ਪ੍ਰਸ਼ਾਂਤ ਭੂਸ਼ਣ ਨੂੰ ਸਜ਼ਾ ਦੇਣੀ ਜ਼ਰੂਰੀ ਹੈ?
Tuesday, Aug 18, 2020 - 03:49 AM (IST)

ਡਾ. ਵੇਦਪ੍ਰਤਾਪ ਵੈਦਿਕ
ਬਹੁ-ਚਰਚਿਤ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਸੁਪਰੀਮ ਕੋਰਟ ਨੇ ਆਪਣੀ ਮਾਣਹਾਨੀ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਸਜ਼ਾ ਵੀ ਦਿੱਤੀ ਜਾਵੇਗੀ। ਉਨ੍ਹਾਂ ਦਾ ਦੋਸ਼ ਇਹ ਦੱਸਿਆ ਗਿਆ ਕਿ ਉਨ੍ਹਾਂ ਨੇ ਕੁਝ ਜੱਜਾਂ ਨੂੰ ਭ੍ਰਿਸ਼ਟ ਕਿਹਾ ਹੈ ਅਤੇ ਮੌਜੂਦਾ ਚੀਫ ਜਸਟਿਸ ’ਤੇ ਵੀ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ ਸੀ। ਇਹ ਗੱਲ ਤਾਂ ਬਿਲਕੁਲ ਠੀਕ ਹੈ ਕਿ ਕਿਸੇ ਵੀ ਨੇਤਾ ਜਾਂ ਜੱਜ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਐਂਵੇ ਹੀ ਨਹੀਂ ਲਗਾ ਦਿੱਤਾ ਜਾਣਾ ਚਾਹੀਦਾ ਅਤੇ ਉਨ੍ਹਾਂ ਦੇ ਬਾਰੇ ’ਚ ਬੇਲਗਾਮ ਭਾਸ਼ਾ ਦੀ ਵੀ ਵਰਤੋਂ ਨਹੀਂ ਹੋਣੀ ਚਾਹੀਦੀ ਪਰ ਇਹ ਵੀ ਸੱਚ ਹੈ ਕਿ ਕੋਈ ਦੁੱਧ ਦਾ ਧੋਤਾ ਹੈ ਜਾਂ ਨਹੀਂ, ਇਸ ਤੱਥ ’ਤੇ ਸੰਦੇਹ ਦੀ ਉਂਗਲੀ ਹਮੇਸ਼ਾ ਉੱਠੀ ਰਹਿਣੀ ਚਾਹੀਦੀ ਹੈ, ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਭਾਰਤ ਦੀ ਸਰਕਾਰ, ਪ੍ਰਸ਼ਾਸਨ ਅਤੇ ਅਦਾਲਤਾਂ ਸਵੱਛ ਰਹਿਣਾ ਅਸੰਭਵ ਹੋਵੇਗਾ। ਨੇਤਾ, ਅਫਸਰ ਅਤੇ ਜੱਜ ਵੀ ਆਮ ਆਦਮੀਆਂ ਵਾਂਗ ਇਨਸਾਨ ਹੀ ਤਾਂ ਹਨ। ਇਹ ਕੋਈ ਆਸਮਾਨ ਤੋਂ ਉਤਰੇ ਹੋਏ ਫਰਿਸ਼ਤੇ ਨਹੀਂ ਹਨ। ਇਹ ਵੀ ਸੱਚ ਹੈ ਕਿ ਤਿਲਕਦਾ ਤਾਂ ਉਹੀ ਹੈ ਜੋ ਪੌੜੀ ’ਤੇ ਚੜ੍ਹਿਆ ਹੰੁਦਾ ਹੈ। ਸੱਤਾ ਦੇ ਸਿੰਘਾਸਨ ’ਤੇ ਬੈਠੇ ਹੋਏ ਇਨ੍ਹਾਂ ਲੋਕਾਂ ’ਤੇ ਪ੍ਰਸ਼ਾਂਤ ਭੂਸ਼ਣ ਵਰਗੇ ਲੋਕ ਹੀ ਰੋਕ ਲਗਾਉਂਦੇ ਰਹਿੰਦੇ ਹਨ। ਡਾ. ਲੋਹੀਆ ਅਤੇ ਮਧੂ ਲਿਮਯੇ ਵਰਗੇ ਸੰਸਦ ਮੈਂਬਰ ਅਤੇ ਡਾਕਟਰ ਅਰੁਣ ਸ਼ੋਰੀ ਵਰਗੇ ਪੱਤਰਕਾਰ ਹੀ ਇਨ੍ਹਾਂ ਦੇ ਬਖੀਏ ਉਧੜਦੇ ਰਹਿੰਦੇ ਹਨ।
ਸਿਆਸਤ ਦੇ ਬਾਰੇ ’ਚ ਤਾਂ ਸਾਰੇ ਲੋਕ ਮੰਨਣ ਲੱਗਦੇ ਹਨ ਕਿ ਉਹ ਭ੍ਰਿਸ਼ਟਾਚਾਰ ਦੇ ਬਿਨਾਂ ਚਲ ਹੀ ਨਹੀਂ ਸਕਦੀ ਪਰ ਸਾਡੇ ਜੱਜਾਂ ਬਾਰੇ ’ਚ ਅਜਿਹਾ ਨਹੀਂ ਕਿਹਾ ਜਾ ਸਕਦਾ। ਵਧੇਰੇ ਜੱਜ ਨਿਰਪੱਖ, ਨਿਡਰ ਅਤੇ ਨਿਰਸਵਾਰਥ ਹੁੰਦੇ ਹਨ ਪਰ ਕੁਝ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ’ਤੇ ਸੰਸਦ ਨੂੰ ਮਹਾਦੋਸ਼ ਚਲਾਉਣਾ ਪੈਂਦਾ ਹੈ ਅਤੇ ਹਾਈਕੋਰਟ ਦੇ 2 ਜੱਜ ਅਜਿਹੇ ਵੀ ਹਨ, ਜਿਨ੍ਹਾਂ ਨੂੰ ਸੰਸਦ ਨੇ ਦੋਸ਼ੀ ਪਾਇਆ ਅਤੇ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ। ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਦੇ 4 ਜੱਜਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। 1964 ’ਚ ਇਕ ਸੰਸਦੀ ਕਮੇਟੀ ਨੇ ਮੰਨਿਆ ਸੀ ਕਿ ਨਿਆਪਾਲਿਕਾ ’ਚ ਭ੍ਰਿਸ਼ਟਾਚਾਰ ਹੁੰਦ ਾ ਹੈ। 2 ਸਰਬ ਉੱਚ ਜੱਜਾਂ ਨੇ ਵੀ ਅਜਿਹਾ ਹੀ ਕਿਹਾ ਸੀ। ਭ੍ਰਿਸ਼ਟਾਚਾਰ ਦਾ ਅਰਥ ਸਿਰਫ ਰਿਸ਼ਵਤਖੋਰੀ ਹੀ ਨਹੀਂ ਹੈ। ਸੇਵਾ-ਮੁਕਤ ਹੁੰਦੇ ਹੀ ਜੱਜਾਂ ਦਾ ਰਾਜਪਾਲ ਜਾਂ ਰਾਜ ਸਭਾ ਮੈਂਬਰ ਜਾਂ ਰਾਜਦੂਤ ਬਣ ਜਾਣਾ ਕਿਹੜੀ ਪ੍ਰਵਿਰਤੀ ਦਾ ਸੂਚਕ ਹੈ? ਸੀਨੀਅਰਾਂ ਦੀ ਅਣਦੇਖੀ ਅਤੇ ਜੂਨੀਅਰਾਂ ਦੀ ਤਰੱਕੀ ਕਿਸ ਗੱਲ ਵੱਲ ਸੰਕੇਤ ਕਰਦੀ ਹੈ। ਕਿਸੇ ਵਿਅਕਤੀ ਨੂੰ ਖੁਸ਼ ਕਰਨ ਲਈ ਕਈ ਜੱਜ ਕੀ-ਕੀ ਫੈਸਲੇ ਨਹੀਂ ਦੇ ਦਿੰਦੇ? ਅਸੀਂ ਐਮਰਜੈਂਸੀ ’ਚ ਇਹ ਸਭ ਕੁਝ ਹੁੰਦੇ ਹੋਏ ਦੇਖਿਆ ਸੀ ਜਾਂ ਨਹੀਂ? ਇਸ ਲਈ ਪ੍ਰਸ਼ਾਂਤ ਭੂਸ਼ਣ ਦੇ ਦੋਸ਼ਾਂ ਨਾਲ ਨਾਰਾਜ਼ ਹੋਣ ਦੀ ਬਜਾਏ ਜੱਜਾਂ ਨੂੰ ਨਿਆਪਾਲਿਕਾ ਦੇ ਕੰਮਕਾਜ ਨੂੰ ਸੁਧਾਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਸ਼ਾਂਤ ਭੂਸ਼ਣ ਨੂੰ ਦੋਸ਼ ਤਾਂ ਦੇ ਹੀ ਦਿੱਤਾ ਹੈ, ਕੀ ਉਨ੍ਹਾਂ ਨੂੰ ਸਜ਼ਾ ਦੇਣੀ ਵੀ ਜ਼ਰੂਰੀ ਹੈ? ਪ੍ਰਸ਼ਾਂਤ ਭੂਸ਼ਣ ਨੇ ਸਪੱਸ਼ਟ ਕਿਹਾ ਹੈ ਕਿ ਉਹ ਅਦਾਲਤ ਦੀ ਮਾਣਹਾਨੀ ਕਿਸੇ ਵੀ ਤਰ੍ਹਾਂ ਨਹੀਂ ਕਰਨੀ ਚਾਹੁੰਦੇ।