ਸ਼ਰਨਾਰਥੀਆਂ ਕਾਰਨ ਮੁਸੀਬਤ ’ਚ ਮਿਜ਼ੋਰਮ

Monday, Aug 28, 2023 - 04:03 PM (IST)

ਸ਼ਰਨਾਰਥੀਆਂ ਕਾਰਨ ਮੁਸੀਬਤ ’ਚ ਮਿਜ਼ੋਰਮ

ਮਣੀਪੁਰ ’ਚ ਬੀਤੇ 100 ਦਿਨ ਤੋਂ ਚੱਲ ਰਹੀ ਹਿੰਸਾ ਨੇ ਨਾਲ ਲੱਗਦੇ ਸੂਬੇ ਮਿਜ਼ੋਰਮ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ ਜਿੱਥੇ ਵੀ ਕੁਕੀ ਲੋਕਾਂ ਨੂੰ ਖਤਰਾ ਲੱਗ ਰਿਹਾ ਹੈ, ਉਹ ਹਿਜਰਤ ਕਰ ਕੇ ਨਾਲ ਲੱਗਦੇ ਸੂਬੇ ’ਚ ਜਾ ਰਹੇ ਹਨ। ਮਿਆਂਮਾਰ ’ਚ ਲੰਬੇ ਸਮੇਂ ਤੋਂ ਚੱਲ ਰਹੀ ਅਸ਼ਾਂਤੀ ਕਾਰਨ ਪੈਦਾ ਹੋਈ ਹਿਜਰਤ ਦਾ ਭਾਰ ਤਾਂ ਪਹਿਲਾਂ ਹੀ ਮਿਜ਼ੋਰਮ ਉਠਾ ਰਿਹਾ ਸੀ। ਇਕ ਪਾਸੇ ਸ਼ਰਨਾਰਥੀਆਂ ਦਾ ਆਰਥਿਕ ਅਤੇ ਸਮਾਜਿਕ ਭਾਰ, ਦੂਜਾ ਇਸ ਇਲਾਕੇ ’ਚ ਉਭਰਦੀਆਂ ਜੰਗੀ ਅਤੇ ਅਪਰਾਧਿਕ ਮੁਸ਼ਕਲਾਂ।

ਦੱਸਣਯੋਗ ਹੈ ਕਿ ਭਾਰਤ ਅਤੇ ਮਿਆਂਮਾਰ ਦਰਮਿਆਨ ਲਗਭਗ 1643 ਕਿਲੋਮੀਟਰ ਲੰਬੀ ਸਰਹੱਦ ਹੈ ਜਿਸ ’ਚ ਮਣੀਪੁਰ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਦਾ ਵੱਡਾ ਹਿੱਸਾ ਹੈ। ਮਿਜ਼ੋਰਮ ਦੇ 6 ਜ਼ਿਲਿਆਂ ਦੀ ਲਗਭਗ 510 ਕਿਲੋਮੀਟਰ ਲੰਬੀ ਸਰਹੱਦ ਮਿਆਂਮਾਰ ਨਾਲ ਲੱਗਦੀ ਹੈ ਅਤੇ ਵਧੇਰੇ ਖੁੱਲ੍ਹੀ ਹੋਈ ਹੈ।

ਸਿਰਫ 12.7 ਲੱਖ ਦੀ ਆਬਾਦੀ ਵਾਲੇ ਛੋਟੇ ਜਿਹੇ ਸੂਬੇ ਮਿਜ਼ੋਰਮ ’ਚ ਇਸ ਸਮੇਂ ਮਿਆਂਮਾਰ ਅਤੇ ਬੰਗਲਾਦੇਸ਼ ਤੋਂ ਆਏ 40,000 ਤੋਂ ਵੱਧ ਸ਼ਰਨਾਰਥੀਆਂ ਨੇ ਸ਼ਰਨ ਲਈ ਹੋਈ ਹੈ। ਕੋਵਿਡ ਅਤੇ ਕੇਂਦਰ ਸਰਕਾਰ ਤੋਂ ਮਿਲਣ ਵਾਲੇ ਕੇਂਦਰੀ ਟੈਕਸਾਂ ਦਾ ਹਿੱਸਾ ਨਾ ਮਿਲਣ ਕਾਰਨ ਸੂਬਾ ਸਰਕਾਰ ’ਤੇ ਪਹਿਲਾਂ ਤੋਂ ਹੀ ਵਿੱਤੀ ਸੰਕਟ ਮੰਡਰਾਅ ਰਿਹਾ ਹੈ। ਹਜ਼ਾਰਾਂ ਸ਼ਰਨਾਰਥੀਆਂ ਦੇ ਨਿਵਾਸ, ਭੋਜਨ ਅਤੇ ਹੋਰਨਾਂ ਖਰਚਿਆਂ ’ਤੇ ਸੂਬਾ ਸਰਕਾਰ ਨੂੰ 3 ਕਰੋੜ ਰੁਪਏ ਹਰ ਮਹੀਨੇ ਖਰਚ ਕਰਨੇ ਪੈ ਰਹੇ ਹਨ। ਇਸ ਕਾਰਨ ਬਹੁਤ ਸਾਰੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦਾ ਸਹੀ ਸਮੇਂ ’ਤੇ ਭੁਗਤਾਨ ਨਹੀਂ ਹੋ ਰਿਹਾ।

ਪਿਛਲੇ ਸਾਲ ਅਗਸਤ-ਸਤੰਬਰ ’ਚ ਵੀ ਜਦੋਂ ਮਿਆਂਮਾਰ ’ਚ ਸੁਰੱਖਿਆ ਫੋਰਸਾਂ ਅਤੇ ਅੰਡਰਗ੍ਰਾਊਂਡ ਸੰਗਠਨ ਅਰਕਾਨ ਆਰਮੀ ਦਰਮਿਆਨ ਖੂਨੀ ਸੰਘਰਸ਼ ਹੋਇਆ ਸੀ ਤਾਂ ਸੈਂਕੜੇ ਸ਼ਰਨਾਰਥੀ ਭਾਰਤ ਦੀ ਸਰਹੱਦ ਅੰਦਰ ਲਾਵੰਗਤਲਾਈ ਜ਼ਿਲੇ ’ਚ ਵਾਰਾਂਗ ਅਤੇ ਉਸ ਦੇ ਨਾਲ ਲੱਗਦੇ ਪਿੰਡਾਂ ’ਚ ਆ ਗਏ ਸਨ। ਲਵਾਂਗਤਲਾਈ ਜ਼ਿਲੇ ’ਚ ਲਗਭਗ 5909 ਸ਼ਰਨਾਰਥੀ ਹਨ। ਚੰਫਾਈ ਅਤੇ ਸਿਆਹਾ ਜ਼ਿਲਿਆਂ ’ਚ ਇਨ੍ਹਾਂ ਦੀ ਵੱਡੀ ਗਿਣਤੀ ਹੈ।

ਸੂਬੇ ਦੇ ਗ੍ਰਹਿ ਮੰਤਰੀ ਲਾਲਚਾਮਾਲਿਆਨ ਵਿਧਾਨ ਸਭਾ ’ਚ ਦੱਸ ਚੁੱਕੇ ਹਨ ਕਿ ਸੂਬੇ ’ਚ ਇਸ ਸਮੇਂ 35 ਹਜ਼ਾਰ ਮਿਆਂਮਾਰ ਦੇ ਸ਼ਰਨਾਰਥੀ ਹਨ। ਇਨ੍ਹਾਂ ’ਚੋਂ 30,177 ਲੋਕਾਂ ਨੂੰ ਕਾਰਡ ਵੀ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਚਟਗਾਂਵ ਪਹਾੜੀ (ਬੰਗਲਾਦੇਸ਼) ’ਚ ਅਸ਼ਾਂਤੀ ਕਾਰਨ ਕੋਈ 1000 ਲੋਕ ਉੱਥੋਂ ਦੇ ਹਨ। 12,600 ਸ਼ਰਨਾਰਥੀ ਅਜੇ ਤਕ ਮਣੀਪੁਰ ਤੋਂ ਪਹੁੰਚ ਚੁੱਕੇ ਹਨ। ਅੱਜ ਉੱਥੇ ਸ਼ਰਨਾਰਥੀਆਂ ਦੀ ਜਾਇਜ਼ ਗਿਣਤੀ 50,000 ਹੋ ਚੁੱਕੀ ਹੈ।

ਹੁਣੇ ਜਿਹੇ ਹੀ ਸੂਬਾ ਸਰਕਾਰ ਨੇ ਦੱਸਿਆ ਕਿ ਵਧਦੇ ਸ਼ਰਨਾਰਥੀਆਂ ਦਾ ਭਾਰ ਹੁਣ ਉੱਥੇ ਸਰਕਾਰੀ ਸਕੂਲਾਂ ’ਤੇ ਵੀ ਪੈ ਰਿਹਾ ਹੈ। ਅਜੇ ਲਗਭਗ 8100 ਸ਼ਰਨਾਰਥੀ ਬੱਚੇ ਇੱਥੋਂ ਦੇ ਸਕੂਲਾਂ ’ਚ ਹਨ। ਇਨ੍ਹਾਂ ’ਚੋਂ 6366 ਮਿਆਂਮਾਰ ਦੇ, 250 ਬੰਗਲਾਦੇਸ਼ ਅਤੇ 1503 ਮਣੀਪੁਰ ਦੇ ਹਨ। ਇਨ੍ਹਾਂ ਬੱਚਿਆਂ ਲਈ ਮਿਡ-ਡੇ-ਮੀਲ ਤੋਂ ਲੈ ਕੇ ਕਿਤਾਬਾਂ ਤੱਕ ਦਾ ਵਾਧੂ ਭਾਰ ਸੂਬਾ ਸਰਕਾਰ ’ਤੇ ਹੈ।

ਗੁਆਂਢੀ ਦੇਸ਼ ਮਿਆਂਮਾਰ ’ਚ ਪੈਦਾ ਹੋਏ ਸਿਆਸੀ ਸੰਕਟ ਕਾਰਨ ਸਾਡੇ ਦੇਸ਼ ’ਚ ਹਜ਼ਾਰਾਂ ਲੋਕ ਅਜੇ ਆਮ ਲੋਕਾਂ ਦੇ ਰਹਿਮ ’ਤੇ ਆਰਜ਼ੀ ਕੈਂਪਾਂ ’ਚ ਰਹਿ ਰਹੇ ਹਨ। ਇਹ ਤਾਂ ਸਭ ਜਾਣਦੇ ਹਨ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਕੋਲ ਕਿਸੇ ਵੀ ਵਿਦੇਸ਼ੀ ਨੂੰ ਸ਼ਰਨਾਰਥੀ ਦਾ ਦਰਜਾ ਦੇਣ ਦੀ ਕੋਈ ਸ਼ਕਤੀ ਨਹੀਂ ਹੈ। ਇਹੀ ਨਹੀਂ, ਭਾਰਤ ਨੇ 1951 ਦੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਸੰਮੇਲਨ ਅਤੇ ਇਸ ਦੇ 1967 ਦੇ ਪ੍ਰੋਟੋਕਾਲ ’ਤੇ ਹਸਤਾਖਰ ਨਹੀਂ ਕੀਤੇ ਹਨ।

ਸਾਡੇ ਦੇਸ਼ ’ਚ ਸ਼ਰਨਾਰਥੀ ਬਣ ਕੇ ਰਹਿ ਰਹੇ ਇਨ੍ਹਾਂ ਲੋਕਾਂ ’ਚ ਕਈ ਤਾਂ ਉੱਥੋਂ ਦੀ ਪੁਲਸ ਅਤੇ ਹੋਰਨਾਂ ਸੇਵਾਵਾਂ ਦੇ ਲੋਕ ਹਨ ਜਿਨ੍ਹਾਂ ਨੇ ਫੌਜੀ ਤਖਤਾਪਲਟ ਦਾ ਸ਼ਰੇਆਮ ਵਿਰੋਧ ਕੀਤਾ ਸੀ। ਹੁਣ ਜਦੋਂ ਮਿਆਂਮਾਰ ਦੀ ਫੌਜ ਹਰ ਵਿਰੋਧੀ ਨੂੰ ਗੋਲੀ ਮਾਰਨ ’ਤੇ ਉਤਾਰੂ ਹੈ, ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਲਈ ਸਭ ਤੋਂ ਵਧੀਆ ਥਾਂ ਭਾਰਤ ਹੀ ਨਜ਼ਰ ਆਈ। ਨਾਲ ਹੀ ਇਹ ਕੌੜੀ ਸੱਚਾਈ ਵੀ ਹੈ ਕਿ ਉੱਤਰ-ਪੂਰਬ ਭਾਰਤ ’ਚ ਮਿਆਂਮਾਰ ਤੋਂ ਸ਼ਰਨਾਰਥੀਆਂ ਦਾ ਸੰਕਟ ਵਧ ਰਿਹਾ ਹੈ।

ਦੂਜੇ ਪਾਸੇ ਆਸਾਮ ’ਚ ਮਿਆਂਮਾਰ ਦੀ ਗੈਰ-ਕਾਨੂੰਨੀ ਸੁਪਾਰੀ ਦੀ ਸਮੱਗਲਿੰਗ ਵਧ ਗਈ ਹੈ। ਇਲਾਕੇ ’ਚ ਸਰਗਰਮ ਵੱਖਵਾਦੀ ਗਰੁੱਪ ਮਿਆਂਮਾਰ ਦੇ ਰਸਤੇ ਚੀਨ ਤੋਂ ਮਦਦ ਲੈਣ ਲਈ ਇਨ੍ਹਾਂ ਸ਼ਰਨਾਰਥੀਆਂ ਦੀ ਆੜ ਲੈ ਰਹੇ ਹਨ। ਇਹ ਗੱਲ ਵੀ ਉਜਾਗਰ ਹੈ ਕਿ ਉੱਤਰੀ-ਪੂਰਬੀ ਸੂਬਿਆਂ ’ਚ ਸਰਗਰਮ ਕਈ ਵੱਖਵਾਦੀ ਸੰਗਠਨਾਂ ਦੇ ਕੈਂਪ ਅਤੇ ਟਿਕਾਣੇ ਮਿਆਂਮਾਰ ’ਚ ਹੀ ਹਨ। ਚੀਨ ਦੇ ਰਸਤਿਓਂ ਇਨ੍ਹਾਂ ਨੂੰ ਮਦਦ ਮਿਲਦੀ ਹੈ।

ਅਜਿਹੀ ਹਾਲਤ ’ਚ ਅਸਲੀ ਸ਼ਰਨਾਰਥੀ ਅਤੇ ਸ਼ੱਕੀ ’ਚ ਫਰਕ ਦਾ ਕੋਈ ਤੰਤਰ ਵਿਕਸਿਤ ਨਹੀਂ ਹੋ ਸਕਿਆ। ਇਹ ਹੁਣ ਦੇਸ਼ ਦੀ ਸੁਰੱਖਿਆ ਦਾ ਮੁੱਦਾ ਵੀ ਹੈ। ਵਿਚਾਰ ਕਰਨਾ ਹੋਵੇਗਾ ਕਿ ਪਿਛਲੇ ਕੁਝ ਮਹੀਨਿਆਂ ’ਚ ਸੂਬਾਈ ਪੁਲਸ ਨੇ 22.93 ਕਿਲੋ ਹੈਰੋਇਨ ਅਤੇ 101.26 ਕਿਲੋ ਮੈਥਾਨਫੇਟਾਮਾਈਨ ਦੀਆਂ ਗੋਲੀਆਂ ਸਮੇਤ ਵੱਖ-ਵੱਖ ਡਰੱਗਜ਼ ਨੂੰ ਬਰਾਮਦ ਕੀਤਾ। ਇਨ੍ਹਾਂ ਦੀ ਕੁਲ ਕੀਮਤ 39 ਕਰੋੜ ਰੁਪਏ ਹੈ।

ਭਾਰਤ ਲਈ ਇਹ ਗੰਭੀਰ ਦੁਵਿਧਾ ਵਾਲੀ ਹਾਲਤ ਹੈ ਕਿ ਉਸੇ ਮਿਆਂਮਾਰ ਤੋਂ ਆਏ ਰੋਹਿੰਗਿਆਂ ਵਿਰੁੱਧ ਪੂਰੇ ਦੇਸ਼ ’ਚ ਮੁਹਿੰਮ ਅਤੇ ਮਾਹੌਲ ਬਣਾਇਆ ਜਾ ਰਿਹਾ ਹੈ ਪਰ ਹੁਣ ਜੋ ਸ਼ਰਨਾਰਥੀ ਆ ਰਹੇ ਹਨ, ਉਹ ਗੈਰ-ਮੁਸਲਿਮ ਹੀ ਹਨ-ਇਹੀ ਨਹੀਂ, ਰੋਹਿੰਗਿਆਂ ਵਿਰੁੱਧ ਹਿੰਸਕ ਮੁਹਿੰਮ ਚਲਾਉਣ ਵਾਲੇ ਬੋਧ ਸੰਗਠਨ ਹੁਣ ਮਿਆਂਮਾਰ ਫੌਜ ਦੇ ਹਮਾਇਤੀ ਬਣ ਗਏ ਹਨ।

ਮਿਆਂਮਾਰ ਦੇ ਬਹੁਗਿਣਤੀ ਬੋਧ ਭਾਈਚਾਰੇ ਨੂੰ ਰੋਹਿੰਗਿਆਂ ਵਿਰੁੱਧ ਨਫਰਤ ਦੀ ਜ਼ਹਿਰ ਭਰਨ ਵਾਲਾ ਅਸ਼ੀਨ ਬਿਰਾਥੂ ਹੁਣ ਉਸ ਫੌਜ ਦੀ ਹਮਾਇਤ ਕਰ ਰਿਹਾ ਹੈ ਜੋ ਚੁਣੀ ਹੋਈ ਆਂਗ ਸਾਂਗ ਸੂ ਕੀ ਨੂੰ ਗ੍ਰਿਫਤਾਰ ਕਰ ਕੇ ਲੋਕਰਾਜ ਨੂੰ ਖਤਮ ਕਰ ਚੁੱਕੀ ਹੈ।

ਮਿਆਂਮਾਰ ਤੋਂ ਆ ਰਹੇ ਸ਼ਰਨਾਰਥੀਆਂ ਦਾ ਇਹ ਜਥਾ ਕੇਂਦਰ ਸਰਕਾਰ ਲਈ ਦੁਵਿਧਾ ਬਣਿਆ ਹੋਇਆ ਹੈ। ਅਸਲ ’ਚ ਕੇਂਦਰ ਨਹੀਂ ਚਾਹੁੰਦਾ ਕਿ ਮਿਆਂਮਾਰ ਤੋਂ ਕੋਈ ਵੀ ਸ਼ਰਨਾਰਥੀ ਇੱਥੇ ਆ ਕੇ ਵਸੇ ਕਿਉਂਕਿ ਰੋਹਿੰਗਿਆਂ ਦੇ ਮਾਮਲੇ ’ਚ ਕੇਂਦਰ ਦਾ ਰੁਖ ਸਪੱਸ਼ਟ ਹੈ ਪਰ ਜੇ ਇਨ੍ਹਾਂ ਨਵੇਂ ਸ਼ਰਨਾਰਥੀਆਂ ਦਾ ਸਵਾਗਤ ਕੀਤਾ ਜਾਂਦਾ ਹੈ ਤਾਂ ਧਾਰਮਿਕ ਆਧਾਰ ’ਤੇ ਸ਼ਰਨਾਰਥੀਆਂ ਨਾਲ ਮਾੜਾ ਵਰਤਾਅ ਕਰਨ ਦੇ ਦੋਸ਼ ਹੇਠ ਦੁਨੀਆ ’ਚ ਭਾਰਤ ਦੀ ਕਿਰਕਿਰੀ ਹੋ ਸਕਦੀ ਹੈ।

ਮਿਜ਼ੋਰਮ ਦੇ ਮੁੱਖ ਮੰਤਰੀ ਜੋਨਾਰਥਾਂਗਮਾ ਇਸ ਸਬੰਧੀ ਇਕ ਚਿੱਠੀ ਲਿਖ ਕੇ ਦੱਸ ਚੁੱਕੇ ਹਨ ਕਿ ਇਹ ਸਿਰਫ ਮਿਆਂਮਾਰ ਦਾ ਅੰਦਰੂਨੀ ਮਾਮਲਾ ਨਹੀਂ ਰਹਿ ਗਿਆ। ਇਹ ਲਗਭਗ ਪੂਰਬੀ ਪਾਕਿਸਤਾਨ ਦੇ ਬੰਗਲਾਦੇਸ਼ ਵਜੋਂ ਉਭਰਨ ਵਾਂਗ ਸ਼ਰਨਾਰਥੀ ਸਮੱਸਿਆ ਬਣ ਚੁੱਕਾ ਹੈ। ਮਿਜ਼ੋਰਮ ਸਰਕਾਰ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਸਪੱਸ਼ਟ ਕਰ ਚੁੱਕੀ ਹੈ ਕਿ ਉਹ ਮਿਆਂਮਾਰ ’ਚ ਸ਼ਾਂਤੀ ਸਥਾਪਿਤ ਹੋਣ ਤੱਕ ਕਿਸੇ ਵੀ ਸ਼ਰਨਾਰਥੀ ਨੂੰ ਜਬਰੀ ਸਰਹੱਦ ’ਤੇ ਨਹੀਂ ਧੱਕੇਗੀ। ਜਦੋਂ ਵਿਦੇਸ਼ ਦੇ ਸ਼ਰਨਾਰਥੀਆਂ ਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ ਤਾਂ ਆਪਣੇ ਹੀ ਦੇਸ਼ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਤਾਂ ਰੋਕ ਸਕਦੇ ਨਹੀਂ।

ਪੰਕਜ ਚਤੁਰਵੇਦੀ


author

Rakesh

Content Editor

Related News