ਅੰਧਵਿਸ਼ਵਾਸ ਦੇ ਬਾਜ਼ਾਰ ’ਤੇ ਨੱਥ ਪਾਉਣੀ ਜ਼ਰੂਰੀ
Monday, Oct 04, 2021 - 03:35 AM (IST)

ਦੇਵੇਂਦਰਰਾਜ ਸੁਥਾਰ
ਇਹ ਤ੍ਰਾਸਦੀ ਹੀ ਹੈ ਕਿ ਲਗਾਤਾਰ ਸੌ ਫੀਸਦੀ ਸਾਖਰਤਾ ਦੇ ਟੀਚੇ ਦੀ ਦਿਸ਼ਾ ’ਚ ਅੱਗੇ ਵਧਣ ਵਾਲੇ ਭਾਰਤ ’ਚ ਅਜੇ ਵੀ ਅੱਖਾਂ ਮੀਟ ਕੇ ਅਫਵਾਹਾਂ ’ਤੇ ਯਕੀਨ ਕਰਨ ਦਾ ਸਿਲਸਿਲਾ ਰੁੱਕ ਨਹੀਂ ਰਿਹਾ ਹੈ। ਦਿੱਕਤ ਇਹ ਹੈ ਕਿ ਜਦੋਂ ਸਮਾਜ ਦੇ ਇਕ ਤਬਕੇ ਜਾਂ ਵਿਅਕਤੀ ਦੇ ਕੋਲ ਕੋਈ ਅਫਵਾਹ ਜਾਂ ਝੂਠੀ ਗੱਲ ਪਹੁੰਚਦੀ ਹੈ ਤਾਂ ਉਹ ਬਿਨਾਂ ਕਿਸੇ ਜਾਂਚ-ਪੜਤਾਲ ਕੀਤੇ ਹੀ ਉਸ ਨੂੰ ਸੱਚ ਮੰਨ ਕੇ ਅੱੱਗੇ ਵਧਾ ਦਿੰਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਇਸ ਦੇ ਬਾਅਦ ਲੋਕ ਕਿਸੇ ਵੀ ਝੂਠ ਨੂੰ ਬਿਲਕੁਲ ਸੱਚ ਮੰਨ ਲੈਂਦੇ ਹਨ।
ਹਾਲ ਹੀ ’ਚ ਬਿਹਾਰ ਦੇ ਸੀਤਾਮੜੀ ’ਚ ਕਿਸੇ ਨੇ ਅਫਵਾਹ ਫੈਲਾਅ ਦਿੱਤੀ ਕਿ ਜਿਤਿਆ ਦੇ ਤਿਉਹਾਰ ’ਤੇ ਬੇਟਿਆਂ ਨੂੰ ਇਕ ਖਾਸ ਬ੍ਰੈਂਡ ਦਾ ਬਿਸਕੁਟ ਖਵਾਉਣ ਨਾਲ ਉਨ੍ਹਾਂ ਦੀ ਉਮਰ ਵਧ ਜਾਂਦੀ ਹੈ। ਵਧੇਰੇ ਲੋਕਾਂ ਨੇ ਇਸ ’ਤੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਬਿਸਕੁਟ-ਬਿਸਕੁਟ ਨਾ ਰਹਿ ਕੇ ਸੰਜੀਵਨੀ ਬੂਟੀ ਬਣ ਗਿਆ। ਸੀਤਾਮੜੀ ਤੋਂ ਨਿਕਲੀ ਇਹ ਅਫਵਾਹ ਮਧੁਬਣੀ, ਮੁਜ਼ੱਫਰਪੁਰ ਪਤਾ ਨਹੀਂ ਕਿੱਥੇ-ਕਿੱਥੇ ਤੱਕ ਪਹੁੰਚ ਗਈ।
ਦੁਕਾਨਾਂ ’ਤੇ ਲੋਕਾਂ ਦੀ ਭੀੜ ਲੱਗਣ ਅਤੇ ਰਾਤ ਦੇ ਸਮੇਂ ’ਚ ਲੋਕਾਂ ਨੇ ਦੁਕਾਨਾਂ ਖੁਲ੍ਹਵਾਈਆਂ ਅਤੇ ਕਿਹਾ ਪਹਿਲਾਂ ਖਾਸ ਬ੍ਰੈਂਡ ਦਾ ਬਿਸਕੁਟ ਦਿਓ, ਉਮਰ ਲੰਬੀ ਕਰਨੀ ਹੈ। ਜਿਤਿਆ ਤਿਉਹਾਰ ’ਚ ਮਾਂ ਆਪਣੇ ਬੱਚਿਆਂ ਦੀ ਲੰਬੀ ਉਮਰ ਅਤੇ ਸੁਖਾਵੀਂ ਜ਼ਿੰਦਗੀ ਦੇ ਲਈ ਵਰਤ ਰੱਖਦੀ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਦਮੋਹ ਦੇ ਆਦਿਵਾਸੀ ਬਹੁਗਿਣਤੀ ਇਲਾਕੇ ਦੇ ਬਨੀਆ ਪਿੰਡ ’ਚ ਲੋਕਾਂ ਨੇ ਚੰਗੇ ਮੀਂਹ ਦੀ ਆਸ ’ਚ ਛੋਟੀਆਂ–ਛੋਟੀਆਂ ਬੱਚੀਆਂ ਨੂੰ ਨਗਨ ਕਰ ਕੇ ਪਿੰਡ ’ਚ ਘੁਮਾਇਆ ਸੀ।
ਦਰਅਸਲ, ਲੋਕਾਂ ਨੇ ਧਰਮ ਦੀਆਂ ਗੱਲਾਂ ਨੂੰ ਆਪਣੀ ਸਹੂਲਤ ਤੇ ਹਿਸਾਬ ਨਾਲ ਤੋੜਿਆ-ਮਰੋੜਿਆ ਹੈ। ਇਹੀ ਕਾਰਨ ਹੈ ਕਿ ਕੁਝ ਲੋਕ ਧਰਮ ਦੇ ਨਾਂ ’ਤੇ ਅੰਧ-ਵਿਸ਼ਵਾਸ ਨੂੰ ਸ਼ਹਿ ਦੇ ਰਹੇ ਹਨ ਅਤੇ ਉਸ ਦੀ ਦੁਰਵਰਤੋਂ ਕਰ ਰਹੇ ਹਨ। ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਤੇ ਇਨ੍ਹਾਂ ਸਾਰਿਆਂ ਦਾ ਆਪਣਾ-ਆਪਣਾ ਮਹੱਤਵ ਹੈ। ਧਰਮ ਅਤੇ ਜੋਤਿਸ਼ ਵਿਗਿਆਨ ਨਾਲ ਜੁੜੇ ਹੋਏ ਹਨ। ਜਿਵੇਂ ਵਿਗਿਆਨ ’ਚ ਕਈ ਖੋਜਾਂ ਅਨੁਮਾਨ ’ਤੇ ਆਧਾਰਿਤ ਹੁੰਦੀਆਂ ਹਨ ਉਵੇਂ ਹੀ ਜੋਤਿਸ਼ ’ਚ ਵੀ ਅਨੁਮਾਨ ਲਗਾਉਣ ਦਾ ਮਹੱਤਵ ਹੈ। ਇਹ ਵੱਖਰੀ ਗੱਲ ਹੈ ਕਿ ਕਈ ਲੋਕ ਇਸ ਨੂੰ ਲੈ ਕੇ ਸਮਾਜ ਨੂੰ ਗੁੰਮਰਾਹ ਕਰਦੇ ਹਨ। ਇਸ ’ਤੇ ਕਾਬੂ ਪਾਉਣ ਲਈ ਲੋਕਾਂ ਨੂੰ ਇਸ ਦੇ ਬਾਰੇ ’ਚ ਸਿੱਖਿਅਤ ਕਰਨਾ ਜ਼ਰੂਰੀ ਹੈ, ਨਾ ਕਿ ਭਰਮ ਫੈਲਾਉਣਾ। ਧਰਮ ਅਤੇ ਆਸਥਾ ਦੇ ਨਾਂ ’ਤੇ ਕੀਤਾ ਜਾ ਰਿਹਾ ਧੰਦਾ ਪੂਰੀ ਤਰ੍ਹਾਂ ਗਲਤ ਹੈ।
ਅੰਧ-ਵਿਸ਼ਵਾਸ ਵਧਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਿੱਖਿਆ ਦੀ ਘਾਟ ਹੈ ਪਰ ਕਈ ਵਾਰ ਤੰਤਰ ਵਿਦਿਆ ’ਤੇ ਯਕੀਨ ਕਰਨ ਵਾਲਾ ਪੜ੍ਹਿਆ-ਲਿਖਿਆ ਵਰਗ ਵੀ ਨਜ਼ਰ ਆਉਂਦਾ ਹੈ। ਸਾਡੇ ਸਮਾਜ ’ਚ ਇਕ ਅਜੀਬ ਵਿਰੋਧਾਭਾਸ ਦਿਖਾਈ ਦੇ ਰਿਹਾ ਹੈ। ਇਕ ਪਾਸੇ ਵਿਗਿਆਨ ਅਤੇ ਤਕਨਾਲੋਜੀ ਦੀਆਂ ਪ੍ਰਾਪਤੀਆਂ ਦਾ ਤੇਜ਼ੀ ਨਾਲ ਪ੍ਰਸਾਰ ਹੋ ਰਿਹਾ ਹੈ ਤੇ ਦੂਸਰੇ ਪਾਸੇ ਲੋਕਾਂ ’ਚ ਵਿਗਿਆਨਕ ਨਜ਼ਰੀਏ ਦੀ ਬਜਾਏ ਅੰਧ-ਵਿਸ਼ਵਾਸ, ਕੱਟੜਵਾਦ, ਰੂੜੀਵਾਦ ਅਤੇ ਪ੍ਰੰਪਰਾਵਾਂ ਤੇਜ਼ੀ ਨਾਲ ਪੈਰ ਪਸਾਰ ਰਹੀਆਂ ਹਨ। ਸਾਡੇ ਦੇਸ਼ ਦੇ ਕਈ ਲੋਕਾਂ ਤੱਕ ਗਿਆਨ-ਵਿਗਿਆਨ ਦੀ ਰੋਸ਼ਨੀ ਵਿਹਾਰਕ ਤੌਰ ’ਤੇ ਅਜੇ ਤੱਕ ਨਹੀਂ ਪਹੁੰਚ ਸਕੀ ਹੈ। ਅਜਿਹੇ ’ਚ ਸਮਾਜ ਦੇ ਜ਼ਿਆਦਾਤਰ ਲੋਕਾਂ ’ਚ ਵਿਗਿਆਨਕ ਨਜ਼ਰੀਏ ਦੀ ਘਾਟ ਕੋਈ ਹੈਰਾਨੀ ਵਾਲੀ ਗੱਲ ਨਹੀਂ ਪਰ ਜਿਹੜੇ ਲੋਕਾਂ ਨੂੰ ਗਿਆਨ-ਵਿਗਿਆਨ ਦੀ ਜਾਣਕਾਰੀ ਹੈ, ਉਸ ਦੀਆਂ ਪ੍ਰਾਪਤੀਆਂ ਹਾਸਲ ਹਨ, ਉਹ ਵਿਗਿਆਨਕ ਨਜ਼ਰੀਆ ਅਪਣਾਉਂਦੇ ਹੋਣ, ਤਰਕਸ਼ੀਲ ਹੋਣ, ਸਿਆਣੇ ਹੋਣ ਇਹ ਜ਼ਰੂਰੀ ਨਹੀਂ।
ਵਿਗਿਆਨ ਦੇ ਮੌਜੂਦਾ ਦੌਰ ’ਚ ਜੇਕਰ ਵਿਗਿਆਨਕ ਨਜ਼ਰੀਆ ਲੋਕਾਂ ਦੀ ਜ਼ਿੰਦਗੀ ਦਾ ਚਾਲਕ ਨਹੀਂ ਬਣਦਾ ਤਾਂ ਇਸ ਦੇ ਪਿੱਛੇ ਕਈ ਕਾਰਨ ਹਨ- ਅਗਿਆਨ ਦੇ ਇਲਾਵਾ ਅਗਿਆਨ ਦਾ ਭੈਅ, ਅਨਿਸ਼ਚਿਤ ਭਵਿੱਖ, ਸਮੱਸਿਆ ਦਾ ਸਹੀ ਹੱਲ ਹੁੰਦੇ ਹੋਏ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣਾ, ਸਮਾਜ ’ਚ ਕੱਟੇ ਜਾਣ ਦਾ ਡਰ, ਅਗਿਆਨ ਅਤੇ ਵਿਗਿਆਨਕ ਨਜ਼ਰੀਏ ਦੀ ਘਾਟ।
15ਵੀਂ ਸ਼ਤਾਬਦੀ ’ਚ ਯੂਰਪ ਦੇ ਪੁਨਰ ਜਾਗਰਨ ਕਾਲ ਦੇ ਦੌਰਾਨ ਗਿਆਨ-ਵਿਗਿਆਨ ਦੇ ਨਵੇਂ ਵਿਚਾਰਾਂ ਦਾ ਉਦੈ ਹੋਣ ਲੱਗਾ। ਗਲੈਲੀਓ, ਕੋਪਰਨਿਕਸ ਅਤੇ ਬਰੂਨੋ ਵਰਗੇ ਕਈ ਵਿਗਿਆਨੀਆਂ ਨੇ ਧਾਰਮਿਕ ਮਾਨਤਾਵਾਂ ’ਤੇ ਸਵਾਲ ਉਠਾਇਆ ਅਤੇ ਵਿਗਿਆਨਕ ਪ੍ਰਯੋਗਾਂ ਦੇ ਰਾਹੀਂ ਲੋਕਾਂ ਨੂੰ ਦੱਸਿਆ ਕਿ ਦੁਨੀਆ ਅਤੇ ਕੁਦਰਤ ਦੇ ਬਾਰੇ ’ਚ ਧਾਰਮਿਕ ਮਾਨਤਾਵਾਂ ਗਲਤ ਹਨ। ਭਾਰਤੀ ਸਾਹਿਤ ਅਤੇ ਵਿਗਿਆਨ ਦੇ ਬਾਰੇ ’ਚ ਮੈਕਾਲੇ ਨੇ ਕਿਹਾ ਕਿ ਭਾਰਤੀ ਸ਼ਾਸਤਰ ਅੰਧ-ਵਿਸ਼ਵਾਸਾਂ ਅਤੇ ਮੂਰਖਤਾਪੂਰਨ ਤੱਥਾਂ ਨਾਲ ਭਰੇ ਹੋਏ ਹਨ।
ਵਿਗਿਆਨਕ ਵਿਚਾਰਧਾਰਾ ਦੇ ਇਸ ਯੁੱਗ ’ਚ ਵੀ ਅੰਧ-ਵਿਸ਼ਵਾਸ ਦਾ ਦਬਦਬਾ ਦੇਸ਼ ਦੀ ਤਰੱਕੀ ’ਤੇ ਇਕ ਵੱਡੀ ਰੁਕਾਵਟ ਹੈ। ਜੇਕਰ ਸਾਨੂੰ ਪਿੰਡ ਅਤੇ ਸ਼ਹਿਰ ਤੋਂ ਅੰਧ-ਵਿਸ਼ਵਾਸ, ਰੂੜੀਵਾਦੀ ਪ੍ਰੰਪਰਾਵਾਂ ਨੂੰ ਹਟਾਉਣਾ ਹੈ ਤਾਂ ਸਾਨੂੰ ਵਿਗਿਆਨਕ ਸੋਚ ਵਾਲੇ ਵਿਸ਼ਿਆਂ ਨੂੰ ਸਕੂਲ-ਕਾਲਜ ਦੇ ਸਿਲੇਬਸ ’ਚ ਸ਼ਾਮਲ ਕਰਨਾ ਚਾਹੀਦਾ ਹੈ। ਸਰਕਾਰਾਂ ਨੂੰ ਇਸ ਦਿਸ਼ਾ ’ਚ ਸਖਤ ਕਦਮ ਚੁੱਕਣੇ ਹੋਣਗੇ। ਅਖੌਤੀ ਸਮਾਜਿਕ ਦਬਾਅ, ਰੂੜੀਵਾਦੀ ਪ੍ਰੰਪਰਾ ਅਤੇ ਅੰਧ-ਵਿਸ਼ਵਾਸ ਫੈਲਾਉਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਸਖਤ ਵਿਰੋਧ ਕਰਦੇ ਹੋਏ ਸਾਨੂੰ ਸਮਾਜਿਕ ਚੇਤਨਾ ਅਤੇ ਵਿਗਿਆਨਕ ਸੋਚ ਵਿਕਸਤ ਕਰਨ ਦੀ ਦਿਸ਼ਾ ’ਚ ਕੰਮ ਕਰਨਾ ਹੋਵੇਗਾ, ਜੋ ਸੰਗਠਨ ਸਮਾਜਿਕ, ਧਾਰਮਿਕ ਬੁਰਾਈਆਂ ਦੇ ਵਿਰੁੱਧ ਲੜ ਰਹੇ ਹਨ, ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਇਹ ਸਮਝ ਵਿਕਸਤ ਕਰਨੀ ਹੋਵੇਗੀ ਕਿ ਧਰਮ ਆਸਥਾ ਦਾ ਪ੍ਰਤੀਕ ਹੈ, ਇਸ ’ਚ ਅੰਧ-ਵਿਸ਼ਵਾਸ ਲਈ ਕੋਈ ਥਾਂ ਨਹੀਂ ਹੈ। ਧਰਮ ਦੇ ਨਾਂ ’ਤੇ ਅੰਧ-ਵਿਸ਼ਵਾਸ ਨੂੰ ਸ਼ਹਿ ਦੇਣੀ ਕਿਸੇ ਵੀ ਰੂਪ ’ਚ ਮਨਜ਼ੂਰ ਨਹੀਂ ਹੈ।
ਵਿਗਿਆਨ ਨੇ ਜੋ ਗਿਆਨ ਵਿਕਸਤ ਕੀਤਾ ਹੈ ਉਹ ਨਾ ਸਿਰਫ ਸਾਨੂੰ ਤੰਗ ਰੀਤੀ-ਰਿਵਾਜਾਂ ਦੇ ਜਾਲ ’ਚੋਂ ਬਾਹਰ ਕੱਢਦਾ ਹੈ ਸਗੋਂ ਸਾਡੀ ਸੋਚ ’ਚ ਰਚਨਾਤਮਕ ਖੁੱਲ੍ਹਾਪਨ ਵੀ ਆਉਂਦਾ ਹੈ। ਬਿਨਾਂ ਸ਼ੱਕ,ਜਦ ਤੱਕ ਸਿੱਖਿਅਤ ਲੋਕ ਪਹਿਲ ਨਹੀਂ ਕਰਨਗੇ ਤਦ ਤੱਕ ਅੰਧ-ਵਿਸ਼ਵਾਸ ਦੂਰ ਨਹੀਂ ਹੋਵੇਗਾ ਅਤੇ ਅਫਵਾਹਾਂ ਇਸੇ ਤਰ੍ਹਾਂ ਸਾਨੂੰ ਸ਼ਰਮਸਾਰ ਕਰਦੀਆਂ ਰਹਿਣਗੀਆਂ। ਇਸ ਦੇ ਲਈ ਜ਼ਰੂਰੀ ਹੈ ਕਿ ਸਾਰੇ ਧਰਮਾਂ ਦੇ ਧਰਮ ਗੁਰੂ ਅੱਗੇ ਆਉਣ ਅਤੇ ਅੰਧ-ਵਿਸ਼ਵਾਸ ’ਤੇ ਵਾਰ ਕਰਨ। ਨਾਲ ਹੀ ਬੱਚਿਆਂ ਨੂੰ ਘੱਟ ਉਮਰ ਤੋਂ ਹੀ ਨੈਤਿਕ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਸਮਾਜ ਨੂੰ ਅੰਧ-ਵਿਸ਼ਵਾਸ ਦੇ ਪ੍ਰਤੀ ਜਾਗਰੂਕ ਕਰ ਸਕੀਏ।