ਸੁਖਬੀਰ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣਾ ਵਿਰੋਧੀ ਨੇਤਾਵਾਂ ਲਈ ਸੌਖਾ ਨਹੀਂ

06/28/2024 6:10:36 PM

ਲੋਕ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਈ ਨੇਤਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਲਈ ਮੀਟਿੰਗਾਂ ਕਰ ਰਹੇ ਹਨ।

ਹਾਲਾਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੇ ਲਈ ਕਈ ਲੀਡਰ ਆਵਾਜ਼ ਉਠਾ ਰਹੇ ਸਨ ਅਤੇ ਇਸ ਦੇ ਖਮਿਆਜ਼ੇ ਵਜੋਂ ਉਨ੍ਹਾਂ ਨੂੰ ਜਾਂ ਤਾਂ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਜਾਂ ਫਿਰ ਕੁਝ ਨੇ ਅਸਤੀਫਾ ਦੇ ਦਿੱਤਾ।

ਅਕਾਲੀ ਦਲ (ਬਾਦਲ) ਦੇ ਕਈ ਵੱਡੇ ਲੀਡਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵਿਰੋਧ ’ਚ ਮੀਟਿੰਗਾਂ ਕੀਤੀਆਂ ਗਈਆਂ। ਸੱਜਰੀ ਮੀਟਿੰਗ ਵਿਚ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ਾ ਲੈਣ ਲਈ ਮਤਾ ਪਾਸ ਕੀਤਾ ਗਿਆ। ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾਉਣ ’ਤੇ ਚਰਚਾ ਕੀਤੀ ਗਈ ਅਤੇ ਨਵੇਂ ਅਕਾਲੀ ਦਲ ਨੂੰ ਚਲਾਉਣ ਲਈ 11 ਜਾਂ ਇੱਕੀ ਮੈਂਬਰੀ ਕਮੇਟੀ ਬਣਾਉਣ ’ਤੇ ਵੀ ਚਰਚਾ ਕੀਤੀ ਹੋਈ। ਜੇ ਇਹ ਅਕਾਲੀ ਲੀਡਰ ਅਜਿਹਾ ਕਰਦੇ ਹਨ ਤਾਂ ਅਕਾਲੀ ਦਲ ਬਾਦਲ ਦਾ ਦੋਫਾੜ ਹੋਣਾ ਲਾਜ਼ਮੀ ਹੈ ਤੇ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਵੇਗਾ ।

1920 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਤੀ ਤੋਂ ਬਾਅਦ 1928,1939,1942,1960,1967,1969,1971,1980, 1985,1989 ਅਤੇ 1999 ਵਿਚ ਅਕਾਲੀ ਦਲ ’ਚ ਦੋਫਾੜ ਪੈਂਦਾ ਰਿਹਾ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਟੁੱਟਣ ਦਾ ਕਾਰਨ ਵੀ ਬਣਦਾ ਰਿਹਾ ।

ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਦਾ ਅਸਲੀ ਨਾਂ ਸ਼੍ਰੋਮਣੀ ਅਕਾਲੀ ਦਲ ਹੈ ਨਾ ਕਿ ਅਕਾਲੀ ਦਲ (ਬਾਦਲ) । ਸ਼੍ਰੋਮਣੀ ਅਕਾਲੀ ਦਲ ਦਾ ਨਾਂ ਅਕਾਲੀ ਦਲ ਬਾਦਲ ਉਦੋਂ ਪ੍ਰਚਲਿਤ ਹੋਇਆ ਜਦੋਂ 1999 ਵਿਚ ਅਕਾਲੀ ਦਲ ਦੋਫਾੜ ਹੋਇਆ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਗੁਰਚਰਨ ਸਿੰਘ ਟੌਹੜਾ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਸੀ ਅਤੇ ਟੌਹੜਾ ਨੇ ਨਵਾਂ ਅਕਾਲੀ ਦਲ ਬਣਾ ਲਿਆ। ਉਸ ਵੇਲੇ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਾਲੇ ਅਕਾਲੀ ਦਲ (ਸਰਬ ਹਿੰਦ ਅਕਾਲੀ ਦਲ) ਨੂੰ ਟੌਹੜਾ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲੀ ਦਲ (ਬਾਦਲ) ਕਿਹਾ ਜਾਣ ਲੱਗਾ।

ਤਕਰੀਬਨ 25 ਸਾਲ ਦੇ ਵਕਫੇ ਤੋਂ ਬਾਅਦ ਅਕਾਲੀ ਦਲ ਇਕ ਵਾਰ ਫਿਰ ਦੋਫਾੜ ਹੋਣ ਦੇ ਹਾਲਾਤ ਵਿਚ ਪਹੁੰਚ ਗਿਆ ਹੈ। ਇਕ ਪਾਸੇ ਸੁਖਬੀਰ ਵਿਰੋਧੀ ਅਕਾਲੀ ਆਗੂ ਮੀਟਿੰਗਾਂ ਕਰ ਰਹੇ ਹਨ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ । ਸੁਖਬੀਰ ਵਿਰੋਧੀ ਅਕਾਲੀ ਆਗੂ ਜਿਨ੍ਹਾਂ ਵਿਚ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸੰਤਾ ਸਿੰਘ ਉਮੈਦਪੁਰੀ, ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ ਸਮੇਤ 60 ਦੇ ਕਰੀਬ ਅਕਾਲੀ ਆਗੂਆਂ ਨੇ ਹਿੱਸਾ ਲਿਆ, ਨੇ ਸੁਖਬੀਰ ਸਿੰਘ ਬਾਦਲ ਦੀ ਥਾਂ ’ਤੇ ਬਿਨਾਂ ਕਿਸੇ ਸਿਆਸੀ ਪਿਛੋਕੜ ਵਾਲੀ ਧਾਰਮਿਕ ਸ਼ਖਸੀਅਤ ਨੂੰ ਪ੍ਰਧਾਨ ਬਣਾਉਣ ਦੀ ਵਿਉਂਤ ਬਣਾਈ ਹੈ। ਇਸ ਤਰ੍ਹਾਂ ਕਿਸੇ ਜਥੇਦਾਰ ਜਾਂ ਸੰਤ ਨੂੰ ਪ੍ਰਧਾਨ ਬਣਾਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਹਾਲਾਂਕਿ ਪਹਿਲਾਂ ਵਿਰੋਧੀ ਧੜੇ ਵੱਲੋਂ ਇਕ ਪੰਜ ਮੈਂਬਰ ਪ੍ਰਿਜੀਡੀਅਨ ਬਣਾਉਣ ਲਈ ਵੀ ਵਿਚਾਰ ਕੀਤਾ ਗਿਆ ਸੀ ਤੇ ਇਸ ਲਈ ਮਨਪ੍ਰੀਤ ਸਿੰਘ ਇਆਲੀ, ਪਰਮਿੰਦਰ ਸਿੰਘ ਢੀਂਡਸਾ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਸਮੇਤ ਤਿੰਨ ਨਾਂ ਲਗਭਗ ਤੈਅ ਹੋ ਗਏ ਸਨ।

ਸੁਖਬੀਰ ਬਾਦਲ ਦੇ ਵਿਰੋਧੀਆਂ ਨੇ ਸੁਖਬੀਰ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਮੰਗਣ ਅਤੇ ਨਵਾਂ ਪ੍ਰਧਾਨ ਬਣਾਉਣ ਦਾ ਮਤਾ ਤਾਂ ਪਾਸ ਕਰ ਲਿਆ ਹੈ ਪਰ ਅਕਾਲੀ ਦਲ ਦੇ ਵਰਕਰਾਂ ਅਤੇ ਆਮ ਸਮਰਥਕਾਂ ਵਿਚ ਬੜੀ ਡੂੰਘੀ ਵਿਚਾਰ ਚਰਚਾ ਹੋ ਰਹੀ ਹੈ ਕਿ ਜਿਹੜੇ ਮੁੱਦੇ ’ਤੇ ਇਹ ਸਾਰੀ ਕਵਾਇਦ ਕੀਤੀ ਜਾ ਰਹੀ ਹੈ। ਉਸ ਮੁੱਦੇ ’ਤੇ ਸੁਖਬੀਰ ’ਤੇ ਦੂਸ਼ਣਬਾਜ਼ੀ ਕਰਨ ਵਾਲੇ ਖੁੱਦ ਵੀ ਜ਼ਿੰਮੇਵਾਰ ਹਨ ਜਾਂ ਨਹੀਂ । ਅਜਿਹੇ ਹਾਲਾਤ ਵਿਚ ਵਿਰੋਧੀ ਆਗੂਆਂ ਵੱਲੋਂ ਬਣਾਏ ਗਏ ਧੜੇ ’ਤੇ ਆਮ ਪਬਲਿਕ ਕਿੰਨਾ ਕੁ ਵਿਸ਼ਵਾਸ ਕਰੇਗੀ ਇਹ ਵਿਚਾਰਨ ਦੀ ਗੱਲ ਹੈ ।

ਹਾਲਾਂਕਿ ਇਨ੍ਹਾਂ ਆਗੂਆਂ ਨੇ ਜਨਤਾ ਵਿਚ ਵਿਸ਼ਵਾਸ ਪੈਦਾ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਜਾ ਕੇ ਲਿਖਤੀ ਮੁਆਫੀ ਮੰਗਣ ਦਾ ਐਲਾਨ ਵੀ ਕੀਤਾ ਹੈ ਤੇ ਜਾਣਕਾਰੀ ਮੁਤਾਬਿਕ ਚਰਨਜੀਤ ਸਿੰਘ ਬਰਾੜ ਇਸ ਮੁਆਫੀਨਾਮੇ ਦਾ ਖਰੜਾ ਤਿਆਰ ਕਰ ਰਹੇ ਹਨ। ਜੇਕਰ ਨਵਾਂ ਧੜਾ ਅਕਾਲੀ ਦਲ ਸਮਰਥਕ ਵੋਟਰਾਂ ਦਾ ਕੁਝ ਜਾਂ ਵੱਡਾ ਹਿੱਸਾ ਆਪਣੇ ਨਾਲ ਤੋਰਨ ਲਈ ਕਾਮਯਾਬ ਹੋ ਜਾਂਦਾ ਹੈ ਤਾਂ ਅਕਾਲੀ ਦਲ ਦੀ ਹਾਲਤ ਪਹਿਲਾਂ ਨਾਲੋਂ ਵੀ ਖਰਾਬ ਹੋ ਜਾਵੇਗੀ ਭਾਵੇਂ ਉਹ ਅਕਾਲੀ ਦਲ ਬਾਦਲ ਹੋਵੇ ਜਾਂ ਫਿਰ ‘ਅਕਾਲੀ ਦਲ ਬਚਾਓ’ ਮੁਹਿੰਮ ਚਲਾਉਣ ਵਾਲਾ ਧੜਾ ਹੋਵੇ।

ਇਸ ਤਰ੍ਹਾਂ ਦੋਵੇਂ ਅਕਾਲੀ ਦਲ ਕਦੀ ਵੀ ਸੱਤਾ ਵਿਚ ਨਹੀਂ ਆ ਸਕਣਗੇ। ਇਸ ਤੋਂ ਇਲਾਵਾ ਅਕਾਲੀ ਦਲ ਬਚਾਓ ਦੀ ਮੁਹਿੰਮ ਚਲਾਉਣ ਵਾਲਿਆਂ ਦੀ ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਹੁਣ ਦੀ ਮਨਸ਼ਾ ਵੀ ਪੂਰੀ ਹੋਣੀ ਕੋਈ ਸੌਖੀ ਗੱਲ ਨਹੀਂ ਹੈ ਕਿਉਂਕਿ ਅਕਾਲੀ ਦਲ ਦੇ ਸੰਵਿਧਾਨ ਮੁਤਾਬਿਕ ਪਾਰਟੀ ਦਾ ਪ੍ਰਧਾਨ ਸੂਬਾ ਡੈਲੀਗੇਟ ਚੁਣਦੇ ਹਨ। ਸੰਵਿਧਾਨ ਮੁਤਾਬਿਕ ਜਿਨ੍ਹਾਂ ਦੀ ਗਿਣਤੀ 500 ਹੈ।

ਬੇਸ਼ਕ ਹੀ ਅਕਾਲੀ ਦਲ ਬਚਾਓ ਲਹਿਰ ਦੇ ਲੀਡਰ ਜੇਕਰ ਅਕਾਲੀ ਦਲ ਦੇ ਬਹੁਗਿਣਤੀ ਲੀਡਰਾਂ ਦੀ ਹਮਾਇਤ ਵੀ ਪ੍ਰਾਪਤ ਕਰ ਲੈਂਦੇ ਹਨ ਤਾਂ ਵੀ ਆਖ਼ਰ ਫੈਸਲਾ ਡੈਲੀਗੇਟਾਂ ’ਤੇ ਨਿਰਭਰ ਕਰੇਗਾ ਜਿਨ੍ਹਾਂ ਵਿਚ ਸੁਖਬੀਰ ਸਮਰਥਕਾਂ ਦੀ ਇਕ ਵੱਡੀ ਗਿਣਤੀ ਹੈ। ਇਸ ਤਰ੍ਹਾਂ ਅਕਾਲੀ ਦਲ ਬਚਾਓ ਮੁਹਿੰਮ ਦੇ ਆਗੂ ਹੋਰ ਜੋ ਮਰਜ਼ੀ ਕਰਨ ਦੇ ਕਾਬਲ ਹੋ ਸਕਦੇ ਹਨ ਪ੍ਰੰਤੂ ਉਨ੍ਹਾਂ ਲਈ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣਾ ਕੋਈ ਸੌਖਾ ਕੰਮ ਨਹੀਂ ਹੋਵੇਗਾ।

ਓਧਰ ਅਕਾਲੀ ਦਲ ਬਾਦਲ ਨੇ ਜਲੰਧਰ ਜ਼ਿਮਨੀ ਚੋਣ ’ਚ ਉਤਾਰੀ ਆਪਣੀ ਪਾਰਟੀ ਉਮੀਦਵਾਰ ਸੁਰਜੀਤ ਕੌਰ ਨਾਲੋਂ ਨਾਤਾ ਤੋੜ ਕੇ ਵਿਰੋਧੀਆਂ ਨੂੰ ਇਕ ਇਮਤਿਹਾਨ ਵਿਚ ਪਾ ਦਿੱਤਾ ਹੈ। ਅਕਾਲੀ ਦਲ ਬਾਦਲ ਵਲੋਂ ਭਾਵੇਂ ਸੁਰਜੀਤ ਕੌਰ ਨਾਲੋਂ ਨਾਤਾ ਤੋੜਨ ਲਈ ਉਸ ਦੀ ਵਿਰੋਧੀਆਂ ਨਾਲ ਨੇੜਤਾ ਦੱਸਿਆ ਗਿਆ ਹੈ ਪਰ ਅਸਲ ਵਿਚ ਅਜਿਹਾ ਨਹੀਂ ਜਾਪਦਾ। ਅਕਾਲੀ ਦਲ ਬਾਦਲ ਇਸ ਫੈਸਲੇ ਨਾਲ ਆਪਣੇ ਵਿਰੋਧੀਆਂ ਨੂੰ ਚਿੱਤ ਕਰਨ ਦੇ ਰੌਂਅ ਵਿਚ ਹੈ।

ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)


Rakesh

Content Editor

Related News