RSS ਮੁਖੀ ’ਤੇ ਭੜਕੀ ਮਮਤਾ
Saturday, Jan 18, 2025 - 01:38 PM (IST)
ਦਿੱਲੀ ’ਚ ਕਾਂਗਰਸ ਦੇ ਨਵੇਂ ਮੁੱਖ ਦਫਤਰ ਦੇ ਉਦਘਾਟਨ ਦੌਰਾਨ ਰਾਹੁਲ ਗਾਂਧੀ ਨੇ ਮੋਰਚਾ ਸੰਭਾਲਿਆ ਅਤੇ ਕਿਹਾ ਕਿ ਆਰ. ਐੱਸ. ਐੱਸ.-ਭਾਜਪਾ ਵਿਰੁੱਧ ਲੜਾਈ ਸਿਰਫ ਸਿਆਸੀ ਨਹੀਂ ਹੈ। ਉਨ੍ਹਾਂ ਕਿਹਾ, ‘‘ਭਾਜਪਾ ਅਤੇ ਆਰ. ਐੱਸ. ਐੱਸ. ਨੇ ਸਾਡੇ ਦੇਸ਼ ਦੀ ਹਰ ਸੰਸਥਾ ’ਤੇ ਕਬਜ਼ਾ ਕਰ ਲਿਆ ਹੈ। ਹੁਣ ਅਸੀਂ ਭਾਜਪਾ, ਆਰ. ਐੱਸ. ਐੱਸ. ਅਤੇ ਦੇਸ਼ ਨਾਲ ਹੀ ਲੜ ਰਹੇ ਹਾਂ। ਭਾਗਵਤ ਨੇ ਜੋ ਕਿਹਾ ਉਹ ‘ਦੇਸ਼ਧ੍ਰੋਹ’ ਹੈ ਕਿਉਂਕਿ ਇਸ ’ਚ ਕਿਹਾ ਗਿਆ ਹੈ ਕਿ ਸੰਵਿਧਾਨ ਨਾ ਮੰਨਣਯੋਗ ਹੈ, ਇਸ ’ਚ ਕਿਹਾ ਗਿਆ ਹੈ ਕਿ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਨਾ ਮੰਨਣਯੋਗ ਹੈ ਅਤੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਇਹ ਕਹਿਣ ਦੀ ਹਿੰਮਤ ਹੈ। ਕਿਸੇ ਹੋਰ ਦੇਸ਼ ’ਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ ਉਨ੍ਹਾਂ ’ਤੇ ਮੁਕੱਦਮਾ ਚਲਾਇਆ ਜਾਂਦਾ।’’
ਦੂਜੇ ਪਾਸੇ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਨੈੱਟਵਰਕ ’ਤੇ ਸ਼ਹਿਰੀ ਨਕਸਲੀਆਂ ਅਤੇ ਡੀਪ ਸਟੇਟ ਦੇ ਨਾਲ ਗੂੜ੍ਹੇ ਸੰਬੰਧ ਹੋਣ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਟੀਚਾ ਭਾਰਤ ਦੇ ਅਕਸ ਨੂੰ ਧੁੰਦਲਾ ਕਰਨਾ ਹੈ। ਓਧਰ ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਭਾਜਪਾ ਨੇ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ ਕਿਉਂਕਿ ਉਸ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਭਾਰਤੀ ਸੰਵਿਧਾਨ ਦੀ ਧਾਰਾ 12 ’ਚ ‘ਸੂਬੇ’ ਦੀ ਪਰਿਭਾਸ਼ਾ ਦਾ ਹਵਾਲਾ ਦਿੰਦੇ ਹੋਏ ‘ਭਾਰਤੀ ਰਾਜ ਨਾਲ ਲੜਨ’ ਵਾਲੀ ਟਿੱਪਣੀ ’ਤੇ ਆਲੋਚਨਾ ਤੋਂ ਬਚਾਇਆ।
ਦੂਜੇ ਪਾਸੇ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦੇ ਕਥਿਤ ਤੌਰ ’ਤੇ ਇਤਿਹਾਸ ਨੂੰ ਵਿਗਾੜਣ ਦੇ ਯਤਨ ਨੂੰ ਸਹਿਣ ਨਹੀਂ ਕਰੇਗੀ ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਨੂੰ ਅਸਲ ’ਚ ਆਜ਼ਾਦੀ ਪਿਛਲੇ ਸਾਲ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦੇ ਨਾਲ ਹੀ ਮਿਲੀ ਸੀ।
ਮਮਤਾ ਨੇ ਪੁੱਛਿਆ ਹੈ, ‘‘ਮਹਾਤਮਾ ਗਾਂਧੀ, ਨੇਤਾ ਜੀ ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਮੌਲਾਨਾ ਅਬੁਲ ਕਲਾਮ ਆਜ਼ਾਦ, ਕੀ ਅਸੀਂ ਉਨ੍ਹਾਂ ਨੂੰ ਭੁੱਲ ਜਾਵਾਂਗੇ? ਕੀ ਅਸੀਂ ਉਨ੍ਹਾਂ ਦੇ ਸੰਘਰਸ਼ ਨੂੰ ਭੁੱਲ ਜਾਵਾਂਗੇ? ਗਾਂਧੀ ਜੀ ਰਾਸ਼ਟਰਪਿਤਾ ਹਨ। ਉਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਦੇ ਦਿੱਤੀ। ਅਸੀਂ ਆਜ਼ਾਦੀ ਘੁਲਾਟੀਆਂ ਨੂੰ ਕਿਵੇਂ ਭੁੱਲ ਸਕਦੇ ਹਾਂ?’’
ਪਟਨਾ ’ਚ ਸਿਆਸੀ ਹਲਚਲ ਤੇਜ਼ : ਪਟਨਾ ’ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ ਕਿਉਂਕਿ ਰਾਸ਼ਟਰੀ ਜਨਤਾ ਦਲ (ਰਾਜਦ) ਨੇ ਸੂਬੇ ’ਚ ਮਹਾਗੱਠਜੋੜ ਨੂੰ ਮਜ਼ਬੂਤ ਬਣਾਉਣ ਦੇ ਯਤਨਾਂ ਨੂੰ ਤੇਜ਼ ਕਰ ਦਿੱਤਾ ਹੈ। ਮਾਘੀ ਦੇ ਮੌਕੇ ’ਤੇ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ (ਆਰ. ਐੱਲ. ਜੇ. ਪੀ.) ਦੇ ਮੁਖੀ ਪਸ਼ੂਪਤੀ ਕੁਮਾਰ ਪਾਰਸ ਦੀ ਪਾਰਟੀ ਵਲੋਂ ਆਯੋਜਿਤ ਦਹੀਂ-ਚੂੜਾ ਭੋਜ ’ਚ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਸ਼ਾਮਲ ਹੋਏ।
ਬੈਠਕ ਦੌਰਾਨ ਸਵ. ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੇ ਭਰਾ ਪਾਰਸ ਨੂੰ ਵਿਰੋਧੀ ਖੇਮੇ ’ਚ ਸ਼ਾਮਲ ਹੋਣ ਲਈ ਲਾਲੂ ਵਲੋਂ ਮਨਜ਼ੂਰੀ ਮਿਲੀ। ਹਾਲਾਂਕਿ ਵੱਖ ਹੋਏ ਚਾਚਾ ਪਸ਼ੂਪਤੀ ਕੁਮਾਰ ਪਾਰਸ ਨੇ ਦਾਅਵਾ ਕੀਤਾ ਕਿ ਜਦੋਂ ਉਹ ਨਾਲ ਸਨ ਤਾਂ ਭਤੀਜੇ ਨੇ ਉਨ੍ਹਾਂ ਦਾ ਨਿਰਾਦਰ ਕੀਤਾ ਸੀ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਸਾਰੇ ਬਦਲਾਂ ’ਤੇ ਵਿਚਾਰ ਕਰ ਰਹੇ ਹਨ।
ਪਾਰਟੀ ਦੀ ਬਹੁਜਨ ਰਣਨੀਤੀ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਮਾਇਆਵਤੀ : ਬਸਪਾ 2024 ਦੀਆਂ ਲੋਕ ਸਭਾ ਚੋਣਾਂ ’ਚ ਇਕ ਵੀ ਸੀਟ ਨਹੀਂ ਜਿੱਤ ਸਕੀ ਅਤੇ ਉਸ ਦੀਆਂ ਮੁੱਖ ਦਲਿਤ ਵੋਟਾਂ ਦੇ ਹੋਰਨਾਂ ਪਾਰਟੀਆਂ ’ਚ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਬਸਪਾ ਸੁਪਰੀਮੋ ਮਾਇਆਵਤੀ ਮੂਲ ਗੱਲਾਂ ’ਤੇ ਵਾਪਸ ਜਾਣ ਅਤੇ ਪਾਰਟੀ ਦੀ ਬਹੁਜਨ ਰਣਨੀਤੀ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੀਆਂ 9 ਸੀਟਾਂ ’ਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲੜਨ ਦਾ ਵੀ ਫੈਸਲਾ ਕੀਤਾ।
ਯੂ. ਪੀ. ’ਚ ਪਿਛਲੀ ਵਾਰ ਨਾਲੋਂ ਵੱਖਰੇ ਤੌਰ ’ਤੇ ਜਿੱਤ ਤਾਂ ਦਰਜ ਕੀਤੀ ਗਈ ਪਰ ਪਾਰਟੀ ਨਾ ਤਾਂ ਇਕ ਵੀ ਸੀਟ ਜਿੱਤ ਸਕੀ ਅਤੇ ਨਾ ਹੀ ਮੁਕਾਬਲੇ ਨੂੰ ਤਿਕੋਣਾ ਬਣਾ ਸਕੀ। ਇਸ ਹਾਰ ਤੋਂ ਬਾਅਦ ਹੁਣ ਬਸਪਾ ਨੇ ਆਪਣੀ ਗੁਆਚੀ ਸਿਆਸੀ ਜ਼ਮੀਨ ਵਾਪਸ ਹਾਸਲ ਕਰਨ ਲਈ ਫਰਵਰੀ ’ਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਸਾਰੀਆਂ 70 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਕੀਤਾ ਹੈ।
ਬਿਪਤਾ ’ਚ ਪੈ ਗਿਆ ਐੱਮ. ਵੀ. ਏ. ਗੱਠਜੋੜ : ‘ਇੰਡੀਆ’ ਗੱਠਜੋੜ ’ਚ ਤਰੇੜ ਪੈਣ ਦੀਆਂ ਖਬਰਾਂ ਦਰਮਿਆਨ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.-ਐੱਸ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਗੱਠਜੋੜ ਸਿਰਫ ਰਾਸ਼ਟਰੀ ਚੋਣਾਂ ਲਈ ਕੀਤਾ ਗਿਆ ਹੈ, ਜਦਕਿ ਸ਼ਿਵਸੈਨਾ (ਯੂ. ਬੀ. ਟੀ.) ਨੇ ਮਹਾਰਾਸ਼ਟਰ ’ਚ ਸਥਾਨਕ ਸਰਕਾਰਾਂ ਚੋਣਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ। ਹਾਲਾਂਕਿ ਪਵਾਰ ਨੇ ਕਿਹਾ ਕਿ ਉਹ ਐੱਮ. ਵੀ. ਏ. ਦੇ ਤਿੰਨ ਭਾਈਵਾਲਾਂ ਦੀ ਇਕ ਬੈਠਕ ਸੱਦਣਗੇ ਤਾਂ ਕਿ ਚਰਚਾ ਕੀਤੀ ਜਾ ਸਕੇ ਕਿ ਉਨ੍ਹਾਂ ਨੂੰ ਆਉਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਇਕੱਠੇ ਹੋਣਾ ਚਾਹੀਦਾ ਹੈ ਜਾਂ ਨਹੀਂ।
ਜਦਕਿ ਇਸ ਦਰਮਿਆਨ ਕਾਂਗਰਸ ਨੇ ਕਿਹਾ ਹੈ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਇਸ ਗੱਲ ’ਤੇ ਫੈਸਲਾ ਕਰੇਗੀ ਕਿ ਉਹ ਸਥਾਨਕ ਸਰਕਾਰਾਂ ਚੋਣਾਂ ’ਚ ਇਕੱਲੀ ਜਾਂ ਗੱਠਜੋੜ ਦੇ ਨਾਲ ਲੜੇਗੀ। ਹੁਣ ਜਦੋਂ ਦਿੱਲੀ ਵਿਧਾਨ ਸਭਾ ਚੋਣਾਂ ’ਚ ‘ਇੰਡੀਆ’ ਗੱਠਜੋੜ ਟੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਐੱਮ. ਵੀ. ਏ. ਗੱਠਜੋੜ ਵੀ ਬਿਪਤਾ ’ਚ ਪੈ ਗਿਆ ਹੈ।
ਦਿੱਲੀ ’ਚ ਸਿਆਸੀ ਸਰਗਰਮੀ ਵਧੀ : ਦਿੱਲੀ ’ਚ ਸਿਆਸੀ ਸਰਗਰਮੀ ਵਧ ਗਈ ਹੈ ਕਿਉਂਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਦੇ ਨਾਅਰੇ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਰੈਲੀ ਸੀਲਮਪੁਰ (ਸ਼ਾਹਦਰਾ) ’ਚ ਕੀਤੀ ਗਈ ਜੋ 2020 ਦੇ ਫਿਰਕੂ ਦੰਗਿਆਂ ਤੋਂ ਅਜੇ ਵੀ ਪੀੜਤ ਹੈ। ਰਾਹੁਲ ਨੇ ਕਿਹਾ ਸੀ, ‘ਭਾਜਪਾ-ਆਰ. ਐੱਸ. ਐੱਸ. ਦੇ ਲੋਕ ਨਫਰਤ ਫੈਲਾਉਂਦੇ ਹਨ ਅਤੇ ਭਾਈਚਾਰਿਆਂ ’ਚ ਫੁੱਟ ਪਾਉਂਦੇ ਹਨ ਪਰ ਸੰਵਿਧਾਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਰਤ ਸਾਰਿਆਂ ਦਾ ਹੈ।’
ਜਦਕਿ ਕਾਂਗਰਸ ਨੇ ਵੀਰਵਾਰ ਨੂੰ ਵਾਅਦਾ ਕੀਤਾ ਕਿ ਜੇਕਰ ਉਹ ਦਿੱਲੀ ’ਚ ਸੱਤਾ ’ਚ ਆਉਂਦੀ ਹੈ ਤਾਂ ਉਹ ਸ਼ਹਿਰ ਦੇ ਨਿਵਾਸੀਆਂ ਨੂੰ 500 ਰੁਪਏ ਦਾ ਐੱਲ. ਪੀ. ਜੀ. ਸਿਲੰਡਰ, ਮੁਫਤ ਰਾਸ਼ਨ ਕਿੱਟ ਅਤੇ 300 ਯੂਨਿਟ ਤਕ ਮੁਫਤ ਬਿਜਲੀ ਦੇਵੇਗੀ। ਵਿਸ਼ਾਲ ਪੁਰਾਣੀ ਪਾਰਟੀ ਨੇ 6 ਜਨਵਰੀ ਨੂੰ ‘ਪਿਆਰੀ ਦੀਦੀ ਯੋਜਨਾ’ ਦਾ ਐਲਾਨ ਕੀਤਾ।
-ਰਾਹਿਲ ਨੋਰਾ ਚੋਪੜਾ