ਤਾਂ ਪਾਕਿਸਤਾਨ ਵਾਲੇ ਮੁਸਲਮਾਨ ਹੀ ਨਹੀਂ ਮੰਨਦੇ। ਉਥੇ ਤਾਂ ਹਕੂਮਤ ਹੀ ਆਈ. ਐੱਸ. ਆਈ. ਚਲਾਉਂਦੀ ਹੈ। ਉਥੇ ਰਾਸ਼ਟਰਪਤੀ ਨੂੰ ਫਾਂਸੀ ਅਤੇ ਪ੍ਰਧਾਨ ਮੰਤਰੀ ਤਕ ਬਿਨਾਂ ਕਾਰਣ ਜੇਲ ਭੇਜ ਦਿੱਤੇ ਜਾਂਦੇ ਹਨ। ਸ਼ਰੇਆਮ ਇਕ ਮਹਿਲਾ ਪ੍ਰਧਾਨ ਮੰਤਰੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ। ਭਾਰਤ ਦੇ ਮੁਸਲਮਾਨ ਭਰਾਵਾਂ ਦਾ ਆਦਰਸ਼ ਪਾਕਿਸਤਾਨ ਕਦੇ ਨਹੀਂ ਹੋ ਸਕਦਾ। ਆਦਰਸ਼ ਤਾਂ ਮਹਾਨ ਹੋਣਾ ਚਾਹੀਦਾ ਹੈ। ਇਕ ਅੱਤਵਾਦੀ ਦੇਸ਼ ਭਾਰਤ ਦੇ ਭੱਦਰ ਮੁਸਲਮਾਨਾਂ ਦਾ ਆਦਰਸ਼ ਹੋ ਹੀ ਨਹੀਂ ਸਕਦਾ। ਉਨ੍ਹਾਂ ਦਾ ਆਦਰਸ਼ ਰਾਸ਼ਟਰਪਤੀ ਤੋਂ ਲੈ ਕੇ ਅਜ਼ੀਮ ਪ੍ਰੇਮਜੀ ਵਰਗੇ ਸ੍ਰੇਸ਼ਠ ਮੁਸਲਮਾਨ ਹੋਣੇ ਚਾਹੀਦੇ ਹਨ। ਮੈਂ ਜੋ ਵੱਖ-ਵੱਖ ਖੇਤਰਾਂ ਵਿਚ ਹਿੰਦੋਸਤਾਨ ਦਾ ਨਾਂ ਰੌਸ਼ਨ ਕਰਨ ਵਾਲੇ ਮੁਸਲਮਾਨਾਂ ਦੇ ਨਾਂ ਗਿਣਾਏ, ਉਨ੍ਹਾਂ ਦੇ ਸਾਹਮਣੇ ਮੁਸਲਮਾਨ ਹੀ ਨਹੀਂ, ਹਿੰਦੂ ਵੀ ਨਤਮਸਤਕ ਹਨ।

ਹਿੰਦੋਸਤਾਨ ਵਿਚ ਰਹਿ ਰਹੇ ਹੋਰਨਾਂ ਫਿਰਕਿਆਂ ਨੇ ਭਾਵੇਂ ਆਪਣਾ ਨਿਗੂਣਾ ਯੋਗਦਾਨ ਇਸ ਦੀ ਤਰੱਕੀ ਵਿਚ ਦਿੱਤਾ ਹੋਵੇ ਪਰ ਉਹ ਨਾ ਭਰਮ ਵਿਚ ਹਨ, ਨਾ ਭੈਅ ਵਿਚ। ਇਥੇ ਤਿੱਬਤ ਦਾ ਸ਼ਰਨਾਰਥੀ ਵੀ 1958 ਤੋਂ ਲੈ ਕੇ ਅੱਜ ਤਕ ਭੈਅ-ਮੁਕਤ ਹੋ ਕੇ ਘੁੰਮ ਰਿਹਾ ਹੈ। ਹੁਣ ਤਕ ਭਾਰਤ ਨੇ ਦਲਾਈਲਾਮਾ ਦੇ ਤਿੱਬਤੀ ਲੋਕਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਪਰ ਉਹ ਖੁਸ਼ ਹਨ, ਨਿਰਭੈਅ ਹਨ ਅਤੇ ਭਾਰਤ ਦੀ ਵਿਸ਼ਾਲਤਾ ਦਾ ਸਨਮਾਨ ਕਰਦੇ ਹਨ। ਮੈਂ ਮੁਸਲਮਾਨਾਂ ਨੂੰ ਵੀ ਇਹੀ ਬੇਨਤੀ ਕਰ ਰਿਹਾ ਹਾਂ ਕਿ ਉਹ ਭਰਮ ਨਾ ਪਾਲਣ। ਭੈਅ ਵਿਚ ਨਾ ਰਹਿਣ, ਭੈਅ ਵਿਚ ਰਹਿਣ ਵਾਲਾ ਕਦੇ ਵੀ ਦੂਜਿਆਂ ਨੂੰ ਸੰਕਟ ਵਿਚ ਪਾ ਸਕਦਾ ਹੈ। ਜਿਸ ਦੇਸ਼ ਵਿਚ ਹਿਦਾਇਤੁੱਲਾ ਵਰਗੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਭ ਨੂੰ ਨਿਰਭੈਅ ਹੋ ਕੇ ਭਾਰਤ ਵਿਚ ਘੁੰਮਣ-ਫਿਰਨ, ਵਪਾਰ ਕਰਨ, ਬੋਲਣ-ਚਾਲਣ ਦਾ ਪੈਗ਼ਾਮ ਦੇ ਰਹੇ ਹੋਣ, ਉਥੋਂ ਦਾ ਮੁਸਲਮਾਨ ਤਾਂ ਮਾਣ ਕਰੇ ਕਿ ਅਸੀਂ ਉਸ ਦੇਸ਼ ਦੇ ਬਾਸ਼ਿੰਦੇ ਹਾਂ, ਜਿਥੇ ਮੁਹੰਮਦ ਕਰੀਮ ਛਾਗਲਾ ਵਰਗੇ ਆਲ੍ਹਾਤਰੀਨ ਕਾਨੂੰਨੀ ਵਿਦਵਾਨ ਅਤੇ ਕੇਂਦਰ ਸਰਕਾਰ ਦੇ ਮੰਤਰੀ ਰਹਿ ਚੁੱਕੇ ਹਨ। ਉਥੋਂ ਦਾ ਮੁਸਲਮਾਨ ਤਾਂ ਆਪਣੇ ਪੁਰਖਿਆਂ ਦੀ ਵਿਰਾਸਤ ’ਤੇ ਮਾਣ ਕਰੇ। ਮੁਸਲਮਾਨ ਭਰਾਵੋ, ਤੁਸੀਂ ਭਾਰਤ ਦੇ ਮਹਾਨ ਨਿਆਂਵਾਦੀ ਮਿਰਜ਼ਾ ਹਮੀਦਉੱਲਾ ਬੇਗ, ਅਜ਼ੀਜ਼ ਅਹਿਮਦ ਅਤੇ ਅਲਤਮਸ਼ ਕਬੀਰ ਦੇ ਪੂਰਨਿਆਂ ’ਤੇ ਚੱਲਣ ਵਾਲੇ ਹੋ। ਤੁਸੀਂ ਅਬਦੁਲ ਕਲਾਮ ਆਜ਼ਾਦ ਵਰਗੇ ਰਾਸ਼ਟਰਪਤੀ ਦੀਆਂ ਰਾਹਾਂ ਦੇ ਰਾਹੀ ਹੋ। ਕਿਉਂ ਡੋਲ ਰਹੇ ਹੋ? ਹਿੰਦੂ, ਸਿੱਖ, ਈਸਾਈ ਤੋਂ ਤਾਂ ਡਰੋ ਹੀ ਨਾ, ਉਹ ਤਾਂ ਸਾਰੇ ਦੇ ਸਾਰੇ ਤੁਹਾਡੇ ਨਾਲ ਹਨ। ਤੁਸੀਂ ਸੀਰੀਆ, ਸਾਊਦੀ ਅਰਬ ਜਾਂ ਪਾਕਿਸਤਾਨ ਨੂੰ ਆਪਣਾ ਆਦਰਸ਼ ਨਾ ਮੰਨੋ, ਤੁਹਾਡਾ ਆਦਰਸ਼ ਹੈ ਹਿੰਦੋਸਤਾਨ। ਤੁਹਾਡਾ ਪੱਕਾ ਦੁਸ਼ਮਣ ਹੈ ਅੱਤਵਾਦ। ਤੁਹਾਡੇ ਦੋ ਹੀ ਪਿਆਰ–ਪਹਿਲਾ ਭਾਰਤ ਅਤੇ ਫਿਰ ਕੁਰਾਨ। ਕੁਝ ਗਲਤ ਲਿਖ ਦਿੱਤਾ ਹੋਵੇ ਤਾਂ ਮੁਆਫ ਕਰਨਾ।


Bharat Thapa

Content Editor

Related News