ਜੇਤਲੀ ਦੇ ਪਰਿਵਾਰ ਨੂੰ ਨਹੀਂ ਮਿਲਿਆ ਢੁੱਕਵਾਂ ਮਹੱਤਵ
Monday, Sep 02, 2019 - 02:33 AM (IST)

ਰਾਹਿਲ ਨੋਰਾ ਚੋਪੜਾ
ਸਵ. ਵਿੱਤ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਨੂੰ ਹਰਿਦੁਆਰ ਵਿਖੇ ਗੰਗਾ ’ਚ ਪ੍ਰਵਾਹਿਤ ਕਰਨ ਲਈ ਉਨ੍ਹਾਂ ਦੇ ਪਰਿਵਾਰ ਦੇ ਲੋਕ ਪਹੁੰਚੇ ਸਨ। ਇਸ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਅਜੇ ਭੱਟ ਹਰਿ ਕੀ ਪੌੜੀ ਵਿਚ ਹਾਜ਼ਰ ਸਨ ਪਰ ਇਸ ਦੇ ਤੁਰੰਤ ਬਾਅਦ ਹੀ ਮੁੱਖ ਮੰਤਰੀ ਅਤੇ ਭਾਜਪਾ ਪ੍ਰਧਾਨ ਅਰੁਣ ਜੇਤਲੀ ਦੇ ਪਰਿਵਾਰ ਨੂੰ ਹਰਿ ਕੀ ਪੌੜੀ ਵਿਚ ਹੀ ਛੱਡ ਕੇ ਦੇਹਰਾਦੂਨ ਚਲੇ ਗਏ। ਇਸ ਤੋਂ ਬਾਅਦ ਪਰਿਵਾਰ ਡੈਮ ਕੋਠੀ ਗੈਸਟ ਹਾਊਸ ਪਹੁੰਚਿਆ, ਜਿੱਥੇ ਉਨ੍ਹਾਂ ਨੂੰ ਰਿਸੀਵ ਕਰਨ ਅਤੇ ਖਾਣਾ ਖੁਆਉਣ ਵਾਲਾ ਕੋਈ ਨਹੀਂ ਸੀ। ਇਹ ਦੇਖਦੇ ਹੋਏ ਯੋਗ ਗੁਰੂ ਸਵਾਮੀ ਰਾਮਦੇਵ ਉਨ੍ਹਾਂ ਨੂੰ ਪਤੰਜਲੀ ਯੋਗ ਪੀਠ ਲੈ ਗਏ ਅਤੇ ਉਨ੍ਹਾਂ ਨੂੰ ਖਾਣੇ ਦੀ ਪੇਸ਼ਕਸ਼ ਕੀਤੀ। ਹਰਿਦੁਆਰ ਦੇ ਭਾਜਪਾ ਵਰਕਰਾਂ ਅਨੁਸਾਰ ਪ੍ਰਦੇਸ਼ ਲੀਡਰਸ਼ਿਪ ਨੇ ਜੇਤਲੀ ਪਰਿਵਾਰ ਨੂੰ ਨਜ਼ਰਅੰਦਾਜ਼ ਕੀਤਾ, ਜਿਨ੍ਹਾਂ ਨੇ ਭਾਜਪਾ ਨੂੰ ਸੱਤਾ ਵਿਚ ਲਿਆਉਣ ਲਈ ਸਖਤ ਮਿਹਨਤ ਕੀਤੀ ਸੀ। ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਦੇਸ਼ ਦੌਰੇ ਤੋਂ ਬਾਅਦ ਸਿੱਧੇ ਉਨ੍ਹਾਂ ਦੇ ਘਰ ਪਹੁੰਚੇ ਸਨ। ਅਰੁਣ ਜੇਤਲੀ ਭਾਜਪਾ ਦੇ ਸੰਕਟਮੋਚਕ ਅਤੇ ਸਮਰਪਿਤ ਨੇਤਾ ਸਨ ਅਤੇ ਉਹ ਮੋਦੀ ਦੇ ਕਰੀਬੀ ਦੋਸਤ ਸਨ।
ਫਿਰ ਹਮਲਾਵਰ ਹੋਈ ਮਮਤਾ
ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ’ਤੇ ਲੱਗਭਗ 2 ਮਹੀਨਿਆਂ ਤਕ ਚੁੱਪ ਰਹਿਣ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਤ੍ਰਿਣਮੂਲ ਕਾਂਗਰਸ ਵਿਦਿਆਰਥੀ ਪ੍ਰੀਸ਼ਦ ਦੇ ਸਥਾਪਨਾ ਦਿਵਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ’ਤੇ ਕਸ਼ਮੀਰ ਮਾਮਲੇ ਨੂੰ ਲੈ ਕੇ ਇਹ ਕਹਿੰਦੇ ਹੋਏ ਹਮਲਾ ਕੀਤਾ ਹੈ ਕਿ ਭਾਜਪਾ ਕਸ਼ਮੀਰੀਆਂ ਦੀ ਆਵਾਜ਼ ਦਬਾ ਰਹੀ ਹੈ ਅਤੇ ਇਸ ਤੋਂ ਬਾਅਦ ਉਹ ਪੱਛਮੀ ਬੰਗਾਲ ’ਚ ਵੀ ਅਜਿਹਾ ਹੀ ਕਰੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਭਾਜਪਾ ਸੰਸਦੀ ਪ੍ਰਣਾਲੀ ਦੀ ਸਰਕਾਰ ਦੀ ਬਜਾਏ ਇਕ ਚੋਣ, ਇਕ ਨੇਤਾ, ਇਕ ਸਿਆਸੀ ਦਲ ਅਤੇ ਇਕ ਐਮਰਜੈਂਸੀ ਰਾਹੀਂ ਪ੍ਰੈਜ਼ੀਡੈਂਸ਼ੀਅਲ ਪ੍ਰਣਾਲੀ ਦੀ ਸਰਕਾਰ ਸਥਾਪਿਤ ਕਰਨਾ ਚਾਹੁੰਦੀ ਹੈ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਨੇਤਾ ਅਤੇ ਕੋਲਕਾਤਾ ਦੇ ਸਾਬਕਾ ਮੇਅਰ ਸੋਵਨ ਚੈਟਰਜੀ ਅਤੇ ਉਨ੍ਹਾਂ ਦੀ ਸਹਿਯੋਗੀ ਬੈਸਾਖੀ ਬੈਨਰਜੀ, ਜੋ ਭਾਜਪਾ ਵਿਚ ਚਲੇ ਗਏ ਸਨ, ਨੇ ਭਾਜਪਾ ਨੂੰ ਛੱਡਣ ਦੀ ਇੱਛਾ ਜਤਾਈ ਹੈ। ਚੈਟਰਜੀ ਅਤੇ ਬੈਨਰਜੀ ਨੇ ਵੀਰਵਾਰ ਨੂੰ ਭਾਜਪਾ ਦੇ ਪੱਛਮੀ ਬੰਗਾਲ ਇੰਚਾਰਜ ਜਨਰਲ ਸਕੱਤਰ ਕੈਲਾਸ਼ ਵਿਜੇ ਵਰਗੀਯ ਨੂੰ ਮਿਲ ਕੇ ਭਾਜਪਾ ਛੱਡਣ ਅਤੇ ਟੀ. ਐੱਮ. ਸੀ. ਵਿਚ ਪਰਤਣ ਦੀ ਇੱਛਾ ਜ਼ਾਹਿਰ ਕੀਤੀ ਸੀ।
ਫਿਲਹਾਲ ਮੰਤਰੀ ਮੰਡਲ ਦਾ ਵਿਸਤਾਰ ਨਹੀਂ ਕਰਨਗੇ ਗਹਿਲੋਤ
ਪਹਲੂ ਖਾਨ ਲਿੰਚਿੰਗ ਮਾਮਲੇ ’ਚ ਕੋਰਟ ਵਲੋਂ ਮੁਲਜ਼ਮ ਨੂੰ ਬਰੀ ਕੀਤੇ ਜਾਣ ’ਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਨ੍ਹਾਂ ਦੀ ਸਰਕਾਰ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਬਾਅਦ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਬਸਪਾ ਸਰਕਾਰ ਤੋਂ ਸਮਰਥਨ ਵਾਪਿਸ ਲੈ ਲਵੇਗੀ ਪਰ ਉਸ ਦੇ 6 ’ਚੋਂ 3 ਵਿਧਾਇਕਾਂ ਨੇ ਅਸ਼ੋਕ ਗਹਿਲੋਤ ਸਰਕਾਰ ਨੂੰ ਖੁੱਲ੍ਹੇ ਤੌਰ ’ਤੇ ਸਮਰਥਨ ਦੇ ਦਿੱਤਾ। ਅਜਿਹਾ ਲੱਗਦਾ ਹੈ ਕਿ ਬਸਪਾ ਦੇ ਵਿਧਾਇਕ ਕੈਬਨਿਟ ’ਚ ਸ਼ਾਮਿਲ ਹੋਣਾ ਚਾਹੁੰਦੇ ਹਨ ਅਤੇ ਉਹ ਪਾਰਟੀ ਸੁਪਰੀਮੋ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸ ਸਮੇਂ ਅਸ਼ੋਕ ਗਹਿਲੋਤ ਸਰਕਾਰ ਨੂੰ ਬਸਪਾ ਦੇ 6 ਅਤੇ 13 ਆਜ਼ਾਦ ਵਿਧਾਇਕਾਂ ਦਾ ਸਮਰਥਨ ਹਾਸਿਲ ਹੈ ਅਤੇ ਇਹ ਵਿਧਾਇਕ ਕੈਬਨਿਟ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ ਪਰ ਅਸ਼ੋਕ ਗਹਿਲੋਤ ਆਪਣੇ ਮੰਤਰੀ ਮੰਡਲ ’ਚ 30 ਤੋਂ ਵੱਧ ਮੰਤਰੀਆਂ ਨੂੰ ਸ਼ਾਮਿਲ ਨਹੀਂ ਕਰ ਸਕਦੇ। ਬਹੁਤ ਸਾਰੇ ਪੁਰਾਣੇ ਕਾਂਗਰਸੀ ਵਿਧਾਇਕ ਵੀ ਕੈਬਨਿਟ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ ਅਤੇ ਇਸ ਲਈ ਅਸ਼ੋਕ ਗਹਿਲੋਤ ਮੰਤਰੀ ਮੰਡਲ ਦਾ ਵਿਸਤਾਰ ਟਾਲ ਕੇ ਸਰਕਾਰ ਚਲਾਉਣਾ ਚਾਹੁੰਦੇ ਹਨ।
ਰਾਜ ਸਭਾ ’ਚ ਜਾਣਾ ਚਾਹੁੰਦੇ ਹਨ ਸਮਰਾਟ ਚੌਧਰੀ
ਬਿਹਾਰ ਵਿਚ ਪੱਛੜੇ ਵਰਗਾਂ ਨਾਲ ਸਬੰਧਿਤ 3 ਮੁੱਖ ਦਲ ਹਨ। ਪਹਿਲਾ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲਾ, ਦੂਜਾ ਨਿਤੀਸ਼ ਦੀ ਅਗਵਾਈ ਵਾਲੇ ਕੁਰਮੀ ਅਤੇ ਤੀਜਾ ਕੁਸ਼ਵਾਹਾ, ਜਿਸ ਦੀ ਅਗਵਾਈ ਉਪੇਂਦਰ ਕੁਸ਼ਵਾਹਾ ਕਰ ਰਹੇ ਹਨ। ਕਿਸੇ ਸਮੇਂ ਉਪੇਂਦਰ ਕੁਸ਼ਵਾਹਾ ਦੀ ਜਗ੍ਹਾ ਸਕੁਨੀ ਚੌਧਰੀ ਉਨ੍ਹਾਂ ਦੇ ਨੇਤਾ ਸਨ ਪਰ ਹੁਣ ਉਪੇਂਦਰ ਕੁਸ਼ਵਾਹਾ ਨੇ ਕਮਾਨ ਸੰਭਾਲੀ ਹੋਈ ਹੈ। ਸਕੁਨੀ ਚੌਧਰੀ ਦੇ ਬੇਟੇ ਸਮਰਾਜ ਚੌਧਰੀ ਨੇ 2 ਸਾਲ ਪਹਿਲਾਂ ਭਾਜਪਾ ਜੁਆਇਨ ਕਰ ਲਈ ਸੀ ਅਤੇ ਇਸ ਸਮੇਂ ਉਹ ਭਾਜਪਾ ਦੇ ਹੀ ਪ੍ਰਧਾਨ ਹਨ। ਉਹ ਰਾਜ ਸਭਾ ਵਿਚ ਜਾਣਾ ਚਾਹੁੰਦੇ ਹਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਬਿਹਾਰ ਵਿਚ ਐੱਮ. ਐੱਲ. ਸੀ. ਬਣਨ ਦੀ ਕੋਸ਼ਿਸ਼ ਕੀਤੀ ਸੀ ਪਰ ਭਾਜਪਾ ਨੇ ਉਨ੍ਹਾਂ ਨੂੰ ਐੱਮ. ਐੱਲ. ਸੀ. ਨਹੀਂ ਬਣਾਇਆ ਸੀ। ਭਾਜਪਾ ’ਚ ਆਉਣ ਤੋਂ ਪਹਿਲਾਂ ਚੌਧਰੀ ਰਾਜਦ, ਜਦ (ਯੂ) ਅਤੇ ‘ਹਮ’ ਪਾਰਟੀ ਵਿਚ ਰਹਿ ਚੁੱਕੇ ਹਨ। ਹੁਣ ਉਹ ਬਿਹਾਰ ਵਿਚ ਭਾਜਪਾ ਦਾ ਮੁੱਖ ਪੱਛੜਿਆ ਚਿਹਰਾ ਹੈ ਅਤੇ ਜੇਕਰ ਉਨ੍ਹਾਂ ਨੂੰ ਰਾਜ ਸਭਾ ਵਿਚ ਨਹੀਂ ਭੇਜਿਆ ਗਿਆ ਤਾਂ ਉਹ ਭਾਜਪਾ ਛੱਡ ਸਕਦੇ ਹਨ। ਅਜਿਹਾ ਹੋਣ ’ਤੇ ਕਥਿਤ ਪੱਛੜੇ ਨੇਤਾ ਵੀ ਭਾਜਪਾ ਛੱਡ ਦੇਣਗੇ।
ਕੀ ਹਰਿਆਣਾ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ
ਰੋਹਤਕ ਵਿਚ ਰੈਲੀ ਤੋਂ ਬਾਅਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਦੇ ਪ੍ਰਦੇਸ਼ ਇੰਚਾਰਜ ਗੁਲਾਮ ਨਬੀ ਆਜ਼ਾਦ ਦੇ ਨਾਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਦੇਸ਼ ਵਿਚ ਕਾਂਗਰਸ ਦੀ ਇਕਜੁੱਟਤਾ ਬਰਕਰਾਰ ਰੱਖਣ ਦੇ ਯਤਨਾਂ ਵਿਚਾਲੇ ਹੋਈ ਹੈ। ਭੁਪਿੰਦਰ ਸਿੰਘ ਹੁੱਡਾ ਪ੍ਰਦੇਸ਼ ਪ੍ਰਧਾਨ ਨੂੰ ਬਦਲਣ ’ਤੇ ਅੜੇ ਹੋਏ ਹਨ ਪਰ ਪਾਰਟੀ ਵਲੋਂ ਅਜਿਹੀ ਕਿਸੇ ਸੰਭਾਵਨਾ ਦਾ ਵਾਅਦਾ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਗੁਲਾਮ ਨਬੀ ਆਜ਼ਾਦ ਨੇ ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ ਸਮੇਤ ਪ੍ਰਦੇਸ਼ ਦੇ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਮੁਲਾਕਾਤਾ ਕੀਤੀ ਹੈ, ਹਾਲਾਂਕਿ ਪਾਰਟੀ ਦੇ ਕੁਝ ਸੀਨੀਅਰ ਨੇਤਾ ਹੁੱਡਾ ਦੇ ਕਹਿਣ ’ਤੇ ਪਾਰਟੀ ਪ੍ਰਧਾਨ ਨੂੰ ਬਦਲਣ ਦੇ ਪੱਖ ਵਿਚ ਨਹੀਂ ਹਨ ਪਰ ਪਾਰਟੀ ਪ੍ਰਧਾਨ ਦੇ ਤੌਰ ’ਤੇ ਅਸ਼ੋਕ ਤੰਵਰ ਦਾ 5 ਸਾਲਾਂ ਦਾ ਕਾਰਜਕਾਲ ਪਹਿਲਾਂ ਹੀ ਖਤਮ ਹੋ ਚੁੱਕਾ ਹੈ। ਇਸ ਲਈ ਹਾਈਕਮਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਲੀਡਰਸ਼ਿਪ ਵਿਚ ਤਬਦੀਲੀ ਕਰਨਾ ਚਾਹੁੰਦੀ ਹੈ। ਅਜਿਹੀ ਚਰਚਾ ਹੈ ਕਿ ਹਰਿਆਣਾ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਕੁਮਾਰੀ ਸ਼ੈਲਜਾ ਅਤੇ ਰਣਦੀਪ ਸੂਰਜੇਵਾਲਾ ਦੇ ਨਾਂ ਸਭ ਤੋਂ ਅੱਗੇ ਹਨ।