ਹੁਣ ਚੀਨ ਵਲੋਂ ਦੁਨੀਆ ’ਤੇ ਧਾਤੂ ਹਮਲਾ

Friday, Jul 14, 2023 - 07:15 PM (IST)

ਹੁਣ ਚੀਨ ਵਲੋਂ ਦੁਨੀਆ ’ਤੇ ਧਾਤੂ ਹਮਲਾ

ਚੀਨ ਜਿਹੜਾ ਕੇ ਆਪਣੀਆਂ ਹਮਲਾਵਰ ਤੇ ਪਸਾਰਵਾਦੀ ਨੀਤੀਆਂ ਕਾਰਨ ਹਮੇਸ਼ਾ ਚਰਚਾ ਵਿਚ ਰਹਿੰਦਾ ਹੈ, ਨੇ ਇਕ ਵਾਰ ਫਿਰ ਆਪਣੇ ਇਰਾਦੇ ਦੁਨੀਆ ਸਾਹਮਣੇ ਰੱਖਦੇ ਹੋਏ ਦੁਨੀਆ ਭਰ ਵਿਚ ਨਵੀਂ ਤਕਨਾਲੋਜੀ ਰਾਹੀਂ ਸ਼ੁਰੂ ਹੋਈ ਤਰੱਕੀ ਦੇ ਰਾਹ ਵਿਚ ਰੁਕਾਵਟ ਪਾਉਣ ਲਈ ਬਹੁਤ ਹੀ ਥੋੜ੍ਹੀ ਮਾਤਰਾ ਵਿਚ ਪੈਦਾ ਹੋਣ ਵਾਲੀਆਂ ਧਾਤਾਂ ਜਰਮੇਨੀਅਮ ਅਤੇ ਗੋਲੀਅਮ ਦੇ ਐਕਸਪੋਰਟ ’ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਇਨ੍ਹਾਂ ਧਾਤੂਆਂ ਤੋਂ ਬਣਾਈਆਂ ਜਾਣ ਵਾਲੀਆਂ ਵਸਤਾਂ ਇਲੈਕਟ੍ਰੋਨਿਕਸ, ਰੱਖਿਆ ਉਪਕਰਨ, ਸੈਮੀ ਕੰਡਕਟਰ, ਆਪਟੀਕਲ ਫਾਈਬਰ ਅਤੇ ਪ੍ਰਿੰਟਿਡ ਸਰਕਟ ਬੋਰਡ ਆਦਿ ਦੀਆਂ ਕੀਮਤਾਂ ਵਿਚ ਬੇਹਿਸਾਬ ਵਾਧਾ ਹੋਣ ਦੀ ਚਿੰਤਾ ਬਣ ਗਈ ਹੈ। ਉਥੇ ਦੁਨੀਆ ਭਰ ਵਿਚ ਇਨ੍ਹਾਂ ਉਪਕਰਨਾਂ ਰਾਹੀਂ ਕ੍ਰਾਂਤੀਕਾਰੀ ਢੰਗ ਨਾਲ ਸ਼ੁਰੂ ਹੋਈ ਤਰੱਕੀ ਦੇ ਰਾਹ ਵਿਚ ਵੀ ਮੁਸ਼ਕਲ ਪੇਸ਼ ਆਉਣ ਦੀ ਸੰਭਾਵਨਾ ਬਣ ਗਈ ਹੈ। 

ਇਹ ਦੋਵੇਂ ਧਾਤਾਂ ਜਰਮੇਨੀਅਮ ਅਤੇ ਗੇਲੀਅਮ ਜਿਨ੍ਹਾਂ ਦਾ ਉਤਪਾਦਨ ਸਭ ਤੋਂ ਵੱਧ ਚੀਨ ਕਰਦਾ ਹੈ, ’ਤੇ ਰਿਪੋਰਟਾਂ ਅਨੁਸਾਰ ਕੁਲ ਦੁਨੀਆ ਵਿਚ ਜਰਮੇਨੀਅਮ ਦਾ 60 ਪ੍ਰਤੀਸ਼ਤ ਹਿੱਸਾ ਅਤੇ ਗੋਲੀਅਮ ਦਾ 80 ਪ੍ਰਤੀਸ਼ਤ ਹਿੱਸਾ ਇਕੱਲੇ ਚੀਨ ਵਿਚ ਪੈਦਾ ਕੀਤਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਧਾਤਾਂ ਉਪਰ ਦੱਸੇ ਗਏ ਉਪਕਰਨਾਂ ਤੋਂ ਇਲਾਵਾ ਅਨੇਕਾਂ ਹੀ ਤਕਨਾਲੋਜੀ ’ਤੇ ਆਧਾਰਤ ਪੁਰਜ਼ਿਆਂ ਜਿਵੇਂ ਕਿ ਇੰਟਰਨੈੱਟ, ਐੱਲ. ਸੀ. ਡੀ., ਕੰਪਿਊਟਰ, ਸੋਲਰ ਪਾਵਰ ਪੈਨਲ ਕੈਮਰਾ ਸੈਂਸਰ, ਰਾਤ ਦੇ ਹਨੇਰੇ ਵਿਚ ਵੇਖਣ ਵਾਲੇ ਯੰਤਰ, ਡਾਟਾ ਨੂੰ ਤੇਜ਼ੀ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਫਰ ਕਰਨ ਵਾਲੇ ਯੰਤਰ ਆਦਿ ਤਿਆਰ ਕਰਨ ਲਈ ਜ਼ਰੂਰੀ ਹਨ। ਇਥੋਂ ਤੱਕ ਕਿ ਹਵਾਈ ਫੌਜ ਲਈ ਬਣਾਏ ਜਾਣ ਵਾਲੇ ਲੜਾਕੂ ਜਹਾਜ਼ਾਂ ਅਤੇ ਆਧੁਨਿਕ ਕਾਰਾਂ ਲਈ ਵੀ ਇਨ੍ਹਾਂ ਧਾਤਾਂ ਤੋਂ ਬਣਨ ਵਾਲੇ ਪੁਰਜ਼ੇ ਬਹੁਤ ਜ਼ਰੂਰੀ ਹਨ। ਚੀਨ ਵੱਲੋਂ ਇਹ ਰੋਕ ਲਾਉਣ ਪਿੱਛੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਜਦਿਕ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਨੇ ਇਹ ਕਦਮ ਅਮਰੀਕਾ ਵੱਲੋਂ ਚੀਨ ਨੂੰ ਤਾਈਵਾਨ ਤੇ ਜਾਪਾਨ ਰਾਹੀਂ ਸੈਮੀ ਕੰਡਕਟਰ ਚਿੱਪ ਮਾਰਕੀਟ ਵਿਚੋਂ ਬਾਹਰ ਕੱਡਣ ਲਈ ਕੀਤੇ ਜਾ ਰਹੇ ਯਤਨਾਂ ਦਾ ਜਵਾਬ ਦੇਣ ਲਈ ਚੁੱਕਿਆ ਹੈ। 

ਅਮਰੀਕਾ ਭਾਵੇਂ ਇਹ ਕਹਿ ਰਿਹਾ ਹੈ ਕਿ ਉਹ ਸਪਲਾਈ ਚੇਨ ਨੂੰ ਟੁੱਟਣ ਨਹੀਂ ਦੇਵੇਗਾ ਅਤੇ ਇਨ੍ਹਾਂ ਧਾਤਾਂ ਦੀ ਪੂਰਤੀ ਹੋਰਨਾਂ ਸਰੋਤਾਂ ਤੋਂ ਕਰ ਲਵੇਗਾ ਪਰ ਇਹ ਕੋਈ ਸੌਖਾ ਕੰਮ ਨਹੀਂ ਹੈ ਅਤੇ ਇਨ੍ਹਾਂ ਧਾਤਾਂ ਦੇ ਉਤਪਾਦਨ ਲਈ ਇਕ ਵੱਡਾ ਬੁਨਿਆਦੀ ਢਾਂਚਾ ਚਾਹੀਦਾ ਹੈ। ਇਹ ਦੋਵੇਂ ਧਾਤਾਂ ਨੂੰ ਸਿੱਧੇ ਤੌਰ ’ਤੇ ਉਤਪਾਦਿਤ ਨਹੀਂ ਕੀਤਾ ਜਾ ਸਕਦਾ ਸਗੋਂ ਇਹ ਧਾਤਾਂ ਜ਼ਿੰਕ ਅਤੇ ਐਲੂਮੀਨੀਅਮ ਦੇ ਉਤਪਾਦਨ ਸਮੇਂ ਬਾਈ ਪ੍ਰੋਡਕਟ ਵਜੋਂ ਪੈਦਾ ਹੁੰਦੀਆਂ ਹਨ । ਜਰਮੇਨੀਅਮ, ਜ਼ਿੰਕ ਔਰ ਵਿਚੋਂ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਇਹ ਸੈਮੀ ਕੰਡਕਟਰ ਅਤੇ ਬਹੁਤ ਸਾਰੇ ਤਕਨੀਕੀ ਉਪਕਰਨਾਂ, ਨਾਈਟ ਵਿਜ਼ਨ ਗੋਗ਼ਲਸ, ਸੋਲਰ ਸੈੱਲ ਟੈਕਨਾਲੋਜੀ ਅਤੇ ਇਨਫਰਾਰੈੱਡ ਸੈਂਸਰਜ਼ ਤੋਂ ਇਲਾਵਾ ਕੁਝ ਖਾਸ ਕਿਸਮ ਦੀਆਂ ਦਵਾਈਆਂ ਅਤੇ ਖਾਣ ਵਾਲੇ ਸਪਲੀਮੈਂਟ ਵਿਚ ਵਰਤਿਆ ਜਾਂਦਾ ਹੈ। ਜਰਮੇਨੀਅਮ ਛੇ ਕਿਸਮਾਂ ਵਿਚ ਵਰਤਿਆ ਜਾਂਦਾ ਹੈ ਜਿਨ੍ਹਾਂ ਵਿਚ ਜਰਮੇਨੀਅਮ ਡਾਈਆਕਸਾਈਡ, ਅਪਿਟਕਸਿਆਲ, ਇਨਗੇਟ, ਮੈਟਲ, ਟੇਟਰਾਕਲੋਰਾਈਡ, ਜ਼ਿੰਕ ਫਾਸਫਾਈਡ ਹਨ । ਗੇਲੀਅਮ 8 ਤਰ੍ਹਾਂ ਦਾ ਗਿਣਿਆ ਜਾਂਦਾ ਹੈ ਜਿਸ ਵਿਚ ਐਂਟੀ ਮੋਨਾਈਡ, ਅਰਸੇਂਨਾਈਡ, ਮੈਟਲ, ਨਾਈਟਰਾਈਡ, ਆਕਸਾਈਡ, ਫੋਸਫਾਈਡ, ਸੇਲੇਂ ਨਾਈਡ ਅਤੇ ਇੰਡੀਅਮ ਸ਼ਾਮਲ ਹਨ । ਇਹ ਧਾਤ ਇਕ ਤਰਲ ਰੂਪ ਵਿਚ ਹੁੰਦੀ ਹੈ । 

ਇਹ ਸੈਮੀ ਕੰਡਕਟਰ, ਇਲੈਕਟ੍ਰੋਨਿਕਸ ਉਪਕਰਣ ਦੇ ਹਿੱਸੇ, ਐੱਲ. ਈ. ਡੀ., ਸੋਲਰ ਸੈੱਲ ਆਦ ਵਿਚ ਵਰਤਿਆ ਜਾਂਦਾ ਹੈ। ਇਹ ਖਾਸ ਕਿਸਮ ਦੇ ਕੈਂਸਰ ਦੇ ਇਲਾਜ ਲਈ ਵੀ ਵਰਤਿਆ ਜਾਂਦਾ ਹੈ। ਚੀਨ ਨੇ ਭਾਵੇਂ ਇਨ੍ਹਾਂ ਧਾਤਾਂ ’ਤੇ ਪੂਰਨ ਤੌਰ ’ਤੇ ਪ੍ਰਤੀਬੰਧ ਨਹੀਂ ਲਾਇਆ ਸਗੋਂ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦੇ ਕੇ ਕੁਝ ਸ਼ਰਤਾਂ ਲਾ ਕੇ ਲਾਇਸੈਂਸ ਪ੍ਰਾਪਤ ਕਰਨ ਤੋਂ ਬਾਅਦ ਹੀ ਕਿਸੇ ਨੂੰ ਇਹ ਧਾਤਾਂ ਐਕਸਪੋਰਟ ਕਰਨ ਦਾ ਫੈਸਲਾ ਕੀਤਾ ਹੈ ਪਰ ਇਸ ਨੇ ਪੂਰੀ ਦੁਨੀਆ ਨੂੰ ਇਕ ਨਵੇਂ ਢੰਗ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਦੁਨੀਆ ਦੀ ਤਰੱਕੀ ਲਈ ਜ਼ਰੂਰੀ ਚੀਜ਼ਾਂ ਦੇ ਉਤਪਾਦਨ ਦੀ ਮੰਗ ਨੂੰ ਪੂਰਾ ਕਰਨ ਲਈ ਨਵੇਂ ਢੰਗ ਤਰੀਕੇ ਲੱਭਣ ਲਈ ਉਤਸ਼ਾਹਤ ਕੀਤਾ ਹੈ। ਭਾਵੇਂ ਬਾਹਰੀ ਤੌਰ ’ਤੇ ਦੁਨੀਆ ਦੇ ਬਹੁਤੇ ਵਿਕਸਤ ਦੇਸ਼ ਇਸ ਨੂੰ ਵੱਡੀ ਚੁਣੌਤੀ ਨਹੀਂ ਮੰਨ ਰਹੇ ਪਰ ਹਕੀਕਤ ਵਿਚ ਇਸ ਸਭ ਦਾ ਪ੍ਰਭਾਵ ਇਕ ਦਮ ਪੈਣਾ ਸ਼ੁਰੂ ਹੋ ਗਿਆ ਹੈ । 

ਪਿਛਲੇ ਇਕ ਹਫਤੇ ਦੌਰਾਨ ਹੀ ਇਨ੍ਹਾਂ ਦੋਨਾਂ ਧਾਤਾਂ ਦੀਆਂ ਕੀਮਤਾਂ ਵਿਚ ਤਕਰੀਬਨ 27 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਅਮਰੀਕਾ ਵਿਚ ਤਕਰੀਬਨ 5 ਦੇ ਕਰੀਬ ਇਲੈਕਟ੍ਰੋਨਿਕਸ, ਸੋਲਰ ਅਤੇ ਇਲੈਕਟ੍ਰਿਕ ਕਾਰਾਂ ਦੀਆਂ ਵੱਡੀਆਂ ਕੰਪਨੀਆਂ ’ਤੇ ਇਸ ਕਾਰਵਾਈ ਦਾ ਸਿੱਧਾ ਅਸਰ ਪੈਣਾ ਲਾਜ਼ਮੀ ਲਗਦਾ ਹੈ । ਇਨ੍ਹਾਂ ਕੰਪਨੀਆਂ ਟੈਸਲਾ, ਰੀਵਿਆਂਨ, ਮਾਈਕਰੋਨ ਟੈਕਨਾਲੋਜੀ, ਐਪਲ ਅਤੇ ਕੇ. ਐੱਫ. ਵੀ. ਜੀ ਦੀਆਂ ਮਾਰਕੀਟ ਕੀਮਤਾਂ ਘਟਣ ਦਾ ਦੌਰ ਸ਼ੁਰੂ ਹੋ ਗਿਆ ਹੈ । ਕਿਉਂਕਿ ਇਹ ਕੰਪਨੀਆਂ ਨਾ ਤਾਂ ਆਪਣਾ ਗੋਲੀਅਮ ਤਿਆਰ ਕਰਦੀਆਂ ਹਨ ਅਤੇ ਨਾ ਹੀ ਜਰਮੇਨੀਅਮ ਅਤੇ ਇਹ ਉਨ੍ਹਾਂ ਨੂੰ ਇੰਪੋਰਟ ਕਰਨਾ ਪੈਂਦਾ ਹੈ। 

ਭਾਰਤ ਵੀ ਇਸ ਪ੍ਰਤੀਬੰਧ ਦੇ ਨੁਕਸਾਨ ਤੋਂ ਅਛੂਤਾ ਨਹੀਂ ਰਹਿ ਸਕਦਾ ਭਾਵੇਂ ਹਿੰਦੋਸਤਾਨ ਦੇ ਆਈ. ਟੀ. ਰਾਜ ਮੰਤਰੀ (ਸਟੇਟ ਮਨਿਸਟਰ) ਰਾਜੀਵ ਚੰਦਰਸ਼ੇਖਰ ਦਾ ਕਹਿਣਾ ਹੈ ਕਿ ਭਾਰਤ ਲਈ ਇਨ੍ਹਾਂ ਧਾਤਾਂ ਦੀ ਸਪਲਾਈ ਚੇਨ ਵਿਚ ਕੋਈ ਰੁਕਾਵਟ ਨਹੀਂ ਆਵੇਗੀ ਕਿਉਂਕਿ ਅਮਰੀਕਾ ਅਤੇ ਭਾਰਤ ਦਰਮਿਆਨ ਤਕਨਾਲੋਜੀ ਬਾਰੇ ਹੋਈ ਸੰਧੀ ਅਨੁਸਾਰ ਭਾਰਤ ਨੂੰ ਜ਼ਰੂਰੀ ਤਕਨਾਲੋਜੀ ਮਿਲਦੀ ਰਹੇਗੀ ਪਰ ਇਸ ਸਭ ਦੇ ਬਾਵਜੂਦ ਵੇਦਾਂਤਾ ਵੱਲੋਂ ਤਕਰੀਬਨ ਇਕ ਲੱਖ ਚੁਰੰਜਾ ਹਜ਼ਾਰ ਛੇੜ ਰੁਪਏ ਦੀ ਲਾਗਤ ਨਾਲ ਤਾਈਵਾਂਨ ਦੀ ਫਾਕਸਕੋਣ ਕੰਪਨੀ ਨਾਲ ਮਿਲ ਕੇ ਲਗਾਏ ਜਾਣ ਵਾਲੇ ਸੈਮੀ ਕੰਡਕਟਰ ਪਲਾਂਟ ਲਗਾਉਣ ਤੋਂ ਫਾਕਸਕੋਣ ਕੰਪਨੀ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਹਨ ਜਿਸ ਨਾਲ ਭਾਰਤ ਦੀ ਇੰਡਸਟਰੀ ਵਿਚ ਇਕ ਮੀਲ ਪੱਥਰ ਲਗਦਾ ਲਗਦਾ ਰਹਿ ਗਿਆ ਹੈ। 

ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)


author

Rakesh

Content Editor

Related News