ਸਮਾਂ ਆ ਗਿਆ ਹੈ ਕਿ ਆਪਣੀ ਜੀਵਨ-ਸ਼ੈਲੀ ਬਦਲੀਏ
Tuesday, Mar 04, 2025 - 06:40 PM (IST)

ਹਾਲ ਹੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਮੋਟਾਪੇ ਨੂੰ ਇਕ ਵੱਡੀ ਸਮੱਸਿਆ ਦੱਸਿਆ ਸੀ। ਉਨ੍ਹਾਂ ਨੇ ਭਾਰਤ ਵਿਚ ਵਧਦੇ ਮੋਟਾਪੇ ’ਤੇ ਚਿੰਤਾ ਪ੍ਰਗਟ ਕੀਤੀ ਸੀ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਭੋਜਨ ਵਿਚ ਚਰਬੀ ਦੀ ਵਰਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਦੀ ਚਿੰਤਾ ਜਾਇਜ਼ ਹੈ। ਜ਼ਿਆਦਾ ਚਰਬੀ ਜਾਂ ਗਰੀਸ, ਜ਼ਿਆਦਾ ਖੰਡ ਅਤੇ ਜ਼ਿਆਦਾ ਨਮਕ ਦਾ ਸੇਵਨ ਮੋਟਾਪਾ ਵਧਾਉਂਦਾ ਹੈ। ਇਸ ਨਾਲ ਜ਼ਿੰਦਗੀ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਰੋਗ ਲੱਗਦੇ ਹਨ। ਪੂਰੀ ਦੁਨੀਆ ਵਧਦੇ ਮੋਟਾਪੇ ਤੋਂ ਪ੍ਰੇਸ਼ਾਨ ਹੈ। ਭਾਰਤ ਵਿਚ ਵੀ ਇਹ ਮਹਾਮਾਰੀ ਦਾ ਰੂਪ ਧਾਰਨ ਕਰ ਰਿਹਾ ਹੈ। ਸਾਡੇ ਸਮਾਜ ਵਿਚ ਮੋਟਾਪੇ ਬਾਰੇ ਕੋਈ ਖਾਸ ਚਿੰਤਾ ਵੀ ਦਿਖਾਈ ਨਹੀਂ ਦਿੰਦੀ।
ਕਈ ਵਾਰ ਮੈਂ ਦੇਖਦੀ ਹਾਂ ਕਿ ਬਹੁਤ ਪੜ੍ਹੇ-ਲਿਖੇ ਮਾਪਿਆਂ ਦੇ ਬੱਚੇ ਵੀ ਬਹੁਤ ਮੋਟੇ ਦਿਖਾਈ ਦਿੰਦੇ ਹਨ। ਇਸ ਪਿੱਛੇ ਇਕ ਸੋਚ ਇਹ ਵੀ ਹੈ ਕਿ ਇਕ ਮੋਟਾ ਬੱਚਾ ਭਾਵ ਇਕ ਖਾਂਦੇ-ਪੀਂਦੇ ਘਰ ਦਾ ਬੱਚਾ, ਭਾਵ ਖੁਸ਼ਹਾਲ ਪਰ ਇਹ ਮੋਟਾਪਾ ਬੱਚਿਆਂ ਅਤੇ ਬਾਲਗਾਂ ਲਈ ਇਕ ਵੱਡੀ ਆਫਤ ਅਤੇ ਘਾਤਕ ਹੈ। ਬੱਚੇ ਅਤੇ ਨੌਜਵਾਨ ਅਜਿਹੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਜਿਨ੍ਹਾਂ ਨੂੰ ਜੀਵਨ ਪ੍ਰਬੰਧਨ ਰੋਗ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਇਕ ਵਾਰ ਜਦੋਂ ਤੁਸੀਂ ਅਜਿਹੀ ਬੀਮਾਰੀ ਤੋਂ ਪ੍ਰਭਾਵਿਤ ਹੋ ਜਾਂਦੇ ਹੋ ਤਾਂ ਇਹ ਤੁਹਾਨੂੰ ਸਾਰੀ ਉਮਰ ਪ੍ਰੇਸ਼ਾਨ ਕਰਦੀ ਹੈ।
ਮਿਸਾਲ ਵਜੋਂ, ਮੈਂ ਪਿਛਲੇ ਦਿਨੀਂ ਇਕ ਪਾਰਕ ਵਿਚ ਬੈਠੀ ਸੀ। ਉੱਥੇ ਅੱਠ ਤੋਂ ਦਸ ਸਾਲ ਦੀ ਉਮਰ ਦੇ ਬਹੁਤ ਸਾਰੇ ਬੱਚੇ ਫੁੱਟਬਾਲ ਖੇਡ ਰਹੇ ਸਨ। ਜਦੋਂ ਮੈਂ ਉਨ੍ਹਾਂ ਨੂੰ ਖੇਡਦੇ ਦੇਖਣਾ ਸ਼ੁਰੂ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਬਹੁਤ ਸਾਰੇ ਬੱਚਿਆਂ ਤੋਂ ਦੌੜ ਨਹੀਂ ਸੀ ਹੋ ਰਿਹਾ। ਉਹ ਹਫ ਰਹੇ ਸਨ, ਉਨ੍ਹਾਂ ਨੂੰ ਸਾਹ ਚੜ੍ਹ ਰਿਹਾ ਸੀ। ਉਹ ਪਸੀਨੇ ਨਾਲ ਤਰ-ਬ-ਤਰ ਹੋ ਰਹੇ ਸੀ। ਕਾਰਨ ਇਹ ਕਿ ਉਹ ਬਹੁਤ ਜ਼ਿਆਦਾ ਮੋਟੇ ਸਨ। ਇਸ ਉਮਰ ਵਿਚ ਹੀ ਉਨ੍ਹਾਂ ਦੇ ਢਿੱਡ ਬਾਹਰ ਨਿਕਲੇ ਹੋਏ ਸਨ। ਢਿੱਠ ’ਤੇ ਮੋਟਾਪਾ ਬਹੁਤ ਖ਼ਤਰਨਾਕ ਮੰਨਿਆ ਜਾਂਦਾ ਹੈ।
ਬਹੁਤ ਸਾਰੇ ਮਾਹਿਰਾਂ ਅਤੇ ਡਾਕਟਰਾਂ ਦਾ ਮੰਨਣਾ ਹੈ ਕਿ ਇਸ ਦਾ ਕਾਰਨ ਸਾਡੀ ਬਦਲੀ ਹੋਈ ਜੀਵਨਸ਼ੈਲੀ ਹੈ, ਜਿਸ ਵਿਚ ਸਰੀਰਕ ਮਿਹਨਤ ਲਗਾਤਾਰ ਘੱਟ ਹੁੰਦੀ ਗਈ ਅਤੇ ਭੋਜਨ ਉਨ੍ਹਾਂ ਚੀਜ਼ਾਂ ਨਾਲ ਭਰਿਆ ਹੋਇਆ ਹੈ ਜਿਨ੍ਹਾਂ ਨੂੰ ਉੱਚ ਕੈਲੋਰੀ ਵਾਲਾ ਭੋਜਨ ਕਿਹਾ ਜਾਂਦਾ ਹੈ। ਬਹੁਤ ਸਾਰੇ ਬਾਲਗ ਅਤੇ ਬੱਚੇ ਲਗਾਤਾਰ ਮੋਬਾਈਲ ਜਾਂ ਕੰਪਿਊਟਰ ਦੇ ਸਾਹਮਣੇ ਬੈਠਦੇ ਹਨ ਅਤੇ ਪੈਕ ਕੀਤਾ ਭੋਜਨ ਖਾਂਦੇ ਰਹਿੰਦੇ ਹਨ। ਬੱਚਿਆਂ ਦਾ ਖੇਡਣਾ-ਮੱਲਣਾ ਅਤੇ ਵੱਡਿਆਂ ਦਾ ਪੈਦਲ ਚੱਲਣਾ ਵੀ ਘਟ ਗਿਆ ਹੈ।
ਕੁਝ ਸਮਾਂ ਪਹਿਲਾਂ ਰਿਪੋਰਟ ਆਈ ਸੀ ਕਿ ਨਾ ਬੱਚੇ ਹੁਣ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਅਤੇ ਨਾ ਹੀ ਉਹ ਬਾਹਰ ਖੇਡੀਆਂ ਜਾਣ ਵਾਲੀਆਂ ਖੇਡਾਂ ਵਿਚ ਦਿਲਚਸਪੀ ਰੱਖਦੇ ਹਨ। ਉਹ ਆਪਣਾ ਜ਼ਿਆਦਾਤਰ ਸਮਾਂ ਮੋਬਾਈਲ ’ਤੇ ਬਿਤਾਉਂਦੇ ਹਨ। ਵੱਡਿਆਂ ਦਾ ਵੀ ਇਹੀ ਹਾਲ ਹੈ। ਬਾਲਗਾਂ ਅਤੇ ਬੱਚਿਆਂ, ਸਾਰਿਆਂ ਦਾ ਸਕ੍ਰੀਨ ਸਮਾਂ ਲਗਾਤਾਰ ਵਧ ਰਿਹਾ ਹੈ। ਘਰਾਂ ਵਿਚ ਵੀ, ਤਕਨਾਲੋਜੀ ਨੇ ਅਜਿਹੇ ਪ੍ਰਬੰਧ ਕਰ ਦਿੱਤੇ ਹਨ ਕਿ ਸਾਰਾ ਕੰਮ ਮਸ਼ੀਨਾਂ ਨਾਲ ਕੀਤਾ ਜਾ ਰਿਹਾ ਹੈ। ਖਾਣਾ ਪਕਾਉਣ ਦੇ ਤਰੀਕੇ ਵੀ ਬਦਲ ਗਏ ਹਨ। ਘਰ ਵਿਚ ਖਾਣਾ ਪਕਾਉਣ ਅਤੇ ਖਾਣ ਦੀਆਂ ਆਦਤਾਂ ਲਗਾਤਾਰ ਘਟਦੀਆਂ ਜਾ ਰਹੀਆਂ ਹਨ। ਜਦੋਂ ਕਿ ਅੱਜ ਵੀ ਘਰ ਦਾ ਬਣਿਆ ਭੋਜਨ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਉਸ ਨੂੰ ਦਿਲੋਂ ਬਣਾਇਆ ਜਾਂਦਾ ਹੈ, ਸਾਡੀਆਂ ਚੰਗੀਆਂ ਭਾਵਨਾਵਾਂ ਵੀ ਇਸ ਵਿਚ ਛੁਪੀਆਂ ਹੁੰਦੀਆਂ ਹਨ, ਇਸ ਲਈ ਇਸ ਦੀ ਗੁਣਵੱਤਾ ਵੀ ਵੱਧ ਹੁੰਦੀ ਹੈ।
ਇਹ ਹਮੇਸ਼ਾ ਬਾਹਰ ਦੇ ਬਣੇ ਖਾਣੇ ਜਾਂ ਪੈਕ ਕੀਤੇ ਭੋਜਨ ਅਤੇ ਜੰਕ ਨਾਲੋਂ ਬਿਹਤਰ ਹੁੰਦਾ ਹੈ। ਮੋਟਾਪਾ ਵੀ ਨਹੀਂ ਵਧਦਾ ਪਰ ਇਸ ਸੋਚ ਬਾਰੇ ਕੀ ਕਿਹਾ ਜਾ ਸਕਦਾ ਹੈ ਜਿਸ ਵਿਚ ਘਰ ਦੇ ਬਣੇ ਖਾਣੇ ਦੇ ਮੁਕਾਬਲੇ ਬਾਹਰ ਖਾਣ ਨੂੰ ਹੈਸੀਅਤ ਨਾਲ ਜੋੜ ਦਿੱਤਾ ਗਿਆ ਹੈ। ਜੋ ਬਾਹਰ ਨਹੀਂ ਖਾਂਦੇ, ਉਹ ਜ਼ਰੂਰ ਹੀ ਇਸ ਨੂੰ ਐਫੋਰਡ ਨਹੀਂ ਕਰ ਸਕਦੇ ਹੋਣਗੇ। ਜੇਕਰ ਤੁਸੀਂ ਭਾਰਤ ਦੇ ਵੱਡੇ ਉਦਯੋਗਪਤੀਆਂ ਦੇ ਇੰਟਰਵਿਊ ਪੜ੍ਹਦੇ ਹੋ ਜਾਂ ਵੱਡੇ ਅਦਾਕਾਰਾਂ ਅਤੇ ਅਭਿਨੇਤਰੀਆਂ ਦੀ ਜੀਵਨਸ਼ੈਲੀ ਦੇਖਦੇ ਹੋ ਤਾਂ ਉਨ੍ਹਾਂ ਵਿਚੋਂ ਜ਼ਿਆਦਾਤਰ ਆਪਣਾ ਭੋਜਨ ਘਰ ਤੋਂ ਲੈ ਕੇ ਜਾਂਦੇ ਹਨ। ਉਹ ਆਪਣੇ ਖਾਣ-ਪੀਣ ਦਾ ਬਹੁਤ ਧਿਆਨ ਰੱਖਦੇ ਹਨ।
ਤਾਂ ਕੀ ਉਨ੍ਹਾਂ ਦੀ ਸਮਾਜ ਵਿਚ ਕੋਈ ਹੈਸੀਅਤ ਨਹੀਂ ਹੈ? ਪਰ ਇਹ ਵੀ ਇਕ ਸੱਚਾਈ ਹੈ ਕਿ ਜ਼ਿਆਦਾਤਰ ਅਦਾਕਾਰ ਅਤੇ ਅਭਿਨੇਤਰੀਆਂ ਉਨ੍ਹਾਂ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਇਸ਼ਤਿਹਾਰ ਦਿੰਦੇ ਪਾਏ ਜਾਂਦੇ ਹਨ ਜੋ ਉਹ ਖੁਦ ਕਦੇ ਨਹੀਂ ਖਾਂਦੇ। ਆਖ਼ਿਰਕਾਰ ਅਸੀਂ ਦੂਜਿਆਂ ਨੂੰ ਉਹ ਚੀਜ਼ਾਂ ਖਾਣ ਲਈ ਕਿਉਂ ਕਹਿੰਦੇ ਹਾਂ ਜੋ ਅਸੀਂ ਨਹੀਂ ਖਾਣਾ ਚਾਹੁੰਦੇ? ਸ਼ਿਲਪਾ ਸ਼ੈੱਟੀ ਨੇ ਇਕ ਵਾਰ ਕਿਹਾ ਸੀ ਕਿ ਉਹ ਆਪਣੇ ਬੱਚੇ ਨੂੰ ਕੋਈ ਵੀ ਜੰਕ ਫੂਡ ਨਹੀਂ ਖਾਣ ਦਿੰਦੀ। ਉਸ ਨੇ ਅੱਜ ਤੱਕ ਚਾਕਲੇਟ ਨਹੀਂ ਖਾਧੀ।
ਜੇ ਉਹ ਕੁਝ ਮਿੱਠਾ ਖਾਣਾ ਚਾਹੁੰਦਾ ਹੈ ਤਾਂ ਉਸ ਨੂੰ ਖਾਣ ਲਈ ਗੁੜ ਦਿੱਤਾ ਜਾਂਦਾ ਹੈ। ਜਦੋਂ ਕਿ ਆਮ ਲੋਕ ਆਪਣੇ ਬੱਚਿਆਂ ਨੂੰ ਹਰ ਛੋਟੀ ਜਿਹੀ ਗੱਲ ’ਤੇ ਚਾਕਲੇਟ, ਚਿਪਸ, ਬਰਗਰ, ਨੂਡਲਜ਼ ਦਿੰਦੇ ਹਨ। ਉਹ ਸਿਰਫ਼ ਬੱਚਿਆਂ ਨੂੰ ਹੀ ਨਹੀਂ ਖੁਆਉਂਦੇ, ਸਗੋਂ ਖੁਦ ਵੀ ਖਾਂਦੇ ਹਨ। ਅਜਿਹੀ ਸਥਿਤੀ ਵਿਚ ਮੋਟਾਪਾ ਕਿਉਂ ਨਹੀਂ ਵਧਣਾ ਚਾਹੀਦਾ? ਕਿਉਂ ਨਾ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਈਏ?
ਹੱਥੀਂ ਕੰਮ ਕਰਨ ਦੀ ਲੋੜ ਲਗਾਤਾਰ ਘਟਦੀ ਜਾ ਰਹੀ ਹੈ। ਫਿਰ ਇਹ ਸੋਚ ਵੀ ਸਾਡੇ ਉੱਤੇ ਹਾਵੀ ਹੈ ਕਿ ਗਰੀਬ ਲੋਕ ਆਪਣਾ ਕੰਮ ਆਪਣੇ ਹੱਥਾਂ ਨਾਲ ਕਰਦੇ ਹਨ। ਭਾਰਤ ਵਿਚ ਘਰੇਲੂ ਸਹਾਇਕ ਘੱਟ ਦਰਾਂ ’ਤੇ ਮਿਲ ਜਾਂਦੇ ਹਨ, ਇਸ ਲਈ ਅਸੀਂ ਆਪਣੇ-ਆਪਣੇ ਕੰਮ ਉਨ੍ਹਾਂ ਨੂੰ ਸੌਂਪ ਦਿੰਦੇ ਹਾਂ।
ਜਦੋਂ ਕਿ ਜਿਸ ਅਮਰੀਕਾ ਅਤੇ ਯੂਰਪ ਦੇ ਗੁਣ ਗਾਉਂਦੇ ਅਸੀਂ ਕਦੇ ਨਹੀਂ ਥੱਕਦੇ, ਉੱਥੇ ਆਮ ਤੌਰ ’ਤੇ ਸਾਰੇ ਕੰਮ ਖੁਦ ਹੀ ਕਰਨੇ ਪੈਂਦਾ ਹਨ। ਭਾਰਤ ਵਿਚ ਇਕ ਪਾਸੇ ਗਰੀਬੀ ਹੈ ਅਤੇ ਦੂਜੇ ਪਾਸੇ ਉੱਚ ਕੈਲੋਰੀ ਵਾਲੇ ਭੋਜਨ ਪਦਾਰਥਾਂ ਦੀ ਖਪਤ ਕਾਰਨ ਮੋਟਾਪਾ ਇਕ ਮਹਾਮਾਰੀ ਬਣਦਾ ਜਾ ਰਿਹਾ ਹੈ।
2022 ਦੇ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 70 ਮਿਲੀਅਨ ਬਾਲਗ ਮੋਟੇ ਹਨ। ਇਨ੍ਹਾਂ ਵਿਚ ਚਾਰ ਕਰੋੜ ਤੋਂ ਵੱਧ ਪੁਰਸ਼ ਅਤੇ ਦੋ ਕਰੋੜ ਛੇ ਲੱਖ ਔਰਤਾਂ ਸ਼ਾਮਲ ਹਨ। ਇਸੇ ਅਧਿਐਨ ਵਿਚ ਦੱਸਿਆ ਗਿਆ ਸੀ ਕਿ ਪੰਜ ਕਰੋੜ ਦੋ ਲੱਖ ਕੁੜੀਆਂ ਅਤੇ ਸੱਤ ਕਰੋੜ ਤਿੰਨ ਲੱਖ ਮੁੰਡੇ ਮੋਟਾਪੇ ਤੋਂ ਪੀੜਤ ਹਨ। 1990 ਦੇ ਮੁਕਾਬਲੇ 2022 ਵਿਚ ਮੋਟਾਪੇ ਵਿਚ 9.8 ਫੀਸਦੀ ਦਾ ਵਾਧਾ ਹੋਇਆ ਹੈ। ਇਸ ਕਾਰਨ ਦਿਲ ਦੇ ਦੌਰੇ ਦੇ ਮਾਮਲੇ ਵਧ ਰਹੇ ਹਨ। ਨੌਜਵਾਨ ਅਤੇ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ।
ਸਮਾਂ ਆ ਗਿਆ ਹੈ ਕਿ ਹਰ ਕੋਈ ਆਪਣੀ ਜੀਵਨਸ਼ੈਲੀ ਬਦਲੇ। ਮੋਟਾਪਾ ਖਤਮ ਕਰਨ ਬਾਰੇ ਸੋਚੋ।
ਸ਼ਮਾ ਸ਼ਰਮਾ