ਭਾਰਤ-ਪਾਕਿ ਵਿਚਾਲੇ ‘ਭਰੋਸੇ ਦਾ ਪੁਲ’ ਬਣੇਗਾ ਕਰਤਾਰਪੁਰ ਕੋਰੀਡੋਰ

11/01/2019 1:38:55 AM

ਕੈਪਟਨ ਅਮਰਿੰਦਰ ਸਿੰਘ

ਕਰਤਾਰਪੁਰ ਸਾਹਿਬ ਨਾਲ ਮੇਰਾ ਸਬੰਧ ਮੇਰੇ ਬਚਪਨ ਤੋਂ ਹੀ ਹੈ। ਮੈਨੂੰ ਹੁਣ ਵੀ ਯਾਦ ਹੈ ਕਿ ਗੁਰਦੁਆਰਾ ਕਿਸ ਤਰ੍ਹਾਂ ਦਾ ਸੀ। ਇਹ ਮੇਰੇ ਗ੍ਰਹਿ ਨਗਰ ਪਟਿਆਲਾ ਤੋਂ 235 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਸਾਡੇ ਪਰਿਵਾਰ ’ਚ ਇਸ ਬਾਰੇ ਬੜੇ ਆਦਰ-ਸਤਿਕਾਰ ਨਾਲ ਇਸ ਦਾ ਨਾਂ ਲਿਆ ਜਾਂਦਾ ਹੈ ਕਿਉਂਕਿ ਇਸ ਸਥਾਨ ਦੀ ਇਤਿਹਾਸਿਕ ਮਹੱਤਤਾ ਹੈ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਨੂੰ ਜੋਤਿ-ਜੋਤ ਸਮਾਏ। ਮੇਰੇ ਪਰਿਵਾਰ ਦਾ ਇਸ ਗੁਰਦੁਆਰੇ ਨਾਲ ਨਿੱਜੀ ਸਬੰਧ ਰਿਹਾ ਹੈ। ਪੁਰਾਣੇ ਸਮੇਂ ’ਚ ਹੜ੍ਹ ਕਾਰਣ ਨੁਕਸਾਨੇ ਜਾਣ ਤੋਂ ਬਾਅਦ ਮੌਜੂਦਾ ਇਮਾਰਤ, ਜੋ ਕਿ 1925 ’ਚ 1,35,600 ਰੁਪਏ ਦੀ ਲਾਗਤ ਨਾਲ ਤਿਆਰ ਹੋਈ ਸੀ, ਨੂੰ ਪਟਿਆਲਾ ਦੇ ਉਸ ਸਮੇਂ ਦੇ ਸ਼ਾਸਕ ਅਤੇ ਮੇਰੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਵਲੋਂ ਦਿੱਤੇ ਦਾਨ ਨਾਲ ਤਿਆਰ ਕੀਤਾ ਗਿਆ ਸੀ। ਇਸ ਗੁਰਦੁਆਰੇ ਦੀ ਯਾਤਰਾ ਕਰਨ ਦੀ ਇੱਛਾ ਕਾਫੀ ਸਮੇਂ ਤੋਂ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੌਰਾਨ ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਇਹ ਦਾਤ ਬਖਸ਼ੀ।

ਮੈਨੂੰ ਆਪਣੇ ਪਹਿਲੇ ਕਾਰਜਕਾਲ ਦੀ ਗੱਲ ਯਾਦ ਹੈ, ਜਦੋਂ ਮੈਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ ਨਾਲ ਬੈਠਕ ਕੀਤੀ ਸੀ। ਇਸ ਦੌਰਾਨ ਮੈਂ ਉਨ੍ਹਾਂ ਨਾਲ ਹਰੇਕ ਸਿੱਖ ਦੀ ਇਤਿਹਾਸਿਕ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਯਾਤਰਾ ਕਰਨ ’ਚ ਅਥਾਹ ਸ਼ਰਧਾ ਹੋਣ ਦੀ ਗੱਲ ਕਹੀ ਸੀ। ਹਾਲਾਂਕਿ ਉਨ੍ਹਾਂ ਨੇ ਮੇਰੀ ਬੇਨਤੀ ’ਤੇ ਆਪਣਾ ਹਾਂਪੱਖੀ ਰਵੱਈਆ ਦਰਸਾਇਆ ਸੀ, ਜਿਸ ਦਾ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਸਮਰਥਨ ਕੀਤਾ ਸੀ। ਸਮੇਂ ਦੇ ਨਾਲ ਇਹ ਚੀਜ਼ਾਂ ਨਵੰਬਰ 2018 ਤਕ ਅੱਗੇ ਨਹੀਂ ਵਧ ਸਕੀਆਂ। ਭਾਰਤ ਸਰਕਾਰ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਤਾਰਪੁਰ ਸਾਹਿਬ ਕੋਰੀਡੋਰ, ਜੋ ਕਿ ਡੇਰਾ ਬਾਬਾ ਨਾਨਕ, ਜ਼ਿਲਾ ਗੁਰਦਾਸਪੁਰ ਤੋਂ ਲੈ ਕੇ ਕੌਮਾਂਤਰੀ ਸਰਹੱਦ (ਪਾਕਿਸਤਾਨ ਦੇ ਨਾਲ) ਉੱਤੇ ਬਣਨਾ ਸੀ, ਲਈ ਆਪਣੇ ਮਕਸਦ ਦਾ ਸੰਦੇਸ਼ ਪਾਕਿਸਤਾਨ ਸਰਕਾਰ ਤਕ ਪਹੁੰਚਾ ਦਿੱਤਾ। ਇਹ ਸਾਡੇ ਸਾਰਿਆਂ ਲਈ ਇਕ ਨਵਾਂ ਯਾਦਗਾਰੀ ਪਲ ਹੋਵੇਗਾ ਅਤੇ ਅਸੀਂ ਬਿਨਾਂ ਸਮਾਂ ਗੁਆਏ ਕਰਤਾਰਪੁਰ ਕੋਰੀਡੋਰ ਲਈ ਸਥਾਨ ਸਮੇਤ ਸਾਰੀਆਂ ਪ੍ਰਕਿਰਿਆਵਾਂ ਨਿਭਾਉਣੀਆਂ ਚਾਹੁੰਦੇ ਸੀ। ਇਸ ਦੇ ਲਈ ਲੋੜੀਂਦੀ ਜ਼ਮੀਨ ਦਾ ਇੰਤਜ਼ਾਮ ਕਰਨ ਲਈ 2 ਮਹੀਨਿਆਂ ਤੋਂ ਵੀ ਘੱਟ ਸਮਾਂ ਲੱਗਾ। ਕੋਰੀਡੋਰ ’ਤੇ ਕੰਮ (4190 ਕਿਲੋਮੀਟਰ) ਦੀ ਸ਼ੁਰੂਆਤ 13 ਦਸੰਬਰ 2018 ਨੂੰ ਹੋਈ। ਯਾਤਰੀ ਟਰਮੀਨਲ ਬਿਲਡਿੰਗ ਇੰਟੈਗ੍ਰੇਟਿਡ ਚੈੱਕ ਪੋਸਟ (ਆਈ. ਸੀ. ਪੀ.) ਦਾ ਨਿਰਮਾਣ ਵੀ ਕੌਮਾਂਤਰੀ ਸਰਹੱਦ ’ਤੇ ਲੈਂਡਪੋਰਟ ਅਥਾਰਿਟੀ ਆਫ ਇੰਡੀਆ ਵਲੋਂ ਦਿੱਤੀ ਗਈ 50 ਏਕੜ ਦੀ ਜ਼ਮੀਨ ’ਤੇ ਹੋਇਆ, ਜਿਸ ਦਾ ਸੰਚਾਲਨ ਯਾਤਰੀਆਂ ਲਈ ਗਲਿਆਰਾ ਖੋਲ੍ਹਣ ਤੋਂ ਪਹਿਲਾਂ ਸ਼ੁਰੂ ਹੋ ਜਾਵੇਗਾ।

ਮੈਂ ਇਸ ਕੰਮ ਲਈ ਕੇਂਦਰ ਸਰਕਾਰ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਿਹਾ ਹਾਂ। ਮੈਂ ਇਹ ਕਹਿਣ ’ਚ ਵੀ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਵਾਹਿਗੁਰੂ ਦੀ ਕ੍ਰਿਪਾ ਨਾਲ ਪ੍ਰਧਾਨ ਮੰਤਰੀ ਇਸ ਕੋਰੀਡੋਰ ਦਾ ਰਸਮੀ ਉਦਘਾਟਨ 9 ਨਵੰਬਰ ਨੂੰ ਕਰਨਗੇ ਅਤੇ ਕਰਤਾਰਪੁਰ ਸਾਹਿਬ ਦੇ ਪਹਿਲੇ ਜੱਥੇ ਦਾ ਸਵਾਗਤ ਕਰਨਗੇ। ਮੇਰੇ ਲਈ ਇਹ ਸਨਮਾਨ ਵਾਲੀ ਗੱਲ ਹੈ ਕਿ ਮੈਂ ਇਸ ਜੱਥੇ ਦਾ ਹਿੱਸਾ ਹਾਂ, ਜੋ ਮੈਨੂੰ ਖੁਸ਼ੀ ਅਤੇ ਅਥਾਹ ਸੰਤੁਸ਼ਟੀ ਮਹਿਸੂਸ ਕਰਵਾਏਗਾ।

ਇਸ ਕਾਰਜ ਦੀ ਮਹੱਤਤਾ ਇਸ ਲਈ ਵੀ ਵਧ ਗਈ ਹੈ ਕਿ ਭਾਰਤ-ਪਾਕਿ ਦੋਹਾਂ ਨੇ ਸਾਰੀਆਂ ਗੱਲਾਂ ਨੂੰ ਛੱਡ ਕੇ ਡੈੱਡਲਾਈਨ ਤਕ ਇਹ ਚੁਣੌਤੀ ਭਰਿਆ ਕੰਮ ਸੰਪੂਰਨ ਕਰਵਾਇਆ। ਭਵਿੱਖ ਵਿਚ ਦੋਹਾਂ ਦੇਸ਼ਾਂ ਦੇ ਲੋਕ ਇਸ ਪ੍ਰਤੀ ਆਸਵੰਦ ਰਹਿਣਗੇ। ਭਾਰਤ-ਪਾਕਿ ਸਬੰਧਾਂ ਵਿਚ ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਇਕ ਮੀਲ ਦਾ ਪੱਥਰ ਸਾਬਿਤ ਹੋਵੇਗਾ ਅਤੇ ਇਹ ਭਾਰਤ-ਪਾਕਿ ਸਬੰਧਾਂ ਵਿਚ ਇਕ ਨਵੀਂ ਦਿਸ਼ਾ ਅਤੇ ਸ਼ਾਂਤੀ ਦਾ ਸੰਦੇਸ਼ ਲੈ ਕੇ ਆਵੇਗਾ।

ਪੰਜਾਬ ਵਿਚ ਕੇਂਦਰੀ ਸੜਕ ਆਵਾਜਾਈ ਅਤੇ ਰਾਸ਼ਟਰੀ ਰਾਜਮਾਰਗ ਮੰਤਰਾਲਾ ਨੇ ਭਾਰਤ-ਪਾਕਿ ਸਰਹੱਦ ਤਕ ਫੈਲੇ ਡੇਰਾ ਬਾਬਾ ਨਾਨਕ-ਅੰਮ੍ਰਿਤਸਰ-ਤਰਨਤਾਰਨ-ਗੋਇੰਦਵਾਲ ਸਾਹਿਬ-ਕਪੂਰਥਲਾ-ਸੁਲਤਾਨਪੁਰ ਲੋਧੀ ਰਾਸ਼ਟਰੀ ਰਾਜਮਾਰਗ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਰੱਖਿਆ ਹੈ ਅਤੇ ਇਸ ਗੱਲ ਨੇ ਭਾਰਤ ਅਤੇ ਪਾਕਿ ਵਿਚਾਲੇ ਭਰੋਸੇ ਦਾ ਪੁਲ ਕਾਇਮ ਕੀਤਾ ਹੈ ਪਰ ਲੰਮੇ ਅਤੇ ਔਖੇ ਰਸਤੇ ’ਤੇ ਅਗਲੇ ਮਹੀਨੇ ਕੋਰੀਡੋਰ ਦਾ ਖੁੱਲ੍ਹਣਾ ਤਾਂ ਸਿਰਫ ਇਕ ਛੋਟਾ ਜਿਹਾ ਕਦਮ ਹੈ, ਜਿਸ ਨੂੰ ਦੋਵੇਂ ਦੇਸ਼ ਆਸਾਨ ਬਣਾ ਸਕਦੇ ਹਨ। ਦੋਹਾਂ ਦੇਸ਼ਾਂ ਨੂੰ ਇਸ ਪ੍ਰਤੀ ਹਾਂਪੱਖੀ ਰਵੱਈਆ ਰੱਖਣਾ ਪਵੇਗਾ। ਜਦੋਂ ਤਕ ਪਾਕਿਸਤਾਨੀ ਫੌਜ ਦਾ ਸਰਹੱਦ ਪਾਰ ਅੱਤਵਾਦ ਨੂੰ ਸਮਰਥਨ ਖਤਮ ਨਹੀਂ ਹੁੰਦਾ, ਤਦ ਤਕ ਸਰਹੱਦ ਪਾਰ ਤੋਂ ਸਾਡੇ ਜਵਾਨਾਂ ਦੀ ਸ਼ਹਾਦਤ ਬੰਦ ਨਹੀਂ ਹੁੰਦੀ, ਜਦ ਤਕ ਡਰ ਅਤੇ ਸ਼ੱਕ ਦੇ ਬੱਦਲ ਹਟ ਨਹੀਂ ਜਾਂਦੇ, ਉਦੋਂ ਤਕ ਦੋਹਾਂ ਦੇਸ਼ਾਂ ਵਿਚਾਲੇ ਪੈਦਾ ਹੋਣ ਵਾਲਾ ਤਣਾਅ ਘੱਟ ਨਹੀਂ ਹੋਵੇਗਾ।

ਹਾਲਾਂਕਿ ਜਦੋਂ ਤਕ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਸਾਰਕ ਭਾਈਚਾਰੇ ਅਤੇ ਪ੍ਰੇਮ ਦਾ ਸੰਦੇਸ਼ ਕਾਇਮ ਹੈ, ਉਦੋਂ ਤਕ ਮੇਰਾ ਮੰਨਣਾ ਹੈ ਕਿ ਕੋਰੀਡੋਰ ਦੋਹਾਂ ਦੇਸ਼ਾਂ ਵਿਚਾਲੇ ਭਾਈਚਾਰੇ ਦਾ ਮਾਹੌਲ ਤਿਆਰ ਕਰੇਗਾ ਕਿਉਂਕਿ ਦੋਹਾਂ ਦੇਸ਼ਾਂ ਦੇ ਲੋਕਾਂ ਦਾ ਬਹੁਤ ਕੁਝ ਸਾਂਝਾ ਹੈ। ਇਹ ਮੇਰਾ ਸੁਪਨਾ ਵੀ ਹੈ ਕਿ ਭਾਰਤ ਅਤੇ ਪਾਕਿ ਗਹਿਰਾਈ ਤਕ ਆਪਣੇ ਰਿਸ਼ਤਿਆਂ ਨੂੰ ਕਾਇਮ ਰੱਖਣ, 4.5 ਕਿਲੋਮੀਟਰ ਵਾਲੇ ਕਰਤਾਰਪੁਰ ਕੋਰੀਡੋਰ ਤੋਂ ਪਰ੍ਹਾਂ ਮੇਰੀ ਜ਼ਿੰਦਗੀ ਦੌਰਾਨ ਪਿਛਲੀਆਂ ਸਾਰੀਆਂ ਗੱਲਾਂ ਨੂੰ ਦਫਨ ਕਰ ਦਿੱਤਾ ਜਾਵੇ ਅਤੇ ਨਵੇਂ ਰਸਤਿਆਂ ਦੀ ਭਾਲ ਕੀਤੀ ਜਾਵੇ। ਭਰੋਸੇ ਦੀ ਇਮਾਰਤ ਦਾ ਇਕ ਛੋਟਾ ਜਿਹਾ ਰਸਤਾ ਇਹ ਵੀ ਹੈ ਕਿ ਕਰਤਾਰਪੁਰ ਸਾਹਿਬ ਦੀ ਯਾਤਰਾ ’ਤੇ ਇਸਲਾਮਾਬਾਦ ਵਲੋਂ ਯਾਤਰੀਆਂ ’ਤੇ ਲਾਈ ਜਾਣ ਵਾਲੀ 20 ਡਾਲਰ ਦੀ ਫੀਸ ਹਟਾ ਲਵੇ। ਇਸ ਤਰ੍ਹਾਂ ਦਾ ਕਦਮ ਇਹ ਦਰਸਾਏਗਾ ਕਿ ਪਾਕਿਸਤਾਨ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਦਾ ਬੇਹੱਦ ਸਨਮਾਨ ਕਰਦਾ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਲੋਕਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ।

ਮੇਰਾ ਮੰਨਣਾ ਹੈ ਕਿ ਕੋਰੀਡੋਰ 7 ਦਹਾਕਿਆਂ ’ਚ ਦੋਹਾਂ ਦੇਸ਼ਾਂ ਵਿਚਾਲੇ ਵਧੀਆਂ ਦੂਰੀਆਂ ਅਤੇ ਆਪਸੀ ਮਤਭੇਦਾਂ ਨੂੰ ਘੱਟ ਕਰੇਗਾ। ਵਾਹਿਗੁਰੂ ਕਰੇ, ਇਹ ਕੋਰੀਡੋਰ ਭਵਿੱਖ ਵਿਚ ਇਕ ਮਿਸਾਲ ਦੇ ਤੌਰ ’ਤੇ ਜਾਣਿਆ ਜਾਵੇ। ਸ਼ੱਕ ਅਤੇ ਈਰਖਾ ਨੂੰ ਦਫਨ ਕਰ ਦਿੱਤਾ ਜਾਵੇ। ਸ਼ਾਂਤੀ ਦੇ ਇਸ ਗਲਿਆਰੇ ’ਚ ਅੱਤਵਾਦ ਅਤੇ ਹਿੰਸਾ ਦਾ ਕੋਈ ਸਥਾਨ ਨਹੀਂ ਹੈ। ਮੈਨੂੰ ਯਕੀਨ ਹੈ ਕਿ ਇਸਲਾਮਾਬਾਦ ਇਸ ’ਤੇ ਆਪਣਾ ਰਵੱਈਆ ਹੋਰ ਵੀ ਨਰਮ ਕਰੇਗਾ।

ਸਮੇਂ ਦੀ ਲੋੜ ਹੈ ਕਿ ਹੁਣ ਰਿਸ਼ਤਿਆਂ ਨੂੰ ਕੱਟਣ ਵਾਲੀ ਕੁਹਾੜੀ ਨੂੰ ਜ਼ਮੀਨ ਵਿਚ ਦਫਨ ਕਰ ਦਿੱਤਾ ਜਾਵੇ ਅਤੇ ਭਾਰਤ ਨਾਲੋਂ ਜ਼ਿਆਦਾ ਇਹ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ। ਅਗਲੇ ਕਦਮ ਵੱਲ ਵਧਣ ਲਈ ਹੁਣ ਇਮਰਾਨ ਖਾਨ ਸਰਕਾਰ ਦੀ ਵਾਰੀ ਹੈ।


Bharat Thapa

Content Editor

Related News