ਕੀ ਸੀਮਾ ਹੈਦਰ ਪਾਕਿਸਤਾਨੀ ਜਾਸੂਸ ਹੈ

07/21/2023 6:29:56 PM

ਬੀਤੀ 17-18 ਜੁਲਾਈ ਨੂੰ ਪਾਕਿਸਤਾਨ ਤੋਂ ਨੇਪਾਲ ਦੇ ਰਸਤੇ ਭਾਰਤ ਆਈ ਸੀਮਾ ਹੈਦਰ, ਉਸ ਦੇ ਪ੍ਰੇਮੀ ਸਚਿਨ ਮੀਣਾ ਅਤੇ ਸਚਿਨ ਦੇ ਪਿਤਾ ਨੇਤਰਪਾਲ ਕੋੋਲੋਂ ਉੱਤਰ ਪ੍ਰਦੇਸ਼ ਏ. ਟੀ. ਐੱਸ. ਨੇ ਡੂੰਘੀ ਪੁੱਛ-ਪੜਤਾਲ ਕੀਤੀ। ਲੇਖ ਲਿਖੇ ਜਾਣ ਤੱਕ ਤਿੰਨੋਂ ਪੁਲਸ ਦੀ ਹਿਰਾਸਤ ’ਚ ਹਨ। ਸ਼ੱਕ ਹੈ ਕਿ 27 ਸਾਲਾ ਸੀਮਾ ਪਾਕਿਸਤਾਨੀ ਜਾਸੂਸ ਹੈ ਜਿਸ ਨੂੰ 22 ਸਾਲਾ ਪ੍ਰੇਮੀ ਸਚਿਨ ਅਤੇ ਪਿਤਾ ਨੇ ਨਾਜਾਇਜ਼ ਸ਼ਰਨ ਦਿੱਤੀ। ਕੀ ਸੀਮਾ ਪਾਕਿਸਤਾਨ ਤੋਂ ਭੇਜੀ ਗਈ ਟ੍ਰੇਂਡ ਜਾਸੂਸ ਹੈ ਜਾਂ ਫਿਰ ਜਿਵੇਂ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਕਈ ਖਤਰੇ ਲੈ ਕੇ ਹਜ਼ਾਰਾਂ ਮੀਲ ਦਾ ਸਫਰ ਕਰਦਿਆਂ ਤਿੰਨ ਦੇਸ਼ਾਂ ਨੂੰ ਪਾਰ ਕਰ ਕੇ ਆਪਣੀ ਮੁਹੱਬਤ ਨੂੰ ਪਾਉਣ ਲਈ ਭਾਰਤ ਆਈ ਹੈ?

ਸਚਿਨ-ਸੀਮਾ ਦੀ ਪ੍ਰੇਮ ਕਹਾਣੀ ’ਤੇ ਸ਼ੱਕ ਹੋਣਾ ਕੁਦਰਤੀ ਹੈ। ਇਹ ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਆਪਣੀ ਕੁਟਿਲ ਨੀਤੀ ਦੇ ਤਹਿਤ ਭਾਰਤ ਨੂੰ ਹਜ਼ਾਰਾਂ ਜ਼ਖਮ ਦੇ ਕੇ ਮੌਤ ਦੇ ਘਾਟ ਉਤਾਰਨ ਲਈ ਕਈ ਪ੍ਰਪੰਚਾਂ ’ਤੇ ਕੰਮ ਕਰ ਰਿਹਾ ਹੈ। ਇਸ ’ਚ ਧਰਮ ਦੇ ਨਾਂ ’ਤੇ ਭਾਰਤ ’ਚ ਕੁਝ ਸਥਾਨਕ ਲੋਕਾਂ ਦਾ ਸਹਿਯੋਗ ਲੈ ਕੇ ਜਿਹਾਦੀ ‘ਸਲਿਪਰ ਸੈੱਲਜ਼’ ਨੂੰ ਸਰਗਰਮ ਕਰਦਾ ਰਹਿੰਦਾ ਹੈ। ਇਸ ਦੇ ਪਿਛੋਕੜ ’ਚ ਸਚਿਨ-ਸੀਮਾ ਅਤੇ ਉਸ ਦੇ ਪਰਿਵਾਰ ’ਤੇ ਜਾਂਚ ਏਜੰਸੀਆਂ ਦੀ ਕਾਰਵਾਈ ਜਾਇਜ਼ ਲੱਗਦੀ ਹੈ। ਦਾਅਵਾ ਹੈ ਕਿ ਸੀਮਾ ਪੰਜਵੀਂ ਪਾਸ ਹੈ। ਫਿਰ ਵੀ ਉਹ ਮੀਡੀਆ ’ਚ ਅਕਸਰ ਗੱਲਾਂ ਕਰਦਿਆਂ ਹਿੰਦੀ-ਅੰਗਰੇਜ਼ੀ ਸ਼ਬਦਾਂ ਦਾ ਸਹਿਜ ਉਚਾਰਨ ਕਰ ਰਹੀ ਹੈ। ਸ਼ੱਕ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਇਹ ਕਿਸੇ ਉੱਚ ਸਿੱਖਿਆ ਪ੍ਰਾਪਤ (ਹਾਇਲੀ ਟ੍ਰੇਂਡ) ਏਜੰਟ ਦਾ ਕੰਮ ਹੁੰਦਾ ਹੈ। ਸੀਮਾ ’ਤੇ ਸ਼ੱਕ ਕਰਨ ਦੇ ਦੋ ਹੋਰ ਕਾਰਨ ਇਹ ਵੀ ਹਨ ਕਿ ਉਸ ਦੇ ਭਰਾ-ਚਾਚਾ ਬਤੌਰ ਖੁਫੀਆ ਰਿਪੋਰਟ, ਪਾਕਿਸਤਾਨੀ ਫੌਜ ’ਚ ਰਹੇ ਹਨ। ਤਲਾਸ਼ੀ ਦੌਰਾਨ ਸੀਮਾ ਕੋਲ ਦੋ ਪਾਸਪੋਰਟ ਅਤੇ 4 ਮੋਬਾਇਲ ਫੋਨ ਵੀ ਮਿਲੇ ਹਨ। ਨਾਲ ਹੀ ਕਈ ਦਸਤਾਵੇਜ਼ਾਂ ’ਚ ਉਸ ਦੀ ਉਮਰ ਵੱਖ -ਵੱਖ ਲਿਖੀ ਹੋਈ ਹੈ। ਜਿਸ ਤਰ੍ਹਾਂ ਸੀਮਾ ਮੀਡੀਆ ਰਿਪੋਰਟ ਅਨੁਸਾਰ ਕਰਾਚੀ ’ਚ ਆਪਣੀ ਜਾਇਦਾਦ ਵੇਚ ਕੇ ਉਸ ਨਾਲ ਧਨ ਇਕੱਠਾ ਕਰਨ ਅਤੇ ਫਿਰ ਆਪਣੇ ਚਾਰਾਂ ਬੱਚਿਆਂ ਨਾਲ ਪਾਕਿਸਤਾਨ ਤੋਂ ਵਾਇਆ ਦੁਬਈ ਨੇਪਾਲ ਪਹੁੰਚੀ ਅਤੇ ਫਿਰ ਉੱਥੋਂ ਗ੍ਰੇਟਰ ਨੋਇਡਾ ਲਈ ਬੱਸ ਲਈ, ਉਸ ’ਤੇ ਵਿਸ਼ਵਾਸ ਨਹੀਂ ਹੁੰਦਾ। ਸ਼ੱਕ ਪ੍ਰਗਟ ਕਰਨ ਵਾਲਿਆਂ ਦਾ ਸਵਾਲ ਹੈ ਕਿ ਸੀਮਾ ਇਹ ਸਭ ਬਿਨਾਂ ਕਿਸੇ ਮਦਦ ਤੋਂ ਕਿਵੇਂ ਕਰ ਸਕਦੀ ਹੈ?

ਮੈਂ ਖੁਦ 2 ਮੌਕਿਆਂ ’ਤੇ ਬਤੌਰ ਰਾਜ ਸਭਾ ਮੈਂਬਰ ਪਾਕਿਸਤਾਨ ਦੀ ਯਾਤਰਾ ਕਰ ਚੁੱਕਾ ਹਾਂ। ਮੈਂ ਦੇਖਿਆ ਕਿ ਉੱਥੋਂ ਦੇ ਸਥਾਨਕ ਵਾਸੀਆਂ ’ਚ ਹਿੰਦੀ ਫਿਲਮਾਂ- ਸੀਰੀਅਲਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ। ਇਹੀ ਨਹੀਂ, ਪ੍ਰਚਲਿਤ ਪਾਕਿਸਤਾਨੀ ਸੀਰੀਅਲਾਂ ’ਚ ਵੀ ਢੁੱਕਵੇਂ ਥਾਵਾਂ ’ਤੇ ਹਿੰਦੀ ਫਿਲਮਾਂ ਦੇ ਗਾਣਿਆਂ ਦੀ ਵਰਤੋਂ ਹੁੰਦੀ ਹੈ। ਅਕਸਰ ਭਾਰਤੀ ਫਿਲਮਾਂ ਤੋਂ ਪ੍ਰਭਾਵਿਤ ਪਾਕਿਸਤਾਨੀ ਪ੍ਰੰਪਰਾ, ਵੰਸ਼, ਸੈਨਾ, ਅਟੁੱਟ ਅੰਗ, ਸੀਮਾ ਆਦਿ ਸ਼ਬਦਾਂ ਦੀ ਆਪਣੀ ਰੋਜ਼ਾਨਾ ਦੀ ਬੋਲਚਾਲ ਦੀ ਭਾਸ਼ਾ ’ਚ ਵਰਤੋਂ ਕਰਦੇ ਹਨ। ਦੋਵਾਂ ਦੇਸ਼ਾਂ ਦੇ ਖਾਣ-ਪੀਣ ’ਚ ਵੀ ਜ਼ਿਆਦਾ ਫਰਕ ਨਹੀਂ ਹੈ। ਇਸ ਲਈ ਮੈਨੂੰ ਸੀਮਾ ਵੱਲੋਂ ਗੱਲਬਾਤ ’ਚ ਹਿੰਦੀ ਸ਼ਬਦਾਂ ਦੀ ਵਰਤੋਂ ਕਰਨਾ ਹੈਰਾਨੀਜਨਕ ਨਹੀਂ ਲੱਗਾ।

ਭਾਰਤ ’ਚ ਜੋ ਸਮੂਹ ਸੀਮਾ ਦੀ ਨੀਅਤ ’ਤੇ ਸਵਾਲ ਖੜ੍ਹਾ ਕਰ ਰਹੇ ਹਨ ਉਹ ਉਨ੍ਹਾਂ ਅਣਗਿਣਤ ਲੋਕਾਂ ਬਾਰੇ ਕੀ ਕਹਿਣਗੇ ਜੋ ਬੰਗਲਾਦੇਸ਼, ਮਿਆਂਮਾਰ ਅਤੇ ਚੀਨ ਵੱਲੋਂ ਕੰਟਰੋਲ ਤਿੱਬਤ ਦੇ ਸ਼ਰਨਾਰਥੀ, ਚੀਨੀ ਨਾਗਿਰਕ ਬਿਨਾਂ ਰੋਕ ਟੋਕ ਨਾਜਾਇਜ਼ ਪ੍ਰਕਿਰਿਆ ਅਪਣਾ ਕੇ ਨਾ ਸਿਰਫ ਭਾਰਤ ਆ ਜਾਂਦੇ ਹਨ ਬਲਕਿ ਥੋੜ੍ਹੇ ਸਮੇਂ ਲਈ ਆਪਣੀ ਨਕਲੀ ਭਾਰਤੀ ਪਛਾਣ ਬਣਾਉਣ ਲਈ ਭ੍ਰਿਸ਼ਟ ਅਧਿਕਾਰੀਆਂ-ਕਰਮਚਾਰੀਆਂ ਨਾਲ ਜੋੜ-ਤੋੜ ਕਰ ਕੇ ਆਧਾਰ ਕਾਰਡ ਆਦਿ ਸਰਕਾਰੀ ਦਸਤਾਵੇਜ਼ ਵੀ ਬਣਾ ਲੈਂਦੇ ਹਨ। ਅਜਿਹੇ ’ਚ ਜੇ ਕੋਈ ਪਾਕਿਸਤਾਨੀ ਨੇਪਾਲ ਦੇ ਰਸਤੇ ਭਾਰਤ ਆ ਜਾਵੇ ਤਾਂ ਹੈਰਾਨੀ ਕਿਸ ਗੱਲ ਦੀ? ਨਵੰਬਰ 2016 ’ਚ ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ 2 ਕਰੋੜ ਨਾਜਾਇਜ਼ ਬੰਗਲਾਦੇਸ਼ੀ ਪ੍ਰਵਾਸੀ, ਜ਼ਿਆਦਾਤਰ ਮੁਸਲਮਾਨ ਨਾਜਾਇਜ਼ ਤੌਰ ’ਤੇ ਵੱਸੇ ਹੋਏ ਹਨ। ਕੁਝ ਅਪਵਾਦਾਂ ਅਤੇ ਅਟੱਲ ਹਾਲਾਤ ਨੂੰ ਛੱਡ ਕੇ ਸ਼ਾਇਦ ਹੀ ਭਾਰਤ ’ਚ ਨਾਜਾਇਜ਼ ਘੁਸਪੈਠੀਆਂ ਦੀ ਗ੍ਰਿਫਤਾਰੀ ਜਾਂ ਫਿਰ ਉਨ੍ਹਾਂ ਨੂੰ ਦੇਸ਼ ’ਚੋਂ ਬਾਹਰ ਕੱਢਣ ਦੇ ਗੰਭੀਰ ਸਬੂਤ ਮਿਲਣਗੇ।

ਅਖੀਰ ਸੀਮਾ ਹੈਦਰ ਦਾ ਭਾਂਡਾ ਕਿਸ ਨੇ ਭੰਨਿਆ? ਕੀ ਉਸ ਨੂੰ ਖੂਫੀਆ ਸੂਚਨਾ ਦੇ ਆਧਾਰ ’ਤੇ ਫੜਿਆ ਗਿਆ? ਸੀਮਾ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਇਸੇ ਸਾਲ ਮਈ ’ਚ ਨੇਪਾਲ ਤੋਂ ਗ੍ਰੇਟਰ ਨੋਇਡਾ ਸਥਿਤ ਰਬੂਪੁਰਾ ਪਿੰਡ ’ਚ ਆਪਣੇ ਪ੍ਰੇਮੀ ਸਚਿਨ ਦੇ ਘਰ ਪਹੁੰਚ ਗਈ ਸੀ। ਉਹ ਚਾਹੁੰਦੀ ਤਾਂ ਕਿਸੇ ਦੂਸਰੇ ਹਿੰਦੀ ਭਾਸ਼ੀ ਸੂਬੇ ਤੋਂ ਹੋਣ ਦੀ ਕਹਾਣੀ ਘੜ ਕੇ ਚੁੱਪ ਚਾਪ ਰਹਿ ਸਕਦੀ ਸੀ। ਤਦ ਉਸ ਨੂੰ ਨਾ ਕੋਈ ਸਵਾਲ ਪੁੱਛਦਾ ਅਤੇ ਨਾ ਹੀ ਕੋਈ ਸ਼ੱਕ ਕਰਦਾ ਪਰ ਸੀਮਾ ਸਚਿਨ ਨਾਲ ਆਪਣੇ ਪਿਆਰ ਨੂੰ ਵਿਆਹ ਦਾ ਰੂਪ ਦੇਣਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੇ ਕੋਰਟ ਮੈਰਿਜ ਲਈ ਅਰਜ਼ੀ ਦਿੱਤੀ। ਜਦ 30 ਜੂਨ ਨੂੰ ਦੋਵਾਂ ਨੇ ਵਕੀਲ ਨੂੰ ਵਿਆਹ ਲਈ ਜ਼ਰੂਰੀ ਦਸਤਾਵੇਜ਼ ਸੌਂਪੇ ਤਾਂ ਸੀਮਾ ਦੇ ਪਾਕਿਸਤਾਨੀ ਹੋਣ ਦਾ ਖੁਲਾਸਾ ਹੋਇਆ। ਜੇ ਸੀਮਾ ਕੋਈ ਟ੍ਰੇਂਡ ਜਾਸੂਸ ਹੁੰਦੀ ਅਤੇ ਇੱਥੇ ਉਸ ਦਾ ਕੋਈ ਹੈਂਡਲਰ (ਉਸ ਨੂੰ ਹਦਾਇਤਾਂ ਦੇਣ ਵਾਲਾ) ਹੁੰਦਾ ਤਾਂ ਕੀ ਉਹ ਅਜਿਹੀ ਮੂਰਖਤਾ ਕਰਦੀ? ਹਰ ਭਾਰਤੀ ਨਿਊਜ਼ ਚੈਨਲ, ਅਖਬਾਰਾਂ ਅਤੇ ਸੋਸ਼ਲ ਮੀਡੀਆ ’ਤੇ ਸੀਮਾ ਹੈਦਰ ਦੀ ਤਸਵੀਰ ਵਾਇਰਲ ਹੈ। ਰਾਹ ਜਾਂਦੇ ਲੋਕ ਵੀ ਉਸ ਨੂੰ ਪਛਾਣ ਸਕਦੇ ਹਨ। ਜਾਸੂਸੀ ਬੇਹੱਦ ਗੁਪਤ ਅਤੇ ਖਤਰਿਆਂ ਨਾਲ ਭਰਿਆ ਧੰਦਾ ਹੈ। ਜਾਸੂਸ ਆਪਣੀ ਪਛਾਣ ਕਈ ਪਰਤਾਂ ’ਚ ਲੁਕੋ ਕੇ ਰੱਖਦੇ ਹਨ। ਜੇ ਫਿਰ ਵੀ ਸੀਮਾ ਜਾਸੂਸ ਨਿਕਲਦੀ ਹੈ ਤਾਂ ਬਿਨਾਂ ਸ਼ੱਕ ਉਹ ਲੀਕ ਤੋਂ ਬਹੁਤ ਹਟ ਕੇ ਹੋਵੇਗੀ।

ਜਿਹਾ ਕਿ ਆਸ ਸੀ, ਜ਼ਿਆਦਾਤਰ ਪਾਕਿਸਤਾਨੀ ਲੋਕ ਸੀਮਾ ਹੈਦਰ ਦੇ ਖੂਨ ਦੇ ਪਿਆਸੇ ਹੋ ਗਏ ਹਨ। ਅਜਿਹਾ ਇਸ ਲਈ ਹੈ ਕਿਉਂਕਿ ਇਕ ਹਿੰਦੂ ਲੜਕੇ ਦੇ ਪਿਆਰ ’ਚ ਸੀਮਾ ਨਾ ਸਿਰਫ ਭਾਰਤ ਪਹੁੰਚ ਗਈ ਬਲਕਿ ਆਪਣੀ ਇੱਛਾ ਨਾਲ ਹਿੰਦੂ ਤਕ ਬਣ ਗਈ। ਹੁਣ ਇਕ ਹਿੰਦੂ ਲੜਕੇ ਲਈ ਆਪਣੇ ਮੁਸਲਾਮ ਪਤੀ ਨੂੰ ਛੱਡ ਣਾ ਪੂਰੇ ਪਾਕਿਸਤਾਨ ’ਚ ਮਰਦਾਨਗੀ ਦੇ ਨਿਰਾਦਰ ਦਾ ਵਿਸ਼ਾ ਬਣ ਗਿਆ ਹੈ। ਇਸਲਾਮੀ ਮਾਨਤਾਵਾਂ ਅਨੁਸਾਰ ਸੀਮਾ ਦਾ ਅਪਰਾਧ ‘ਸ਼ਿਰਕ’ (ਅੱਲ੍ਹਾ ਨਾਲ ਕਿਸੇ ਹੋਰ ਈਸ਼ਵਰ ਦੀ ਅਰਾਧਨਾ) ਹੈ, ਜਿਸ ਦੀ ਸਜ਼ਾ ਸਿਰਫ ਮੌਤ ਹੈ। ਸੀਮਾ ਦੀ ਖੁਣਸ ਪਾਕਿਸਤਾਨ ’ਚ ਬਚੇ-ਖੁਚੇ ਮੰਦਰਾਂ ’ਤੇ ਹਮਲਾ ਕਰ ਕੇ ਅਤੇ ਹਿੰਦੂ ਬੇਟੀਆਂ, ਜ਼ਿਆਦਾਤਰ ਦਲਿਤਾਂ ਨਾਲ ਜਬਰ-ਜ਼ਨਾਹ ਕਰਨ ਦੀ ਧਮਕੀ ਦੇ ਕੇ ਕੱਢੀ ਜਾ ਰਹੀ ਹੈ। ਭਾਰਤ ’ਚ ਸਚਿਨ-ਸੀਮਾ ਪ੍ਰਕਿਰਿਆ ’ਤੇ ਆਪੇ ਬਣੇ ਸੈਕੂਲਰਵਾਦੀ ਘੱਟ-ਵੱਧ ਚੁੱਪ ਹਨ ਿਕਉਂਕਿ ਲੜਕਾ ਹਿੰਦੂ ਅਤੇ ਲੜਕੀ ਮੁਸਲਮਾਨ, ਇਸ ਲਈ ਇਹ ਘਟਨਾਕ੍ਰਮ ਉਨ੍ਹਾਂ ਦੇ ਨੈਰੇਟਿਵ, ਵਿਚਾਰਾਂ ਦੇ ਅਨੁਕੂਲ ਨਹੀਂ ਦਿੱਸਦਾ। ਕੁਝ ਲੋਕਾਂ ਦਾ ਸਵਾਲ ਹੈ ਕਿ ਚਾਰ ਬੱਚਿਆਂ ਦੀ ਮਾਂ ਕਿਵੇਂ ਆਪਣੀ ਉਮਰ ਤੋਂ 5 ਸਾਲ ਛੋਟੇ ਸਚਿਨ ਲਈ ਪਹਿਲੇ ਪਤੀ ਨੂੰ ਛੱਡ ਸਕਦੀ ਹੈ? ਅਜਿਹਾ ਪੁੱਛਣ ਵਾਲੇ ਭੁੱਲ ਜਾਂਦੇ ਹਨ ਕਿ ਪਿਆਰ ਅੰਨਾ ਹੁੰਦਾ ਹੈ। ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੀ ਪਤਨੀ ਬ੍ਰਿਗਿਟ ਨੇ 3 ਬਾਲਗ ਬੱਚਿਆਂ ਦੀ ਮਾਂ ਹੋ ਕੇ 32 ਸਾਲ ਪੁਰਾਣੇ ਵਿਆਹੁਤਾ ਜੀਵਨ ਨੂੰ ਸਮਾਪਤ ਕਰ ਕੇ ਆਪਣੇ ਪ੍ਰੇਮ ਖਾਤਰ ਆਪਣੀ ਉਮਰ ਤੋਂ 25 ਸਾਲ ਛੋਟੇ ਅਤੇ ਇਕ ਸਮੇਂ ਉਸ ਦੇ ਵਿਦਿਆਰਥੀ ਰਹੇ ਮੈਕਰੋਂ ਨਾਲ ਦੂਜਾ ਵਿਆਹ ਕੀਤਾ ਹੈ। ਬ੍ਰਿਗਿਟ ਦਾ ਵੱਡਾ ਬੇਟਾ ਸੇਬੈਸਟੀਅਨ ਆਪਣੇ ਮਤਰੇਏ ਪਿਤਾ ਇਮੈਨੂਅਲ ਤੋਂ 2 ਸਾਲ ਵੱਡਾ ਹੈ। ਜਦ ਇਮੈਨੂਅਲ-ਬ੍ਰਿਗਿਟ ਦਾ ਵਿਆਹ ਪ੍ਰਵਾਨ ਹੈ ਤਾਂ ਸੀਮਾ-ਸਚਿਨ ’ਤੇ ਸਵਾਲ ਕਿਉਂ? (ਲੇਖਕ ਸੀਨੀਅਰ ਕਾਲਮਨਵੀਸ, ਸਾਬਕਾ ਰਾਜ ਸਭਾ ਸੰਸਦ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਉਪ-ਪ੍ਰਧਾਨ ਹਨ)

ਬਲਬੀਰ ਪੁੰਜ


Rakesh

Content Editor

Related News