ਧਰਮ ਅਤੇ ਸਿਆਸਤ ਦਾ ਰਲੇਵਾਂ, ਰੱਬ ਨੂੰ ਸਿਆਸਤ ਤੋਂ ਦੂਰ ਰੱਖੋ

Wednesday, Oct 02, 2024 - 05:55 PM (IST)

ਧਰਮ ਅਤੇ ਸਿਆਸਤ ਦਾ ਰਲੇਵਾਂ, ਰੱਬ ਨੂੰ ਸਿਆਸਤ ਤੋਂ ਦੂਰ ਰੱਖੋ

ਇਹ ਸਭ ਪਵਿੱਤਰ ਲੱਡੂਆਂ ਨਾਲ ਸ਼ੁਰੂ ਹੋਇਆ। ਅੱਜ ਵਿਵਾਦ ਦਾ ਮੁੱਦਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦਾ ਇਹ ਬਿਆਨ ਹੈ ਕਿ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ਵਿਚ ਲੱਡੂ ਬਣਾਉਣ ਲਈ ਵਰਤੇ ਜਾਣ ਵਾਲੇ ਘਿਓ ਵਿਚ ਜਾਨਵਰਾਂ ਦੀ ਚਰਬੀ ਪਾਈ ਗਈ ਸੀ ਅਤੇ ਉਸ ਤੋਂ ਬਾਅਦ ਮੰਦਰ ਵਿਚ ਸ਼ੁੱਧੀਕਰਨ ਕੀਤਾ ਗਿਆ। ਇਸ ਤੋਂ ਬਾਅਦ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ।

ਨਾਇਡੂ ਨੇ ਆਪਣੇ ਵਿਰੋਧੀ ਅਤੇ ਸਾਬਕਾ ਮੁੱਖ ਮੰਤਰੀ ਜਗਨਮੋਹਨ ਰੈੱਡੀ ’ਤੇ ਪਵਿੱਤਰ ਪ੍ਰਸ਼ਾਦਮ ਨੂੰ ਅਪਵਿੱਤਰ ਕਰਨ ਦਾ ਦੋਸ਼ ਲਗਾਇਆ, ਜਿਸ ਦਾ ਕਰੋੜਾਂ ਹਿੰਦੂਆਂ ਦੇ ਦਿਲਾਂ ਵਿਚ ਵਿਸ਼ੇਸ਼ ਸਥਾਨ ਹੈ। ਰੈੱਡੀ ਨੇ ਇਸ ਦਾ ਜਵਾਬ ਨਾਇਡੂ ’ਤੇ ਇਹ ਹਮਲਾ ਕਰਦੇ ਹੋਏ ਦਿੱਤਾ ਕਿ ਉਹ ਸਿਆਸੀ ਫਾਇਦੇ ਲਈ ਝੂਠ ਫੈਲਾਅ ਰਹੇ ਹਨ ਅਤੇ ਸਮਾਜਿਕ ਜ਼ਿੰਮੇਵਾਰੀ ਤੋਂ ਬਿਨਾਂ ਕੰਮ ਕਰ ਰਹੇ ਹਨ।

ਇਸ ਤੋਂ ਨਾਰਾਜ਼ ਹੋ ਕੇ, ਸੁਪਰੀਮ ਕੋਰਟ ਨੇ ਕੱਲ੍ਹ ਤਿਰੂਪਤੀ ਵਿਚ ਦੇਵੀ-ਦੇਵਤਿਆਂ ਅਤੇ ਸ਼ਰਧਾਲੂਆਂ ਨੂੰ ਅਪਵਿੱਤਰ ਪ੍ਰਸ਼ਾਦ ਸਬੰਧੀ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਨਾਇਡੂ ਸਰਕਾਰ ਨੂੰ ਫਟਕਾਰ ਲਾਈ ਅਤੇ ਕਿਹਾ ਕਿ ਮੁੱਖ ਮੰਤਰੀ ਇਕ ਸੰਵਿਧਾਨਕ ਅਹੁਦੇ ’ਤੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਰੱਬ ਨੂੰ ਸਿਆਸਤ ਤੋਂ ਵੱਖਰਾ ਰੱਖਿਆ ਜਾਵੇ ਅਤੇ ਨਾਲ ਹੀ ਧਰਮ ਨੂੰ ਵੀ ਸਿਆਸਤ ਤੋਂ ਵੱਖ ਰੱਖਿਆ ਜਾਵੇ। ਤੁਹਾਨੂੰ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਜਾਂਚ ਦੇ ਹੁਕਮ ਦਿੱਤੇ ਹਨ ਤਾਂ ਤੁਹਾਨੂੰ ਪ੍ਰੈੱਸ ਕੋਲ ਜਾਣ ਦੀ ਕੀ ਲੋੜ ਸੀ? ਲੈਬ ਦੀ ਰਿਪੋਰਟ ਜੁਲਾਈ ਵਿਚ ਆਈ ਸੀ ਅਤੇ ਤੁਸੀਂ ਸਤੰਬਰ ਵਿਚ ਆਪਣਾ ਬਿਆਨ ਦਿੱਤਾ। ਲੈਬ ਦੀ ਰਿਪੋਰਟ ਸਪੱਸ਼ਟ ਨਹੀਂ ਹੈ ਜਾਂ ਇਹ ਸਾਬਤ ਨਹੀਂ ਕਰਦੀ ਕਿ ਲੱਡੂ ਬਣਾਉਣ ਲਈ ਮੱਛੀ ਦੇ ਤੇਲ ਜਾਂ ਜਾਨਵਰਾਂ ਦੀ ਚਰਬੀ ਨੂੰ ਘਿਓ ਵਿਚ ਮਿਲਾਇਆ ਗਿਆ ਸੀ।

ਇਹ ਬੁਨਿਆਦੀ ਸਵਾਲ ਵੱਲ ਧਿਆਨ ਦਿਵਾਉਂਦਾ ਹੈ ਕਿ ਸਾਡੇ ਆਗੂ ਵੋਟਰਾਂ ਨੂੰ ਲੁਭਾਉਣ ਲਈ ਸਿਆਸਤ ਵਿਚ ਧਰਮ ਦੀ ਵਰਤੋਂ ਲਗਾਤਾਰ ਕਰਦੇ ਹਨ। ਅਸੀਂ ਧਰਮ ਦੇ ਖੁੱਲ੍ਹੇਆਮ ਸਿਆਸੀਕਰਨ ਦੇ ਗਵਾਹ ਹਾਂ, ਜਿੱਥੇ ਸਾਡੇ ਆਗੂਆਂ ਨੇ ਧਰਮ ਨੂੰ ਭਾਰਤੀ ਸਿਆਸਤ ਦਾ ਮੁੱਖ ਅੰਗ ਬਣਾ ਦਿੱਤਾ ਹੈ ਅਤੇ ਜਿੱਥੇ ਚੋਣ ਲਾਭ ਲਈ ਧਰਮ ਦੀ ਵਰਤੋਂ ਕਰਨਾ ਬੇਹੱਦ ਲਾਭਦਾਇਕ ਹੋ ਗਿਆ ਹੈ ਕਿਉਂਕਿ ਇਹ ਵੋਟਰਾਂ ਨੂੰ ਲੁਭਾਉਂਦਾ ਹੈ। ਇਸ ਲਈ ਮੁਕਾਬਲੇ ਦੀ ਜਮਹੂਰੀਅਤ ਦੇ ਮਾਹੌਲ ਵਿਚ, ਵਿਕਾਸ ਪਿੱਛੇ ਰਹਿ ਜਾਂਦਾ ਹੈ।

ਅੱਜ ਸਿਆਸਤ ਧਰੁਵੀਕਰਨ ਅਤੇ ਤੁਸ਼ਟੀਕਰਨ ਤੱਕ ਸੀਮਤ ਹੋ ਗਈ ਹੈ, ਜਿਸ ਕਾਰਨ ਨਾ ਸਿਰਫ ਨਫਰਤ ਫੈਲ ਰਹੀ ਹੈ ਸਗੋਂ ਫਿਰਕੂ ਮਤਭੇਦ ਵੀ ਵਧ ਰਹੇ ਹਨ। ਵੱਖ-ਵੱਖ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣ ਦੀ ਕੋਈ ਇੱਛਾ ਨਹੀਂ ਜਾਪਦੀ। ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਇਹ ਤਬਾਹਕੁੰਨ ਹੋ ਸਕਦਾ ਹੈ, ਜਿਸ ਨਾਲ ਫਿਰਕੂ ਹਿੰਸਾ ਵਿਚ ਵਾਧਾ ਹੋ ਸਕਦਾ ਹੈ ਅਤੇ ਇਹ ਅਤਿਅੰਤ ਫਿਰਕੂਵਾਦ ਦੇ ਬੀਜ ਬੀਜ ਸਕਦਾ ਹੈ।

ਜਦੋਂ ਸੁਆਰਥੀ ਵੋਟ ਬੈਂਕ ਦੀ ਸਿਆਸਤ ਸਾਡੇ ਸਿਆਸਤਦਾਨਾਂ ਦੀ ਸਿਆਸੀ ਵਿਚਾਰਧਾਰਾ ਅਤੇ ਨਜ਼ਰੀਏ ਨੂੰ ਕੰਟਰੋਲ ਕਰਦੀ ਹੈ ਤਾਂ ਉਹ ਇਸ ਨੂੰ ਆਪਣੇ ਚੋਣ ਲਾਭ ਦੇ ਅਨੁਕੂਲ ਬਣਾਉਂਦੇ ਹਨ ਅਤੇ ਇਸ ਸਬੰਧ ਵਿਚ ਸਾਰੇ ਆਗੂ ਇਕੋ ਰੰਗ ਵਿਚ ਰੰਗੇ ਹੋਏ ਹਨ। ਸਾਡੇ ਆਗੂਆਂ, ਪਾਰਟੀਆਂ ਅਤੇ ਸਵੈ-ਐਲਾਨੀਆਂ ਧਾਰਮਿਕ-ਸਿਆਸੀ ਅਥਾਰਟੀਆਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਲਈ ਇਸ ਨੂੰ ਧਾਰਮਿਕ ਰਾਸ਼ਟਰਵਾਦ ਦੀ ਚਾਦਰ ਚੜ੍ਹਾਉਣੀ ਖਤਰਨਾਕ ਹੈ।

ਸਿਆਸਤਦਾਨ ‘ਗੌਡਮੈਨ’ ਦੀ ਪਾਲਣਾ ਕਰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਕੱਟੜ ਚੇਲਿਆਂ ਤੋਂ ਸਮਰਪਿਤ ਵੋਟ ਬੈਂਕ ਮਿਲਦਾ ਹੈ, ਜਿਸ ਕਾਰਨ ਉਹ ਸੱਤਾ ਦਾ ਕੇਂਦਰ ਬਣ ਜਾਂਦੇ ਹਨ।

ਇਸ ਦੀ ਇਕ ਉਦਾਹਰਣ ਇਹ ਹੈ ਕਿ 5 ਅਕਤੂਬਰ ਨੂੰ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੌਰਾਨ ਸੂਬਾ ਸਰਕਾਰ ਨੇ ਜੇਲ੍ਹ ਪ੍ਰਸ਼ਾਸਨ ਨੂੰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਪੈਰੋਲ ’ਤੇ ਰਿਹਾਅ ਕਰਨ ਦੀ ਬੇਨਤੀ ਕੀਤੀ ਹੈ ਅਤੇ ਇਹ ਬੇਨਤੀ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੂੰ ਭੇਜੀ ਗਈ, ਜਿਸ ਨੇ ਸੂਬਾ ਸਰਕਾਰ ਕੋਲੋਂ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਹਾਲਾਤ ਦੀ ਜਾਇਜ਼ਤਾ ਪੁੱਛੀ ਹੈ। ਖਾਸ ਕਰਕੇ ਇਸ ਲਈ ਜਦੋਂ ਉਹ ਹਾਲ ਹੀ ਵਿਚ 21 ਦਿਨਾਂ ਦੀ ਫਰਲੋ ਪੂਰੀ ਕਰਕੇ 2 ਸਤੰਬਰ ਨੂੰ ਜੇਲ੍ਹ ’ਚ ਵਾਪਸ ਪਰਤੇ ਹਨ।

ਇਸ ਦਾ ਕਾਰਨ ਕੀ ਹੈ? ਰਾਮ ਰਹੀਮ, ਜਿਸ ਨੂੰ 2017 ਵਿਚ ਆਪਣੀਆਂ ਦੋ ਚੇਲੀਆਂ ਨਾਲ ਜਬਰ-ਜ਼ਨਾਹ ਅਤੇ ਇਕ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਹੋਈ ਹੈ, ਦਾ ਸੂਬੇ ਵਿਚ ਕਾਫ਼ੀ ਪ੍ਰਭਾਵ ਹੈ ਅਤੇ ਉਹ 2014 ਤੋਂ ਭਾਜਪਾ ਦੀ ਹਮਾਇਤ ਕਰ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਉਹ 10 ਵਾਰ ਪੈਰੋਲ ’ਤੇ ਰਿਹਾਅ ਹੋ ਚੁੱਕਾ ਹੈ ਅਤੇ ਪਿਛਲੇ ਦੋ ਸਾਲਾਂ ਵਿਚ ਚੋਣਾਂ ਤੋਂ ਪਹਿਲਾਂ 7 ਵਾਰ ਪੈਰੋਲ ਦਿੱਤੀ ਗਈ ਹੈ। ਇਸ ਸਾਲ ਉਸ ਨੂੰ ਪਹਿਲਾਂ ਹੀ 50 ਦਿਨਾਂ ਦੀ ਪੈਰੋਲ ਦਿੱਤੀ ਜਾ ਚੁੱਕੀ ਹੈ। ਬਾਬਾ ਰਾਮਦੇਵ ਅਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਵੀ ਮੋਦੀ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿਚ ਸ਼ਾਮਲ ਹੋਏ। ਦੋਵਾਂ ਨੇ ਪ੍ਰਭਾਵਸ਼ਾਲੀ ਭੂਮਿਕਾਵਾਂ ਨਿਭਾਈਆਂ।

ਇਹੋ ਜਿਹੇ ਸਾਧੂ-ਮਹਾਤਮਾ ਸਿਆਸਤ ਵਿਚ ਕਿਉਂ ਸ਼ਾਮਲ ਹੁੰਦੇ ਹਨ? ਇਸ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਸਾਰਿਆਂ ਦੇ ਡੂੰਘੇ ਸਿਆਸੀ ਸਬੰਧ ਹੁੰਦੇ ਹਨ ਅਤੇ ਇਹ ਲੈਣ-ਦੇਣ ਦੇ ਸਿਧਾਂਤ ’ਤੇ ਕੰਮ ਕਰਦੇ ਹਨ। ਆਗੂ ਆਪਣੀ ਸਿਆਸਤ ਵਿਚ ਧਾਰਮਿਕਤਾ ਲਿਆਉਂਦੇ ਹਨ, ਜਦੋਂ ਕਿ ਇਹ ਸੰਤ-ਮਹਾਤਮਾ ਸਮਾਜ ਸੁਧਾਰ ਅਤੇ ਵਿਗਿਆਨਕ ਪਹੁੰਚ ਦੀ ਗੱਲ ਵੀ ਕਰਦੇ ਹਨ।

ਤੁਹਾਨੂੰ ਯਾਦ ਹੋਵੇਗਾ ਕਿ ਵਿਵਾਦਗ੍ਰਸਤ ਤਾਂਤਰਿਕ ਚੰਦਰਾਸਵਾਮੀ, ਜੋ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੇ ਕਾਰਜਕਾਲ ਦੌਰਾਨ ਇਕ ਪ੍ਰਭਾਵਸ਼ਾਲੀ ਸੱਤਾ ਦੇ ਦਲਾਲ ਸਨ ਅਤੇ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਮਾਰਗ੍ਰੇਟ ਥੈਚਰ, ਐਲਿਜ਼ਾਬੈਥ ਟੇਲਰ ਅਤੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਅਧਿਆਤਮਕ ਗੁਰੂ ਵੀ ਸਨ, ਜਦੋਂ ਉਨ੍ਹਾਂ ਦਾ ਨਾਂ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ’ਚ ਉਛਲਿਆ ਤਾਂ ਉਹ ਗੁੰਮਨਾਮ ਹੋ ਗਏ। ਉਨ੍ਹਾਂ ਨੂੰ 1996 ਵਿਚ ਲੰਡਨ ਦੇ ਇਕ ਕਾਰੋਬਾਰੀ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸੇ ਸਾਲ ਮਈ ਵਿਚ ਉਨ੍ਹਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਇੰਦਰਾ ਗਾਂਧੀ ਦੇ ਧੀਰੇਂਦਰ ਬ੍ਰਹਮਚਾਰੀ ਵੀ ਸਨ।

ਉੱਤਰ ਪ੍ਰਦੇਸ਼ ਸਰਕਾਰ ਵਲੋਂ ਰੈਸਟੋਰੈਂਟਾਂ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਵਾਲੇ ਰੇਹੜੀ-ਪੱਟੜੀ ਵਾਲਿਆਂ ਨੂੰ ਆਪਣੇ ਮਾਲਕਾਂ ਦੇ ਨਾਂ ਪ੍ਰਦਰਸ਼ਿਤ ਕਰਨ ਦੀਆਂ ਹਦਾਇਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ। ਅਜਿਹਾ ਹੀ ਕਾਂਵੜ ਯਾਤਰਾ ਦੌਰਾਨ ਕੀਤਾ ਗਿਆ ਸੀ ਅਤੇ ਇਸ ਨੂੰ ਹਿਮਾਚਲ ਪ੍ਰਦੇਸ਼ ਦੇ ਇਕ ਮੰਤਰੀ ਨੇ ਵੀ ਲਾਗੂ ਕਰਵਾਇਆ, ਹਾਲਾਂਕਿ ਹਾਈਕਮਾਨ ਨੇ ਉਨ੍ਹਾਂ ਨੂੰ ਫਟਕਾਰ ਵੀ ਲਾਈ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ 2017 ਦੇ ਇਕ ਫੈਸਲੇ ’ਚ ਅਦਾਲਤ ਦੇ ਸੱਤ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਕਿਹਾ ਸੀ ਕਿ ਕੋਈ ਵੀ ਸਿਆਸਤਦਾਨ ਧਰਮ ਜਾਂ ਜਾਤ ਦੇ ਨਾਂ ’ਤੇ ਵੋਟ ਨਹੀਂ ਲੈ ਸਕਦਾ। ਨਿਸ਼ਚਿਤ ਤੌਰ ’ਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਜ਼ਿਆਦਾ ਵਾਰ ਉਲੰਘਣਾ ਕੀਤੀ ਗਈ ਅਤੇ ਧਰਮ ਸਿਆਸਤ ਵਿਚ ਭੂਮਿਕਾ ਨਿਭਾਉਂਦਾ ਰਿਹਾ। ਹੋ ਸਕਦਾ ਹੈ ਕਿ ਇਸ ਵਿਚ ਬਹੁਤਾ ਵਾਧਾ ਨਾ ਹੋਇਆ ਹੋਵੇ।

ਹੁਣ ਸਮਾਂ ਆ ਗਿਆ ਹੈ ਕਿ ਭਾਰਤ ਧਾਰਮਿਕ ਭੇਦ-ਭਾਵ ਦੇ ਜਾਲ ਵਿਚੋਂ ਨਿਕਲ ਕੇ ਧਰਮ ਨੂੰ ਰਾਜ ਤੋਂ ਵੱਖ ਕਰੇ, ਨਹੀਂ ਤਾਂ ਸਾਡਾ ਦੇਸ਼ ਵੀ ਈਰਾਨ ਜਾਂ ਸਾਊਦੀ ਅਰਬ ਵਰਗਾ ਬਣ ਜਾਵੇਗਾ। ਰਾਜ ਦਾ ਸੰਵਿਧਾਨ ਤੋਂ ਬਿਨਾਂ ਹੋਰ ਕੋਈ ਧਰਮ ਨਹੀਂ ਹੁੰਦਾ। ਇਸ ਲਈ ਮਜ਼ਬੂਤ ​​ਸਿਆਸੀ ਇੱਛਾ ਸ਼ਕਤੀ ਦੀ ਲੋੜ ਹੈ।

ਕੁੱਲ ਮਿਲਾ ਕੇ ਕਿਸੇ ਵੀ ਕੀਮਤ ’ਤੇ ਸੱਤਾ ਹਾਸਲ ਕਰਨ ਲਈ ਉਤਾਵਲੇ ਸਾਡੇ ਆਗੂਆਂ ਨੂੰ ਵੋਟ ਬੈਂਕ ਦੀ ਸਿਆਸਤ ਤੋਂ ਪਰ੍ਹੇ ਸੋਚਣਾ ਪਵੇਗਾ ਅਤੇ ਧਾਰਮਿਕ ਮੁੱਦੇ ਉਠਾਉਣ ਤੋਂ ਗੁਰੇਜ਼ ਕਰਨਾ ਪਵੇਗਾ। ਸਾਡੇ ਆਗੂਆਂ ਦੇ ਸੰਵਿਧਾਨਕ ਅਹੁਦਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਮਝਦਾਰੀ ਅਤੇ ਸੰਜਮ ਵਰਤਣ। ਪਾਰਟੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਸਥਾਈ ਨੁਕਸਾਨ ਹੋ ਸਕਦਾ ਹੈ। ਜ਼ਖਮ ਪੀੜ੍ਹੀਆਂ ਤੱਕ ਨਹੀਂ ਭਰਦੇ। ਕੀ ਆਗੂ ਇਸ ਪਾਸੇ ਧਿਆਨ ਦੇਣਗੇ?

ਪੂਨਮ ਆਈ. ਕੌਸ਼ਿਸ਼


author

Rakesh

Content Editor

Related News