ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸੀ.ਐੱਮ. ਅਹੁਦੇ ਤੋਂ ਅਸਤੀਫਾ ਦੇ ਕੇ ਲਾਏ ਕਈ ਨਿਸ਼ਾਨੇ

Wednesday, Sep 18, 2024 - 02:08 AM (IST)

ਫਰਵਰੀ 2020 ’ਚ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ ਅਰਵਿੰਦ ਕੇਜਰੀਵਾਲ ਨਵੰਬਰ 2021 ’ਚ ਦਿੱਲੀ ਸਰਕਾਰ ਵੱਲੋਂ ਨਵੀਂ ਆਬਕਾਰੀ ਨੀਤੀ ਪੇਸ਼ ਕਰਨ ਦੇ ਬਾਅਦ ਤੋਂ ਹੀ ਵਿਵਾਦਾਂ ’ਚ ਚੱਲੇ ਆ ਰਹੇ ਹਨ ਅਤੇ 21 ਮਾਰਚ 2024 ਨੂੰ ਈ.ਡੀ. ਨੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਇਸ ਦਰਮਿਆਨ ਦਿੱਲੀ ਹਾਈਕੋਰਟ ਨੇ 10 ਮਈ ਨੂੰ ਲੋਕ ਸਭਾ ਚੋਣਾਂ ’ਚ ਪ੍ਰਚਾਰ ਲਈ ਉਨ੍ਹਾਂ ਨੂੰ 1 ਜੂਨ ਤਕ ਅੰਤਰਿਮ ਜ਼ਮਾਨਤ ਦਿੱਤੀ ਸੀ ਪਰ ਉਸ ਦੇ ਬਾਅਦ 26 ਜੂਨ ਨੂੰ ਸੀ. ਬੀ. ਆਈ. ਨੇ ਆਬਕਾਰੀ ਨੀਤੀ ਨਾਲ ਸੰਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਰਸਮੀ ਤੌਰ ’ਤੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ।

13 ਸਤੰਬਰ 2024 ਨੂੰ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਸਖਤ ਸ਼ਰਤਾਂ ਦੇ ਨਾਲ ਜ਼ਮਾਨਤ ਦੇ ਦਿੱਤੀ। ਮੁੱਖ ਮੰਤਰੀ ਵਜੋਂ ਉਹ ਨਾ ਹੀ ਆਪਣੇ ਦਫਤਰ ਜਾਂ ਸਕੱਤਰੇਤ ਜਾ ਸਕਦੇ ਹਨ ਅਤੇ ਨਾ ਹੀ ਉਹ ਐੱਲ. ਜੀ. ਦੀ ਮਨਜ਼ੂਰੀ ਤੋਂ ਬਿਨਾਂ ਜ਼ਰੂਰੀ ਫਾਈਲਾਂ ਅਤੇ ਹੋਰ ਕਾਗਜ਼ਾਂ ’ਤੇ ਦਸਤਖਤ ਹੀ ਕਰ ਸਕਦੇ ਹਨ।

ਕਿਉਂਕਿ ਮੁਕੱਦਮਾ ਅਜੇ ਜਾਰੀ ਰਹੇਗਾ, ਇਸ ਲਈ ਜ਼ਮਾਨਤ ’ਤੇ ਬਾਹਰ ਆਉਣ ਦੇ 2 ਦਿਨ ਬਾਅਦ 15 ਸਤੰਬਰ ਨੂੰ ਪਹਿਲੀ ਵਾਰ ਪਾਰਟੀ ਹੈੱਡਕੁਆਰਟਰ ਪਹੁੰਚ ਕੇ ਉਨ੍ਹਾਂ ਨੇ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਇਹ ਕਹਿ ਕੇ ਧਮਾਕਾ ਕਰ ਦਿੱਤਾ ਕਿ :

‘‘ਮੈਂ ਦੋ ਦਿਨ ਬਾਅਦ (17 ਸਤੰਬਰ) ਅਸਤੀਫਾ ਦੇ ਦੇਵਾਂਗਾ ਅਤੇ ਲੋਕਾਂ ਤੋਂ ਪੁੱਛਾਂਗਾ ਕਿ ਉਹ ਮੈਨੂੰ ਈਮਾਨਦਾਰ ਮੰਨਦੇ ਹਨ ਜਾਂ ਦੋਸ਼ੀ? ਜਨਤਾ ਜਦੋਂ ਤਕ ਈਮਾਨਦਾਰੀ ਦਾ ਸਰਟੀਫਿਕੇਟ ਨਹੀਂ ਦਿੰਦੀ, ਉਦੋਂ ਤਕ ਮੈਂ ਮੁੱਖ ਮੰਤਰੀ ਅਤੇ ਮਨੀਸ਼ ਸਿਸੋਦੀਆ ਉਪ-ਮੁੱਖ ਮੰਤਰੀ ਦਾ ਅਹੁਦਾ ਨਹੀਂ ਸੰਭਾਲਣਗੇ। ਦਿੱਲੀ ਦੀਆਂ ਚੋਣਾਂ ਉਂਝ ਤਾਂ ਫਰਵਰੀ ’ਚ ਹੋਣੀਆਂ ਹਨ ਪਰ ਮੈਂ ਮੰਗ ਕਰਦਾ ਹਾਂ ਕਿ ਇਥੇ ਮਹਾਰਾਸ਼ਟਰ ਦੇ ਨਾਲ ਹੀ ਨਵੰਬਰ ’ਚ ਚੋਣਾਂ ਕਰਵਾਈਆਂ ਜਾਣ।’’

ਅਰਵਿੰਦ ਕੇਜਰੀਵਾਲ ਵੱਲੋਂ ਉਕਤ ਐਲਾਨ ਕਰਨ ਦੇ ਨਾਲ ਹੀ ਮੁੱਖ ਮੰਤਰੀ ਅਹੁਦੇ ਦੇ ਲਈ ਸੰਭਾਵਿਤ ਨਾਵਾਂ ਦੀ ਵੀ ਚਰਚਾ ਸ਼ੁਰੂ ਹੋ ਗਈ, ਜਿਨ੍ਹਾਂ ’ਚ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਤੋਂ ਇਲਾਵਾ ਆਤਿਸ਼ੀ, ਕੈਲਾਸ਼ ਗਹਿਲੋਤ, ਗੋਪਾਲ ਰਾਏ, ਸੌਰਭ ਭਾਰਦਵਾਜ ਅਤੇ ਰਾਖੀ ਬਿਰਲਾ ਆਦਿ ਸ਼ਾਮਲ ਸਨ।

ਇਸੇ ਅਨੁਸਾਰ 17 ਸਤੰਬਰ ਨੂੰ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਦਲ ਦੀ ਮੀਟਿੰਗ ’ਚ ਅਰਵਿੰਦ ਕੇਜਰੀਵਾਲ ਦੀ ਸਭ ਤੋਂ ਵੱਧ ਭਰੋਸੇਮੰਦ ਅਤੇ ਸਭ ਤੋਂ ਵੱਧ ਮੰਤਰਾਲੇ ਸੰਭਾਲਣ ਵਾਲੀ ਆਤਿਸ਼ੀ ਨੂੰ ਵਿਧਾਇਕ ਦਲ ਦੀ ਆਗੂ ਚੁਣ ਲਿਆ ਗਿਆ। ਉਹ ਦਿੱਲੀ ਦੀ ਸਭ ਤੋਂ ਘੱਟ ਉਮਰ ਵਾਲੀ ਮੁੱਖ ਮੰਤਰੀ ਹੋਣਗੇ।

ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸਲਾਹਕਾਰ ਰਹਿ ਚੁੱਕੀ ਆਤਿਸ਼ੀ ਇਸ ਸਮੇਂ ਵਿੱਤ, ਮਹਿਲਾ, ਬਾਲ ਵਿਕਾਸ, ਸਿੱਖਿਆ, ਬਿਜਲੀ, ਕਲਾ-ਸੱਭਿਆਚਾਰ, ਸੈਰ-ਸਪਾਟਾ ਅਤੇ ਲੋਕ ਨਿਰਮਾਣ ਸਮੇਤ 14 ਵਿਭਾਗਾਂ ਦਾ ਕੰਮ ਦੇਖ ਰਹੀ ਹੈ। ਉਨ੍ਹਾਂ ਨੇ ਕੇਜਰੀਵਾਲ ਦੇ ਜੇਲ ਜਾਣ ਦੌਰਾਨ ਸੂਬੇ ਦੀ ਕਮਾਨ ਸੰਭਾਲੀ।

ਆਖਿਰ 17 ਸਤੰਬਰ ਸ਼ਾਮ ਨੂੰ ਅਰਵਿੰਦ ਕੇਜਰੀਵਾਲ ਨੇ ਐੱਲ. ਜੀ. ਵੀ. ਕੇ. ਸਕਸੈਨਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਅਸਤੀਫਾ ਸੌਂਪ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤੀ ਗਈ ਆਤਿਸ਼ੀ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਕੇ ਸਹੁੰ ਚੁੱਕਣ ਲਈ ਮਿਤੀ ਤੈਅ ਕਰਨ ਦੀ ਉਪ ਰਾਜਪਾਲ ਨੂੰ ਬੇਨਤੀ ਕੀਤੀ।

ਆਤਿਸ਼ੀ ਨੂੰ ਮੁੱਖ ਮੰਤਰੀ ਨਾਮਜ਼ਦ ਕਰਨ ਦਾ ਜਿੱਥੇ ‘ਆਪ’ ਆਗੂਆਂ ਨੇ ਸਵਾਗਤ ਕੀਤਾ ਹੈ, ਉਥੇ ਹੀ ਵਿਰੋਧੀਆਂ ਨੇ ਰਲੀ-ਮਿਲੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ ਕਿ,‘‘ਦਿੱਲੀ ਦੀ ਮੁੱਖ ਮੰਤਰੀ ਇਕ ਅਜਿਹੀ ਔਰਤ ਨੂੰ ਬਣਾਇਆ ਜਾ ਰਿਹਾ ਹੈ, ਜਿਨ੍ਹਾਂ ਦੇ ਪਰਿਵਾਰ ਨੇ ਅਫਜ਼ਲ ਗੁਰੂ ਨੂੰ ਫਾਂਸੀ ਤੋਂ ਬਚਾਉਣ ਲਈ ਲੰਮੀ ਲੜਾਈ ਲੜੀ।’’

ਦਿੱਲੀ ਕਾਂਗਰਸ ਦੇ ਪ੍ਰਧਾਨ ਦੇਵੇਂਦਰ ਯਾਦਵ ਅਨੁਸਾਰ, ‘‘ਕੇਜਰੀਵਾਲ ਜਦ ਵੀ ਹਾਰਦੇ ਹਨ, ਭੱਜ ਖੜ੍ਹੇ ਹੁੰਦੇ ਹਨ।’’

ਕਿਰਿਨ ਰਿਜੀਜੂ (ਭਾਜਪਾ) ਦਾ ਕਹਿਣਾ ਹੈ ਕਿ,‘‘ਆਮ ਆਦਮੀ ਪਾਰਟੀ ਨੇ ਦਿੱਲੀ ਨੂੰ ਬਰਬਾਦ ਕਰ ਦਿੱਤਾ, ਹੁਣ ਪੰਜਾਬ ਦੀ ਵਾਰੀ ਹੈ।’’

ਸਿਆਸੀ ਆਬਜ਼ਰਵਰਾਂ ਅਨੁਸਾਰ ਕੇਜਰੀਵਾਲ ਨੇ ਆਪਣੇ ਇਸ ਫੈਸਲੇ ਨਾਲ ਕਈ ਨਿਸ਼ਾਨੇ ਲਾਏ ਹਨ। ਨਾ ਸਿਰਫ ਆਤਿਸ਼ੀ ਨੂੰ ਮੁੱਖ ਮੰਤਰੀ ਨਾਮਜ਼ਦ ਕਰ ਕੇ ਪਰਿਵਾਰ ਪੋਸ਼ਣ ਦੇ ਦੋਸ਼ ਤੋਂ ਬਚ ਗਏ ਹਨ, ਸਗੋਂ ਆਪਣੀ ਭਰੋਸੇਮੰਦ ਆਤਿਸ਼ੀ ਨੂੰ ਮੁੱਖ ਮੰਤਰੀ ਬਣਾ ਕੇ ਚੋਣਾਂ ਵਿਚ ਔਰਤਾਂ ਅਤੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਵੀ ਸਫਲ ਹੋਣਗੇ। ਆਤਿਸ਼ੀ ਵਿਚ ਉਹ ਸਭ ਗੁਣ ਹਨ, ਜੋ ਇਕ ਸਫਲ ਆਗੂ ਵਿਚ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਹੋਣੇ ਜ਼ਰੂਰੀ ਹਨ ਅਤੇ ਉਹ ਆਮ ਜਨਤਾ ਵਿਚ ਬਹੁਤ ਲੋਕਪ੍ਰਿਯ ਹਨ।

ਇਹੀ ਨਹੀਂ, ਹੁਣ ਉਹ ਪਾਰਟੀ ਦੇ ਵਿਸਤਾਰ ਅਤੇ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਸਕਣਗੇ। ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਕੁਰਸੀ ’ਤੇ ਹੁਣ ਭਾਵੇਂ ਆਤਿਸ਼ੀ ਬੈਠੇਗੀ ਪਰ ਸੱਤਾ ਦੀ ਚਾਬੀ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿਚ ਰਹੇਗੀ।

ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਜੇਲ ਵਿਚ ਹੋਣ ਨਾਲ ਲੋਕ ਭਲਾਈ ਦੇ ਜੋ ਕੰਮ ਰੁਕੇ ਪਏ ਸਨ, ਉਹ ਹੁਣ ਆਤਿਸ਼ੀ ਦੇ ਮੁੱਖ ਮੰਤਰੀ ਬਣਨ ਨਾਲ ਮੁਕੰਮਲ ਹੋ ਸਕਣਗੇ।

–ਵਿਜੇ ਕੁਮਾਰ


Harpreet SIngh

Content Editor

Related News