ਖਾਲਿਸਤਾਨ ਮੁੱਦੇ ਨੇ ਭਾਰਤ-ਕੈਨੇਡਾ ਰਿਸ਼ਤਿਆਂ ਨੂੰ ਗ੍ਰਹਿਣ ਲਾ ਦਿੱਤਾ
Saturday, Sep 23, 2023 - 04:54 PM (IST)
ਬ੍ਰਿਟਿਸ਼ ਕੋਲੰਬੀਆ ’ਚ ਇਕ ਕੈਨੇਡੀਅਨ ਸਿੱਖ ਵਿਅਕਤੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਦਰਮਿਆਨ ਤਣਾਅ ਵਧ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਦਾਅਵਾ ਕੀਤਾ ਹੈ ਕਿ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟ ਸ਼ਾਮਲ ਸਨ। ਟਰੂਡੋ ਨੇ ਸੰਸਦ ’ਚ ਇਕ ਹੈਰਾਨ ਕਰ ਦੇਣ ਵਾਲਾ ਦੋਸ਼ ਲਾਇਆ ਜਿਸ ’ਚ ਕਿਹਾ ਗਿਆ ਕਿ ਉਨ੍ਹਾਂ ਦੀ ਸਰਕਾਰ ਭਾਰਤ ਸਰਕਾਰ ਅਤੇ ਨਿੱਝਰ ਦੀ ਹੱਤਿਆ ਦਰਮਿਆਨ ‘ਸੰਭਾਵਿਤ ਸਬੰਧ ਦੇ ਭਰੋਸੇਯੋਗ ਦੋਸ਼ਾਂ’ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਇਸ ਨੂੰ ਕੈਨੇਡਾ ਦੀ ਪ੍ਰਭੂਸੱਤਾ ਦੀ ਨਾ-ਸਵੀਕਾਰ ਕਰਨਯੋਗ ਉਲੰਘਣਾ ਦੱਸਿਆ ਅਤੇ ਭਾਰਤ ਕੋਲੋਂ ਜਾਂਚ ’ਚ ਸਹਿਯੋਗ ਦੀ ਮੰਗ ਕੀਤੀ।
ਜੂਨ ’ਚ ਹਰਦੀਪ ਸਿੰਘ ਨਿੱਝਰ ਨੂੰ ਗੁਰਦੁਆਰੇ ਦੀ ਪਾਰਕਿੰਗ ’ਚ ਨਕਾਬਪੋਸ਼ ਹਮਲਾਵਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ, ਜਿੱਥੇ ਉਨ੍ਹਾਂ ਨੇ ਪ੍ਰਧਾਨ ਦੇ ਤੌਰ ’ਤੇ ਕਾਰਜ ਕੀਤਾ ਸੀ। ਸ਼ੱਕੀ ਅਣਪਛਾਤੇ ਹਨ। ਨਿੱਝਰ ਦੀ ਹੱਤਿਆ ਖਾਲਿਸਤਾਨ ਦੀ ਹਮਾਇਤ ’ਚ ਵਿਸ਼ਵ ਪੱਧਰ ਦੇ ਸਿੱਖ ਪ੍ਰਵਾਸੀਆਂ ਦਰਮਿਆਨ ਜਨਮਤ ਆਯੋਜਨ ਕਰਦੇ ਸਮੇਂ ਹੋਈ ਸੀ।
ਇਹ ਘਟਨਾ ਨਵੇਂ ਸਿਰੇ ਤੋਂ ਸਿੱਖ ਵੱਖਵਾਦੀ ਸਰਗਰਮੀਆਂ ਅਤੇ ਇਸ ਦਾ ਮੁਕਾਬਲਾ ਕਰਨ ਦੇ ਭਾਰਤ ਦੇ ਯਤਨਾਂ ਦੀ ਪਿੱਠਭੂਮੀ ’ਚ ਆਉਂਦੀ ਹੈ। ਇਸ ਵਿਵਾਦ ਕਾਰਨ ਦੋਵਾਂ ਦੇਸ਼ਾਂ ’ਚੋਂ ਖੁਫੀਆ ਏਜੰਸੀਆਂ ਦੇ ਮੁਖੀਆਂ ਨੂੰ ਕੱਢ ਦਿੱਤਾ ਗਿਆ ਹੈ।
ਆਓ, ਨਿੱਝਰ ਦੀ ਪਿੱਠਭੂਮੀ ਬਾਰੇ ਜਾਣੀਏ : ਹਰਦੀਪ ਸਿੰਘ ਨਿੱਝਰ 1997 ’ਚ ਕੈਨੇਡਾ ਚਲਾ ਗਿਆ ਸੀ ਅਤੇ 2015 ’ਚ ਉਸ ਨੇ ਕੈਨੇਡਾ ਦੀ ਨਾਗਰਿਕਤਾ ਹਾਸਲ ਕਰ ਲਈ ਸੀ। ਉਹ ਖਾਲਿਸਤਾਨ ਅੰਦੋਲਨ ਦਾ ਹਮਾਇਤੀ ਸੀ ਅਤੇ ਪੰਜਾਬ ਦੀ ਆਜ਼ਾਦੀ ਲਈ ਸੰਘਰਸ਼ ਕਰ ਰਿਹਾ ਸੀ। ਭਾਰਤ ਨੇ ਉਸ ਨੂੰ 2016 ਤੋਂ ‘ਲੋੜੀਂਦਾ ਅੱਤਵਾਦੀ’ ਕਰਾਰ ਦਿੱਤਾ ਹੋਇਆ ਹੈ ਅਤੇ ਇਹ ਦਾਅਵਾ ਕੀਤਾ ਹੈ ਕਿ ਉਹ ਇਕ ਅੱਤਵਾਦੀ ਸੀ ਅਤੇ ਖਾਲਿਸਤਾਨ ਟਾਈਗਰ ਫੋਰਸ ਨਾਂ ਦੀ ਇਕ ਵੱਖਵਾਦੀ ਜਥੇਬੰਦੀ ਦਾ ਮੁਖੀ ਸੀ।
ਵਿਸ਼ੇਸ਼ ਤੌਰ ’ਤੇ ਨਿੱਝਰ ਦੇ ਦਲ ਖਾਲਸਾ ਆਗੂ ਗਜੇਂਦਰ ਸਿੰਘ ਨਾਲ ਸਬੰਧ ਹੋਣ ਦੀ ਸੂਚਨਾ ਮਿਲੀ ਜਿਸ ਨੇ 1981 ’ਚ ਇੰਡੀਅਨ ਏਅਰਲਾਈਨਜ਼ ਦੀ ਉਡਾਣ ਦੇ 5 ਅਗਵਾਕਾਰਾਂ ’ਚੋਂ ਇਕ ਦੇ ਤੌਰ ’ਤੇ ਬਦਨਾਮੀ ਖੱਟੀ ਸੀ। ਵਰਤਮਾਨ ’ਚ ਗਜੇਂਦਰ ਪਾਕਿਸਤਾਨ ’ਚ ਰਹਿੰਦਾ ਹੈ। ਹਾਲਾਂਕਿ ਟਰੂਡੋ ਨੇ ਹੱਤਿਆ ’ਚ ਭਾਰਤ ਦੀ ਸ਼ਮੂਲੀਅਤ ਦੇ ਠੋਸ ਸਬੂਤ ਪੇਸ਼ ਨਹੀਂ ਕੀਤੇ ਪਰ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਸਥਿਤੀ ਦੀ ਸੰਵੇਦਨਸ਼ੀਲਤਾ ਕਾਰਨ ਸਹੀ ਸਮਾਂ ਆਉਣ ’ਤੇ ਅਜਿਹੇ ਸਬੂਤ ਭਾਰਤ ਨਾਲ ਸਾਂਝੇ ਕੀਤੇ ਜਾਣਗੇ।
ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਟਰੂਡੋ ਨੇ ਕੈਨੇਡਾ ਦੇ ‘ਫਾਈਵ ਆਈਜ਼’ ਹਿੱਸੇਦਾਰਾਂ ਨਾਲ ਕੁਝ ਸਬੂਤ ਸਾਂਝੇ ਕੀਤੇ ਹਨ। ਫਾਈਵ ਆਈਜ਼ ਅਮਰੀਕਾ, ਬਰਤਾਨੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਇਕ ਨਜ਼ਦੀਕੀ ਖੁਫੀਆ ਜਾਣਕਾਰੀ ਸਾਂਝੀ ਕਰਨ ਦਾ ਗੱਠਜੋੜ ਹੈ ਪਰ ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਸਾਂਝੀ ਕਾਰਵਾਈ ਲਈ ਉਨ੍ਹਾਂ ਦੀ ਹਮਾਇਤ ਨਹੀਂ ਮਿਲੀ। ਅਮਰੀਕਾ ਨੇ ਕੈਨੇਡਾ ਦੀ ਜਾਂਚ ਦੀ ਹਮਾਇਤ ਤਾਂ ਕੀਤੀ ਹੈ ਪਰ ਸਪੱਸ਼ਟ ਤੌਰ ’ਤੇ ਭਾਰਤ ਉਪਰ ਦੋਸ਼ ਨਹੀਂ ਲਾਇਆ।
ਭਾਰਤ ਵਿਰੁੱਧ ਟਰੂਡੋ ਦੇ ਦੋਸ਼ ਮਹੱਤਵਪੂਰਨ ਕੂਟਨੀਤਕ ਹਿੱਤਾਂ ਵਾਲੇ ਹਨ, ਜਿਸ ਨਾਲ ਭੂ-ਸਿਆਸੀ ਤਣਾਅ ਪੈਦਾ ਹੋ ਰਿਹਾ ਹੈ। ਹਾਲਾਂਕਿ ਯੂ. ਕੇ. ਅਤੇ ਆਸਟ੍ਰੇਲੀਆ ਸਮੇਤ ਕੈਨੇਡਾ ਦੇ ਪ੍ਰਮੁੱਖ ਸਹਿਯੋਗੀਆਂ ਨੇ ਜਾਂਚ ਦੇ ਨਤੀਜੇ ਦੀ ਪ੍ਰਵਾਹ ਕੀਤੇ ਬਿਨਾਂ ਦੁਵੱਲੇ ਵਪਾਰ ਸਮਝੌਤਿਆਂ ਨੂੰ ਜਾਰੀ ਰੱਖਣ ਦੇ ਆਪਣੇ ਇਰਾਦੇ ਦਾ ਸੰਕੇਤ ਦਿੱਤਾ ਹੈ। ਸੰਯੁਕਤ ਰਾਜ ਅਮਰੀਕਾ ਅਤੇ ਯੂ. ਕੇ. ਨੇ ਜਾਂਚ ’ਚ ਭਾਰਤੀ ਸਹਿਯੋਗ ਲਈ ਕੈਨੇਡਾ ਦੇ ਸੱਦੇ ਦੀ ਸਾਵਧਾਨੀਪੂਰਵਕ ਹਮਾਇਤ ਕੀਤੀ ਹੈ।
ਭਾਰਤ ਇਨ੍ਹਾਂ ਦੋਸ਼ਾਂ ਦਾ ਪੁਰਜ਼ੋਰ ਖੰਡਨ ਕਰਦਾ ਹੈ ਅਤੇ ਇਨ੍ਹਾਂ ਨੂੰ ਬੇਤੁਕੇ ਅਤੇ ਪ੍ਰੇਰਿਤ ਦੱਸ ਕੇ ਖਾਰਿਜ ਕਰਦਾ ਹੈ। ਭਾਰਤ ਲੰਬੇ ਸਮੇਂ ਤੋਂ ਖਾਲਿਸਤਾਨ ਮੁੱਦੇ ਨੂੰ ਲੈ ਕੇ ਕੈਨੇਡਾ ਦੇ ਸਬੰਧਾਂ ਨਾਲ ਚਿੰਤਤ ਰਿਹਾ ਹੈ ਅਤੇ ਉਸ ਨੇ ਖਾਲਿਸਤਾਨੀਆਂ ਨੂੰ ਹਮਾਇਤ ਦੇਣ ਦੇ ਸਬੰਧ ’ਚ ਕੈਨੇਡਾ ਨੂੰ ਆਪਣੀਆਂ ਸ਼ਿਕਾਇਤਾਂ ਦੱਸੀਆਂ ਹਨ।
ਖਾਲਿਸਤਾਨ ’ਤੇ ਭਾਰਤ-ਕੈਨੇਡੀਅਨ ਵਿਵਾਦ ਇਕ ਗੁੰਝਲਦਾਰ ਅਤੇ ਸੰਵੇਦਨਸ਼ੀਲ ਮੁੱਦਾ ਹੈ। ਇਕ ਪਾਸੇ ਭਾਰਤ ਨੂੰ ਖਾਲਿਸਤਾਨੀ ਅੰਦੋਲਨ ਬਾਰੇ ਇਕ ਜਾਇਜ਼ ਚਿੰਤਾ ਹੈ, ਉੱਥੇ ਹੀ ਆਪਣੀ ਕੌਮੀ ਸੁਰੱਖਿਆ ਲਈ ਭਾਰਤ ਇਸ ਨੂੰ ਖਤਰਾ ਮੰਨਦਾ ਹੈ। ਦੂਜੇ ਪਾਸੇ ਕੈਨੇਡਾ ਪ੍ਰਗਟਾਵੇ ਅਤੇ ਸੰਘ ਦੀ ਆਜ਼ਾਦੀ ਦੇ ਅਧਿਕਾਰ ਦੇ ਨਾਲ-ਨਾਲ ਇਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੈ। ਇਸ ’ਚ ਖਾਲਿਸਤਾਨ ਅੰਦੋਲਨ ਦੀ ਹਮਇਤ ਕਰਨ ਦਾ ਕੈਨੇਡੀਅਨ ਲੋਕਾਂ ਦਾ ਅਧਿਕਾਰ ਸ਼ਾਮਲ ਹੈ ਜੋ ਭਾਰਤ ਦੇ ਨਜ਼ਰੀਏ ਦੇ ਉਲਟ ਹੈ।
ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਅਤੇ ਸਹਿਯੋਗ ਦਾ ਇਕ ਲੰਬਾ ਇਤਿਹਾਸ ਰਿਹਾ ਹੈ ਪਰ ਖਾਲਿਸਤਾਨ ਮੁੱਦੇ ਨੇ ਇਸ ਰਿਸ਼ਤੇ ਨੂੰ ਗ੍ਰਹਿਣ ਲਾ ਦਿੱਤਾ ਹੈ। ਇਹ ਕੋਈ ਰਹੱਸ ਨਹੀਂ ਹੈ ਕਿ ਕੈਨੇਡਾ ’ਚ ਖਾਲਿਸਤਾਨ ਹਮਾਇਤੀ ਸਮੂਹ ਪਿਛਲੇ ਕੁਝ ਸਾਲਾਂ ਤੋਂ ਕਾਫੀ ਸਰਗਰਮ ਹਨ। ਇਸ ਨਾਲ ਭਾਰਤ-ਕੈਨੇਡਾ ਸਬੰਧਾਂ ’ਚ ਸੁਭਾਵਿਕ ਤੌਰ ’ਤੇ ਤਣਾਅ ਆ ਗਿਆ ਹੈ ਕਿਉਂਕਿ ਨਵੀਂ ਦਿੱਲੀ ਨੂੰ ਲੱਗਦਾ ਹੈ ਕਿ ਓਟਾਵਾ ਖਾਲਿਸਤਾਨੀ ਹਮਾਇਤੀਆਂ ਪ੍ਰਤੀ ਉਦਾਰ ਹੈ। ਹਾਲਾਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਇਸ ਤੋਂ ਇਨਕਾਰ ਕੀਤਾ ਹੈ।
ਇਸ ਪੂਰੇ ਵਿਵਾਦ ’ਤੇ ਮੇਰਾ ਆਪਣਾ ਵਿਚਾਰ ਇਹ ਹੈ ਕਿ ਦੋਵਾਂ ਧਿਰਾਂ ਨੂੰ ਇਕ-ਦੂਜੇ ਦੀਆਂ ਚਿੰਤਾਵਾਂ ਪ੍ਰਤੀ ਜ਼ਿਆਦਾ ਸਮਝਣ ਅਤੇ ਸਨਮਾਨ ਕਰਨ ਦੀ ਲੋੜ ਹੈ। ਭਾਰਤ ਨੂੰ ਇਹ ਪਛਾਣਨ ਦੀ ਲੋੜ ਹੈ ਕਿ ਕੈਨੇਡਾ ਨੂੰ ਪ੍ਰਗਟਾਵੇ ਅਤੇ ਸੰਘ ਦੀ ਆਜ਼ਾਦੀ ਦਾ ਅਧਿਕਾਰ ਹੈ। ਭਾਵੇਂ ਹੀ ਇਸ ਦਾ ਮਤਲਬ ਇਹ ਹੋਵੇ ਕਿ ਕੁਝ ਕੈਨੇਡੀਅਨ ਖਾਲਿਸਤਾਨ ਅੰਦੋਲਨ ਦੀ ਹਮਾਇਤ ਕਰਦੇ ਹਨ। ਆਪਣੇ ਵੱਲੋਂ ਕੈਨੇਡਾ ਨੂੰ ਭਾਰਤ ਦੀ ਸੁਰੱਖਿਆ, ਚਿੰਤਾਵਾਂ ਪ੍ਰਤੀ ਵੱਧ ਸੰਵੇਦਨਸ਼ੀਲ ਹੋਣ ਦੀ ਲੋੜ ਹੈ ਅਤੇ ਅਜਿਹੇ ਬਿਆਨ ਦੇਣ ਤੋਂ ਉਸ ਨੂੰ ਬਚਣਾ ਚਾਹੀਦਾ ਹੈ, ਜਿਨ੍ਹਾਂ ਨੂੰ ਹਿੰਸਾ ਜਾਂ ਅੱਤਵਾਦ ਦੀ ਹਮਾਇਤ ਕਰਨ ਦੇ ਤੌਰ ’ਤੇ ਦੇਖਿਆ ਜਾ ਸਕਦਾ ਹੈ।
ਕਾਨੂੰਨ ਦਾ ਪਾਲਣ ਕਰਨ ਵਾਲੇ ਅਤੇ ਸ਼ਾਂਤੀਪੂਰਨ ਕੈਨੇਡੀਅਨ ਸਿੱਖਾਂ ਦੇ ਵਿਸ਼ਾਲ ਬਹੁਮਤ ਅਤੇ ਸਿੱਖ ਕੱਟੜਪੰਥੀਆਂ ਦੇ ਇਕ ਛੋਟੇ ਘੱਟਗਿਣਤੀ ਸਮੂਹ ਦਰਮਿਆਨ ਫਰਕ ਕਰਨਾ ਮਹੱਤਵਪੂਰਨ ਹੈ। ਸਾਰੇ ਕੈਨੇਡੀਅਨ ਸਿੱਖਾਂ ਨੂੰ ਇਕ ਹੀ ਨਜ਼ਰ ਨਾਲ ਦੇਖਣਾ ਅਣਉਚਿਤ ਹੈ ਅਤੇ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਉਨ੍ਹਾਂ ’ਚੋਂ ਜ਼ਿਆਦਾਤਰ ਖਾਲਿਸਤਾਨ ਅੰਦੋਲਨ ਦੀ ਹਮਾਇਤ ਨਹੀਂ ਕਰਦੇ। ਮੈਨੂੰ ਉਮੀਦ ਹੈ ਕਿ ਭਾਰਤ ਅਤੇ ਕੈਨੇਡਾ ਇਸ ਵਿਵਾਦ ਨੂੰ ਸ਼ਾਂਤੀਪੂਰਨ ਅਤੇ ਕੂਟਨੀਤਕ ਢੰਗ ਨਾਲ ਹੱਲ ਕਰ ਸਕਦੇ ਹਨ। ਦੋਵਾਂ ਦੇਸ਼ਾਂ ’ਚ ਇੰਨੀ ਇਕਸਾਰਤਾ ਹੈ ਕਿ ਇਹ ਮੁੱਦਾ ਉਨ੍ਹਾਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।