ਖੇਤੀ ਨੂੰਲਾਭਦਾਇਕ ਬਣਾਉਣ ਦਾ ਹਾਈਟੈੱਕ ਹੱਲ ‘ਕਿਸਾਨ ਡਰੋਨ’

Wednesday, Jan 31, 2024 - 01:47 PM (IST)

ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਜਿੱਥੇ ਡਰੱਗਜ਼ ਅਤੇ ਹਥਿਆਰ ਵਰ੍ਹਾਉਂਦੇ ਪਾਕਿਸਤਾਨੀ ਡਰੋਨ ਵੱਡੀ ਪ੍ਰੇਸ਼ਾਨੀ ਦਾ ਕਾਰਨ ਹਨ ਉੱਥੇ ਹੀ ਖੇਤੀ ਖੇਤਰ ’ਚ ਡਰੋਨ ਇਕ ਨਵੇਂ ਇਨਕਲਾਬ ਲਈ ਤਿਆਰ ਹਨ। ਬਰਨਾਲਾ ਦੇ ਪਿੰਡ ਸੇਖਾ ਦੀ ਦਸਵੀਂ ਪਾਸ ਕਿਰਨਪਾਲ ਜੋ ਕਦੀ ਹਵਾਈ ਜਹਾਜ਼ ’ਚ ਨਹੀਂ ਬੈਠੀ, ਹੁਣ ਇਕ ਟ੍ਰੇਂਡ ਡਰੋਨ ਪਾਇਲਟ ਹੈ। ਉਹ ਇਲਾਕੇ ਦੇ ਕਿਸਾਨਾਂ ਨੂੰ ਕਿਰਾਏ ’ਤੇ ਦਿੱਤੇ ਆਪਣੇ ਡਰੋਨ ਨਾਲ ਖੇਤਾਂ ’ਚ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਜਾਂਦੀ ਹੈ। ਇੰਨਾ ਹੀ ਨਹੀਂ ਫਸਲਾਂ ਨੂੰ ਨੁਕਸਾਨ ਦਾ ਜਾਇਜ਼ਾ ਵੀ ਉਹ ਡਰੋਨ ਨਾਲ ਕਰਦੀ ਹੈ। ਮਨੁੱਖ ਰਹਿਤ ਹਵਾਈ ਵਾਹਨ (ਯੂ. ਏ. ਵੀ.) ਭਾਵ ਡਰੋਨ ਖੇਤੀ ਨੂੰ ਜ਼ਿਆਦਾ ਬਿਹਤਰ ਅਤੇ ਲਾਭਦਾਇਕ ਬਣਾਉਣ ਦਾ ਹਾਈਟੈੱਕ ਹੱਲ ਹੈ।

ਇੰਨਾ ਹੀ ਨਹੀਂ ਪੇਂਡੂ ਇਲਾਕਿਆਂ ਦੀਆਂ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਭਾਵ ਸੈਲਫ ਹੈਲਪ ਗਰੁੱਪ (ਐੱਸ. ਐੱਚ. ਜੀ.) ਨੂੰ ਆਰਥਿਕ ਤੌਰ ’ਤੇ ਨਿਰਭਰ ਬਣਾਉਣ ’ਚ ਡਰੋਨ ਕਾਰਗਰ ਹਥਿਆਰ ਸਿੱਧ ਹੋ ਸਕਦਾ ਹੈ। ਬੀਤੇ ਦਸੰਬਰ 2023 ’ਚ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਰਿਆਇਤੀ ਸਕੀਮ ‘ਨਮੋ ਡਰੋਨ ਦੀਦੀ’ ਅਧੀਨ 2024 ਤੋਂ 2026 ਤੱਕ 1261 ਕਰੋੜ ਰੁਪਏ ਨਾਲ 15,000 ਸੈਲਫ ਹੈਲਫ ਗਰੁੱਪ ਨਾਲ ਜੁੜੀਆਂ ਹਜ਼ਾਰਾਂ ਔਰਤਾਂ ਨੂੰ ਟ੍ਰੇਨਿੰਗ ਦੇ ਨਾਲ-ਨਾਲ ‘ਕਿਸਾਨ ਡਰੋਨ’ ਨਾਲ ਲੈਸ ਕਰਨ ਦਾ ਟੀਚਾ ਹੈ। ਬਰਨਾਲਾ ਦੀ ਕਿਰਨਪਾਲ ਪੰਜਾਬ ਦੀਆਂ ਉਨ੍ਹਾਂ 22 ਔਰਤਾਂ ’ਚੋਂ ਇਕ ਹੈ ਜਿਨ੍ਹਾਂ ਨੂੰ ਪਹਿਲੇ ਬੈਚ ’ਚ ਦੇਸ਼ ਭਰ ਦੇ 300 ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਔਰਤਾਂ ’ਚ ਸ਼ਾਮਲ ਕੀਤਾ ਗਿਆ।

ਸੰਭਾਵਨਾਵਾਂ : ਹਾਲਾਂਕਿ ਇਕ ਹਾਈਟੈੱਕ ਖੇਤੀਬਾੜੀ ਡਰੋਨ ਦੀ ਕੀਮਤ ਲਗਭਗ 15 ਲੱਖ ਰੁਪਏ ਹੋਣ ਕਾਰਨ ਇਹ ਜ਼ਿਆਦਾਤਰ ਕਿਸਾਨਾਂ ਦੀ ਪਹੁੰਚ ਤੋਂ ਦੂਰ ਹੈ ਪਰ ਸਰਕਾਰ ਨੇ ਇਸ ’ਤੇ 4 ਤੋਂ 8 ਲੱਖ ਰੁਪਏ ਸਬਸਿਡੀ ਤੇ ਕਰਜ਼ੇ ਦੇ ਤੌਰ ’ਤੇ ਬਾਕੀ ਰਕਮ ’ਤੇ ਵਿਆਜ ’ਚ ਵੀ 3 ਫੀਸਦੀ ਛੋਟ ਦੀ ਪੇਸ਼ਕਸ਼ ਕੀਤੀ ਹੈ। ਇਸ ਪਹਿਲ ਨਾਲ ਅਗਲੇ 5 ਸਾਲ ’ਚ 25 ਫੀਸਦੀ ਦੀ ਸਾਲਾਨਾ ਔਸਤ ਦਰ ਦੇ ਵਾਧੇ ਨਾਲ ਭਾਰਤੀ ਖੇਤੀਬਾੜੀ ਡਰੋਨ ਬਾਜ਼ਾਰ ਸਾਲਾਨਾ 30,000 ਕਰੋੜ ਰੁਪਏ ਦਾ ਹੋਣ ਦਾ ਅੰਦਾਜ਼ਾ ਹੈ।

ਉੱਥੇ ਹੀ ਖੇਤੀਬਾੜੀ ਡਰੋਨ ਦਾ ਵਿਸ਼ਵ ਬਾਜ਼ਾਰ 31 ਫੀਸਦੀ ਸਾਲਾਨਾ ਵਾਧਾ ਦਰ ਨਾਲ 2026 ਤੱਕ 4.7 ਬਿਲੀਅਨ ਅਮਰੀਕੀ ਡਾਲਰ ਹੋਣ ਦੀ ਸੰਭਾਵਨਾ ਹੈ। ਖੇਤਾਂ ਦੀ ਮੈਪਿੰਗ, ਆਟੋਮੈਟਿਕ ਬਿਜਾਈ, ਖਾਦ ਤੇ ਕੀਟਨਾਸ਼ਕਾਂ ਦੇ ਛਿੜਕਾਅ, ਫਸਲਾਂ ਦੇ ਸਰਵੇ ਅਤੇ ਉਨ੍ਹਾਂ ਦੀ ਹਾਈਟੈੱਕ ਫੋਟੋਗ੍ਰਾਫੀ ਨਾਲ ਆਉਣ ਵਾਲੇ ਸਮੇਂ ’ਚ ਖੇਤੀਬਾੜੀ ਡਰੋਨ ਦੇ ਬਾਜ਼ਾਰ ਨੂੰ ਹੁਲਾਰਾ ਮਿਲਣ ਦੀ ਆਸ ਹੈ। ਖੇਤੀਬਾੜੀ ਡਰੋਨ ਤਕਨਾਲੋਜੀ ਖੇਤਾਂ ’ਚ ਸਿੰਚਾਈ ਲਈ ਪਾਣੀ, ਖਾਦ ਤੇ ਕੀਟਨਾਸ਼ਕਾਂ ਵਰਗੇ ਮਹੱਤਵਪੂਰਨ ਸਰੋਤਾਂ ਦੀ ਬਰਬਦੀ ਘੱਟ ਕਰਨ ’ਚ ਵੀ ਸਹਾਇਕ ਹੈ।

ਰਿਮੋਟ ਸੈਂਸਿੰਗ ਤੇ ਫਸਲਾਂ ਦੀ ਨਿਗਰਾਨੀ : ਵੱਧ ਉਪਜ ਅਤੇ ਮੁਨਾਫੇ ਲਈ ਫਸਲਾਂ ਦੀ ਸਿਹਤ ਦੀ ਅਸਰਦਾਰ ਨਿਗਰਾਨੀ ਅਹਿਮ ਹੈ। ‘ਹਾਈਪਰਸਪੈਕਟ੍ਰਲ ਇਮੇਜਿੰਗ’ ਤਕਨੀਕ ਨਾਲ ਲੈਸ ਡਰੋਨ ਦੀ ਵਰਤੋਂ ਨਾਲ ਫਸਲਾਂ ਦੀ ਸਿਹਤ ਨੂੰ ਸਮਝਣ ਦੇ ਪੁਰਾਣੇ ਤੌਰ-ਤਰੀਕਿਆਂ ’ਚ ਇਨਕਲਾਬੀ ਤਬਦੀਲੀ ਆਈ ਹੈ। ਹਾਲ ਹੀ ’ਚ ਹੋਈ ਇਕ ਸੋਧ ਤੋਂ ਪਤਾ ਲੱਗਾ ਹੈ ਕਿ ਡਰੋਨ ਨਾਲ ਰਵਾਇਤੀ ਨਿਗਰਾਨੀ ਤਰੀਕਿਆਂ ਦੀ ਤੁਲਨਾ ’ਚ ਦੋ ਹਫਤੇ ਪਹਿਲਾਂ ਹੀ ਕੀੜਿਆਂ ਦੀ ਲਾਗ ਦਾ ਪਤਾ ਲਾਉਣ ਨਾਲ 30 ਫੀਸਦੀ ਫਸਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ।

ਸਟੀਕ ਫਸਲ ਪ੍ਰਬੰਧਨ : ਖੇਤੀਬਾੜੀ ਉਤਪਾਦਨ ਤੇ ਵਾਤਾਵਰਣ ਦੀ ਸੰਭਾਲ ਦਰਮਿਆਨ ਸੰਤੁਲਨ ਬਣਾਉਣਾ ਅਹਿਮ ਹੈ। ਰਸਾਇਣਾਂ ਦੀ ਵੱਧ ਵਰਤੋਂ ਅਤੇ ਪਾਣੀ ਦੀ ਕਮੀ ਨਾਲ ਵਾਤਾਵਰਣ ਨੂੰ ਨੁਕਸਾਨ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪਾਣੀ ਦੀ ਲੋੜ ਵਾਲੇ ਖੇਤਰਾਂ ਦੀ ਸਟੀਕ ਪਛਾਣ ਕਰ ਕੇ ਡਰੋਨ ਵਾਤਾਵਰਣ ਦੀ ਸਮੱਸਿਆ ਨੂੰ ਹੱਲ ਕਰਨ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਪਾਣੀ ਦੀ ਵਰਤੋਂ ਨੂੰ 25 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ ਜਿਸ ਨਾਲ ਟਿਕਾਊ ਖੇਤੀਬਾੜੀ ਨੂੰ ਹੁਲਾਰਾ ਮਿਲੇਗਾ। ਡਰੋਨ ਖਾਦ ਅਤੇ ਕੀਟਨਾਸ਼ਕਾਂ ਦੀ ਵਰਤੋਂ ਬਾਰੇ ਵੀ ਸਟੀਕ ਜਾਣਕਾਰੀ ਦਿੰਦੇ ਹਨ। ਡਰੋਨ ਰਾਹੀਂ ਜੁਟਾਏ ਗਏ ਡੇਟਾ ਦੀ ਮਦਦ ਨਾਲ 26 ਫੀਸਦੀ ਤੱਕ ਖਾਦ ਦੀ ਵਰਤੋਂ ਘਟਣ ਨਾਲ ਨਾ ਸਿਰਫ ਕਿਸਾਨਾਂ ਦੀ ਲਾਗਤ ਘਟੇਗੀ ਸਗੋਂ ਵਾਤਾਵਰਣ ਦੀ ਸੰਭਾਲ ਦੇ ਨਾਲ ਖੇਤੀ ਨੂੰ ਹੋਰ ਵੱਧ ਟਿਕਾਊ ਬਣਾਇਆ ਜਾ ਸਕਦਾ ਹੈ।

ਹੁਨਰਮੰਦ ਸਕਾਊਟਿੰਗ : ਭਾਰਤ ਦੇ ਵਿਸ਼ਾਲ ਭੂਗੋਲਿਕ ਵਿਸਥਾਰ ਨੂੰ ਦੇਖਦੇ ਹੋਏ, ਦੂਰ-ਦੁਰਾਡੇ ਦੇ ਪਹਾੜੀ ਇਲਾਕਿਆਂ ’ਚ ਸਥਿਤ ਬਿਖੜੇ ਖੇਤਾਂ ਦੀ ਨਿਗਰਾਨੀ ਇਕ ਵੱਡੀ ਚੁਣੌਤੀ ਹੈ। ਅਜਿਹੇ ਇਲਾਕਿਆਂ ’ਚ ਖੇਤੀ ਦੀ ਨਿਗਰਾਨੀ ’ਚ ਘੰਟੇ ਲਾਉਣ ਵਾਲੇ ਕਿਸਾਨਾਂ ਦਾ ਕੰਮ ਡਰੋਨ ਕੁਝ ਹੀ ਮਿੰਟਾਂ ’ਚ ਕਰ ਦਿੰਦੇ ਹਨ। 200 ਏਕੜ ਨੂੰ ਸਿਰਫ 30 ਮਿੰਟ ’ਚ ਕਵਰ ਕਰ ਕੇ ਡਰੋਨ ਨਾਲ ਸਮੇਂ ਸਿਰ ਸਟੀਕ ਡੇਟਾ ਮਿਲਦਾ ਹੈ। ਦੇਸ਼ ਦੇ 68 ਫੀਸਦੀ ਛੋਟੇ ਕਿਸਾਨਾਂ ਦੀਆਂ ਫਸਲਾਂ ਨੂੰ ਕੀੜਿਆਂ ਦੀ ਲਾਗ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਸਮਰੱਥ ਬਣਾਉਂਦਾ ਹੈ। ਇਫਕੋ ਵੱਲੋਂ ਕੀਤੇ ਗਏ ਪ੍ਰਯੋਗ ਮੁਤਾਬਕ ‘ਇਕ ਏਕੜ ’ਚ ਖਾਦ ਜਾਂ ਕੀਟਨਾਸ਼ਕਾਂ ਦਾ ਛਿੜਕਾਅ ਕਰਨ ’ਚ ਇਕ ਆਦਮੀ ਨੂੰ 4 ਤੋਂ 6 ਘੰਟੇ ਲੱਗਦੇ ਹਨ ਜਦਕਿ ਡਰੋਨ ਇਕ ਏਕੜ ’ਚ 8 ਤੋਂ 10 ਮਿੰਟ ’ਚ ਛਿੜਕਾਅ ਕਰ ਦਿੰਦਾ ਹੈ।’

ਡੇਟਾ ਸੰਚਾਲਿਤ ਰਣਨੀਤੀ : ਅੱਜ ਅਸੀਂ ਇਕ ਅਜਿਹੇ ਯੁੱਗ ’ਚ ਹਾਂ ਜਿੱਥੇ ਡੇਟਾ-ਸੰਚਾਲਿਤ ਨੀਤੀਆਂ ਅਪਵਾਦ ਨਹੀਂ ਸਗੋਂ ਖੇਤੀ ਦੀ ਰਫਤਾਰ ਬਣਾਈ ਰੱਖਣ ਲਈ ਨਿਯਮ ਬਣ ਗਿਆ ਹੈ। ਡਰੋਨ ਵੱਡੇ ਪੱਧਰ ’ਤੇ ਡੇਟਾਸੈੱਟ ਤਿਆਰ ਕਰਦੇ ਹਨ ਜੋ ਫਸਲਾਂ ਦੀ ਸਿਹਤ, ਉਨ੍ਹਾਂ ਦੇ ਵਿਕਾਸ ਪੈਟਰਨ ’ਤੇ ਡੂੰਘੀ ਨਜ਼ਰ ਰੱਖਦੇ ਹਨ। ਉਦਾਹਰਣ ਲਈ ਇਕ ਕਿਸਾਨ ਹੁਣ ਡਰੋਨ ਰਾਹੀਂ ਜੁਟਾਏ ਗਏ ਡੇਟਾ ਦੇ ਆਧਾਰ ’ਤੇ ਘੱਟ ਰਕਬੇ ’ਚ ਗੰਨੇ ਦੀ ਵੱਧ ਬਿਜਾਈ ਨਾਲ 10 ਫੀਸਦੀ ਤੱਕ ਵੱਧ ਪੈਦਾਵਾਰ ਲੈ ਸਕਦਾ ਹੈ।

ਬੱਚਤ : ਖੇਤੀਬਾੜੀ ਖੇਤਰ ’ਚ ਜਿੱਥੇ ਕਿਸਾਨਾਂ ਦਾ ਲਾਭ ਘਟਦਾ ਜਾ ਰਿਹਾ ਹੈ, ਡਰੋਨ ਫਸਲਾਂ ’ਤੇ ਲਾਗਤ ਨੂੰ ਘਟਾਉਣ ’ਚ ਅਸਰਦਾਰ ਸਾਬਤ ਹੋ ਸਕਦਾ ਹੈ। ਸੰਭਾਵਿਤ ਸਮੱਸਿਆਵਾਂ ਦਾ ਜਲਦੀ ਪਤਾ ਲੱਗਣ ਨਾਲ ਖਰਚ ਘਟਾਇਆ ਜਾ ਸਕਦਾ ਹੈ। ਡਰੋਨ ਡੇਟਾ ਦੀ ਮਦਦ ਨਾਲ ਫਸਲਾਂ ਸਬੰਧੀ ਸਮੱਸਿਆਵਾਂ ਪੈਦਾ ਹੋਣ ਤੋਂ ਪਹਿਲਾਂ ਜ਼ਰੂਰੀ ਕਦਮ ਉਠਾ ਕੇ ਮਹਿੰਗੇ ਖਰਚ ਤੋਂ ਬਚਿਆ ਜਾ ਸਕਦਾ ਹੈ।

ਮੌਸਮ ਦਾ ਅਗਾਊਂ ਅੰਦਾਜ਼ਾ : ਚੰਗੀ ਪੈਦਾਵਾਰ ਲਈ ਢੁੱਕਵਾਂ ਮੌਸਮ ਬਹੁਤ ਅਹਿਮ ਹੈ। ਭਾਰਤ ’ਚ ਜਿੱਥੇ ਮਾਨਸੂਨ ਕਿਸਾਨਾਂ ਲਈ ਵਰਦਾਨ ਹੈ ਉੱਥੇ ਹੀ ਕਈ ਵਾਰ ਹੜ੍ਹ ਦੇ ਤੌਰ ’ਤੇ ਇਹ ਕਿਸਾਨਾਂ ਦਾ ਵੱਡਾ ਦੁਸ਼ਮਣ ਵੀ ਬਣ ਜਾਂਦਾ ਹੈ। ਮੌਸਮ ਨਿਗਰਾਨੀ ਤਕਨੀਕ ਨਾਲ ਲੈਸ ਡਰੋਨ ਮੌਸਮ ਬਾਰੇ ਸਟੀਕ ਡੇਟਾ ਦਿੰਦੇ ਹਨ। ਇਹ ਜਾਣਕਾਰੀ ਖੇਤੀਬਾੜੀ ਕਾਰਜਾਂ ਦੀ ਯੋਜਨਾ ਬਣਾਉਣ ਅਤੇ ਬਦਲਦੇ ਮੌਸਮ ਅਨੁਸਾਰ ਫਸਲਾਂ ਦੀ ਬਿਜਾਈ, ਸਿੰਚਾਈ ਅਤੇ ਕਟਾਈ ਲਈ ਬਹੁਤ ਅਹਿਮ ਹੈ।

ਨਿਚੋੜ : ਖੇਤੀਬਾੜੀ ਨੂੰ ਸਟੀਕ, ਟਿਕਾਊ ਤੇ ਲਾਭਦਾਇਕ ਬਣਾਉਣ ਲਈ ਸਰਕਾਰ ਵੱਲੋਂ ਡਰੋਨ ਤਕਨਾਲੋਜੀ ਨੂੰ ਖੇਤੀ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਤਿਆਰੀ ਹੈ। ਡਰੋਨ ਦੀ ਮਦਦ ਨਾਲ ਜਿੱਥੇ ਖਾਦ ਅਤੇ ਕੀਟਨਾਸ਼ਕਾਂ ਦੀ ਖਪਤ ਘਟਾਉਣ ਨਾਲ ਸਰਕਾਰ ਨੂੰ ਸਬਸਿਡੀ ’ਚ ਬੱਚਤ ਹੋਵੇਗੀ ਉੱਥੇ ਹੀ ਇਸ ਬੱਚਤ ਨਾਲ ਸਰਕਾਰ ਡਰੋਨ ਦੀ 80 ਫੀਸਦੀ ਕੀਮਤ ਚੁਕਾ ਕੇ ਵੱਡੇ ਪੈਮਾਨੇ ’ਤੇ ਛੋਟੇ ਕਿਸਾਨਾਂ ਨੂੰ ਵੀ ਸਸਤੀ ਡਰੋਨ ਤਕਨਾਲੋਜੀ ਨਾਲ ਜੋੜ ਸਕਦੀ ਹੈ। ਰਵਾਇਤੀ ਖੇਤੀਬਾੜੀ ਮੁਹਾਰਤ ਦਾ ਡਰੋਨ ਵਰਗੀ ਉੱਨਤ ਤਕਨੀਕ ਨਾਲ ਤਾਲਮੇਲ ਬਿਠਾ ਕੇ ਕਿਸਾਨ ਸੁਖਦ, ਖੁਸ਼ਹਾਲ ਭਵਿੱਖ ਦੀ ਉਮੀਦ ਕਰ ਸਕਦੇ ਹਨ। (ਲੇਖਕ ਕੈਬਨਿਟ ਮੰਤਰੀ ਰੈਂਕ ’ਚ ਪੰਜਾਬ ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ)- ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)


Rakesh

Content Editor

Related News