‘ਲਵ ਜਿਹਾਦ’ ਨੂੰ ਹੁਣ ਦਫ਼ਨ ਕਰ ਦਿੱਤਾ ਜਾਵੇ

Friday, Sep 13, 2024 - 02:31 PM (IST)

‘ਲਵ ਜਿਹਾਦ’ ਨੂੰ ਹੁਣ ਦਫ਼ਨ ਕਰ ਦਿੱਤਾ ਜਾਵੇ

ਹਰਿਆਣਾ ਦੇ ਗਊ ਰੱਖਿਅਕਾਂ ਨੇ 25 ਕਿਲੋਮੀਟਰ ਤੱਕ ਨੈਸ਼ਨਲ ਹਾਈਵੇ ’ਤੇ ਆਪਣੀ ਕਾਰ ਚਲਾ ਰਹੇ ਇਕ ਲੜਕੇ ਦਾ ਪਿੱਛਾ ਕੀਤਾ, ਉਸ ਵਿਚਾਰੇ ਨੂੰ ਫੜ ਲਿਆ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਉਹ ਆਰੀਅਨ ਮਿਸ਼ਰਾ ਸੀ, ਇਕ ਉੱਚ ਜਾਤੀ ਦਾ ਹਿੰਦੂ, ਜਿਸ ਨੂੰ ਲੱਗਦਾ ਸੀ ਕਿ ਉਸਦਾ ਪਿੱਛਾ ਕੀਤਾ ਜਾ ਰਿਹਾ ਹੈ ਪਰ ਉਹ ਨਹੀਂ ਜਾਣਦਾ ਸੀ ਕਿਉਂ। ਉਸ ਨੇ ਸੋਚਿਆ ਹੋਵੇਗਾ ਕਿ ਬਦਮਾਸ਼-ਲੁਟੇਰੇ ਹਨ ਅਤੇ ਉਸ ਦਾ ਪਹਿਲਾ ਪ੍ਰਤੀਕਰਮ ਇਹ ਹੋਇਆ ਹੋਵੇਗਾ ਕਿ ਉਹ ਗੱਡੀ ਚਲਾ ਕੇ ਭੱਜ ਜਾਵੇ! ਗਊ ਰੱਖਿਅਕਾਂ ਨੇ 4 ਗੋਲੀਆਂ ਚਲਾਈਆਂ, ਜਿਨ੍ਹਾਂ ’ਚੋਂ 2 ਉਨ੍ਹਾਂ ਦੇ ਨਿਸ਼ਾਨੇ ’ਤੇ ਲੱਗੀਆਂ।

ਜਦੋਂ ਪੀੜਤ ਦੀ ਪਛਾਣ ਹੋ ਗਈ ਤਾਂ ਗਊ ਰੱਖਿਅਕ, ਜਿਨ੍ਹਾਂ ਦਾ ਇਕੋ-ਇਕ ਹਿੱਤ ਮੁਸਲਮਾਨ ਕਸਾਈਆਂ ਅਤੇ ਗਊ ਮਾਸ ਖਾਣ ਵਾਲਿਆਂ ਅਤੇ ਵਪਾਰੀਆਂ ਨੂੰ ਸਜ਼ਾ ਦੇਣਾ ਹੈ, ਸ਼ਰਮਿੰਦਾ ਨਜ਼ਰ ਆਏ। 2014 ਤੋਂ ਪਹਿਲਾਂ, ਭਾਜਪਾ ਦੀ ਹਮਾਇਤ ਦਾ ਆਧਾਰ ਮੁੱਖ ਤੌਰ ’ਤੇ ਉੱਚ ਜਾਤੀਆਂ ਤੋਂ ਸੀ। ਗਲਤ ਪਛਾਣ ਦਾ ਇਹ ਮਾਮਲਾ ਗਊ ਰੱਖਿਅਕਾਂ ਦੇ ਖਿਲਾਫ ਬਹੁਤ ਸਾਰੇ ਵਫਾਦਾਰਾਂ ਨੂੰ ਭੜਕਾ ਸਕਦਾ ਹੈ, ਜੇਕਰ ਉਨ੍ਹਾਂ ਨੂੰ ਬਣਾਉਣ ਵਾਲੀ ਪਾਰਟੀ ਦੇ ਖਿਲਾਫ ਨਹੀਂ। ਗਊ ਰੱਖਿਆ ਇਕ ਦੋਧਾਰੀ ਹਥਿਆਰ ਹੈ। ਇਹ ਸੰਭਾਵੀ ਪੀੜਤਾਂ ਨੂੰ ਡਰਾ ਸਕਦਾ ਹੈ ਪਰ ਇਹ ਗੈਰ-ਰਸਮੀ ਤੌਰ ’ਤੇ ਅਧਿਕਾਰਤ ਪੁਲਸ ਵਾਲਿਆਂ ਨੂੰ ਅਪਰਾਧੀ ਵੀ ਬਣਾ ਸਕਦਾ ਹੈ! ਇਸ ਦੀ ਸਮਾਨਾਂਤਰ ਉਦਾਹਰਣ ਪੁਲਸ ਅਦਾਰੇ ਵਿਚ ਹੀ ਪਾਈ ਜਾ ਸਕਦੀ ਹੈ, ਜਿੱਥੇ ਐਨਕਾਊਂਟਰ ਮਾਹਿਰਾਂ ਦੇ ਉਭਾਰ ਕਾਰਨ ਵਰਦੀਧਾਰੀ ਮਰਦਾਂ ਵੱਲੋਂ ਅਪਰਾਧ ਕੀਤੇ ਜਾਣ ਲੱਗੇ ਹਨ।

ਵਰਦੀਧਾਰੀ ਅਪਰਾਧੀਆਂ ਨੂੰ ਰੋਕਣਾ ਅੰਡਰਵਰਲਡ ਨਾਲ ਨਜਿੱਠਣ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੈ। ਇਕ ਇਮਾਨਦਾਰ ਅਤੇ ਦ੍ਰਿੜ੍ਹ ਇਰਾਦੇ ਵਾਲਾ ਪੁਲਸ ਲੀਡਰ, ਜਿਸ ਦਾ ਆਪਣੇ ਬੰਦਿਆਂ ਅਤੇ ਆਮ ਲੋਕਾਂ ਵਿਚ ਸਤਿਕਾਰ ਹੁੰਦਾ ਹੈ, ਗੈਂਗਸਟਰਾਂ ਨੂੰ ਕਾਬੂ ਕਰ ਸਕਦਾ ਹੈ ਪਰ ਐਨਕਾਊਂਟਰ ਮਾਹਿਰ, ਜਿਨ੍ਹਾਂ ਦਾ ਜਨਮ ਪੁਲਸ ਵਾਲਿਆਂ ਦੀ ਇਕ ਪ੍ਰਜਾਤੀ ਵਜੋਂ ਅਪਰਾਧਿਕ ਨਿਆਂ ਪ੍ਰਣਾਲੀ ਦੀ ਅਸਫਲਤਾ ਦਾ ਨਤੀਜਾ ਹੈ, ਨੂੰ ਕਾਬੂ ਕਰਨਾ ਨਿਸ਼ਚਿਤ ਤੌਰ ’ਤੇ ਵਧੇਰੇ ਮੁਸ਼ਕਲ ਹੈ।

ਐਨਕਾਊਂਟਰ ਸਪੈਸ਼ਲਿਸਟ ਨੂੰ ਅਧੀਨ ਅਫਸਰਾਂ ਦੇ ਰੈਂਕ ਤੋਂ ਲਿਆ ਜਾਂਦਾ ਹੈ, ਜੋ ਹਿੰਮਤ, ਪਹਿਲਕਦਮੀ ਅਤੇ ਲੀਡਰਸ਼ਿਪ ਦੇ ਸੁਭਾਅ ਨਾਲ ਭਰਪੂਰ ਹੁੰਦੇ ਹਨ। ਉਹ ਜਨਤਾ ਵਲੋਂ ਸਵੀਕਾਰ ਕੀਤੇ ਜਾਂਦੇ ਹਨ ਕਿਉਂਕਿ ਉਹ ਜਾਂਚਕਰਤਾ, ਇਸਤਗਾਸਾ ਅਤੇ ਜੱਜ ਦੀ ਭੂਮਿਕਾ ਨਿਭਾਉਂਦੇ ਹੋਏ ਫਾਸਟ-ਟਰੈਕ ਨਿਆਂ ਪ੍ਰਦਾਨ ਕਰਦੇ ਹਨ। ਜਨਤਕ ਹਮਾਇਤ ਸਿਆਸੀ ਹਮਾਇਤ ਵਿਚ ਬਦਲ ਜਾਂਦੀ ਹੈ ਅਤੇ ਜਦੋਂ ਸਿਆਸੀ ਅਦਾਰੇ ਉਨ੍ਹਾਂ ਨੂੰ ਪਾਰਟੀ ਦੇ ਰਾਖਿਆਂ ਵਜੋਂ ਅਪਣਾਉਂਦੇ ਹਨ, ਤਾਂ ਗਿਆਨਵਾਨ ਪੁਲਸ ਲੀਡਰਾਂ ਲਈ ਵੀ ਉਨ੍ਹਾਂ ਨੂੰ ਨਿਰਾਸ਼ ਕਰਨਾ ਲਗਭਗ ਅਸੰਭਵ ਹੈ।

ਇਹੀ ਸਿਧਾਂਤ ਗਊ ਰੱਖਿਅਕਾਂ ’ਤੇ ਵੀ ਲਾਗੂ ਹੁੰਦਾ ਹੈ। ਉਹ ਤਦ ਤਕ ਖੁਦ ਕਾਨੂੰਨ ਬਣ ਜਾਂਦੇ ਹਨ ਜਦੋਂ ਤੱਕ ਕਿ ਪਹਿਲਾਂ ਵਰਣਿਤ ‘ਗਲਤ ਪਛਾਣ’ ਕੇਸ ਵਰਗੀ ਕੋਈ ਆਫ਼ਤ ਨਹੀਂ ਆਉਂਦੀ। ਬਜਰੰਗ ਦਲ ਦੇ ਮੈਂਬਰਾਂ ਨੂੰ ਇਨ੍ਹਾਂ ਚੌਕਸੀ ਸਮੂਹਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ ਕਿਉਂਕਿ ਇਹ ਉਨ੍ਹਾਂ ਨੌਕਰੀਆਂ ਲਈ ਭਰਤੀ ਦਾ ਸਭ ਤੋਂ ਸੁਵਿਧਾਜਨਕ ਸਰੋਤ ਹੈ ਜਿਨ੍ਹਾਂ ਵਿਚ ਬਾਹੂਬਲ ਦੀ ਵਰਤੋਂ ਸ਼ਾਮਲ ਹੁੰਦੀ ਹੈ। ਹਾਲ ਹੀ ਵਿਚ ਸੁਪਰੀਮ ਕੋਰਟ ਨੇ ਇਸ ਖ਼ਤਰਨਾਕ ਘਟਨਾ ਦਾ ਨੋਟਿਸ ਲਿਆ ਹੈ। ਗਰੀਬ ਮੁਸਲਮਾਨ, ਜਿਨ੍ਹਾਂ ਲਈ ਪ੍ਰੋਟੀਨ ਦਾ ਇਕੋ-ਇਕ ਸਰੋਤ ਮੱਝ ਦਾ ਮਾਸ ਹੈ, ਲਗਾਤਾਰ ਨਿਗਰਾਨੀ ਹੇਠ ਆ ਰਹੇ ਹਨ। ਨਿਗਰਾਨੀ ਕਰਨ ਵਾਲੇ ਨਿੱਜੀ ਘਰਾਂ ’ਤੇ ਹਮਲਾ ਕਰਦੇ ਹਨ ਅਤੇ ਸੜਕ ’ਤੇ ਵਾਹਨਾਂ ਨੂੰ ਰੋਕਦੇ ਹਨ, ਜੇਕਰ ਉਨ੍ਹਾਂ ਨੂੰ ਸ਼ੱਕ ਹੁੰਦਾ ਹੈ ਕਿ ਗਊ ਮਾਸ ਵੇਚਣ ਜਾਂ ਖਪਤ ਲਈ ਲਿਜਾਇਆ ਜਾ ਰਿਹਾ ਹੈ।

ਹਰਿਆਣਾ ਵਰਗੇ ਸੂਬਿਆਂ ਵਿਚ ਪੁਲਸ ਜਾਂ ਤਾਂ ਉਨ੍ਹਾਂ ਦੀਆਂ ਸਰਗਰਮੀਆਂ ’ਤੇ ਅੱਖਾਂ ਬੰਦ ਕਰ ਲੈਂਦੀ ਹੈ ਜਾਂ ਉਨ੍ਹਾਂ ਨੂੰ ਹਮਾਇਤ ਅਤੇ ਹੱਲਾਸ਼ੇਰੀ ਦਿੰਦੀ ਹੈ। ਫਰਜ਼ੀ ਮੁਕਾਬਲਿਆਂ ਅਤੇ ਗਊਆਂ ਦੀ ਨਿਗਰਾਨੀ ਤੋਂ ਇਲਾਵਾ ਸੁਪਰੀਮ ਕੋਰਟ ਨੇ ਹੁਣੇ ਜਿਹੇ ਬੁਲਡੋਜ਼ਰ ਨਿਆਂ ਨੂੰ ਵੀ ਗੰਭੀਰਤਾ ਨਾਲ ਲਿਆ ਹੈ। ਜ਼ਿਆਦਾਤਰ ਨਗਰਪਾਲਿਕਾਵਾਂ ਬਿਨਾਂ ਅਧਿਕਾਰਤ ਮਨਜ਼ੂਰੀ ਤੋਂ ਬਣੀਆਂ ਉਸਾਰੀਆਂ ਨੂੰ ਢਾਹੁਣ ਲਈ ਬੁਲਡੋਜ਼ਰ ਰੱਖਦੀਆਂ ਹਨ। ਬਹੁਤੇ ਮਿਊਂਸੀਪਲ ਅਧਿਕਾਰੀ ਬੁਲਡੋਜ਼ਰ ਦੀ ਵਰਤੋਂ ਉਸ ਮਕਸਦ ਲਈ ਨਹੀਂ ਕਰਦੇ, ਜਿਸ ਲਈ ਇਹ ਖਰੀਦੇ ਗਏ ਸਨ। ਮੇਰੇ ਸ਼ਹਿਰ ਮੁੰਬਈ ਵਿਚ ਗੈਰ-ਕਾਨੂੰਨੀ ਉਸਾਰੀਆਂ ਇਕ ਦਰਜਨ ਤੋਂ ਵੀ ਘੱਟ ਹਨ ਪਰ ਮੇਰੇ ਸ਼ਹਿਰ ਮੁੰਬਈ ਵਿਚ ਅਪਰਾਧੀਆਂ ਨੂੰ ਸਜ਼ਾ ਦੇਣ ਲਈ ਬੁਲਡੋਜ਼ਰ ਦੀ ਵਰਤੋਂ ਨਹੀਂ ਕੀਤੀ ਗਈ ਜਿੰਨੀ ਯੋਗੀ ਆਦਿੱਤਿਆਨਾਥ ਨੇ ਉੱਤਰ ਪ੍ਰਦੇਸ਼ ਵਿਚ ਕੀਤੀ ਹੈ।

ਜਦੋਂ ਉੱਤਰ ਪ੍ਰਦੇਸ਼ ਵਿਚ ਫੌਜ ਦੀ ਅਗਨੀਪਥ ਭਰਤੀ ਵਿਰੁੱਧ ਅੰਦੋਲਨ ਆਪਣੇ ਸਿਖਰ ’ਤੇ ਪਹੁੰਚ ਗਿਆ ਅਤੇ ਸੂਬੇ ਦੇ ਕਈ ਸ਼ਹਿਰਾਂ ਵਿਚ ਜਨਤਕ ਬੱਸਾਂ ਅਤੇ ਹੋਰ ਸਰਕਾਰੀ ਜਾਇਦਾਦਾਂ ਨੂੰ ਤਬਾਹ ਕਰ ਦਿੱਤਾ ਗਿਆ, ਤਾਂ ਯੋਗੀ ਨੇ ਆਪਣੇ ਬੁਲਡੋਜ਼ਰਾਂ ਨੂੰ ਜਵਾਬੀ ਕਾਰਵਾਈ ਕਰਨ ਦਾ ਹੁਕਮ ਨਹੀਂ ਦਿੱਤਾ। ਉਸ ਨੇ ਇਸ ਦੀ ਵਰਤੋਂ ਨੂੰ ਮੁਸਲਮਾਨਾਂ ਵਲੋਂ ਕੀਤੇ ਗਏ ਅਪਰਾਧਾਂ, ਇੱਥੋਂ ਤੱਕ ਕਿ ਮਾਮੂਲੀ ਅਪਰਾਧਾਂ ਲਈ ਵੀ ਰਾਖਵਾਂ ਰੱਖਿਆ। ਉਹ ਭੁੱਲ ਜਾਂਦੇ ਹਨ ਕਿ ਸੰਵਿਧਾਨ ਕਾਨੂੰਨ ਤੋੜਨ ਵਾਲਿਆਂ ਨਾਲ ਧਰਮ, ਜਾਤ ਜਾਂ ਆਰਥਿਕ ਸਥਿਤੀ ਦੇ ਆਧਾਰ ’ਤੇ ਵਿਤਕਰਾ ਨਹੀਂ ਕਰਦਾ ਪਰ ਯੂ. ਪੀ. ’ਚ ਹਿੰਦੂ ਕੁੜੀਆਂ ਨਾਲ ਪਿਆਰ ਕਰਨ ਵਾਲੇ ਮੁਸਲਿਮ ਲੜਕੇ ਆਪਣੇ ਦਰਵਾਜ਼ੇ ’ਤੇ ਬੁਲਡੋਜ਼ਰ ਦੀ ਉਮੀਦ ਕਰ ਸਕਦੇ ਹਨ।

ਲਵ-ਜਿਹਾਦ ਦੀ ਗੱਲ ਕਰੀਏ ਤਾਂ, ਮੇਰਾ ਆਪਣਾ ਈਸਾਈ ਭਾਈਚਾਰਾ, ਰੋਮਨ ਕੈਥੋਲਿਕ, ਕੈਥੋਲਿਕਾਂ ਅਤੇ ਗੈਰ-ਕੈਥੋਲਿਕਾਂ (ਪ੍ਰੋਟੈਸਟੈਂਟਾਂ ਸਮੇਤ, ਜੋ ਕਿ ਈਸਾਈ ਹਨ) ਵਿਚਕਾਰ ਵਿਆਹ ਨੂੰ ਤਦ ਤਕ ਕਰਵਾਉਣ ਤੋਂ ਇਨਕਾਰ ਕਰ ਦਿੰਦਾ ਸੀ ਜਦੋਂ ਤੱਕ ਕਿ ਗੈਰ-ਕੈਥੋਲਿਕ ਸਾਥੀ ਰੋਮਨ ਕੈਥੋਲਿਕ ਧਰਮ ਨਾ ਅਪਣਾ ਲਵੇ। ਇਹ ਨਿਯਮ ਪਿਛਲੇ 6 ਦਹਾਕਿਆਂ ਜਾਂ ਇਸ ਤੋਂ ਵੱਧ ਸਮੇਂ ਤੋਂ ਛੱਡ ਦਿੱਤਾ ਗਿਆ ਹੈ ਅਤੇ ਇਹ ਸਹੀ ਵੀ। ਇਸਲਾਮ, ਜੋ ਕਿ ਈਸਾਈਅਤ ਵਾਂਗ ਅਬਰਾਹਮਿਕ ਧਰਮ ਹੈ, ਨੇ ਅਜੇ ਤੱਕ ਇਸ ਨਿਯਮ ’ਤੇ ਨਰਮੀ ਨਹੀਂ ਦਿਖਾਈ ਹੈ। ਜੇਕਰ ਨਿਕਾਹ ਹੋਣਾ ਹੈ, ਤਾਂ ਗੈਰ-ਮੁਸਲਿਮ ਸਾਥੀ ਨੂੰ ਇਸਲਾਮ ਕਬੂਲ ਕਰਨਾ ਹੋਵੇਗਾ। ਜੇ ਵਿਆਹ ਦੀਆਂ ਧਿਰਾਂ ਰਜਿਸਟਰਡ ਵਿਆਹ ਕਰਵਾਉਣ ਦਾ ਫੈਸਲਾ ਕਰਦੀਆਂ ਹਨ, ਜਿਵੇਂ ਕਿ ਵਧੇਰੇ ਪੜ੍ਹੇ-ਲਿਖੇ ਅਤੇ ਵਧੇਰੇ ਅਮੀਰ ਲੋਕ ਕਰਦੇ ਹਨ, ਤਾਂ ਧਰਮ ਪਰਿਵਰਤਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸ ਸਥਿਤੀ ਵਿਚ ਸਿਰਫ਼ ‘ਪਿਆਰ’ ਰਹਿ ਜਾਂਦਾ ਹੈ ਅਤੇ ‘ਜੇਹਾਦ’ ਖ਼ਤਮ ਹੋ ਜਾਂਦਾ ਹੈ।

ਇਕ ਮੁਸਲਮਾਨ ਲੜਕੇ ’ਤੇ ਇਹ ਦੋਸ਼ ਲਾਉਣਾ ਕਿ ਉਹ ਸਿਰਫ ਆਪਣੇ ਪੈਰੋਕਾਰਾਂ ਦੀ ਗਿਣਤੀ ਵਧਾਉਣ ਦੇ ਇਰਾਦੇ ਨਾਲ ਹਿੰਦੂ ਜਾਂ ਈਸਾਈ ਲੜਕੀ ਨੂੰ ਲੱਭਣ ਲਈ ਆਪਣੇ ਰਸਤੇ ਤੋਂ ਬਾਹਰ ਜਾ ਰਿਹਾ ਹੈ, ਹਾਸੋਹੀਣਾ ਅਤੇ ਅਪਮਾਨਜਨਕ ਹੈ। ਹੁਣ ਸਮਾਂ ਆ ਗਿਆ ਹੈ ਕਿ ਇਸ ਤੱਥ ਨੂੰ ਸਵੀਕਾਰ ਕਰ ਲਿਆ ਜਾਵੇ ਅਤੇ ‘ਲਵ ਜੇਹਾਦ’ ਨੂੰ ਦਫਨਾ ਦਿੱਤਾ ਜਾਵੇ ਅਤੇ ਅਜਿਹੇ ਵਿਆਹਾਂ ਨੂੰ ਰੋਕਣ ਜਾਂ ਸਜ਼ਾ ਦੇਣ ਲਈ ਕਾਨੂੰਨ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਜਾਵੇ, ਜਿਵੇਂ ਕਿ ਉੱਤਰਾਖੰਡ ਅਤੇ ਕੁਝ ਹੋਰ ਭਾਜਪਾ ਸ਼ਾਸਿਤ ਸੂਬਿਆਂ ਨੇ ਬਣਾਇਆ ਹੈ ਜਾਂ ਬਣਾਉਣ ਦੀ ਪ੍ਰਕਿਰਿਆ ਵਿਚ ਹਨ। ਸ਼ਾਇਦ ਇਸ ਦਾ ਹੱਲ ਸਾਰਿਆਂ ਲਈ ਬਿਹਤਰ ਜੀਵਨ ਪੱਧਰ ਨੂੰ ਯਕੀਨੀ ਬਣਾਉਣ ਵਿਚ ਹੈ, ਜਿਸ ਦਾ ਸਾਡੇ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਹੈ, ਪਰ ਨੇੜ ਭਵਿੱਖ ਵਿਚ ਅਜਿਹਾ ਹੋਣ ਵਾਲਾ ਨਹੀਂ ਹੈ।

-ਜੂਲੀਓ ਰਿਬੈਰੋ


author

Tanu

Content Editor

Related News