ਦੇਸ਼ ’ਚ ਫੈਲ ਰਿਹਾ ਨਕਲੀ ਕੈਂਸਰ ਦੀ ਦਵਾਈ ਦੇ ਧੰਦੇਬਾਜ਼ਾਂ ਦਾ ਖਤਰਨਾਕ ਜਾਲ
Monday, Mar 18, 2024 - 03:21 AM (IST)
ਅੱਜ ਕੱਲ੍ਹ ਦੇਸ਼ ਵਿਚ ਕੈਂਸਰ ਅਤੇ ਹੋਰਨਾਂ ਰੋਗਾਂ ਦੀ ਜਾਂਚ ਲਈ ਭਾਰਤ ’ਚ ਹੀ ‘ਜੀਨੋਮ ਸੈਂਸਿੰਗ’ ਦੀ ਨਵੀਂ ਤਕਨੀਕ ਵਿਕਸਿਤ ਹੋਈ ਹੈ ਜਿਸ ਵਿਚ ਇਕ ਬਲੱਡ ਟੈਸਟ ਤੋਂ ਹੀ ਕਿਸੇ ਵਿਅਕਤੀ ਨੂੰ ਕੈਂਸਰ ਹੋਣ ਦੀ ਸੰਭਾਵਨਾ ਦੀ ਸ਼ੁਰੂਆਤੀ ਸਟੇਜ ਦਾ ਵੀ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਇਕ ਪਾਸੇ ਤਾਂ ਵਿਗਿਆਨ ਲੋਕਾਂ ਨੂੰ ਰੋਗਾਂ ਤੋਂ ਬਚਾਉਣ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ ਤਾਂ ਦੂਜੇ ਪਾਸੇ ਸਮਾਜ ਵਿਰੋਧੀ ਤੱਤਾਂ ਵੱਲੋਂ ਕੈਂਸਰ ਵਰਗੀ ਗੰਭੀਰ ਬੀਮਾਰੀ ਦੀਆਂ ਬੇਹੱਦ ਮਹਿੰਗੀਆਂ ਨਕਲੀ ਦਵਾਈਆਂ ਵੇਚ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਜਾਰੀ ਹੈ।
ਹਾਲ ਹੀ ’ਚ ਰਾਜਧਾਨੀ ਦਿੱਲੀ ’ਚ ਕੈਂਸਰ ਦੇ ਇਲਾਜ ਦੌਰਾਨ ਹੋਣ ਵਾਲੀ ਕੀਮੋਥੈਰੇਪੀ ਦੀ ਨਕਲੀ ਦਵਾਈ ਬਣਾਉਣ ਅਤੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਅਪਰਾਧ ਸ਼ਾਖਾ ਨੇ ਇਨ੍ਹਾਂ ਕੋਲੋਂ ਨਕਲੀ ਦਵਾਈਆਂ ਬਰਾਮਦ ਕਰ ਕੇ ਕੁੱਲ 12 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ’ਚ ਗਿਰੋਹ ਦੇ ਸਰਗਣਾ ਨੀਰਜ ਚੌਹਾਨ ਦੇ ਇਲਾਵਾ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਬਨਾਰਸ ਹਿੰਦੂ ਯੂਨੀਵਰਸਿਟੀ) ਦੇ ਸਾਬਕਾ ਵਿਦਿਆਰਥੀ ਆਦਿੱਤਿਆ ਕ੍ਰਿਸ਼ਨਾ ਅਤੇ ਹੋਰ ਮੁਲਜ਼ਮ ਸ਼ਾਮਲ ਹਨ ਜੋ ਦਿੱਲੀ ਅਤੇ ਗੁੜਗਾਓਂ ਸਥਿਤ ਉਨ੍ਹਾਂ ਹਸਪਤਾਲਾਂ, ਜਿਥੇ ਉਹ ਕੰਮ ਕਰਦੇ ਸਨ, ਤੋਂ ਕੀਮੋਥੈਰੇਪੀ ਦੀਆਂ ਦਵਾਈਆਂ ਚੋਰੀ ਕਰ ਕੇ ਇਕ ਨਿਸ਼ਚਿਤ ਕਮੀਸ਼ਨ ਦੇ ਬਦਲੇ ’ਚ ਨੀਰਜ ਚੌਹਾਨ ਨੂੰ ਵੇਚਦੇ ਸਨ।
ਇਹ ਗਿਰੋਹ ਅਸਲੀ ਦਵਾਈਆਂ ’ਚ ਨਕਲੀ ਦਵਾਈਆਂ ਮਿਲਾ ਕੇ ਆਪਣੇ ਗਾਹਕਾਂ ਨੂੰ ਵੇਚਦਾ ਸੀ। ਦੱਸਿਆ ਜਾਂਦਾ ਹੈ ਕਿ ਇਸ ਗਿਰੋਹ ਨੇ ਸਿਰਫ ਪਿਛਲੇ 2 ਸਾਲਾਂ ਦੌਰਾਨ ਹੀ 25 ਕਰੋੜ ਰੁਪਏ ਮੁੱਲ ਦੀਆਂ ਨਕਲੀ ਕੀਮੋਥੈਰੇਪੀ ਦੀਆਂ ਦਵਾਈਆਂ ਵੇਚੀਆਂ ਹਨ। ਇਸ ਕੇਸ ਦੇ ਸਬੰਧ ਵਿਚ ਪੁਲਸ ਨੇ ਮੁਲਜ਼ਮਾਂ ਦੇ 92.81 ਲੱਖ ਰੁਪਏ ਦੇ ਬੈਂਕ ਖਾਤੇ ਸੀਲ ਕਰ ਦਿੱਤੇ ਹਨ। ਇਨ੍ਹਾਂ ਦੇ ਕਬਜ਼ੇ ’ਚੋਂ 19,000 ਡਾਲਰ ਦੇ ਇਲਾਵਾ ਨੋਟ ਗਿਣਨ ਦੀ ਮਸ਼ੀਨ ਵੀ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਮੁਲਜ਼ਮਾਂ ਵਿਚੋਂ ਇਕ ਰੋਹਿਤ ਸਿੰਘ ਨੂੰ ਦਵਾਰਕਾ ਤੋਂ ਗ੍ਰਿਫਤਾਰ ਕੀਤਾ ਗਿਆ ਜੋ 65,000 ਤੋਂ 35,000 ਦੇ ਦਰਮਿਆਨ ਕੀਮੋਥੈਰੇਪੀ ਦੀਆਂ ਦਵਾਈਆਂ ‘ਕੇਤਰੁਦਾ’ ਅਤੇ ‘ਓਪਡੀਤਾ’ ਨੀਰਜ ਚੌਹਾਨ ਨੂੰ ਵੇਚਦਾ ਹੁੰਦਾ ਸੀ।
ਗੁੜਗਾਓਂ ਦੇ ਸਾਊਥ ਸਿਟੀ ਸਥਿਤ ਇਕ ਫਲੈਟ ਤੋਂ ਨੀਰਜ ਚੌਹਾਨ ਦੇ ਕਬਜ਼ੇ ’ਚੋਂ ਵੱਡੀ ਗਿਣਤੀ ’ਚ 7 ਪ੍ਰਸਿੱਧ ਵਿਦੇਸ਼ੀ ਕੰਪਨੀਆਂ ਦੀਆਂ ਕੈਂਸਰ ਦੀਆਂ ਦਵਾਈਆਂ ਦੇ ਨਕਲੀ ਇੰਜੈਕਸ਼ਨ ਅਤੇ ਵਾਈਲਜ਼ ਮਿਲੇ। ਇਕ ਹਸਪਤਾਲ ’ਚ ਓਂਕੋਲਾਜੀ ਵਿਭਾਗ ਦੇ ਮੈਰੋ ਟਰਾਂਸਪਲਾਂਟ ਯੂਨਿਟ ’ਚ ਕੰਮ ਕਰਨ ਵਾਲੇ ਜਿਤੇਂਦਰ ਨੂੰ ਪੁਲਸ ਨੇ ਉਦੋਂ ਗ੍ਰਿਫਤਾਰ ਕੀਤਾ ਜਦੋਂ ਉਹ ਕੀਮੋਥੈਰੇਪੀ ਦੀਆਂ 3 ਦਵਾਈਆਂ ਨੀਰਜ ਚੌਹਾਨ ਨੂੰ ਸਪਲਾਈ ਕਰਨ ਗਿਆ ਸੀ।
ਗੁਰੂਗ੍ਰਾਮ ਦੇ ਇਕ ਹਸਪਤਾਲ ’ਚ ਕੀਮੋਥੈਰੇਪੀ ਦੇ ‘ਡੇਅ ਕੇਅਰ ਯੂਨਿਟ’ ’ਚ ਕੰਮ ਕਰਨ ਵਾਲੇ ਮਾਜਿਦ ਖਾਨ ਨੂੰ ਆਪਣੀ ਕੰਮ ਵਾਲੀ ਥਾਂ ਤੋਂ ਚੋਰੀ ਕੀਤੀ ਜਾਣ ਵਾਲੀ ਇੰਜੈਕਸ਼ਨ ਦੀ ਹਰੇਕ ਖਾਲੀ ਸ਼ੀਸ਼ੀ ਦੇ ਬਦਲੇ ’ਚ 4,000 ਤੋਂ 5,000 ਰੁਪਏ ਦਿੱਤੇ ਜਾਂਦੇ ਸਨ। ਚੌਥਾ ਮੁਲਜ਼ਮ ਸਾਜਿਦ ਗੁਰੂਗ੍ਰਾਮ ਦੇ ਇਕ ਹਸਪਤਾਲ ਦੇ ਓਂਕੋਲਾਜੀ ਵਿਭਾਗ ’ਚ ਕੰਮ ਕਰਦਾ ਸੀ। ਉਸ ਨੂੰ ਮਾਜਿਦ ਨੂੰ ਦਵਾਈਆਂ ਸਪਲਾਈ ਕਰਦੇ ਹੋਏ ਫੜਿਆ ਗਿਆ। ਦੱਸਿਆ ਜਾਂਦਾ ਹੈ ਕਿ ਇਹ ਲੋਕ ਪ੍ਰਸਿੱਧ ਦਵਾਈ ਨਿਰਮਾਤਾ ਕੰਪਨੀਆਂ ਦੀ ਦਵਾਈ ਦੀ ਸ਼ੀਸ਼ੀ ’ਚ 100 ਰੁਪਏ ਦੀ ਐਂਟੀਫੰਗਲ ਦਵਾਈ ‘ਫਲੂਕਾਨਜੋਲ’ ਭਰ ਕੇ ਇਸ ਨੂੰ 1 ਤੋਂ 3 ਲੱਖ ਰੁਪਏ ’ਚ ਵੇਚ ਦਿੰਦੇ ਸਨ।
ਇਨ੍ਹਾਂ ਮੁਲਜ਼ਮਾਂ ਨੇ ਬਾਕਾਇਦਾ ਇਕ ਸਪਲਾਈ ਚੇਨ ਬਣਾ ਰੱਖੀ ਸੀ ਅਤੇ 16 ਸੂਬਿਆਂ ’ਚ 754 ਲੋਕਾਂ ਨਾਲ 200 ਕਰੋੜ ਰੁਪਏ ਦੀ ਠੱਗੀ ਮਾਰ ਚੁੱਕੇ ਸਨ। ਗੁੜਗਾਓਂ ਤੇ ਦਿੱਲੀ ਦੇ ਪ੍ਰਸਿੱਧ ਹਸਪਤਾਲਾਂ ’ਚ ਕੰਮ ਕਰ ਚੁੱਕਾ ਗਿਰੋਹ ਦਾ ਇਕ ਮੈਂਬਰ ਲੋਕਾਂ ਨੂੰ ਘੱਟ ਕੀਮਤ ’ਚ ਦਵਾਈ ਦਿਵਾਉਣ ਦੀ ਗਾਰੰਟੀ ਦਿੰਦਾ ਅਤੇ ਆਪਣੇ ਸਾਥੀ ਦੇ ਰਾਹੀਂ ਦੱਸੇ ਗਏ ਗਾਹਕਾਂ ਨੂੰ ਵੇਚਦਾ ਸੀ। ਅਸਲ ’ਚ ਕੈਂਸਰ ਦੀਆਂ ਨਕਲੀ ਦਵਾਈਆਂ ਵੇਚਣ ਵਾਲੇ ਇਹ ਮੁਲਜ਼ਮ ਸਮਾਜ ਦਾ ਅਜਿਹਾ ਨਾਸੂਰ ਹਨ ਜੋ ਰਾਜਧਾਨੀ ’ਚ ਲੋਕਾਂ ਨਾਲ ਧੋਖਾ ਕਰ ਕੇ ਕੈਂਸਰ ਦੇ ਸਸਤੇ ਇਲਾਜ ਅਤੇ ਦਵਾਈਆਂ ਦੇ ਨਾਂ ’ਤੇ ਉਨ੍ਹਾਂ ਨੂੰ ਮੌਤ ਵੇਚ ਰਹੇ ਸਨ।
ਜਿਥੇ ਪ੍ਰਾਣ-ਰੱਖਿਅਕ ਦਵਾਈਆਂ ਦੀ ਗੁਣਵੱਤਾ ਦੇ ਮਾਮਲੇ ’ਚ ਸਰਕਾਰ ਦੀ ਸੁਚੇਤਤਾ ’ਚ ਕਮੀ ਉਜਾਗਰ ਹੋ ਰਹੀ ਹੈ ਉਥੇ ਹੀ ਮਹਿੰਗੀ ਦਵਾਈ ਖਰੀਦਣ ਦੇ ਦੌਰਾਨ ਭਾਰੀ ਡਿਸਕਾਊਂਟ ਵਰਗੀਆਂ ਆਕਰਸ਼ਕ ਆਫਰਾਂ ਦੀ ਭਾਲ ਵੀ ਲੋਕਾਂ ਨੂੰ ਨਕਲੀ ਦਵਾਈ ਵਿਕ੍ਰੇਤਾਵਾਂ ਦੇ ਜਾਲ ’ਚ ਫਸਾ ਰਹੀ ਹੈ।
ਇਕ ਤਾਂ ਇਸ ਗਿਰੋਹ ਦਾ ਆਚਰਣ ਦੇਸ਼ ਅਤੇ ਆਮ ਜਨਤਾ ਲਈ ਬੁਰਾ ਹੈ, ਜਿਵੇਂ ਕਿ ਭਾਰਤ ’ਚ ਬਣੇ ਘਟੀਆ ਕਫ ਸਿਰਪ ਨੂੰ ਲੈ ਕੇ ਸ਼ੁਰੂ ਵਿਵਾਦ ਅਜੇ ਤੱਕ ਖਤਮ ਨਹੀਂ ਹੋਇਆ ਹੈ ਅਤੇ ਲੋਕਾਂ ਲਈ ਹਾਨੀਕਾਰਨ ਹੈ। ਹੁਣ ਕੈਂਸਰ ਦੀਆਂ ਨਕਲੀ ਦਵਾਈਆਂ ਦਾ ਸਕੈਂਡਲ ਸਾਹਮਣੇ ਆ ਗਿਆ।
ਇਸ ਲਈ ਇਸ ਸਬੰਧ ’ਚ ਜਿਥੇ ਪ੍ਰਸ਼ਾਸਨ ਨੂੰ ਜਾਗਰੂਕ ਹੋਣ ਦੀ ਲੋੜ ਹੈ, ਉਥੇ ਹੀ ਕੈਂਸਰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਹਿੰਗੀ ਦਵਾਈ ਖਰੀਦਦੇ ਸਮੇਂ ਪੂਰੀ ਸਾਵਧਾਨੀ ਵਰਤਣ ਅਤੇ ਪ੍ਰਮਾਣਿਕ ਦਵਾਈ ਵਿਕ੍ਰੇਤਾਵਾਂ ਤੋਂ ਦਵਾਈ ਖਰੀਦਣ ਦੀ ਲੋੜ ਹੈ।
-ਵਿਜੇ ਕੁਮਾਰ