‘ਡਿਜੀਟਲ ਕਰੰਸੀ’ ਨਾਲ ਸੌਖਾ ਹੋਵੇਗਾ ਪੈਸਿਆਂ ਦਾ ਲੈਣ-ਦੇਣ

Sunday, Jan 08, 2023 - 04:15 PM (IST)

‘ਡਿਜੀਟਲ ਕਰੰਸੀ’ ਨਾਲ ਸੌਖਾ ਹੋਵੇਗਾ ਪੈਸਿਆਂ ਦਾ ਲੈਣ-ਦੇਣ

ਰਿਸ਼ਭ ਮਿਸ਼ਰਾ

ਸ਼ੇਅਰ ਬਾਜ਼ਾਰ ’ਚ ਅਕਸਰ ਕਿਹਾ ਜਾਂਦਾ ਹੈ ‘ਕੈਸ਼ ਇਜ਼ ਕਿੰਗ’ ਭਾਵ ਕੈਸ਼ ਹੀ ਰਾਜਾ ਹੈ। ਕੈਸ਼ ਦਾ ਮਤਲਬ ਆਮ ਤੌਰ ’ਤੇ ਆਮ ਲੋਕਾਂ ਦੇ ਲਈ ਉਸ ਰੁਪਏ ਤੋਂ ਹੁੰਦਾ ਹੈ ਜਿਸ ਨੂੰ ਅਸੀਂ ਦੇਖ ਸਕਦੇ ਹਾਂ, ਛੂਹ ਸਕਦੇ ਹਾਂ ਜਾਂ ਕਿਤੇ ਸੰਭਾਲ ਕੇ ਰੱਖ ਸਕਦੇ ਹਾਂ।

ਜ਼ਿਆਦਾਤਰ ਸਾਡੇ ਕੋਲ ਜੋ ਨੋਟ ਹੁੰਦਾ ਹੈ ਉਹ ਕਿਸੇ ਵੀ ਕਾਰਨ ਫਟ ਸਕਦਾ ਹੈ, ਗੁੰਮ ਹੋ ਸਕਦਾ ਹੈ, ਚੋਰੀ ਹੋ ਸਕਦਾ ਹੈ, ਮੁੜ ਸਕਦਾ ਹੈ, ਪੁਰਾਣਾ ਹੋ ਸਕਦਾ ਹੈ, ਪਾਣੀ ’ਚ ਭਿੱਜ ਸਕਦਾ ਹੈ, ਕੋਈ ਖੋਹ ਸਕਦਾ ਹੈ ਜਾਂ ਫਿਰ ਕਿਸੇ ਵੀ ਦੂਜੇ ਕਾਰਨ ਖਰਾਬ ਹੋ ਸਕਦਾ ਹੈ।

ਇਸ ਨੋਟ ਦੀ ਆਪਣੀ ਇਕ ਸੈਲਫ ਲਾਈਫ ਹੁੰਦੀ ਹੈ। ਭਾਵ ਲਗਾਤਾਰ ਵਰਤੇ ਜਾਣ ਦੇ ਕਾਰਨ ਇਕ ਸਮੇਂ ਦੇ ਬਾਅਦ ਅਜਿਹਾ ਹੋ ਜਾਵੇਗਾ ਕਿ ਨੋਟ ਵਰਤਣ ਦੇ ਯੋਗ ਵੀ ਨਹੀਂ ਬਚੇਗਾ ਅਤੇ ਫਿਰ ਇਸ ਨੂੰ ਬੈਂਕ ’ਚ ਜਮ੍ਹਾ ਕਰਨ ’ਤੇ ਇਸ ਦੇ ਬਦਲੇ ਬੈਂਕ ਇਸੇ ਕੀਮਤ ਦਾ ਦੂਜਾ ਨੋਟ ਦਿੰਦਾ ਹੈ। ਇਸ ਦੇ ਬਾਅਦ ਬੈਂਕ ਇਸ ਨੋਟ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਭਾਵ ‘ਆਰ. ਬੀ. ਆਈ.’ ਨੂੰ ਭੇਜੇਗਾ ਅਤੇ ਆਖਿਰ ’ਚ ਇਸ ਨੋਟ ਨੂੰ ਨਸ਼ਟ ਕਰ ਕੇ ਵਰਤੋਂ ਤੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਇਸ ਦੀ ਥਾਂ ਇਸੇ ਕੀਮਤ ਦਾ ਨਵਾਂ ਨੋਟ ਛਾਪਿਆ ਜਾਵੇਗਾ।

ਪਰ ਹੁਣ ਦੇਸ਼ ’ਚ ਡਿਜੀਟਲ ਟ੍ਰਾਂਜੈਕਸ਼ਨ ਦਾ ਰੁਝਾਨ ਵਧ ਗਿਆ ਹੈ ਤੇ ਕੈਸ਼ ਦੀ ਵਰਤੋਂ ਥੋੜ੍ਹੀ ਘੱਟ ਗਈ ਹੈ ਪਰ ਹੁਣ ਅਜਿਹੇ ਕੈਸ਼ ਨਾਲ ਲੈਣ-ਦੇਣ ਕੀਤਾ ਜਾ ਸਕੇਗਾ ਜਿਸ ਨੂੰ ਨਾ ਹੀ ਤੁਸੀਂ ਛੂਹ ਸਕਦੇ ਹੋ ਅਤੇ ਨਾ ਹੀ ਇਹ ਖਰਾਬ ਹੋਵੇਗਾ ਸਗੋਂ ਇਸ ਨੂੰ ਕਈ ਸਾਲਾਂ ਤੱਕ ਸੰਭਾਲ ਕੇ ਵੀ ਰੱਖ ਸਕਦੇ ਹੋ। ਇਹ ਹੈ ‘ਡਿਜੀਟਲ ਕਰੰਸੀ’ ਜਿਸ ਨੂੰ ‘ਪਾਇਲਟ ਪ੍ਰਾਜੈਕਟ’ ਦੇ ਤੌਰ ’ਤੇ ਸ਼ੁਰੂ ਕੀਤਾ ਗਿਆ ਹੈ।

ਪਿਛਲੇ ਸਾਲ ਬਜਟ ਪੇਸ਼ ਕਰਦੇ ਸਮੇਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਡਿਜੀਟਲ ਕਰੰਸੀ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਦਰਅਸਲ ਦੇਸ਼ ’ਚ ਕ੍ਰਿਪਟੋਕਰੰਸੀ ਦੇ ਫੈਲਦੇ ਜਾਲ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ। ਵਿੱਤ ਮੰਤਰੀ ਦੇ ਇਸ ਐਲਾਨ ਦੇ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਈ ਮਹੀਨਿਆਂ ਤੱਕ ਡਿਜੀਟਲ ਕਰੰਸੀ ’ਤੇ ਕੰਮ ਕੀਤਾ ਅਤੇ ਆਰ. ਬੀ. ਆਈ. ਨੇ ਡਿਜੀਟਲ ਕਰੰਸੀ ਭਾਵ ਸੀ. ਬੀ. ਡੀ. ਸੀ. (ਸੈਂਟਰਲ ਬੈਂਕ ਡਿਜੀਟਲ ਕਰੰਸੀ) ਨੂੰ ਲਾਂਚ ਕਰ ਦਿੱਤਾ। ਇਸ ਦੇ ਲਈ ਐੱਸ. ਬੀ. ਆਈ., ਬੈਂਕ ਆਫ ਬੜੌਦਾ, ਯੂਨੀਅਨ ਬੈਂਕ ਆਫ ਇੰਡੀਆ, ਐੱਚ. ਡੀ. ਐੱਫ. ਸੀ. ਬੈਂਕ, ਯੈੱਸ ਬੈਂਕ, ਕੋਟਕ ਮਹਿੰਦਰਾ ਬੈਂਕ, ਆਈ. ਡੀ. ਐੱਫ. ਸੀ. ਫਸਟ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਐੱਸ. ਬੀ. ਸੀ. ਬੈਂਕ ਨੂੰ ਚੁਣਿਆ ਗਿਆ ਹੈ।

ਦਰਅਸਲ ਡਿਜੀਟਲ ਕਰੰਸੀ 2 ਤਰ੍ਹਾਂ ਦੀ ਹੁੰਦੀ ਹੈ ਜਿਨ੍ਹਾਂ ’ਚੋਂ ਪਹਿਲੀ ਹੈ ‘ਸੀ. ਬੀ. ਡੀ. ਸੀ. ਹੋਲਸੇਲ’ ਫਿਲਹਾਲ ਅਜੇ ਸੀ. ਬੀ. ਡੀ. ਸੀ. ਹੋਲਸੇਲ ਦੀ ਹੀ ਸ਼ੁਰੂਆਤ ਕੀਤੀ ਗਈ ਹੈ।

ਇਸ ਦੀ ਵਰਤੋਂ ਵੱਡੇ ਵਿੱਤੀ ਸੰਸਥਾਨਾਂ ਜਿਵੇਂ ਕਿ ਬੈਂਕ, ਵੱਡੀਆਂ ਨਾਨ-ਬੈਂਕਿੰਗ ਫਾਈਨਾਂਸ ਕੰਪਨੀਆਂ (ਭਾਵ ਐੱਨ. ਬੀ. ਐੱਫ. ਸੀ.) ਅਤੇ ਦੂਜੇ ਵੱਡੇ ਸੌਦੇ ਕਰਨ ਵਾਲੇ ਸੰਸਥਾਨ ਕਰਨਗੇ। ਇਸ ਦੇ ਬਾਅਦ ਦੂਜੀ ਕਰੰਸੀ ‘ਸੀ. ਬੀ. ਡੀ. ਸੀ. ਰਿਟੇਲ ਨੂੰ’ ਜਾਰੀ ਕੀਤਾ ਜਾਵੇਗਾ। ਇਸ ਦੀ ਵਰਤੋਂ ਲੋਕ ਰੋਜ਼ਮੱਰਾ ਦੇ ਲੈਣ-ਦੇਣ ਲਈ ਵੀ ਕਰ ਸਕਣਗੇ।

ਇਹ ਇਕ ਅਜਿਹੀ ਕਰੰਸੀ ਹੋਵੇਗੀ ਜਿਸ ਨੂੰ ਤੁਸੀਂ ਛੂਹ ਨਹੀਂ ਸਕਦੇ ਪਰ ਇਹ ਰੁਪਏ ਵਾਂਗ ਹੀ ਹੋਵੇਗੀ। ਇਸ ਿਡਜੀਟਲ ਕਰੰਸੀ ਨੂੰ ਆਨਲਾਈਨ ਵਾਲੇਟ ’ਚ ਰੱਖਿਆ ਜਾ ਸਕਦਾ ਹੈ ਤੇ ਇਸ ਕਰੰਸੀ ਨੂੰ ਜੇਬ ’ਚ ਕੈਸ਼ ਵਾਂਗ ਰੱਖਣ ਦੀ ਵੀ ਲੋੜ ਨਹੀਂ ਹੈ। ਡਿਜੀਟਲ ਕਰੰਸੀ ਕਿਸੇ ਕ੍ਰਿਪਟੋਕਰੰਸੀ ਵਾਂਗ ਨਹੀਂ ਹੋਵੇਗੀ। ਇਸ ਨੂੰ ਆਰ. ਬੀ. ਆਈ. ਵੱਲੋਂ ਲਾਂਚ ਕੀਤਾ ਗਿਆ ਹੈ। ਇਸ ਲਈ ਇਹ ਦੇਸ਼ ’ਚ ਕਾਨੂੰਨੀ ਕਰੰਸੀ ਹੋਵੇਗੀ।

ਇਸ ਡਿਜੀਟਲ ਕਰੰਸੀ ਦੀ ਮਦਦ ਨਾਲ ਕੋਈ ਵੀ ਲੈਣ-ਦੇਣ, ਪੇਮੈਂਟ ਜਾਂ ਬਿੱਲ ਜਮ੍ਹਾ ਕੀਤਾ ਜਾ ਸਕੇਗਾ। ਇਹ ਉਵੇਂ ਹੀ ਹੈ ਜਿਸ ਨੂੰ ਤੁਸੀਂ ਆਪਣੇ ਬੈਂਕ ਅਕਾਊਂਟ ’ਚੋਂ ਪੈਸੇ ਨੂੰ ਟ੍ਰਾਂਸਫਰ ਕਰ ਕੇ ਆਪਣੇ ਡਿਜੀਟਲ ਵਾਲੇਟ ’ਚ ਰੱਖਦੇ ਹੋ ਭਾਵ ਕਿ ਡਿਜੀਟਲ ਕਰੰਸੀ ਦੀ ਵੈਲਿਊ ਜਾਂ ਕੀਮਤ ਰੁਪਏ ਦੇ ਬਰਾਬਰ ਹੀ ਹੋਵੇਗੀ।

ਭਾਵ 1 ਰੁਪਏ ਦੀ ਡਿਜੀਟਲ ਕਰੰਸੀ ਦੀ ਕੀਮਤ 1 ਰੁਪਏ ਅਤੇ 2000 ਰੁਪਏ ਦੀ ਡਿਜੀਟਲ ਕਰੰਸੀ ਦੀ ਕੀਮਤ 2000 ਰੁਪਏ ਹੋਵੇਗੀ। ਹੁਣ ਤੁਸੀਂ ਚਾਹੋ ਤਾਂ ਇਸ ਡਿਜੀਟਲ ਕਰੰਸੀ ਨੂੰ ਫਿਜ਼ੀਕਲ ਨੋਟ ਜਾਂ ਕੈਸ਼ ’ਚ ਬਦਲ ਸਕਦੇ ਹੋ। ਕ੍ਰਿਪਟੋਕਰੰਸੀ ਦੇ ਲਈ ਕੋਈ ਬੈਂਕਰ ਨਹੀਂ ਹੈ ਜਦਕਿ ਡਿਜੀਟਲ ਕਰੰਸੀ ਲਈ ਰਿਜ਼ਰਵ ਬੈਂਕ ਆਫ ਇੰਡੀਆ ਭਾਵ ਆਰ. ਬੀ. ਆਈ. ਦੇ ਰੂਪ ’ਚ ਇਕ ਬੈਂਕ ਹੈ ਜਿਸ ਨੇ ਇਸ ਨੂੰ ਲਾਂਚ ਕੀਤਾ ਹੈ। ਭਾਵ ਕਿਸੇ ਬੈਂਕ ’ਚ ਜਾ ਕੇ ਕ੍ਰਿਪਟੋਕਰੰਸੀ ਦੇ ਕੇ ਕੋਈ ਕਰੰਸੀ ਕੈਸ਼ ’ਚ ਨਹੀਂ ਲੈ ਸਕਦਾ ਪਰ ਡਿਜੀਟਲ ਕਰੰਸੀ ਨੂੰ ਬੈਂਕ ’ਚ ਕੈਸ਼ ਦੇ ਰੂਪ ’ਚ ਲੈ ਸਕਦੇ ਹਾਂ। ਇਸ ਵਰਚੁਅਲ ਕਰੰਸੀ ਭਾਵ ਡਿਜੀਟਲ ਰੁਪਏ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਤੁਹਾਨੂੰ ਕਿਤੇ ਵੀ ਵੱਖਰਾ ਬੈਂਕ ਅਕਾਊਂਟ ਖੁੱਲ੍ਹਵਾਉਣ ਦੀ ਵੀ ਲੋੜ ਨਹੀਂ ਹੋਵੇਗੀ ਅਤੇ ਜੇਕਰ ਬੈਂਕ ਅਕਾਊਂਟ ਨਹੀਂ ਵੀ ਹੈ ਤਦ ਵੀ ਇਸ ਦੀ ਵਰਤੋਂ ਕਰ ਸਕੋਗੇ। ਅੱਗੇ ਚੱਲ ਕੇ ਇੰਟਰਨੈੱਟ ਕੁਨੈਕਸ਼ਨ ਨਾ ਹੋਣ ’ਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕੇਗੀ।

ਡਿਜੀਟਲ ਕਰੰਸੀ ਦੇ ਕਾਰਨ ਪੈਸਿਆਂ ਦਾ ਲੈਣ-ਦੇਣ ਬੜਾ ਸੌਖਾ ਹੋ ਜਾਵੇਗਾ ਅਤੇ ਵੱਡੇ-ਵੱਡੇ ਟ੍ਰਾਂਜੈਕਸ਼ਨ ਲਈ ਇਹ ਬੇਹੱਦ ਕਾਰਗਰ ਸਾਬਤ ਹੋਵੇਗਾ। ਚੈੱਕ, ਡ੍ਰਾਫਟ, ਬੈਂਕ ਅਕਾਊਂਟ ਟ੍ਰਾਂਜੈਕਸ਼ਨ ਦਾ ਝੰਜਟ ਵੀ ਕਾਫੀ ਹੱਦ ਤੱਕ ਘੱਟ ਹੋ ਜਾਵੇਗਾ ਅਤੇ ਮੋਬਾਇਲ ਨਾਲ ਕੁਝ ਹੀ ਸੈਕੰਡਾਂ ’ਚ ਪੈਸਾ ਟ੍ਰਾਂਸਫਰ ਹੋਵੇਗਾ।

ਇਸ ਦੇ ਨਾਲ ਹੀ ਨਕਲੀ ਕਰੰਸੀ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਸਕੇਗਾ। ਇਸ ਕਰੰਸੀ ਨੂੰ ਕਿਸੇ ਵੀ ਤਰ੍ਹਾਂ ਨਸ਼ਟ ਨਹੀਂ ਕੀਤਾ ਜਾ ਸਕੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਾਲ ਪੇਪਰ ਨੋਟ ਦੀ ਪ੍ਰਿੰਟਿੰਗ ਦਾ ਖਰਚ ਵੀ ਬਚੇਗਾ। ਪੂਰੇ ਦੇਸ਼ ’ਚ 4 ਥਾਂ ਮੱਧ ਪ੍ਰਦੇਸ਼ ਦੇ ਦੇਵਾਸ, ਮਹਾਰਾਸ਼ਟਰ ਦੇ ਨਾਸਿਕ, ਤਮਿਲਨਾਡੂ ਦੇ ਮੈਸੂਰ ਅਤੇ ਪੱਛਮੀ ਬੰਗਾਲ ਦੇ ਸਬਲੋਨੀ ’ਚ ਨੋਟਾਂ ਦੀ ਛਪਾਈ ਦਾ ਕੰਮ ਹੁੰਦਾ ਹੈ।

ਆਰ. ਬੀ. ਆਈ. ਦੇ ਅਨੁਸਾਰ ਹਰ ਸਾਲ ਨੋਟਾਂ ਦੀ ਛਪਾਈ ’ਚ ਲਗਭਗ ਸਾਢੇ 4 ਹਜ਼ਾਰ ਕਰੋੜ ਰੁਪਏ ਖਰਚ ਹੁੰਦਾ ਹੈ ਅਤੇ ਆਰ. ਬੀ. ਆਈ. ਅਨੁਸਾਰ 2020-22 ’ਚ ਨੋਟਾਂ ਦੀ ਛਪਾਈ ’ਤੇ 4,985 ਕਰੋੜ ਰੁਪਏ ਖਰਚ ਹੋਏ ਸਨ। 2020-21 ’ਚ ਨੋਟਾਂ ਦੀ ਛਪਾਈ ’ਤੇ 4,012 ਕਰੋੜ ਰੁਪਏ ਖਰਚ ਹੋਏ ਸਨ ਜਦਕਿ 2019-20 ’ਚ 4,378 ਕਰੋੜ ਰੁਪਏ ਖਰਚ ਹੋਏ ਸਨ। ਪਰ ਡਿਜੀਟਲ ਕਰੰਸੀ ਨਾਲ ਇਹ ਸਾਰਾ ਖਰਚ ਬਚ ਸਕਦਾ ਹੈ।


author

Rakesh

Content Editor

Related News