ਮਮਤਾ ਬੈਨਰਜੀ : ਸ਼ਖਸੀਅਤ ਅਤੇ ਚੁਣੌਤੀਆਂ

05/10/2021 3:45:45 AM

ਵਿਨੀਤ ਨਾਰਾਇਣ

ਬੇਹੱਦ ਤਾਕਤਵਰ, ਭਾਰੀ ਸਰੋਤਾਂ ਨਾਲ ਸੰਪੰਨ ਅਤੇ ਹਰਫਨਮੌਲਾ ਭਾਜਪਾ ਦੇ ਇੰਨੇ ਤਕੜੇ ਹਮਲੇ ਦੇ ਬਾਵਜੂਦ ਇਕ ਔਰਤ ਦਾ ਬਹਾਦਰੀ ਨਾਲ ਲੜ ਕੇ ਇੰਨੀ ਸ਼ਾਨਦਾਰ ਜਿੱਤ ਹਾਸਲ ਕਰਨੀ ਕੋਈ ਆਮ ਗੱਲ ਨਹੀਂ ਹੈ। ਇਸ ਲਈ ਅੱਜ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪੂਰੇ ਦੇਸ਼ ’ਚ ਇਕ ਖਾਸ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਅੱਜ ਮਮਤਾ ਬੈਨਰਜੀ ਦਾ ਅਕਸ ਆਪਣੇ ਆਪ ’ਚ ਇਕ ਰਾਸ਼ਟਰੀ ਨੇਤਾ ਦਾ ਬਣ ਗਿਆ ਹੈ। ਇਸ ਤੋਂ ਪਹਿਲਾਂ ਕਿ ਅਸੀਂ ਮਮਤਾ ਬੈਨਰਜੀ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਦੀ ਚਰਚਾ ਕਰੀਏ, ਉਨ੍ਹਾਂ ਦੀ ਸ਼ਖਸੀਅਤ ਦੇ ਕੁਝ ਪਹਿਲੂਆਂ ਨੂੰ ਜਾਣਨਾ ਚੰਗਾ ਰਹੇਗਾ।

ਪਿਛਲੇ ਦਸ ਵਰ੍ਹਿਆਂ ਤੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਹੁੰਦੇ ਹੋਇਆਂ ਵੀ ਉਹ ਆਲੀਸ਼ਾਨ ਸਰਕਾਰੀ ਬੰਗਲੇ ’ਚ ਨਹੀਂ ਸਗੋਂ ਗਰੀਬ ਲੋਕਾਂ ਦੀ ਬਸਤੀ ’ਚ ਛੋਟੇ ਜਿਹੇ ਨਿੱਜੀ ਮਕਾਨ ’ਚ ਰਹਿੰਦੇ ਹਨ। ਜਦੋਂ ਉਹ ਕੇਂਦਰ ’ਚ ਰੇਲ ਮੰਤਰੀ ਸਨ ਉਦੋਂ ਉਨ੍ਹਾਂ ਨਾਲ ਮੇਰਾ ਕਈ ਵਾਰ ਮੇਲ ਹੋਇਆ। ਉਦੋਂ ਵੀ ਉਹ ਮੰਤਰੀ ਦੇ ਬੰਗਲੇ ’ਚ ਨਾ ਜਾ ਕੇ ਸੰਸਦ ਮੈਂਬਰਾਂ ਦੇ ਫਲੈਟ ’ਚ ਹੀ ਰਹੇ, ਜਿਸ ਦੀ ਅੰਦਰੂਨੀ ਸਜਾਵਟ ਇਕ ਸਰਕਾਰੀ ਬਾਬੂ ਦੇ ਘਰ ਨਾਲੋਂ ਵੀ ਹੇਠਲੇ ਪੱਧਰ ਦੀ ਸੀ, ਜਿੱਥੇ ਕੋਈ ਵੀ ਬਿਨਾਂ ਰੋਕ-ਟੋਕ ਦੇ ਕਦੀ ਵੀ ਜਾ ਸਕਦਾ ਸੀ। ਰੇਲ ਮੰਤਰਾਲਾ ਦੀਆਂ ਗੱਡੀਆਂ ਅਤੇ ਸੁਰੱਖਿਆ ਕਾਫਿਲੇ ਦੇ ਬਗੈਰ ਉਹ ਆਪਣੀ ਪੁਰਾਣੀ ਮਾਰੂਤੀ ’ਚ ਆਉਂਦੀ-ਜਾਂਦੀ ਸੀ।

ਰੇਲ ਮੰਤਰੀ ਦੇ ਦਫਤਰ ’ਚ ਬਹੁਤ ਸ਼ਾਨਦਾਰ ਮਹਿਮਾਨਨਿਵਾਜ਼ੀ ਦਾ ਪ੍ਰਬੰਧ ਹੰੁੰਦਾ ਹੈ। ਉਦੋਂ ਵੀ ਮਮਤਾ ਦੀਦੀ ਕੰਟੀਨ ਦੇ ਕੱਚ ਦੇ ਗਿਲਾਸ ’ਚ ਹੀ ਚਾਹ ਪਿਲਾਉਂਦੀ ਸੀ ਅਤੇ ਉਸ ਦਾ ਭੁਗਤਾਨ ਆਪਣੇ ਪੈਸਿਆਂ ਨਾਲ ਕਰਦੀ ਸੀ। ਇਕ ਵਾਰ ਭਾਰੀ ਠੰਡ ਦੀ ਧੁੰਦ ਵਾਲੀ ਹਨੇਰੀ ਰਾਤ ਨੂੰ ਦੋ ਵਜੇ ਉਹ ਜੈਪੁਰ ਦੇ ਰੇਲਵੇ ਸਟੇਸ਼ਨ ’ਤੇ ਪਹੁੰਚੀ ਅਤੇ ਸਟੇਸ਼ਨ ਮਾਸਟਰ ਨੂੰ ਕਿਹਾ ਕਿ ਉਹ ਰੇਲ ਮੰਤਰੀ ਹਨ ਅਤੇ ਉਨ੍ਹਾਂ ਦਾ ਹਵਾਈ ਜਹਾਜ਼ ਧੁੰਦ ਦੇ ਕਾਰਨ ਜੈਪੁਰ ਹਵਾਈ ਅੱਡੇ ’ਤੇ ਉਤਰ ਗਿਆ ਸੀ। ਹੁਣ ਉਨ੍ਹਾਂ ਨੂੰ ਕਿਸੇ ਵੀ ਰੇਲ ਗੱਡੀ ’ਚ ਕਿਸੇ ਵੀ ਦਰਜੇ ਦੀ ਬਰਥ ਦੇ ਕੇ ਦਿੱਲੀ ਪਹੁੰਚਾ ਦਿਓ। ਸਟੇਸ਼ਨ ਮਾਸਟਰ ਬਿਨਾਂ ਗਰਮ ਕੱਪੜੇ ਪਹਿਨੇ, ਸੂਤੀ ਧੋਤੀ ਅਤੇ ਹਵਾਈ ਚੱਪਲ ’ਚ ਇਕ ਸਾਧਾਰਨ ਔਰਤ ਨੂੰ ਇਸ ਤਰ੍ਹਾਂ ਦੇਖ ਕੇ ਉਸ ਦੀ ਗੱਲ ’ਤੇ ਯਕੀਨ ਨਹੀਂ ਕਰ ਸਕਿਆ।

ਉਸ ਨੇ ਜੈਪੁਰ ’ਚ ਤਾਇਨਾਤ ਰੇਲਵੇ ਦੇ ਜਨਰਲ ਮੈਨੇਜਰ ਸ਼੍ਰੀ ਅਜਿਤ ਕਿਸ਼ੋਰ, ਜੋ ਮੇਰੀ ਪਤਨੀ ਦੇ ਮਾਮਾ ਹਨ, ਨੂੰ ਫੋਨ ਕੀਤਾ ਅਤੇ ਮਮਤਾ ਬੈਨਰਜੀ ਨਾਲ ਗੱਲ ਕਰਵਾਈ। ਅਜਿਤ ਮਾਮਾ ਹੜਬੜਾ ਕੇ ਸਟੇਸ਼ਨ ਦੌੜੇ ਆਏ ਅਤੇ ਮਮਤਾ ਬੈਨਰਜੀ ਨੂੰ ਵਾਰ-ਵਾਰ ਬੇਨਤੀ ਕੀਤੀ ਕਿ ਉਹ ਜੀ. ਐੱਮ. ਦੇ ਸੈਲੂਨ ’ਚ ਦਿੱਲੀ ਚਲੇ ਜਾਣ ਜੋ ਕਿਸੇ ਵੀ ਗੱਡੀ ਨਾਲ ਜੋੜ ਦਿੱਤਾ ਜਾਵੇਗਾ। ਜਿਹੜੇ ਪਾਠਕਾਂ ਨੂੰ ਜਾਣਕਾਰੀ ਨਹੀਂ ਹੈ, ਇਹ ਸੈਲੂਨ ਰੇਲ ਦਾ ਇਕ ਡੱਬਾ ਹੁੰਦਾ ਹੈ ਜਿਸ ’ਚ 2 ਬੈੱਡਰੂਮ, ਬਾਥਰੂਮ, ਡਰਾਇੰਗ ਰੂਮ, ਡਾਈਨਿੰਗ ਰੂਮ, ਦਫਤਰ ਅਤੇ ਸਹਾਇਕਾਂ ਸਮੇਤ ਰਸੋਈ ਹੁੰਦੀ ਹੈ। ਹਰ ਜਨਰਲ ਮੈਨੇਜਰ ਦਾ ਇਕ ਸੈਲੂਨ ਹੁੰਦਾ ਹੈ ਪਰ ਮਮਤਾ ਬੈਨਰਜੀ ਕਿਸੇ ਵੀ ਕੀਮਤ ’ਤੇ ਇਹ ਸਹੂਲਤ ਲੈਣ ਲਈ ਰਾਜ਼ੀ ਨਾ ਹੋਈ। ਉਨ੍ਹਾਂ ਨੇ ਜ਼ਿੱਦ ਕੀਤੀ ਕਿ ਉਨ੍ਹਾਂ ਨੂੰ ਅਗਲੀ ਦਿੱਲੀ ਜਾਣ ਵਾਲੀ ਰੇਲ ਗੱਡੀ ਦੇ 2 ਏ. ਸੀ. ਜਾਂ 3 ਟੀਅਰ ’ਚ ਵੀ ਇਕ ਬਰਥ ਦੇ ਦਿੱਤਾ ਜਾਵੇ ਪਰ ਇਸ ਦੇ ਲਈ ਕਿਸੇ ਮੁਸਾਫਿਰ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।

ਮਧੂ ਦੰਡਵਤੇ ਅਤੇ ਜਾਰਜ ਫਰਨਾਂਡੀਜ਼ ਨੂੰ ਛੱਡ ਕੇ ਹਰ ਰੇਲ ਮੰਤਰੀ ਉਸ ਦੇ ਲਈ ਚਲਾਈ ਜਾਣ ਵਾਲੀ ਵਿਸ਼ੇਸ਼ ਟ੍ਰੇਨ ‘ਐੱਮ. ਆਰ. ਸਪੈਸ਼ਲ’ ’ਚ ਸਫਰ ਕਰਦਾ ਹੈ, ਜੋ ਬਿਨਾਂ ਰੋਕ-ਟੋਕ ਦੇ ਪਹਿਲ ਦੇ ਆਧਾਰ ’ਤੇ ਆਪਣੀ ਮੰਜ਼ਿਲ ਨੂੰ ਜਾਂਦੀ ਹੈ। ਮਮਤਾ ਬੈਨਰਜੀ ਨੇ ਵੀ ਕਦੀ ਇਸ ਦੀ ਵਰਤੋਂ ਨਹੀਂ ਕੀਤੀ। ਇੱਥੋਂ ਤੱਕ ਕਿ ਉਨ੍ਹਾਂ ਨੇ ਲੋਕ ਸਭਾ ਤੋਂ ਮਿਲਣ ਵਾਲੀ 1 ਲੱਖ ਰੁਪਏ ਮਹੀਨੇ ਦੀ ਸੰਸਦ ਮੈਂਬਰ ਦੀ ਪੈਨਸ਼ਨ ਵੀ ਨਹੀਂ ਲਈ।

ਜਿਸ ਦੇਸ਼ ਦੀ ਕਰੋੜਾਂ ਜਨਤਾ ਬਦਹਾਲੀ ’ਚ ਜੀ ਰਹੀ ਹੋਵੇ ਜਾਂ ਜਿਸ ਦੇਸ਼ ਦੀ ਜਨਤਾ ਕੋਰੋਨਾ ਮਹਾਮਾਰੀ ’ਚ ਦਵਾਈ, ਹਸਪਤਾਲ ਤੇ ਆਕਸੀਜਨ ਲਈ ਮੰਦੇਹਾਲ ਹੋ ਕੇ ਠੋਕਰਾਂ ਖਾ ਰਹੀ ਹੋਵੇ, ਉਸ ਦੇਸ਼ ’ਚ ਮਮਤਾ ਬੈਨਰਜੀ ਦੀ ਜ਼ਿੰਦਗੀ ਹਰ ਸਿਆਸੀ ਪਾਰਟੀ ਦੇ ਨੇਤਾ ਲਈ ਇਕ ਮਿਸਾਲ ਹੈ। ਮਸ਼ਹੂਰ ਵਿਦਵਾਨ ਚਾਣੱਕਿਆ ਪੰਡਿਤ ਨੇ ਵੀ ਕਿਹਾ ਹੈ ਕਿ ਜਿਸ ਦੇਸ਼ ਦਾ ਰਾਜਾ ਮਹਿਲਾਂ ’ਚ ਰਹਿੰਦਾ ਹੈ, ਉਸ ਦੀ ਪ੍ਰਜਾ ਝੌਂਪੜੀਆਂ ’ਚ ਵਾਸ ਕਰਦੀ ਹੈ। ਜਿਸ ਦੇਸ਼ ਦਾ ਰਾਜਾ ਝੌਂਪੜੀ ’ਚ ਰਹਿੰਦਾ ਹੈ, ਉਸ ਦੀ ਪ੍ਰਜਾ ਮਹਿਲਾਂ ’ਚ ਨਿਵਾਸ ਕਰਦੀ ਹੈ। ਮਮਤਾ ਦੀਦੀ ਨੂੰ ਇਸ ਚੋਣ ’ਚ ਜਿਸ ਤਰ੍ਹਾਂ ਤੰਗ ਕੀਤਾ ਿਗਆ ਅਤੇ ਉਸ ਦਾ ਮਜ਼ਾਕ ਉਡਾਇਆ ਗਿਆ, ਉਸ ਦਾ ਉਲਟ ਅਸਰ ਆਮ ਬੰਗਾਲੀ ਦੇ ਮਨ ’ਤੇ ਪਿਆ ਅਤੇ ਉਹ ਮਮਤਾ ਬੈਨਰਜੀ ਦੇ ਨਾਲ ਖੜ੍ਹਾ ਹੋ ਗਿਆ।

ਜਿੱਥੋਂ ਤੱਕ ਪੱਛਮੀ ਬੰਗਾਲ ’ਚ ਚੋਣਾਂ ਦੇ ਬਾਅਦ ਦੀ ਸਿਆਸੀ ਹਿੰਸਾ ਦਾ ਦੋਸ਼ ਹੈ ਤਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੀ ਕੋਈ ਵੀ ਸਿਆਸੀ ਪਾਰਟੀ ਇਸ ਭੈੜੇ ਗੁਣ ਤੋਂ ਅਛੂਤੀ ਨਹੀਂ ਹੈ। ਸੱਤਾ ’ਤੇ ਕਬਜ਼ਾ ਕਰਨ ਦੇ ਲਾਲਚ ’ਚ ਜਾਂ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਸਮੇਂ-ਸਮੇਂ ’ਤੇ ਹਿੰਸਾ ਦਾ ਸਹਾਰਾ ਲੈਂਦੀਆਂ ਆਈਆਂ ਹਨ।

ਉਂਝ ਤ੍ਰਿਪੁਰਾ ਅਤੇ ਪੱਛਮੀ ਬੰਗਾਲ ’ਚ ਚੋਣਾਂ ’ਚ ਹਿੰਸਾ ਦਾ ਇਤਿਹਾਸ ਛੇ ਦਹਾਕੇ ਪੁਰਾਣਾ ਹੈ। ਤ੍ਰਿਪੁਰਾ ਦੀਆਂ ਪਿਛਲੀਆਂ ਚੋਣਾਂ ਦੇ ਬਾਅਦ ਸੱਤਾ ’ਚ ਆਈ ਭਾਜਪਾ ਦੇ ਵਰਕਰਾਂ ਨੇ ਸੀ. ਪੀ. ਐੱਮ. ਵਿਰੁੱਧ ਜੋ ਹਿੰਸਾ ਅਤੇ ਭੰਨ-ਤੋੜ ਕੀਤੀ ਸੀ, ਉਸ ’ਤੇ ਉਹ ਮੀਡੀਆ ਚੁੱਪ ਰਿਹਾ ਜੋ ਅੱਜ ਬੰਗਾਲ ਦੀ ਹਿੰਸਾ ’ਤੇ ਰੌਲਾ ਪਾ ਰਿਹਾ ਹੈ। ਠੀਕ ਓਵੇਂ ਹੀ ਜਿਵੇਂ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨੂੰ ਹੱਤਿਆ ਦੱਸ ਕੇ ਮਹੀਨਿਆਂ ਤੱਕ ਰੌਲਾ ਪਾ ਰਿਹਾ ਹੈ ।

ਜੇਕਰ ਅਸੀਂ ਲੋਕਤੰਤਰ ਦਾ ਚੌਥਾ ਥੰਮ੍ਹ ਹਾਂ ਤਾਂ ਸਾਨੂੰ ਡਰ ਅਤੇ ਲਾਲਚ ਦੇ ਬਿਨਾਂ ਕਬੀਰਦਾਸ ਜੀ ਦੇ ਸ਼ਬਦਾਂ ’ਚ ‘ਜਿਉਂ ਕੀ ਤਿਉਂ ਧਰ ਦੀਨੀ ਚਦਰੀਆ’ ਵਾਲੇ ਭਾਵ ਨਾਲ ਰਾਸ਼ਟਰ ਅਤੇ ਸਮਾਜ ਪ੍ਰਤੀ ਆਪਣੇ ਫਰਜ਼ ਨੂੰ ਨਿਭਾਉਣਾ ਚਾਹੀਦਾ ਹੈ।


Bharat Thapa

Content Editor

Related News