ਵਿਰੋਧੀ ਧਿਰ ਦੇ ਨੇਤਾ ਬੋਲਦੇ ਜ਼ਰੂਰ ਹਨ ਪਰ ਚਿੰਤਨ ਨਹੀਂ ਕਰਦੇ

Saturday, Jul 13, 2024 - 04:06 PM (IST)

ਵਿਰੋਧੀ ਧਿਰ ਦੇ ਨੇਤਾ ਬੋਲਦੇ ਜ਼ਰੂਰ ਹਨ ਪਰ ਚਿੰਤਨ ਨਹੀਂ ਕਰਦੇ

ਇਹ ਤਾਂ ਸੱਚ ਹੈ ਕਿ ਵਿਰੋਧੀ ਧਿਰ ’ਚ ਬੋਲਦੇ ਸਿਰਫ ਰਾਹੁਲ ਗਾਂਧੀ ਹਨ। ਸ਼ੇਰ ਵਰਗੀ ਦਹਾੜ ਸੰਸਦ ਦੇ ਬਾਹਰ ਮਮਤਾ ਬੈਨਰਜੀ ਵੀ ਪਾਉਂਦੀ ਹੈ। ਹਾਲ ਹੀ ਦੇ ਸੰਸਦ ਸੈਸ਼ਨ ’ਚ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੂੰ ਵੀ ਸੁਣਿਆ। ਨਹੀਂ ਤਾਂ ਵਿਰੋਧੀ ਧਿਰ ਸਦਨ ’ਚ ਕਿੱਥੇ ਦਿਖਾਈ ਦਿੱਤੀ? ਮੈਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰਾਂ ਦੀ ਮਜਬੂਰੀ ਸਮਝ ਸਕਦਾ ਹਾਂ ਕਿ ਉਹ ਨਰਿੰਦਰ ਮੋਦੀ ਦੇ ਸਾਹਮਣੇ ਖੜ੍ਹੇ ਨਹੀਂ ਹੋ ਸਕਦੇ? ਵਿਰੋਧੀ ਧਿਰ ਰਾਹੁਲ ਗਾਂਧੀ ਦੀ ਸਿਵਾਏ ਸਦਨ ’ਚ ਕਿੱਥੇ ਖੜ੍ਹੀ ਹੈ? ਲੋਕਾਂ ਨੂੰ ਪਤਾ ਹੀ ਨਹੀਂ ਲੱਗਾ। ਟੈਲੀਵਿਜ਼ਨ ਜਾਂ ਪ੍ਰਿੰਟ ਮੀਡੀਆ ’ਚ ਕਾਂਗਰਸ ਦੇ ਰਾਹੁਲ ਗਾਂਧੀ ਦੀ ਦਿਖਾਈ ਦਿੱਤੇ ਹਨ। ਇਹ ਰਾਹੁਲ ਗਾਂਧੀ ਦੀ ਬਦਕਿਸਮਤੀ ਹੈ ਕਿ ਸਦਨ ਦੇ ਬਾਕੀ ਮੈਂਬਰ ਉਨ੍ਹਾਂ ਨੂੰ ਮਜ਼ਾਕ ’ਚ ਲੈ ਲੈਂਦੇ ਹਨ।

ਸਦਨ ’ਚ ਅਮਿਤ ਸ਼ਾਹ, ਮੋਦੀ ਜੀ, ਓਮ ਬਿਰਲਾ ਜਾਂ ਰਾਜਨਾਥ ਨੇ ਤੇਵਰ ਤਾਂ ਜ਼ਰੂਰ ਦਿਖਾਏ ਪਰ ਵਿਰੋਧੀ ਧਿਰ ਦੇ ਨੇਤਾ ਬੋਲਦੇ ਹੀ ਚਲੇ ਗਏ। ਜਾਪਦਾ ਹੈ ਕਿ ਆਉਣ ਵਾਲੇ ਸੰਸਦ ਦੇ ਸੈਸ਼ਨਾਂ ’ਚ ਵੀ ਉਨ੍ਹਾਂ ਦੇ ਬੋਲਣ ਦੀ ਲੜੀ ਇਸੇ ਤਰ੍ਹਾਂ ਹੀ ਰਹੇਗੀ। ਮੈਂ ਵਿਰੋਧੀ ਧਿਰ ਵਜੋਂ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਮਧੁਲਿਮਯੇ ਅਤੇ ਰਾਮ ਮਨੋਹਰ ਲੋਹੀਆ ਨੂੰ ਸੁਣਿਆ। ਉਨ੍ਹਾਂ ਦੇ ਤੱਥਾਂ ਅਤੇ ਡੈਰਾਵਾਈਜ਼ ਦੇ ਵਾਰਤਾਲਾਪ ਸੱਤਾ ਧਿਰ ਨੂੰ ਪ੍ਰੇਸ਼ਾਨ ਕਰ ਦਿੰਦੇ ਸਨ। ਸਦਨ ’ਚ ਵਿਰੋਧੀ ਧਿਰ ਦੇ ਨੇਤਾ ਨੂੰ ‘ਕੈਬਨਿਟ ਮੰਤਰੀ’ ਦੇ ਅਹੁਦੇ ਦੀ ਹਰ ਸਹੂਲਤ ਮੁਹੱਈਆ ਰਹਿੰਦੀ ਹੈ।

ਕੇਂਦਰ ’ਚ ਚੀਫ ਸੈਕਟਰੀ ਅਤੇ ਵਿਭਾਗਾਂ ਦੇ ਸੈਕਟਰੀ ਨੂੰ ਉਨ੍ਹਾਂ ਨੂੰ ਸੱਤਾ ਧਿਰ ਦੀਆਂ ਖਾਮੀਆਂ ਨੂੰ ਉਜਾਗਰ ਕਰਨ ਦੇ ਤੱਥ ਮੁਹੱਈਆ ਕਰਵਾਉਣੇ ਹੀ ਪੈਂਦੇ ਹਨ। ਵਿਰੋਧੀ ਧਿਰ ਦੇ ਨੇਤਾ ਲਈ ਆਈ. ਏ. ਐੱਸ. ਰੈਂਕ ਦਾ ਇਕ ਸਕੱਤਰ ਵੀ ਸੱਤਾ ਧਿਰ ਮੁਹੱਈਆ ਕਰਵਾਉਂਦੀ ਹੈ। ਰਾਹੁਲ ਗਾਂਧੀ ਸੰਸਦ ਦੇ ਪਹਿਲੇ ਸੈਸ਼ਨ ’ਚ ਹੀ ਐਕਸਪੋਜ਼ ਹੋ ਗਏ। ਉਹ ਆਪਣੇ ਬਚਕਾਨਾ ਅਕਸ ਨਾਲ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣਾ ਪ੍ਰਭਾਵ ਨਹੀਂ ਛੱਡ ਸਕੇ। ਜਾਪਦਾ ਹੈ ਕਿ ਰਾਹੁਲ ਗਾਂਧੀ ਲਾਡ-ਪਿਆਰ ਦੇ ਝੂਲੇ ’ਚੋਂ ਅਜੇ ਬਾਹਰ ਨਹੀਂ ਨਿਕਲੇ। ਹਿੰਦੂ, ਹਿੰਦੂਇਜ਼ਮ ਜਾਂ ਹਿੰਦੂਤਵ ਦੀ ਇਕ ਨਵੀਂ ਆਲੋਚਨਾ ’ਚ ਫਸ ਗਏ।

ਜਾਪਦਾ ਇਹ ਵੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਨੇ ‘ਹਿੰਦੂ’ ਸ਼ਬਦ ਦੇ ਉਦਾਰ, ਵਿਆਪਕ ਅਤੇ ਸਾਰਿਆਂ ਦੇ ਮੰਨਣਯੋਗ ਰੂਪ ਦਾ ਚਿੰਤਨ ਨਹੀਂ ਕੀਤਾ ਅਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਸਦਨ ’ਚ ਦਿਖਾ ਕੇ ਇਹੀ ਕਿਹਾ ਕਿ ਹਿੰਦੂ ‘ਨਫਰਤ, ਨਫਰਤ ਅਤੇ ਸਿਰਫ ਨਫਰਤ ਹੀ ਫੈਲਾਉਂਦੇ ਹਨ। ਇਹੀ ਨਹੀਂ ਵਿਰੋਧੀ ਧਿਰ ਦੇ ਨੇਤਾ ਨੇ ਹਿੰਦੂ ਆਸਥਾ ਦੇ ਪ੍ਰਤੀਕ ‘ਰਾਮ’ ਨੂੰ ਵੀ ਇਸੇ ਨਫਰਤ ਦੇ ਮੁਹਾਵਰੇ ਨਾਲ ਜੋੜ ਦਿੱਤਾ। ਨਤੀਜਾ ਪੱਥਰਬਾਜ਼ੀ, ਧਰਨੇ, ਜਲੂਸ ਅਤੇ ਅੱਗ ਲਾਉਣ ਤੱਕ ਪਹੁੰਚ ਗਿਆ।

ਮੈਂ ਹਿੰਦੂ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਇਟਲੀ ਦੇ ਸੱਭਿਆਚਾਰ ’ਚ ਪਲੇ-ਵੱਡੇ ਹੋਏ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਮੁਆਫ ਕਰ ਦਿਓ ਕਿਉਂਕਿ ਉਨ੍ਹਾਂ ਨੇ ਹਿੰਦੂ ਸ਼ਬਦ ਦੀ ਵਿਆਪਕਤਾ ਤੇ ਵਿਸ਼ਾਲਤਾ ਨੂੰ ਪੜ੍ਹਿਆ ਹੀ ਨਹੀਂ। ਸੁਣਿਆ ਹੈ ਉਨ੍ਹਾਂ ਨੇ ਯੂਰਪ ’ਚ ਵੱਡੀਆਂ-ਵੱਡੀਆਂ ਡਿੱਗਰੀਆਂ ਹਾਸਲ ਕੀਤੀਆਂ ਹਨ। ਡਿਗਰੀਆਂ ਹਾਸਲ ਕਰ ਲੈਣ ਨਾਲ ਕੋਈ ਵਿਦਵਾਨ ਨਹੀਂ ਬਣ ਜਾਂਦਾ? ਮੈਂ ਖੁਦ ਪਤਾ ਨਹੀਂ ਕਿੰਨੀਆਂ ਡਿਗਰੀਆਂ ਹਾਸਲ ਕੀਤੀਆਂ ਹਨ ਪਰ ਹਾਂ ਤਾਂ ਅਗਿਆਨੀ, ਮੂਰਖ ਹੀ ਨਾ? ਸਦਨ ’ਚ ਉਨ੍ਹਾਂ ਦੇ ਦਿੱਤੇ ਭਾਸ਼ਣ ਤੋਂ ਜਾਪਦਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ’ਚ ਘਾਟਾਂ ਦਾ ਸਾਹਮਣਾ ਨਹੀਂ ਕੀਤਾ। ਮੌਤ ਦੇ ਪਰਛਾਵੇਂ ’ਚ ਪੜ੍ਹਨ-ਲਿਖਣ, ਬੋਲਣ ਅਤੇ ਵੱਡੇ ਹੋਣ ਵਾਲੇ ਬੱਚਿਆਂ ਦਾ ਸੁਭਾਅ ਵੀ ਦੂਜਿਆਂ ਨਾਲ ਨਫਰਤ ਕਰਨ ਵਾਲਾ ਹੋ ਜਾਂਦਾ ਹੈ।

ਸ਼ਾਇਦ ਸੁੱਤੇ ਹੋਏ ਮਨ ’ਚ ਰਾਹੁਲ ਗਾਂਧੀ ਦੇ ਇਹੀ ਵਿਚਾਰ ਘਰ ਕਰ ਗਿਆ ਹੋਵੇ। ਸਿਰਫ ਮੈਂ ਅਤੇ ਮੇਰਾ ਹੀ ਧਰਮ ਸੱਚਾ ਹੈ। ਬਾਕੀ ਸਭ ਧਰਮ, ਫਿਰਕੇ ਅਤੇ ਪੰਥ ਨਫਰਤ ਦੀ ਦੁਕਾਨ ਚਲਾਉਂਦੇ ਹਨ ਤੇ ਰਾਹੁਲ ਗਾਂਧੀ ਹੀ ਸਿਰਫ ਅਜਿਹੇ ਆਗੂ ਹਨ ਜੋ ਪਿਆਰ ਵੰਡਦੇ ਹਨ? ਰਾਹੁਲ ਗਾਂਧੀ ਅੱਜ ਵਿਰੋਧੀ ਧਿਰ ਦੇ ਨੇਤਾ ਹਨ। ਕੱਲ ਉਨ੍ਹਾਂ ਨੇ ਸੱਤਾ ’ਚ ਆਉਣਾ ਹੈ। ਉਨ੍ਹਾਂ ਦੀ ਇਕ ‘ਸ਼ੈਡੋ’ ਕੈੈਬਨਿਟ ਹੈ ਇਸ ਲਈ ਪ੍ਰਧਾਨਗੀ, ਚਿੰਤਨ, ਮਨਨ ਤਾਂ ਉਨ੍ਹਾਂ ਨੂੰ ਕਰਨਾ ਹੀ ਹੋਵੇਗਾ । ਹੋਰ ਨਾ ਸਹੀ ‘ਹਿੰਦੂ ਸ਼ਬਦ’ ਦੀ ਪਵਿੱਤਰਤਾ ਤੇ ਵਿਆਪਕਤਾ ਦਾ ਮੁਲਾਂਕਣ ਤਾਂ ਕਰਨਾ ਚਾਹੀਦਾ ਹੈ। ਮੈਂ, ਜਿੰਨੀ ਮੇਰੀ ਬੁੱਧੀ ਹੈ ‘ਹਿੰਦੂ ਸ਼ਬਦ’ ਦਾ ਮੂਲ ਰੂਪ ਹਿੰਦ ਸਮਾਚਾਰ ਗਰੁੱਪ ਰਾਹੀਂ ਲੋਕਾਂ ਦੀ ਸੇਵਾ ’ਚ ਪੇਸ਼ ਕਰਨਾ ਚਾਹੁੰਦਾ ਹਾਂ।

‘ਹਿੰਦੂ ਸ਼ਬਦ’ ’ਤੇ ਵਿਦਵਾਨਾਂ ਨੇ ਗ੍ਰੰਥ ਦੇ ਗ੍ਰੰਥ ਲਿਖ ਦਿੱਤੇ ਹਨ ਪਰ ਫਿਰ ਵੀ ‘ਹਿੰਦੂ ਸ਼ਬਦ’ ਦਾ ਅਸਲ ਸਰੂਪ ਲੋਕਾਂ ਦੀ ਸਮਝ ਤੋਂ ਪਰ੍ਹੇ ਹੈ। ‘ਹਿੰਦੂ ਸ਼ਬਦ’ ’ਤੇ ਹੀ ਮੇਰੀ ਆਪਣੀ ਲਾਇਬ੍ਰੇਰੀ ’ਚ 5-7 ਕਿਤਾਬਾਂ ਤਾਂ ਹੋਣਗੀਆਂ ਹੀ ਪਰ ਮੈਨੂੰ ਸ਼ੱਕ ਹੈ ਕਿ ਮੈਂ ‘ਹਿੰਦੂ ਸ਼ਬਦ’ ਨੂੰ ਲੋਕਾਂ ਨੂੰ ਸਮਝਾ ਸਕਾਂ। ਹਾਂ, ਰਾਸ਼ਟਰੀ ਸਵੈਮਸੇਵਕ ਸੰਘ ਦੇ ਸਿਆਣੇ ਲੋਕ ਜ਼ਰੂਰ ਹਿੰਦੂ ਸ਼ਬਦ ਦੀ ਵਿਆਪਕਤਾ ਸਮਝਾ ਸਕਦੇ ਹਨ? ਹਿੰਦੂ ਨਾ ਕੋਈ ਧਰਮ ਹੈ, ਨਾ ਕੋਈ ਫਿਰਕਾ ਜਾਂ ਪੰਥ ਹੈ। ਇਹ ਤਾਂ ਇਕ ਵਿਸ਼ੇਸ਼ ਭੂਗੋਲਿਕ ਇਲਾਕੇ ’ਚ ਰਹਿਣ ਵਾਲਿਆਂ ਦੀ ਇਕ ‘ਜੀਵਨ ਪ੍ਰਣਾਲੀ’ ਹੈ। ਜਿਊਣ ਦਾ ਇਕ ਢੰਗ ਹੈ। ਭਾਰਤ ਦੀ ਸੁਪਰੀਮ ਕੋਰਟ ਨੇ ਵੀ ਹਿੰਦੂ ਨੂੰ ਇਕ ‘ਜੀਵਨ ਪ੍ਰਣਾਲੀ’ ਕਿਹਾ। ਹਿੰਦੂ ਉਹ ਹੈ ਜੋ ਸਾਰਿਆਂ ਨੂੰ ਆਪਣਾ ਸਮਝਦਾ ਹੈ। ਸਾਰਾ ਵਿਸ਼ਵ ਹਿੰਦੂ ਦਾ ਹੈ।

ਹਿੰਦੂ ਦਾ ਕੋਈ ਫਿਰਕਾ ਜਾਂ ਕੋਈ ਇਕ ‘ਦੇਵਦੂਤ’ ਜਾਂ ‘ਪੈਗੰਬਰ’ ਨਹੀਂ। ਹਿੰਦੂਆਂ ’ਚ ਕਿਸੇ ਇਕ ਦੇਵਤਾ ਦੀ ਪੂਜਾ ਨਹੀਂ ਹੁੰਦੀ। ਹਿੰਦੂ ਕਿਸੇ ਇਕ ਦਾਰਸ਼ਨਿਕ ਵਿਚਾਰ ਪ੍ਰਣਾਲੀ ’ਚ ਯਕੀਨ ਨਹੀਂ ਰੱਖਦਾ। ਹਿੰਦੂਆਂ ’ਚ ਕਿਸੇ ਇਕ ਭਾਈਚਾਰੇ ਦਾ ਯੱਗ ਨਹੀਂ ਹੁੰਦਾ। ਹਿੰਦੂ ਇਕ ਅਮਰ ਸ਼ਬਦ ਹੈ। ਪ੍ਰਾਚੀਨ ਜਾਤੀਆਂ, ਅਸੱਭਿਆ ਅਤੇ ਅਰਧ ਸੱਚ ਲੋਕ, ਸੱਭਿਅਕ ਦ੍ਰਵਿੜ ਅਤੇ ਵੈਦਿਕ ਆਰੀਆ ਹਿੰਦੂ ਸਨ ਕਿਉਂਕਿ ਉਹ ਇਕ ਮਾਤਭੂਮੀ ਦੀ ਔਲਾਦ ਸਨ। ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਵੱਖ-ਵੱਖ ਪੂਜਾ ਪ੍ਰਣਾਲੀਆਂ ਦਾ ਪਾਲਣ ਕਰਨ ਵਾਲੇ ਸਾਰੇ ਹਿੰਦੂ ਹਨ।

ਹਿੰਦੂ ਨੇ ਕਦੀ ਵੀ ਕਿਸੇ ਵਿਚਾਰ, ਸਿਧਾਂਤ ਜਾਂ ਚਿੰਤਨ ਨੂੰ ਝੂਠਾ ਨਹੀਂ ਕਿਹਾ। ਹਿੰਦੂ ਸਭ ਦਾ ਮੰਗਲ ਅਤੇ ਭਲਾਈ ਮੰਗਦਾ ਹੈ। ਮਹਾਤਮਾ ਬੁੱਧ ਨੇ ‘ਬੌਧਮਤ’, ਮਹਾਵੀਰ ਸਵਾਮੀ ਨੇ ‘ਜੈਨਪੰਥ’, ਬਾਸਵ ਨੇ ਲਿੰਗਾਇਤ ਫਿਰਕਾ, ਸੰਤ ਗਿਆਨੇਸ਼ਵਰ ਅਤੇ ਤੁਕਾਰਾਮ ਨੇ ‘ਬਾਰਬਾਰੀ ਪੰਥ’, ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸਿੱਖ ਪੰਥ’, ਸਵਾਮੀ ਦਯਾਨੰਦ ਨੇ ‘ਆਰੀਆ ਸਮਾਜ’, ਚੈਤੰਨਯ ਮਹਾਪ੍ਰਭੂ ਨੇ ‘ਭਗਤੀ ਸੰਪਰਦਾਏ’, ਕਬੀਰ ਜੀ ਨੇ ‘ਕਬੀਰ ਪੰਥ’, ਸੰਤ ਰਵਿਦਾਸ ਜੀ ਨੇ ਵੱਖਰੇ ਪੰਥ ਦੀ ਨੀਂਹ ਰੱਖੀ, ਰਾਮਕ੍ਰਿਸ਼ਨ ਪਰਮਹੰਸ ਅਤੇ ਸਵਾਮੀ ਵਿਵੇਕਾਨੰਦ ਜੀ ਨੇ ‘ਹਿੰਦੂ ਸ਼ਬਦ’ ’ਚ ਇਕ ਆਕਰਸ਼ਣ ਭਰਿਆ।

ਜੇਕਰ ਇਨ੍ਹਾਂ ਸਾਰੇ ਫਿਰਕਿਆਂ ਜਾਂ ਪੰਥਾਂ ਦਾ ਚਿੰਤਨ ਕਰੀਏ ਤਾਂ ਕੁਝ ਫਰਕ ਦਿਖਾਈ ਦੇਵੇਗਾ ਪਰ ਜੇਕਰ ਡੂੰਘਾਈ ’ਚ ਜਾਈਏ ਤਾਂ ਇਨ੍ਹਾਂ ਸਭ ’ਚ ਇਕ ਉੱਚ ਕੋਟੀ ਦੀ ਏਕਤਾ ਦਿਖਾਈ ਦੇਵੇਗੀ। ਹਿੰਦੂ ਸਿਧਾਂਤ ਸਹਿਣਸ਼ੀਲ ਹੈ ਅਤੇ ਸਭ ਦੀ ਇੱਛਾ ਅਨੁਸਾਰ, ਸੁਭਾਅ ਅਨੁਸਾਰ, ਰੁਚੀ ਅਨੁਸਾਰ ਕੋਈ ਵੀ ਪੰਥ ਅਤੇ ਪੂਜਾ-ਪ੍ਰਣਾਲੀ ਅਪਣਾਉਣ ਤੋਂ ਰੋਕਦਾ ਨਹੀਂ। ਹਿੰਦੂ ‘ਜੀਵਨ ਪ੍ਰਣਾਲੀ’ ਹੀ ਅਜਿਹੀ ਹੈ ਕਿ ਜੀਓ ਅਤੇ ਜਿਊਣ ਦਿਓ। ਇਸ ਲਈ ਹਿੰਦੂ ਗੁੱਸਾ ਥੁੱਕ ਦੇਣ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਕਹਿਣ ਕਿ ਉਹ ਸੱਚ ਕਹਿਣ ਅਤੇ ਤੱਥਾਂ ’ਤੇ ਸਦਨ ਦੀ ਮਰਿਆਦਾ ਬਣਾਈ ਰੱਖਣ। ਸਭ ਦਾ ਭਲਾ ਕਰੋ ਭਗਵਾਨ, ਸਭ ਨੂੰ ਦਿਓ ਵੇਦਾਂ ਦਾ ਗਿਆਨ।

ਮਾਸਟਰ ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ)


author

Tanu

Content Editor

Related News