ਦੇਸ਼ ਵਿਚ ਨੇਤਾਵਾਂ ਦੀ ਯਾਦ ਵਿਚ ਯਾਦਗਾਰਾਂ ਬਣਨ ਜਾਂ ਫਿਰ ਹਸਪਤਾਲ ਜਾਂ ਸਕੂਲ

Sunday, Jan 19, 2025 - 02:32 PM (IST)

ਦੇਸ਼ ਵਿਚ ਨੇਤਾਵਾਂ ਦੀ ਯਾਦ ਵਿਚ ਯਾਦਗਾਰਾਂ ਬਣਨ ਜਾਂ ਫਿਰ ਹਸਪਤਾਲ ਜਾਂ ਸਕੂਲ

–ਸ਼ਿਸ਼ੂ ਸ਼ਰਮਾ ਸ਼ਾਂਤਲ

ਦੇਸ਼ ਦੀ ਆਰਥਿਕਤਾ ਨੂੰ ਇਕ ਨਵੀਂ ਦਿਸ਼ਾ ਦੇ ਕੇ ਮੰਦੀ ਤੋਂ ਬਚਾਉਣ ਵਾਲੇ ਪ੍ਰਸਿੱਧ ਅਰਥਸ਼ਾਸਤਰੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ ਤੋਂ ਬਾਅਦ ਦੇਸ਼ ਵਿਚ ਇਹ ਬਹਿਸ ਚੱਲ ਰਹੀ ਹੈ ਕਿ ਉਨ੍ਹਾਂ ਦੀ ਯਾਦ ਵਿਚ ਇਕ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ। ਕੇਂਦਰ ਸਰਕਾਰ ਨੇ ਵੀ ਇਸ ਦਿਸ਼ਾ ਵਿਚ ਇਕ ਸਕਾਰਾਤਮਕ ਪਹਿਲ ਕੀਤੀ ਹੈ ਅਤੇ ਯਾਦਗਾਰ ਲਈ ਸਥਾਨ ਦੀ ਚੋਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਪਾਰਟੀ, ਜਿਸ ਨੇ ਕਈ ਸਾਲ ਦੇਸ਼ ’ਤੇ ਰਾਜ ਕੀਤਾ, ਨੇ ਯਾਦਗਾਰ ਨੂੰ ਇਕ ਵੱਡਾ ਮੁੱਦਾ ਬਣਾ ਕੇ ਕੇਂਦਰ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ।

ਜੇਕਰ ਅਸੀਂ ਪਿਛਲੇ ਸਮੇਂ ’ਤੇ ਨਜ਼ਰ ਮਾਰੀਏ ਤਾਂ ਦੇਸ਼ ਵਿਚ ਜ਼ਿਆਦਾਤਰ ਸਮਾਂ ਕਾਂਗਰਸ ਪਾਰਟੀ ਸੱਤਾ ਵਿਚ ਰਹੀ ਹੈ, ਇਸ ਲਈ ਜ਼ਿਆਦਾਤਰ ਯਾਦਗਾਰਾਂ ਵੀ ਇਸ ਦੇ ਕਾਰਜਕਾਲ ਦੌਰਾਨ ਹੀ ਬਣਾਈਆਂ ਗਈਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਯਾਦਗਾਰ ਉਨ੍ਹਾਂ ਆਗੂਆਂ ਦੀਆਂ ਹੀ ਬਣੀਆਂ ਜੋ ਕਾਂਗਰਸ ਪਾਰਟੀ ਵਿਚ ਸਭ ਤੋਂ ਵੱਧ ਪ੍ਰਸਿੱਧ ਸਨ ਅਤੇ ਜੋ ਇਸ ਦੀ ਵਿਚਾਰਧਾਰਾ ਦੇ ਅਨੁਸਾਰ ਸਨ ਜਾਂ ਜਿਹੜੇ ਨਹਿਰੂ-ਗਾਂਧੀ ਪਰਿਵਾਰ ਦੇ ਨੇੜੇ ਸਨ। ਇਕ ਸਫਲ ਪ੍ਰਧਾਨ ਮੰਤਰੀ ਰਹੇ ਸਵਰਗੀ ਪੀ. ਵੀ. ਨਰਸਿਮ੍ਹਾ ਰਾਓ ਵਰਗੇ ਦਿੱਗਜ ਨੇਤਾਵਾਂ ਨੂੰ ਕਾਂਗਰਸ ਪਾਰਟੀ ਯਾਦਗਾਰ ਦੇ ਮਾਮਲੇ ਵਿਚ ਭੁੱਲ ਗਈ ਜਦੋਂ ਕਿ ਸੰਜੇ ਗਾਂਧੀ ਲਈ ਇਕ ਯਾਦਗਾਰ ਬਣਾਈ ਗਈ ਹੈ, ਭਾਵੇਂ ਕਿ ਉਨ੍ਹਾਂ ਕੋਲ ਕੋਈ ਸੰਵਿਧਾਨਕ ਅਹੁਦਾ ਨਹੀਂ ਸੀ।

ਉਸ ਤੋਂ ਬਾਅਦ ਭਾਜਪਾ ਨੇ ਵੀ ਆਪਣੇ ਸੀਨੀਅਰ ਨੇਤਾ ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ ਤੋਂ ਬਾਅਦ ‘ਸਦੈਵ ਅਟਲ’ ਦੇ ਰੂਪ ਵਿਚ ਉਨ੍ਹਾਂ ਦੀ ਯਾਦਗਾਰ ਸਥਾਪਤ ਕਰ ਕੇ ਇਸ ਯਾਦਗਾਰ ਰਵਾਇਤ ਨੂੰ ਜਾਰੀ ਰੱਖਿਆ ਪਰ ਹੁਣ ਇਕ ਬਹੁਤ ਹੀ ਚੰਗੇ ਅਤੇ ਬੇਹੱਦ ਸ਼ਰੀਫ ਸਿਆਸਤਦਾਨ ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਨਿਗਮ ਬੋਧ ਘਾਟ ਵਿਖੇ ਕੀਤੇ ਜਾਣ ਪਿੱਛੋਂ ਕਾਂਗਰਸ ਸਮੇਤ ਕੁਝ ਹੋਰ ਵਿਰੋਧੀ ਪਾਰਟੀਆਂ ਨੂੰ ਭਾਜਪਾ ਦੀ ਆਲੋਚਨਾ ਕਰਨ ਦਾ ਮੌਕਾ ਮਿਲ ਗਿਆ ਹੈ। ਡਾ. ਮਨਮੋਹਨ ਸਿੰਘ ਨੇ ਅਜਿਹੀ ਰਾਜਨੀਤੀ ਕੀਤੀ ਕਿ ਨਾ ਸਿਰਫ਼ ਦੁਨੀਆ ਭਰ ਵਿਚ ਇਸ ਦੀ ਪ੍ਰਸ਼ੰਸਾ ਹੋਈ ਸਗੋਂ ਦੇਸ਼ ਵਿਚ ਉਨ੍ਹਾਂ ਦੇ ਵਿਰੋਧੀ ਵੀ ਉਨ੍ਹਾਂ ਦੀ ਖੁੱਲ੍ਹ ਕੇ ਆਲੋਚਨਾ ਕਰਨ ਦੀ ਹਿੰਮਤ ਨਹੀਂ ਕਰ ਸਕੇ।

ਡਾ. ਮਨਮੋਹਨ ਸਿੰਘ, ਜੋ ਕਿ ਇਕ ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਸਨ, ਭਾਵੇਂ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਹੋਣ ਪਰ ਉਨ੍ਹਾਂ ਦੀ ਰਾਜਨੀਤੀ ਵਿਚ ਰਾਸ਼ਟਰੀ ਹਿੱਤ ਹਮੇਸ਼ਾ ਸਰਵਉੱਚ ਰਹੇ। ਖਾਸ ਕਰ ਕੇ, ਉਨ੍ਹਾਂ ਨੇ ਸਮਾਜ ਦੇ ਅਣਗੌਲੇ ਅਤੇ ਗਰੀਬ ਵਰਗ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਜਨੀਤੀ ਕੀਤੀ, ਜਿਸ ਲਈ ਉਨ੍ਹਾਂ ਦੇ ਦਿਲ ਵਿਚ ਹਮੇਸ਼ਾ ਦਰਦ ਰਿਹਾ ਅਤੇ ਇਸ ਦਰਦ ਦੀ ਪੀੜ ਉਨ੍ਹਾਂ ਨੂੰ ਹਮੇਸ਼ਾ ਤੜਫਾਉਂਦੀ ਰਹੀ। ਉਹ ਲੋਕਾਂ ਦੀ ਉਸ ਦੁਰਦਸ਼ਾ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਸਨ ਜੋ ਉਨ੍ਹਾਂ ਨੇ ਖੁਦ ਦੇਸ਼ ਦੀ ਵੰਡ ਕਾਰਨ ਆਪਣੇ ਬਚਪਨ ਵਿਚ ਪਾਕਿਸਤਾਨ ਤੋਂ ਭਾਰਤ ਆਉਣ ’ਤੇ ਦੇਖੀ ਸੀ ਅਤੇ ਇਸ ਕਾਰਨ ਗਰੀਬਾਂ ਦੀ ਭਲਾਈ ਹਮੇਸ਼ਾ ਉਨ੍ਹਾਂ ਦੀ ਰਾਜਨੀਤੀ ਦਾ ਕੇਂਦਰ ਬਿੰਦੂ ਰਹੀ। ਹੁਣ, ਕੀ ਉਨ੍ਹਾਂ ਦੀ ਮੌਤ ਤੋਂ ਬਾਅਦ ਉੱਠਿਆ ਯਾਦਗਾਰ ’ਤੇ ਇਹ ਵਿਵਾਦ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇ ਰਿਹਾ ਹੋਵੇਗਾ? ਸਾਰੇ ਆਗੂਆਂ, ਖਾਸ ਕਰ ਕੇ ਕਾਂਗਰਸ ਪਾਰਟੀ ਨੂੰ, ਇਸ ਸਵਾਲ ’ਤੇ ਜ਼ਰੂਰ ਵਿਚਾਰ ਕਰਨਾ ਪਵੇਗਾ।

ਜਿਸ ਤੇਜ਼ ਰਫ਼ਤਾਰ ਨਾਲ ਦੇਸ਼ ਦੀ ਆਬਾਦੀ ਲਗਾਤਾਰ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ, ਉਸ ਨਾਲ ਦੇਸ਼ ਦੇ ਲੋਕਾਂ, ਖਾਸ ਕਰ ਕੇ ਵਾਂਝੇ ਅਤੇ ਗਰੀਬ ਵਰਗਾਂ ਨੂੰ ਸਿਹਤ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਵਿਚ ਰਹਿਣਾ ਪੈ ਰਿਹਾ ਹੈ। ਸ਼ਹਿਰਾਂ ਤੋਂ ਇਲਾਵਾ, ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿਚ, ਨਾ ਤਾਂ ਬੱਚਿਆਂ ਲਈ ਲੋੜੀਂਦੀ ਗਿਣਤੀ ਵਿਚ ਸਕੂਲ ਹਨ ਜਿੱਥੇ ਉਹ ਮੁੱਢਲੀ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਨਾ ਹੀ ਹਸਪਤਾਲ ਹਨ ਜਿੱਥੇ ਆਮ ਲੋਕ ਸਸਤੇ ਰੇਟਾਂ ’ਤੇ ਇਲਾਜ ਕਰਵਾ ਸਕਣ ਅਤੇ ਸਿਹਤਮੰਦ ਜੀਵਨ ਬਤੀਤ ਕਰ ਸਕਣ।

ਇਸ ਮੁਸ਼ਕਲ ਸਥਿਤੀ ਨੂੰ ਦੇਖਦੇ ਹੋਏ, ਕੀ ਸਾਰਿਆਂ ਨੂੰ ਯਾਦਗਾਰਾਂ ਦੇ ਇਸ ਵਿਵਾਦ ਨੂੰ ਇਕ ਪਾਸੇ ਰੱਖ ਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਜੇਕਰ ਉੱਚ ਪੱਧਰੀ ਹਸਪਤਾਲ ਜਾਂ ਵਿੱਦਿਅਕ ਸੰਸਥਾਵਾਂ ਕਿਸੇ ਵਿਸ਼ੇਸ਼ ਮਹਾਨ ਸ਼ਖਸੀਅਤ ਦੇ ਨਾਂ ’ਤੇ ਸਮਾਜ ਨੂੰ ਸਮਰਪਿਤ ਕੀਤੀਆਂ ਜਾਣ, ਤਾਂ ਇਹ ਸਮਾਜ ਲਈ ਕਿਤੇ ਵੱਧ ਬਿਹਤਰ ਹੋਵੇਗਾ। ਸਾਲ ਭਰ ਕੁਝ ਹੀ ਲੋਕ ਯਾਦਗਾਰਾਂ ’ਤੇ ਜਾਂਦੇ ਹਨ ਅਤੇ ਉਹ ਵੀ ਜਨਮਦਿਨ ਜਾਂ ਬਰਸੀ ’ਤੇ, ਜਦੋਂ ਕਿ ਵੱਡੀ ਗਿਣਤੀ ਵਿਚ ਲੋਕ ਰੋਜ਼ਾਨਾ ਅਜਿਹੇ ਅਦਾਰਿਆਂ ਦਾ ਲਾਭ ਲੈਣ ਲਈ ਜਾਂਦੇ ਹਨ। ਨੇਤਾ ਦੇ ਨਾਂ ਨੂੰ ਯਾਦ ਕਰਦੇ ਹੋਏ, ਅਸੀਂ ਸਬੰਧਤ ਰਾਜ ਦੀ ਸਰਕਾਰ ਦਾ ਵੀ ਧੰਨਵਾਦ ਕਰਾਂਗੇ।

ਹਿਮਾਚਲ ਪ੍ਰਦੇਸ਼ ਸਰਕਾਰ ਨੇ ਆਪਣਾ ਇਕ ਸੰਸਥਾਨ ਡਾ. ਮਨਮੋਹਨ ਸਿੰਘ ਦੇ ਨਾਂ ’ਤੇ ਸਮਰਪਿਤ ਕਰ ਦਿੱਤਾ ਹੈ, ਪਰ ਇਹ ਬਿਹਤਰ ਹੁੰਦਾ ਜੇਕਰ ਸੂਬੇ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਉਨ੍ਹਾਂ ਦੀ ਯਾਦ ਵਿਚ ਇਕ ਹਸਪਤਾਲ ਜਾਂ ਸਕੂਲ ਕਿਸੇ ਦੂਰ-ਦੁਰਾਡੇ ਜਾਂ ਪੱਛੜੇ ਇਲਾਕੇ ਵਿਚ ਖੋਲ੍ਹਣ ਦਾ ਐਲਾਨ ਕਰਦੇ, ਜਿਸ ਨਾਲ ਉੱਥੋਂ ਦੇ ਲੋਕਾਂ ਨੂੰ ਲਾਭ ਹੁੰਦਾ ਅਤੇ ਡਾ. ਸਿੰਘ ਦੀ ਯਾਦ ਹਮੇਸ਼ਾ ਉਨ੍ਹਾਂ ਦੇ ਦਿਲਾਂ ਵਿਚ ਰਹਿੰਦੀ।

ਕਾਂਗਰਸ ਪਾਰਟੀ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਹੁਣ ਯਾਦਗਾਰ ਦੇ ਮੁੱਦੇ ’ਤੇ ਪਾਰਟੀ ਰਾਜਨੀਤੀ ਤੋਂ ਉੱਪਰ ਉੱਠਣਾ ਚਾਹੀਦਾ ਹੈ ਅਤੇ ਦੇਸ਼ ਦੇ ਹਿੱਤ ਵਿਚ ਅਜਿਹਾ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਯਾਦਗਾਰ ਦੀ ਜ਼ਿੱਦ ਨੂੰ ਛੱਡ ਕੇ ਆਪਣੇ ਪਿਆਰੇ ਨੇਤਾ ਦੀ ਯਾਦ ’ਚ ਸਮਾਜ ਦੇ ਪੱਛੜੇ ਅਤੇ ਗਰੀਬ ਲੋਕਾਂ ਨੂੰ ਕਿਵੇਂ ਲਾਭ ਪਹੁੰਚਾਇਆ ਜਾ ਸਕਦਾ ਹੈ ਅਤੇ ਆਪਣੀ ਇਸ ਮੰਗ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਕੇਂਦਰ ਸਰਕਾਰ ’ਤੇ ਵੀ ਜ਼ਰੂਰ ਦਬਾਅ ਪਾਉਣਾ ਚਾਹੀਦਾ ਹੈ।

ਇਸ ਤੋਂ ਵੀ ਵੱਧ, ਕਾਂਗਰਸ ਪਾਰਟੀ ਨੂੰ ਖਾਸ ਕਰ ਕੇ ਉਸ ਵਲੋਂ ਸ਼ਾਸਿਤ ਰਾਜਾਂ ਜਾਂ ਗੱਠਜੋੜ ਸ਼ਾਸਿਤ ਰਾਜਾਂ ਵਿਚ ਵਿੱਦਿਅਕ ਸੰਸਥਾਵਾਂ ਅਤੇ ਹਸਪਤਾਲ ਖੋਲ੍ਹਣ ਲਈ ਪਹਿਲ ਕਰਨੀ ਚਾਹੀਦੀ ਹੈ।


author

rajwinder kaur

Content Editor

Related News