ਵਿਕਾਸ ਲਈ ਟੀਕਾਕਰਨ ਦਾ ਘੇਰਾ ਵਧਾਉਣਾ ਜ਼ਰੂਰੀ
Sunday, Mar 28, 2021 - 03:53 AM (IST)

ਡਾ. ਜਯੰਤੀਲਾਲ ਭੰਡਾਰੀ
ਇਨ੍ਹੀਂ ਦਿਨੀਂ ਦੇਸ਼ ’ਚ ਕੋਰੋਨਾ ਦੀ ਦੂਸਰੀ ਖਤਰਨਾਕ ਲਹਿਰ ਅਤੇ ਪੰਜਾਬ ਤੇ ਮਹਾਰਾਸ਼ਟਰ ਸਮੇਤ ਕੁਝ ਸੂਬਿਆਂ ’ਚ ਕੋਰੋਨਾ ਦੇ ਨਵੇਂ ਡਬਲ ਮਿਊਟੈਂਟ ਮਿਲਣ ਨਾਲ ਜਿੱਥੇ ਇਕ ਪਾਸੇ ਲੋਕਾਂ ਦੀਆਂ ਸਿਹਤ ਚਿੰਤਾਵਾਂ ਵਧ ਗਈਆਂ ਹਨ, ਉੱਥੇ ਦੂਸਰੀਆਂ ਆਰਥਿਕ ਚੁਣੌਤੀਆਂ ਵੀ ਵਧ ਗਈਆਂ ਹਨ।
ਦੇਸ਼ ’ਚ ਇਕ ਵਾਰ ਫਿਰ ਤੋਂ ਲਾਕਡਾਊਨ ਅਤੇ ਨਾਈਟ ਕਰਫਿਊ ਦਾ ਦ੍ਰਿਸ਼ ਦਿਖਾਈ ਦੇਣ ਲੱਗਾ ਹੈ। ਉਦਯੋਗ-ਕਾਰੋਬਾਰ ਤੇ ਰੋਜ਼ਗਾਰ ’ਚ ਕਮੀ ਆਉਣ ਦੇ ਖਦਸ਼ੇ ਖੜ੍ਹੇ ਹੋ ਗਏ ਹਨ। ਕਈ ਉਦਯੋਗਾਂ-ਕਾਰੋਬਾਰਾਂ ’ਚ ਵੱਡੀ ਗਿਣਤੀ ’ਚ ਨਵੀਆਂ ਭਰਤੀਆਂ ਰੋਕ ਦਿੱਤੀਆਂ ਗਈਆਂ ਹਨ।
ਅਜਿਹੇ ’ਚ ਦੇਸ਼ ’ਚ ਕੋਰੋਨਾ ਦੀ ਦੂਸਰੀ ਖਤਰਨਾਕ ਲਹਿਰ ਨਾਲ ਵਧਦੇ ਹੋਏ ਮਨੁੱਖੀ ਅਤੇ ਆਰਥਿਕ ਖਤਰਿਆਂ ਨੂੰ ਰੋਕਣ ਅਤੇ ਵਧਦੀ ਹੋਈ ਵਿਕਾਸ ਦਰ ’ਚ ਅੰਦਾਜ਼ਿਆਂ ਦੇ ਅਨੁਸਾਰ ਉਚਾਈ ਦੇਣ ਲਈ ਕੋਰੋਨਾ ਇਨਫੈਕਸ਼ਨ ਨਾਲ ਸਬੰਧਤ 3 ਗੱਲਾਂ ’ਤੇ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ।
ਇਕ, ਭਾਰਤ ਨੂੰ ਕੋਰੋਨਾ ਵੈਕਸੀਨ ਦੇ ਨਿਰਮਾਣ ਦੀ ਮਹਾਸ਼ਕਤੀ ਬਣਾ ਕੇ ਦੇਸ਼ ਅਤੇ ਦੁਨੀਆ ਦੀਆਂ ਵੈਕਸੀਨ ਲੋੜਾਂ ਨੂੰ ਪੂਰਾ ਕੀਤਾ ਜਾਵੇ। ਦੋ, ਵੱਧ ਲੋਕਾਂ ਦੀ ਵੈਕਸੀਨੇਸ਼ਨ ਕੀਤੀ ਜਾਵੇ ਅਤੇ ਤਿੰਨ, ਕੋਰੋਨਾ ਵੈਕਸੀਨ ਦੀ ਬਰਬਾਦੀ ਰੁਕੇ।
ਦਰਅਸਲ ਭਾਰਤ ਦੁਨੀਆ ਦੇ ਉਨ੍ਹਾਂ ਚਮਕਦੇ ਹੋਏ ਦੇਸ਼ਾਂ ’ਚ ਸਭ ਤੋਂ ਅੱਗੇ ਹੈ, ਜਿਨ੍ਹਾਂ ਨੇ ਕੋਰੋਨਾ ਦਾ ਮੁਕਾਬਲਾ ਕਰਨ ਲਈ ਕੋਰੋਨਾ ਦੀਆਂ ਜ਼ਿਆਦਾ ਦਵਾਈਆਂ ਬਣਾਈਆਂ ਅਤੇ ਕੋਰੋਨਾ ਵੈਕਸੀਨ ਦੇ ਨਿਰਮਾਣ ’ਚ ਉਚਾਈ ਹਾਸਲ ਕੀਤੀ ਹੈ।
ਇਹ ਵੀ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਕੋਵਿਡ ਮਹਾਮਾਰੀ ਨਾਲ ਜੂਝ ਰਹੇ ਦੁਨੀਆ ਦੇ 150 ਤੋਂ ਵੱਧ ਦੇਸ਼ਾਂ ਨੂੰ ਭਾਰਤ ਨੇ ਕੋਰੋਨਾ ਤੋਂ ਬਚਾਅ ਦੀਆਂ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਹਨ ਅਤੇ 70 ਤੋਂ ਵੱਧ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ ਸਪਲਾਈ ਕੀਤੀ ਹੈ।
ਭਾਰਤ ’ਚ 16 ਜਨਵਰੀ ਤੋਂ ਸ਼ੁਰੂ ਹੋਏ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ’ਚ ਆਕਸਫੋਰਡ- ਐਸਟ੍ਰਾਜੇਨੇਕਾ ਦੇ ਨਾਲ ਮਿਲ ਕੇ ਬਣਾਈ ਗਈ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ‘ਕੋਵਿਸ਼ੀਲਡ’ ਤੇ ਸਵਦੇਸ਼ ’ਚ ਵਿਕਸਿਤ ਭਾਰਤ ਬਾਇਓਟੈੱਕ ਦੀ ‘ਕੋਵੈਕਸੀਨ’ ਦੀ ਵਰਤੋਂ ਟੀਕਾਕਰਨ ਲਈ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਨੇ ਕੋਰੋਨਾ ਟੀਕਾਕਰਨ ਦੇ ਮੱਦੇਨਜ਼ਰ ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਦੱਸਿਆ ਹੈ।
ਇਹ ਵੀ ਵਰਨਣਯੋਗ ਹੈ ਕਿ ਬੀਤੀ 12 ਮਾਰਚ ਨੂੰ ਕੁਆਰਡਰੀਲੇਟਰਲ ਸਕਿਓਰਿਟੀ ਡਾਇਲਾਗ (ਕਵਾਡ) ਗਰੁੱਪ ਦੇ 4 ਮੈਂਬਰ ਦੇਸ਼ਾਂ-ਭਾਰਤ, ਅਮਰੀਕਾ, ਆਸਟ੍ਰੇਲੀਆ, ਜਾਪਾਨ ਨੇ ਵਰਚੁਅਲ ਮੀਟਿੰਗ ’ਚ ਇਹ ਯਕੀਨੀ ਬਣਾਇਆ ਹੈ ਕਿ ਸਾਲ 2022 ਦੇ ਅੰਤ ਤੱਕ ਏਸ਼ੀਆਈ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਕੋਰੋਨਾ ਵੈਕਸੀਨ ਦੀ 100 ਕਰੋੜ ਡੋਜ਼ ਦਾ ਨਿਰਮਾਣ ਭਾਰਤ ’ਚ ਕੀਤਾ ਜਾਵੇਗਾ। ਅਜਿਹੇ ’ਚ ਯਕੀਨੀ ਤੌਰ ’ਤੇ ਭਾਰਤ ਕੋਰੋਨਾ ਵੈਕਸੀਨ ਨਿਰਮਾਣ ਦੀ ਮਹਾਸ਼ਕਤੀ ਬਣਨ ਦੇ ਰਸਤੇ ’ਤੇ ਅੱਗੇ ਵਧਦਾ ਹੋਇਆ ਦਿਖਾਈ ਦੇ ਸਕੇਗਾ। ਵੈਕਸੀਨ ਨਿਰਮਾਣ ’ਚ ਅੱਗੇ ਵਧਣ ਦਾ ਲਾਭ ਦੇਸ਼ ਦੇ ਆਰਥਿਕ ਵਿਕਾਸ ਲਈ ਅਹਿਮ ਹੋਵੇਗਾ।
ਹੁਣ ਇਨਫੈਕਸ਼ਨ ਨੂੰ ਰੋਕਣ ਲਈ ਉਨ੍ਹਾਂ ਲੋਕਾਂ ਦਾ ਟੀਕਾਕਰਨ ਕਰਨਾ ਵੀ ਓਨਾ ਹੀ ਮਹੱਤਵਪੂਰਨ ਹੈ ਜੋ ਇਨਫੈਕਸ਼ਨ ਦੇ ਉੱਚ ਜੋਖਮ ’ਤੇ ਹਨ। ਉਨ੍ਹਾਂ ਲੋਕਾਂ ਦੀ ਰੱਖਿਆ ਕਰਨੀ ਵੀ ਮਹੱਤਵਪੂਰਨ ਹੈ ਜਿਨ੍ਹਾਂ ਨੂੰ ਕੰਮ ਲਈ ਘਰਾਂ ਤੋਂ ਬਾਹਰ ਨਿਕਲਣਾ ਪੈਂਦਾ ਹੈ। ਅਜਿਹੇ ’ਚ ਪ੍ਰਚੂਨ ਅਤੇ ਟਰੇਡ ਵਰਗੇ ਖੇਤਰਾਂ ’ਚ ਕੰਮ ਕਰ ਰਹੇ ਲੋਕਾਂ ਦੀ ਕੋਰੋਨਾ ਵਾਇਰਸ ਤੋਂ ਸੁਰੱਖਿਆ ਜ਼ਰੂਰੀ ਹੈ।
ਰਿਟੇਲਰਾਂ ਅਤੇ ਟਰੇਡਰਾਂ ਨੂੰ ਜਨਤਕ ਆਵਾਜਾਈ ਦੇ ਕਾਰਨ ਕੋਵਿਡ-19 ਦੇ ਇਨਫੈਕਸ਼ਨ ਦਾ ਖਤਰਾ ਵੱਧ ਹੁੰਦਾ ਹੈ, ਜਿਸ ਨੂੰ ਦੇਖਦੇ ਹੋਏ ਇਸ ਖੇਤਰ ’ਚ ਕੰਮ ਕਰ ਰਹੇ ਲੋਕਾਂ ਨੂੰ ਫਰੰਟਲਾਈਨ ਵਰਕਰਜ਼ ਦੀ ਸ਼੍ਰੇਣੀ ’ਚ ਰੱਖ ਕੇ ਟੀਕਾਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਭਾਰਤ ਟੀਕਾਕਰਨ ਨੂੰ ਲੈ ਕੇ ਅਜੇ ਤੱਕ ਨਿਰਧਾਰਤ ਨਿਯਮਾਂ ਅਤੇ ਸਮਾਂ ਹੱਦ ਦੇ ਨਾਲ ਕੋਰੋਨਾ ਦੀ ਦੂਸਰੀ ਲਹਿਰ ਦਾ ਸਾਹਮਣਾ ਨਹੀਂ ਕਰ ਸਕਦਾ। ਬਤੌਰ ਟੀਕਾ ਨਿਰਮਾਤਾ ਉਹ ਬਾਕੀ ਵਿਸ਼ਵ ਪ੍ਰਤੀ ਆਪਣੀ ਜਵਾਬਦੇਹੀ ਨਿਭਾਉਣ ’ਚ ਵੀ ਪਿੱਛੇ ਨਹੀਂ ਰਹਿ ਸਕਦਾ। ਅਜਿਹੇ ’ਚ ਟੀਕਿਆਂ ਦੀ ਸਪਲਾਈ ਵਧਾਉਣ ਲਈ ਨਵੀਂ ਰਣਨੀਤੀ ਜ਼ਰੂਰੀ ਹੈ।
ਬਿਨਾਂ ਸ਼ੱਕ ਤੇਜ਼ੀ ਨਾਲ ਵਧਦੀ ਹੋਈ ਕੋਰੋਨਾ ਦੀ ਦੂਸਰੀ ਲਹਿਰ ਨੂੰ ਰੋਕਣ ਲਈ ਤੇਜ਼ ਅਤੇ ਫੈਸਲਾਕੁੰਨ ਕਦਮ ਚੁੱਕਣ ਦੀ ਲੋੜ ਇਸ ਲਈ ਵੀ ਹੈ ਕਿਉਂਕਿ ਸਾਲ 2021 ’ਚ ਦੁਨੀਆ ਦੇ ਵਧੇਰੇ ਆਰਥਿਕ ਅਤੇ ਵਿੱਤੀ ਸੰਗਠਨਾਂ ਨੇ ਕੋਰੋਨਾ ਇਨਫੈਕਸ਼ਨ ਦੇ ਕਾਬੂ ਹੋ ਜਾਣ ਦੇ ਮੱਦੇਨਜ਼ਰ ਭਾਰਤ ਦੀ ਵਿਕਾਸ ਦਰ ’ਚ ਤੇਜ਼ੀ ਨਾਲ ਵਾਧੇ ਦੀ ਸੰਭਾਵਨਾ ਪ੍ਰਗਟਾਈ ਹੈ।
ਬਿਨਾਂ ਸ਼ੱਕ ਦੇਸ਼ ’ਚ ਜਿੱਥੇ ਇਕ ਪਾਸੇ ਕੋਰੋਨਾ ਵੈਕਸੀਨ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੀਤਾ ਜਾਣਾ ਹੋਵੇਗਾ, ਉੱਥੇ ਦੂਸਰੇ ਪਾਸੇ ਕੋਰੋਨਾ ਵੈਕਸੀਨ ਦੀ ਬਰਬਾਦੀ ਨੂੰ ਰੋਕਣਾ ਹੋਵੇਗਾ।