22 ਮਈ, 2017 ਲਈ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਸਬੰਧੀ ਵਿਸ਼ੇਸ਼।

06/14/2018 2:40:45 PM

ਸਾਲ 2017 ਦਾ ਮੁੱਖ ਵਿਸ਼ਾ ਹੈ ਜੈਵਿਕ ਵਿਭਿੰਨਤਾ ਅਤੇ ਟੂਰਿਜ਼ਮ ਨੂੰ ਕਾਇਮ ਰੱਖਣਾ।।
ਇਸ ਧਰਤੀ ਤੇ 3 ਤੋਂ 5 ਕਰੋੜ ਪ੍ਰਜਾਤੀਆਂ 'ਚੋਂ ਲਗਭਗ 100 ਪ੍ਰਜਾਤੀਆਂ ਰੋਜ਼ਾਨਾ ਖਤਮ ਹੁੰਦੀਆਂ ਜਾ ਰਹੀਆਂ ਹਨ।
ਜੰਗਲਾਂ ਦੀ ਕਟਾਈ ਤੋਂ ਹਰ ਸਾਲ ਲਗਭਗ 50000 ਭਾਵ ਹਰ ਰੋਜ਼ ਲਗਭਗ 140 ਜੀਵਾਂ ਦਾ ਵਿਨਾਸ਼ ਹੋ ਰਿਹਾ ਹੈ।
ਜੇਕਰ ਜੰਗਲਾਂ ਦੇ ਵਿਨਾਸ਼ ਨੂੰ ਨਾ ਰੋਕਿਆ ਗਿਆ ਤਾਂ 21ਵੀਂ ਸਦੀ ਦੇ ਸ਼ੁਰੂ 'ਚ ਲਗਭਗ 2250 ਲੱਖ ਹੈਕਟੇਅਰ ਖੇਤਰ 'ਚ ਫੈਲੇ ਜੰਗਲਾਂ ਦੇ ਨਸ਼ਟ ਹੋ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਸੰਪੂਰਨ ਵਿਸ਼ਵ ਦੇ ਲਗਭਗ 10 ਤੋਂ 20 ਫੀਸਦੀ ਬਨਸਪਤੀ ਅਤੇ ਜੀਵ-ਜੰਤੂ ਖਤਮ ਹੋ ਜਾਣਗੇ। 
ਧਰਤੀ 'ਤੇ ਮਿਲਣ ਵਾਲੇ ਜੀਵ ਜੰਤੂਆਂ ਅਤੇ ਪੌਦਿਆਂ ਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਮਨੁੱਖ ਦੁਆਰਾ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਅਤੇ ਵਿਕਾਸ ਲਈ ਵਰਤੋਂ ਕੀਤੀ ਜਾਂਦੀ ਹੈ। 
ਮਨੁਖੀ ਹੋਂਦ ਦੀ ਰੱਖਿਆ ਦੇ ਲਈ ਜੀਵ-ਵਿਭਿੰਨਤਾ ਦੀ ਸੁਰੱਖਿਆ ਜ਼ਰੂਰੀ ਹੈ।
ਪੰਜਾਬ ਰਾਜ ਜੀਵ-ਵਿਭਿੰਨਤਾ ਲਈ ਪ੍ਰਸਿੱਧ ਸੀ ਪਰ ਅਜੋਕੇ ਖੇਤੀਬਾੜੀ ਪ੍ਰਬੰਧ ਨੇ ਜੀਵ-ਵਿਭਿੰਨਤਾ ਨੂੰ ਵੱਡੇ ਪੱਧਰ ਤੇ ਖੋਰਾ ਲਾਇਆ ਹੈ।
ਸਾਲ 1992 ਤੋਂ ਹਰ ਸਾਲ 22 ਮਈ ਦਾ ਦਿਨ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਦੇ ਤੋਰ 'ਤੇ ਮਨਾਇਆ ਜਾਂਦਾ ਹੈ। ਇਸ ਦੀ  ਸ਼ੁਰੂਆਤ ਰਿਓ ਡੀ ਜਨੇਰੋ ਵਿਖੇ ਸਾਲ 1992 ਨੂੰ ਕਰਵਾਏ ਗਏ ਧਰਤੀ ਸੰਮੇਲਨ ਤੋਂ ਹੋਈ। ਇਸ ਸਾਲ ਦਾ ਮੁੱਖ ਵਿਸ਼ਾ ਹੈ ਜੈਵਿਕ ਵਿਭਿੰਨਤਾ ਅਤੇ ਟੂਰਿਜ਼ਮ ਨੂੰ ਕਾਇਮ ਰੱਖਣਾ। ਧਰਤੀ ਉੱਤੇ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਕਿਸਮ ਦੇ ਪੌਦੇ ਅਤੇ ਜੀਵ-ਜੰਤੂ ਆਪਣੇ ਕੁਦਰਤੀ ਨਿਵਾਸ 'ਚ ਰਹਿੰਦੇ ਹਨ। ਜੀਵ ਵਿਭਿੰਨਤਾ ਸ਼ਬਦ ਆਮ ਤੌਰ ਤੇ ਕੁਦਰਤੀ ਜਾਂ ਜੈਵਿਕ ਧਨ ਲਈ ਵਰਤਿਆ ਜਾਂਦਾ ਹੈ, ਜਿਸ 'ਚ ਮਨੁੱਖ ਸਮੇਤ ਸਭ ਜੀਵ-ਜੰਤੂ ਅਤੇ ਪੌਦੇ ਸ਼ਾਮਲ ਹਨ। ਧਰਤੀ ਤੇ ਮਿਲਣ ਵਾਲੇ ਜੀਵ ਜੰਤੂਆਂ ਅਤੇ ਪੌਦਿਆਂ ਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਮਨੁੱਖ ਦੁਆਰਾ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਅਤੇ ਵਿਕਾਸ ਲਈ ਵਰਤੋਂ ਕੀਤੀ ਜਾਂਦੀ ਹੈ। ਜੀਵ ਵਿਭਿੰਨਤਾ ਦੇ ਪਿਤਾਮਾ ਕਹੇ ਜਾਂਦੇ ਪ੍ਰਸਿੱਧ ਅਮਰੀਕੀ ਵਿਗਿਆਨੀ ਈ. ਓ. ਵਿਲਸਨ ਨੇ ਜੀਵ ਵਿਭਿੰਨਤਾ ਨੂੰ ਜੀਵਨ ਦਾ ਕੱਚਾ ਮਾਲ ਮੰਨਿਆ ਹੈ। ਕਾਈ ਤੋਂ ਬੋਹੜ ਦੇ ਰੁੱਖ, ਕੀਟਾਣੂਆਂ ਤੋਂ ਹਾਥੀ ਅਤੇ ਵੇਲ ਮੱਛੀ ਤੱਕ ਜੀਵਾਂ ਦੀ ਅਨੇਕਤਾ ਹੀ ਧਰਤੀ ਨੂੰ ਸੁਰੱਖਿਅਤ ਰੱਖਦੀ ਹੈ। ਸਾਡੀ ਆਪਣੀ ਹੋਂਦ ਲਈ ਵੀ ਜੀਵ ਵਿਭਿੰਨਤਾ ਜ਼ਰੂਰੀ ਹੈ। ਭਾਰਤੀ ਆਯੁਰਵੇਦ ਦੇ ਪਿਤਾਮਾ ਚਰਕ ਨੇ ਆਪਣੀ ਕਿਤਾਬ ਚਰਕ ਸਮੀਹਤਾ 'ਚ ਜੀਵਾਂ ਦੀ 200 ਅਤੇ ਪੌਦਿਆਂ ਦੀਆਂ 340 ਕਿਸਮਾਂ ਦਾ ਹੀ ਵਰਣਨ ਕੀਤਾ ਹੈ। ਇਕ ਅੰਦਾਜ਼ੇ ਮੁਤਾਬਕ ਜੀਵ ਵਿਭਿੰਨਤਾ ਦੀ ਇਹ ਗਿਣਤੀ ਲਗਭਗ ਇਕ ਕਰੋੜ ਛੱਤੀ ਲੱਖ ਵੀਹ ਹਜ਼ਾਰ ਹੈ ਜਦੋਂ ਕਿ ਵਿਗਿਆਨੀ ਹੁਣ ਤੱਕ ਸਿਰਫ 17 ਲੱਖ ਕਿਸਮਾਂ ਹੀ ਲੱਭ ਸਕੇ ਹਨ। ਸਾਰੇ ਬ੍ਰਹਿਮੰਡ 'ਚ ਧਰਤੀ ਹੀ ਇਕ ਅਜਿਹਾ ਗ੍ਰਹਿ ਹੈ ਜਿੱਥੇ ਹਰ ਤਰਾਂ ਦਾ ਜੀਵਨ ਹੈ। ਇੱਥੇ ਸੂਖਮ ਪੌਦਿਆਂ ਤੋਂ ਲੈ ਕੇ ਵਿਸ਼ਾਲ ਪੌਦੇ ਮੌਜੂਦ ਹਨ, ਸੂਖਮ ਅਮੀਬਾ ਤੋਂ ਲੈ ਕੇ ਵਿਸ਼ਾਲ ਵੇਲ ਮੱਛੀ ਵਰਗੇ ਵਿਸ਼ਾਲ ਪ੍ਰਾਣੀ ਵੀ ਹਨ। ਇਹਨਾਂ ਜੀਵਾਂ 'ਚ ਮਨੁੱਖ ਦਾ ਸਥਾਨ ਸਭ ਤੋਂ ਉਪੱਰ ਅਤੇ ਪ੍ਰਮੁੱਖ ਹੈ। ਜੈਵ ਵਿਭਿੰਨਤਾ 'ਚ ਪੌਦਿਆਂ, ਪਸ਼ੂਆਂ ਅਤੇ ਸੂਖਮ ਜੀਵਾਂ ਦੀਆਂ ਸਾਰੀਆਂ ਪ੍ਰਜਾਤੀਆਂ ਅਤੇ ਪਰਿਸਥਿਤੀਆਂ ਅਤੇ ਉਸ ਨਾਲ ਸਬੰਧਤ ਸਾਰੀਆਂ ਪ੍ਰਕਿਰਿਆਵਾਂ ਸ਼ਾਮਿਲ ਹਨ। ਧਰਤੀ ਤੇ ਪ੍ਰਕਿਰਤੀ ਦਾ ਵਿਕਾਸ ਕਰੋੜਾਂ ਸਾਲਾਂ ਦੀ ਲੰਬੀ ਪ੍ਰਕਿਰਿਆਂ ਤੋਂ ਬਾਅਦ ਹੋਇਆ ਹੈ। ਧਰਤੀ ਤੇ ਵੱਖ ਵੱਖ ਕਿਸਮਾਂ ਦੇ ਜੀਵਾਂ ਦੀ ਉਤਪਤੀ ਹੋਈ ਅਤੇ ਇਹਨਾਂ 'ਚੋਂ ਕਈ ਜੀਵ ਸਮੇਂ-ਸਮੇਂ ਤੇ ਲੁਪਤ ਵੀ ਹੋ ਗਏ, ਜਿਵੇਂ ਡਾਇਨਾਸੋਰ ਅਤੇ ਉਸਦੀਆਂ ਹੋਰ ਪ੍ਰਜਾਤੀਆਂ ਅੱਜ ਤੋਂ ਲਗਭੱਗ 7.5 ਕਰੋੜ ਸਾਲ ਪਹਿਲਾਂ ਹੀ ਧਰਤੀ ਤੋਂ ਖਤਮ ਹੋ ਗਈਆਂ ਸਨ। ਜੈਵ-ਵਿਭਿੰਨਤਾ ਪ੍ਰਕਿਰਤਿਕ ਸੰਤੁਲਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜੈਵਿਕ ਵਿਭਿੰਨਤਾ ਪ੍ਰਜਾਤੀਆਂ ਦੀ ਵਿਭਿੰਨਤਾ ਬਣਾਈ ਰੱਖਣ 'ਚ ਵੀ ਇਕ ਮਹੱਤਵਪੂਰਨ ਹਥਿਆਰ ਦੇ ਤੌਰ 'ਤੇ ਕੰਮ ਕਰਦੀ ਹੈ। ਭੂਮੀ ਦੀ ਉਪਜਾਊ ਸ਼ਕਤੀ ਬਣਾ ਕੇ ਰੱਖਣਾ, ਜਲ ਦੀ ਅਪੂਰਤੀ ਨੂੰ ਸੰਤੁਲਿਤ ਰੱਖਣਾ, ਜਲਵਾਯੂ ਚੱਕਰ ਨੂੰ ਨਿਯਮਿਤ ਬਣਾ ਕੇ ਰੱਖਣਾ, ਨਮੀ ਨੂੰ ਕਾਇਮ ਰੱਖਣਾ ਅਤੇ ਕਚਰੇ ਨੂੰ ਨਿਯੰਤਰਿਤ ਕਰਨਾ ਆਦਿ ਜੈਵ-ਵਿਭਿੰਨਤਾ ਨਾਲ ਹੀ ਸੰਭਵ ਹੈ। ਜੈਵ-ਵਿਭਿੰਨਤਾ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ। ਜੈਵ-ਵਿਭਿੰਨਤਾ ਕੀਟਾਂ ਅਤੇ ਰੋਗਾਂ ਤੋਂ ਬਚਾਓੇ ਲਈ ਅਤਿ ਜ਼ਰੂਰੀ ਹੈ। ਮਨੁਖੀ ਜਨਸੰਖਿਆ 'ਚ ਪਿਛਲੇ ਕੁਝ ਦਹਾਕਿਆਂ ਦੌਰਾਨ ਅਥਾਹ ਵਾਧਾ ਹੋਇਆ ਹੈ ਅਤੇ ਇਸ ਜਨਸੰਖਿਆ ਦੇ ਵਾਧੇ ਦਾ ਭਾਰੀ ਦਬਾਅ ਅਤੇ ਪ੍ਰਭਾਵ ਜੈਵ-ਵਿਭਿੰਨਤਾ 'ਤੇ ਵੀ ਪਿਆ ਹੈ। ਮਨੁੱਖ ਸ਼ਾਇਦ ਵਰਤਮਾਨ ਯੁੱਗ ਦਾ ਸਭ ਤੋਂ ਵੱਧ ਤੇਜ਼ ਦਿਮਾਗ ਵਾਲਾ ਜੀਵ ਹੈ। ਆਪਣੇ ਵਿਕਾਸ ਲਈ ਉਸਨੇ ਹੋਰ ਜੀਵਾਂ ਦੇ ਜੀਵਨ ਦੀ ਬਹੁਤ ਹੀ ਜ਼ਿਆਦਾ ਅਣਦੇਖੀ ਕੀਤੀ ਹੈ, ਭੌਤਿਕਵਾਦ, ਸ਼ਹਿਰੀਕਰਣ ਅਤੇ ਉਦਯੋਗੀਕਰਨ ਦੀ ਦੋੜ 'ਚ ਕੁਦਰਤ ਦੇ ਸਾਰੇ ਨਿਯਮਾਂ ਦੀ ਅਣਦੇਖੀ ਕਰ ਦਿੱਤੀ ਹੈ। ਜਿਸ ਪ੍ਰਕਾਰ ਧਰਤੀ 'ਤੇ ਬਦਲਾਓ ਆ ਰਿਹਾ ਹੈ ਉਸੇ ਤਰਾਂ ਵਿਭਿੰਨ ਪ੍ਰਕਾਰ ਦੀਆਂ ਪ੍ਰਜਾਤੀਆਂ ਵੀ ਵਿਨਾਸ਼ ਦੇ ਮੂੰਹ 'ਚ ਜਾ ਰਹੀਆਂ ਹਨ। ਵਿਗਿਆਨੀਆਂ ਅਨੁਸਾਰ 3 ਤੋਂ 5 ਕਰੋੜ ਦੀਆਂ ਪ੍ਰਜਾਤੀਆਂ 'ਚੋਂ ਲਗਭਗ 100 ਪ੍ਰਜਾਤੀਆਂ ਧਰਤੀ ਤੋਂ ਰੋਜ਼ਾਨਾ ਖਤਮ ਹੁੰਦੀਆਂ ਜਾ ਰਹੀਆਂ ਹਨ ਅਤੇ ਇਸ ਦਾ ਮੁੱਖ ਕਾਰਨ ਖੇਤੀ ਨਾਲ ਸਬੰਧਿਤ ਪਰਿਯੋਜਨਾਵਾਂ, ਉਦਯੋਗਿਕ ਵਿਕਾਸ, ਬੰਨਾਂ ਦਾ ਨਿਰਮਾਣ, ਵਾਤਾਵਰਨ 'ਚ ਵਧ ਰਿਹਾ ਪ੍ਰਦੂਸ਼ਣ, ਭੂਮੀ ਖੋਰਨ ਆਦਿ ਹੈ। ਜੈਵਿਕ ਵਿਭਿੰਨਤਾ ਅਤੇ ਵਾਤਾਵਰਨ ਦੀ ਵਰਤਮਾਨ ਸਥਿਤੀ 'ਤੇ ਹੋਈ ਇਕ ਖੋਜ ਅਨੁਸਾਰ ਲਗਭਗ 170 ਕਰੋੜ ਹੈਕਟੇਅਰ ਇਲਾਕੇ 'ਚ ਜੈਵ-ਵਿਭਿੰਨਤਾ ਵਾਲੇ ਜੰਗਲ ਜ਼ਿਆਦਾਤਰ ਅਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ 'ਚ ਹੀ ਹਨ। ਇਸ ਅਨੁਸਾਰ, ਜੰਗਲਾਂ ਦੀ ਕਟਾਈ ਤੋਂ ਹਰ ਸਾਲ ਲਗਭਗ 50000 ਭਾਵ ਹਰ ਰੋਜ਼ 140 ਜੀਵਾਂ ਦਾ ਵਿਨਾਸ਼ ਹੋ ਰਿਹਾ ਹੈ। ਜੇਕਰ ਜੰਗਲਾਂ ਦੇ ਵਿਨਾਸ਼ ਨੂੰ ਨਾ ਰੋਕਿਆ ਗਿਆ ਤਾਂ 21ਵੀਂ ਸਦੀ ਦੇ ਸ਼ੁਰੂ 'ਚ ਲਗਭਗ 2250 ਲੱਖ ਹੈਕਟੇਅਰ ਖੇਤਰ 'ਚ ਫੈਲੇ ਜੰਗਲਾਂ ਦੇ ਨਸ਼ਟ ਹੋ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਸੰਪੂਰਨ ਵਿਸ਼ਵ ਦੇ ਲਗਭਗ 10 ਤੋਂ 20 ਫੀਸਦੀ ਬਨਸਪਤੀ ਅਤੇ ਜੀਵ-ਜੰਤੂ ਖਤਮ ਹੋ ਜਾਣਗੇ। ਜੀਵ-ਵਿਭਿੰਨਤਾ ਦੇ ਮਾਮਲੇ 'ਚ ਭਾਰਤ ਇਕ ਅਮੀਰ ਦੇਸ਼ ਹੈ। ਦੁਨੀਆ 'ਚ ਪਾਈਆ ਜਾਣ ਵਾਲੀਆਂ ਵਿਭਿੰਨ ਪ੍ਰਜਾਤੀਆਂ ਦਾ ਲਗਭਗ 40 ਫੀਸਦੀ ਭਾਰਤ 'ਚ ਨਿਵਾਸ ਕਰਦਾ ਹੈ ਅਤੇ ਜੀਵ-ਜੰਤੂਆਂ ਦੀ ਸਭ ਤੋਂ ਵੱਧ ਵਿਭਿੰਨਤਾ ਵਾਲੇ ਖੇਤਰ 'ਚ ਅਫਰੀਕਾ ਤੋਂ ਬਾਅਦ ਭਾਰਤ ਦਾ ਹੀ ਸਥਾਨ ਹੈ। ਭਾਰਤ ਸੰਸਾਰ 'ਚ ਜੈਵਿਕ ਅਨੇਕਤਾ ਦੇ 12 ਭੰਡਾਰਾਂ 'ਚੋਂ ਇੱਕ ਹੈ। ਭਾਰਤ 'ਚ ਜੀਵ ਵਿਭਿੰਨਤਾ ਦੇ ਕੁਦਰਤੀ ਭੰਡਾਰ ਜੰਗਲਾਂ, ਸਿੱਲੀਆਂ ਧਰਤੀਆਂ, ਚਰਾਂਦਾਂ ਆਦਿ ਹਨ। ਅਨੇਕਾਂ ਪੌਦੇ ਜੰਤੂ ਅਤੇ ਸੂਖ਼ਮ ਜੀਵ ਉਨਾਂ ਇਲਾਕਿਆਂ 'ਚ ਜੀਅ ਸਕਦੇ ਹਨ ਜਿੱਥੇ ਮਨੁੱਖ ਨਹੀਂ ਜੀਅ ਸਕਦਾ ਹੈ ਜਿਵੇਂ ਜੰਮੇ ਹੋਏ ਆਰਕਟਿਕ ਟੁੰਡਰਾ, ਸੁੱਕੇ ਮਾਰਥਲ ਜਾਂ ਡੂੰਘੇ ਸਮੁੰਦਰ ਆਦਿ। ਤਾਜ਼ਾ ਪਾਣੀ, ਲੂਣ-ਜਲੀ, ਸਮੁੰਦਰੀ ਤੱਟ, ਮਨੁੱਖੀ ਨਿਰਮਾਣਤ ਖੇਤ, ਬਾਗ, ਦਰਿਆ, ਜੰਗਲ, ਚਰਾਗਾਹਾਂ, ਮਾਰੂਥਲ ਜੀਵ ਵਿਭਿੰਨਤਾਂ ਦੇ ਵੱਡਮੁੱਲੇ ਨਿਵਾਸ ਸਥਾਨ ਹਨ। ਇੱਥੇ ਲਗਭਗ 75000 ਤਰਾਂ ਦੀਆਂ ਜੀਵ-ਪ੍ਰਜਾਤੀਆਂ ਹਨ, ਜਿਹਨਾਂ 'ਚੋਂ 500 ਥਣਧਾਰੀ, 2000 ਮੱਛੀਆਂ, 50000 ਤਰਾਂ ਦੀਆਂ ਕੀਟ ਪ੍ਰਜਾਤੀਆਂ, 4000 ਤਰਾਂ ਦੇ ਛੋਟੇ ਸਮੁੰਦਰੀ ਅਤੇ ਪਾਣੀ ਵਾਲੇ ਜੀਵ ਅਤੇ ਰੀੜ ਵਿਹੀਨ ਜੀਵ ਆਦਿ ਹਨ। ਇੱਥੇ ਬੂਟਿਆਂ ਦੀਆਂ 15000 ਪ੍ਰਜਾਤੀਆਂ ਪਾਈਆਂ ਜਾਂਦੀਆ ਹਨ, ਜਿਹਨਾਂ 'ਚੋਂ 35 ਪ੍ਰਜਾਤੀਆਂ ਸਿਰਫ ਦੇਸੀ ਹੀ ਹਨ ਅਤੇ ਇਹ ਦੁਨੀਆਂ 'ਚ ਹੋਰ ਕਿਤੇ ਵੀ ਨਹੀਂ ਮਿਲਦੀਆਂ ਹਨ। ਦੇਸ਼ ਦੀ ਬਨਸਪਤੀ 'ਚ ਨਾ ਸਿਰਫ ਫੁੱਲ ਅਤੇ ਫਲਾਂ ਵਾਲੇ ਬੂਟੇ ਹਨ, ਬਲਕਿ ਫੁੱਲ-ਫਲ ਰਹਿਤ ਬੂਟੇ ਵੀ ਸ਼ਾਮਿਲ ਹਨ। ਪੰਜਾਬ ਦਾ 85% ਖੇਤਰ ਖੇਤੀ ਹੇਠ ਅਤੇ ਕਰੀਬ 6% ਖੇਤਰ ਜੰਗਲ ਹਨ। ਸੋ ਇੱਥੇ ਮੁੱਖ ਪ੍ਰਸਥਿਤਿਕ ਪ੍ਰਬੰਧ ਫਸਲੀ ਹੈ। ਕੋਈ ਸਮਾਂ ਸੀ ਜਦੋਂ ਪੰਜਾਬ ਰਾਜ ਜੀਵ-ਵਿਭਿੰਨਤਾ ਲਈ ਪ੍ਰਸਿੱਧ ਸੀ। ਪਰ ਅਜੋਕੇ ਖੇਤੀਬਾੜੀ ਪ੍ਰਬੰਧ ਨੇ ਜੀਵ-ਵਿਭਿੰਨਤਾ ਨੂੰ ਵੱਡੀ ਪੱਧਰ ਤੇ ਖੋਰਾ ਲਾਇਆ ਹੈ। ਕਿਉਂਕਿ ਰਸਾਇਣਿਕ ਖਾਦਾਂ ਦੀ ਭਾਰੀ ਵਰਤੋਂ ਨੇ ਜੀਵਾਂ ਦੀ ਪ੍ਰਜਨਣ ਕਿਰਿਆ 'ਤੇ ਬੁਰਾ ਅਸਰ ਪਾਇਆ ਹੈ। ਕੀਟਨਾਸ਼ਕ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਨੇ ਮਿੱਤਰ ਕੀੜਿਆਂ ਅਤੇ ਪੌਦਿਆਂ ਨੂੰ ਨਸ਼ਟ ਕਰ ਦਿੱਤਾ ਹੈ। ਪਾਣੀ ਵਿੱਚ ਵਧ ਰਹੇ ਪ੍ਰਦੂਸ਼ਣ ਕਾਰਨ ਪਾਣੀ ਵਿਚਲੀਆਂ ਜੀਵ ਪ੍ਰਜਾਤੀਆਂ 'ਤੇ ਮਾੜਾ ਅਸਰ ਪੈ ਰਿਹਾ ਹੈ। ਧਰਤੀ 'ਤੇ ਮੁੱਢਲੇ ਉਤਪਾਦਕ ਪੌਦੇ ਹਨ। ਭਾਰਤ ਦੇ ਰਵਾਇਤੀ ਵੈਦ ਪੌਦਿਆਂ ਦੀਆਂ 2500 ਕਿਸਮਾਂ ਦੀ ਵਰਤੋਂ ਦਵਾਈਆਂ ਦੇ ਤੌਰ 'ਤੇ ਵੱਖ-ਵੱਖ ਬੀਮਾਰੀਆਂ ਦੇ ਇਲਾਜ ਲਈ ਕਰਦੇ ਹਨ। ਪੈਨਿਸੀਲੀਨ ਵਰਗੀਆਂ ਕਈ ਪ੍ਰਤੀ ਜੈਵਿਕ ਦਵਾਈਆਂ ਉੱਲੀਆਂ ਤੋਂ ਪ੍ਰਾਪਤ ਹੁੰਦੀਆਂ ਹਨ। ਮਲੇਰੀਆ ਦੀ ਰੋਕਥਾਮ ਲਈ ਸਿਨੋਕਨਾ ਰੁੱਖ ਦੇ ਛਿੱਲੜ ਦੀ ਵਰਤੋਂ ਕੁਨੀਨ ਦਵਾਈ ਬਣਾਉਣ ਲਈ ਕੀਤੀ ਜਾਂਦੀ ਹੈ। ਯਿਉ ਰੁੱਖ ਦੇ ਛਿੱਲੜ ਤੋਂ ਅੰਡੇਦਾਨੀ ਅਤੇ ਛਾਤੀ ਦੇ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ। ਟਰਮੀਨੇਲੀਆ ਪ੍ਰਜਾਤੀ ਤੋਂ ਕਬਜ਼ ਰੋਕੂ ਅਤੇ ਸੋਜ ਉਤਾਰਨ ਲਈ ਦਵਾਈ ਤਿਆਰ ਹੁੰਦੀ ਹੈ। ਜੀਵ-ਵਿਭਿੰਨਤਾ ਵਾਤਾਵਰਣ ਪੱਖ ਤੋਂ ਵੀ ਮਹੱਤਵਪੂਰਨ ਹੈ ਜਿਵੇਂ ਹਵਾ ਅਤੇ ਜਲ ਸ਼ੁੱਧੀਕਰਨ, ਸੋਕਾ ਅਤੇ ਹੜਾਂ ਨੂੰ ਰੋਕਣਾ, ਪੌਸ਼ਟਿਕ ਤੱਤਾਂ ਦਾ ਚੱਕਰ ਆਦਿ। ਉਦਯੋਗੀਕਰਣ ਅਤੇ ਨਗਰੀਕਰਣ ਦੇ ਦਬਾਅ 'ਚ ਹੋ ਰਹੀ ਜੰਗਲਾਂ ਦੀ ਅੰਨੇਵਾਹ ਕਟਾਈ, ਗੈਰ ਕਾਨੂੰਨੀ ਸ਼ਿਕਾਰ ਅਤੇ ਜੰਤੂਆਂ ਦੀ ਖੱਲ, ਸਿੰਗ, ਹੱਡੀਆਂ ਆਦਿ ਦੇ ਅੰਤਰਰਾਸ਼ਟਰੀ ਵਪਾਰ 'ਚ ਵਾਧੇ ਦੇ ਕਾਰਨ ਭਾਰਤ ਦੀ ਜੀਵ ਵਿਭਿੰਨਤਾ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ। ਸਾਰੀ ਦੁਨੀਆਂ ਦੇ ਦੇਸ਼ ਵਿਅਕਤੀਗਤ ਅਤੇ ਸਮੂਹਿਕ ਪੱਧਰ 'ਤੇ ਇਸ ਦਿਸ਼ਾ 'ਚ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ ਕਿ ਜਲਦੀ ਤੋਂ ਜਲਦੀ ਇਸ ਅਸੰਤੁਲਨ ਨੂੰ ਦੂਰ ਕਰ ਲਿਆ ਜਾਵੇ। ਓਜੋਨ ਪਰਤ 'ਚ ਛੇਕ, ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਆਵਾਜ਼ ਪ੍ਰਦੂਸ਼ਣ, ਭੂਮੀ ਪ੍ਰਦੂਸ਼ਣ ਆਦਿ ਸਮੱਸਿਆਵਾਂ ਮਨੁੱਖ ਨੇ ਆਪ ਹੀ ਖੜੀਆਂ ਕੀਤੀਆਂ ਹਨ ਅਤੇ ਦੂਰ ਵੀ ਉਹੀ ਕਰ ਸਕਦੇ ਹਨ। ਪਿਛਲੇ ਕੁਝ ਸਾਲਾਂ 'ਚ ਇਸ ਦਿਸ਼ਾ 'ਚ ਕੁਝ ਠੋਸ ਕਦਮ ਵੀ ਚੁੱਕੇ ਗਏ ਹਨ। ਇਸ ਦਿਸ਼ਾ 'ਚ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸਿੱਖਿਅਕ, ਵਿਗਿਆਨਿਕ ਅਤੇ ਸਭਿਆਚਾਰਕ ਸੰਗਠਨ (ਯੂਨੈਸਕੋ) ਦੁਆਰਾ 1970 'ਚ 'ਮਨੁੱਖ ਅਤੇ ਜੀਵਮੰਡਲ' ਵਿਸ਼ੇ 'ਤੇ ਇੱਕ ਸੰਮੇਲਨ ਆਯੋਜਤ ਕੀਤਾ ਜਿਸ 'ਚ ਜੀਵਾਂ ਦੀਆਂ ਵਿਭਿੰਨ ਪ੍ਰਜਾਤੀਆਂ ਦੀ ਸੁਰੱਖਿਆ ਅਤੇ ਵਿਕਾਸ ਦੇ ਉਪਾਵਾਂ 'ਤੇ ਸਲਾਹ-ਮਸ਼ਵਰਾ ਕੀਤਾ ਗਿਆ। 1971 ਦਾ ਰਾਮਸਰ ਸੰਮੇਲਨ, 1973 ਦਾ ਸੀ. ਆਈ. ਟੀ. ਆਈ. ਐਸ. ਦੁਆਰਾ ਆਯੋਜਿਤ ਸੰਮੇਲਨ ਅਤੇ 1983 ਦਾ ਐਫ. ਏ. ਓ. ਸੰਮੇਲਨ ਆਦਿ ਵੀ ਇਸ ਦਿਸ਼ਾ 'ਚ ਚੁੱਕੇ ਗਏ ਮਹੱਤਵਪੂਰਨ ਕਦਮ ਹਨ। 22 ਮਈ, 1992 ਨੂੰ ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਜੈਵ-ਵਿਭਿੰਨਤਾ ਸੁਰੱਖਿਆ ਸੰਧੀ ਕੀਤੀ ਗਈ। ਇਸ 'ਚ ਵਿਕਾਸਸ਼ੀਲ ਦੇਸ਼ ਆਪਣੇ ਜੰਗਲਾਂ ਦੇ ਕੁਝ ਹਿੱਸਿਆ ਨੂੰ ਸੁਰੱਖਿਅਤ ਘੋਸ਼ਿਤ ਕਰਨ ਲਈ ਤਿਆਰ ਸੀ, ਪਰੰਤੂ ਇਸਦੇ ਲਈ ਉਹਨਾਂ ਨੇ ਦੋ ਸ਼ਰਤਾਂ ਰੱਖੀਆਂ ਕਿ ਵਿਕਸਿਤ ਦੇਸ਼ ਉਹਨਾਂ ਦੇ ਰਾਜਸਵ 'ਚ ਹੋਣ ਵਾਲੀ ਕਮੀ ਦੀ ਪੂਰਤੀ ਕਰਨ ਅਤੇ ਸੋਧ ਦੇ ਲਈ ਉਹਨਾਂ ਦੇ ਸੁਰੱਖਿਅਤ ਜੰਗਲਾਂ ਦਾ ਉਪਯੋਗ ਕਰਨ ਵਾਲੀਆਂ ਕੰਪਨੀਆਂ ਜੋ ਰਿਪੋਰਟ ਦੇਣ, ਉਹ ਉਪਲਬੱਧ ਕਰਾਈਆਂ ਜਾਣ। ਜੂਨ 1992 'ਚ ਜੈਵ-ਵਿਭਿੰਨਤਾ ਦੀ ਸਮੱਸਿਆ 'ਤੇ ਸਲਾਹ-ਮਸ਼ਵਰੇ ਦੇ ਲਈ ਸਭ ਤੋਂ ਵੱਡਾ ਸੰਮੇਲਨ ਬ੍ਰਾਜ਼ੀਲ ਦੀ ਰਾਜਧਾਨੀ ਰਿਓ ਡੀ ਜੇਨੇਰੋ 'ਚ ਆਯੋਜਿਤ ਕੀਤਾ ਗਿਆ ਜਿਸ 'ਚ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨੇ ਇਸ ਸੰਮੇਲਨ 'ਚ ਭਾਗ ਲਿਆ। ਇਸ ਸੰਮੇਲਨ 'ਚ ਜੈਵ-ਵਿਭਿੰਨਤਾ 'ਤੇ ਪੈਣ ਵਾਲੇ ਦਬਾਅ, ਉਹਨਾਂ ਤੋਂ ਵਾਤਾਵਰਨ 'ਤੇ ਪੈਣ ਵਾਲੇ ਪ੍ਰਭਾਵ ਅਤੇ ਵਾਤਾਵਰਨ ਪ੍ਰਦੂਸ਼ਣ ਕਾਰਨ ਹੋਣ ਵਾਲੇ ਅਸਰ ਅਤੇ ਇਹਨਾਂ ਸਮੱਸਿਆਵਾਂ ਦੇ ਹੱਲ ਦੇ ਉਪਾਵਾਂ ਸਬੰਧੀ ਵਿਸਥਾਰ 'ਚ ਸਲਾਹ-ਮਸ਼ਵਰਾ ਕੀਤਾ ਗਿਆ। ਇਸ ਧਰਤੀ ਸਿਖਰ-ਸੰਮੇਲਨ 'ਚ 27 ਉਪਬੰਧਾਂ ਵਾਲੀ ਇਕ ਕਾਰਜਸੂਚੀ ਪੇਸ਼ ਕੀਤੀ ਗਈ। ਇਸ ਸੰਮੇਲਨ 'ਚ ਦੋ ਮਹੱਤਵਪੂਰਨ ਮੁੱਦਿਆਂ ਜੰਗਲ ਸੁਰੱਿਖਆ ਸੰਧੀ ਅਤੇ ਜੀਵ-ਵਿਭਿੰਨਤਾ ਸੁਰੱਖਿਆ ਸੰਧੀ 'ਤੇ ਸਲਾਹ-ਮਸ਼ਵਰੇ ਤੋਂ ਬਾਅਦ ਵਿਕਾਸਸ਼ੀਲ ਦੇਸ਼ਾਂ ਨੇ ਇਹਨਾਂ ਸੰਧੀਆਂ ਨੂੰ ਸ਼ੰਕਾਪੂਰਨ ਦੱਸਿਆ। ਜੈਵ-ਵਿਭਿੰਨਤਾ ਸੁਰੱਖਿਆ ਸੰਧੀ 'ਚ ਸ਼ਾਮਿਲ ਸੀ ਕਿ ਉਦਯੋਗਿਕ ਦੇਸ਼ ਜਦੋਂ ਪਿਛੜੇ ਦੇਸ਼ਾਂ ਦੇ ਜੈਵ-ਸੰਸਾਧਨਾਂ ਦਾ ਪ੍ਰਯੋਗ ਕਰਨ, ਉਦੋਂ ਆਪਣੀ ਜੈਵ-ਤਕਨੀਕ ਅਤੇ ਲਾਭਾਂ ਨੂੰ ਉਹਨਾਂ ਨਾਲ ਵੰਡਣ। ਅਮਰੀਕਾ ਨੇ ਇਸ ਸੰਧੀ ਨੂੰ ਅਸਵੀਕਾਰ ਕਰ ਦਿੱਤਾ। ਇਸ ਨਾਲ ਇਨਾਂ ਸੰਧੀਆਂ ਦੀ ਹੋਂਦ ਹੀ ਸ਼ੱਕ ਦੇ ਘੇਰੇ 'ਚ ਹੈ। ਜੰਗਲਾਂ ਦੇ ਘੱਟਣ, ਰੇਗਿਸਤਾਨ 'ਚ ਵਾਧਾ ਅਤੇ ਭੂਮੀ ਦੀ ਉਪਜਾਊ ਸ਼ਕਤੀ 'ਚ ਕਮੀ ਤੇ ਨਿਯੰਤਰਣ ਵੀ ਜ਼ਰੂਰੀ ਹੈ। ਭਾਰਤ ਨੇ ਜੈਵ-ਵਿਭਿੰਨਤਾ ਦੀ ਸੁਰੱਖਿਆ ਦੀ ਦਿਸ਼ਾ 'ਚ ਅਨੇਕ ਕਦਮ ਚੁੱਕੇ ਹਨ। ਭਾਰਤ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਹੈ, ਜਿਸਨੇ ਜੰਗਲੀ ਜੀਵ ਸੁਰੱਖਿਆ ਅਧਿਨਿਯਮ ਲਾਗੂ ਕੀਤਾ ਹੈ। ਸਾਲ 1952 'ਚ ਭਾਰਤ 'ਚ ਜੰਗਲੀ ਜਾਨਵਰਾਂ ਦੀ ਸੁਰੱਖਿਆ ਦੇ ਲਈ ਜੰਗਲੀ ਜੀਵ ਬੋਰਡ ਦੀ ਸਥਾਪਨਾ ਕੀਤੀ ਗਈ। ਇਸ ਬੋਰਡ ਨੇ ਪਸ਼ੂ-ਪੰਛੀਆਂ ਅਤੇ ਬੂਟੇ-ਪੌਦਿਆਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਕੀਮਤੀ ਸੁਝਾਓ ਦਿੱਤੇ। ਇਸ ਦੇ ਨਾਲ ਹੀ ਇਸ ਬੋਰਡ ਦੁਆਰਾ ਖਤਮ ਹੋ ਰਹੇ ਪ੍ਰਾਣੀਆਂ ਦੀ ਸੂਚੀ ਤਿਆਰ ਕੀਤੀ ਗਈ। ਦੇਸ਼ ਭਰ 'ਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਰਾਸ਼ਟਰੀ ਪਾਰਕ ਅਤੇ ਆਸਰਾ ਸਥਾਨਾਂ ਦਾ ਨਿਰਮਾਣ ਵੀ ਕੀਤਾ ਗਿਆ। ਭਾਰਤ ਸਰਕਾਰ ਦੁਆਰਾ ਵਾਤਾਵਰਨ ਅਤੇ ਵਿਕਾਸ ਸਬੰਧੀ ਜੂਨ,1992 'ਚ ਸਵੀਕਾਰ ਰਾਸ਼ਟਰੀ ਸੁਰੱਖਿਆ ਕਾਰਜਨੀਤੀ ਅਤੇ ਨੀਤੀਕਰਨ 'ਚ ਦੇਸ਼ ਦੇ ਵਿਭਿੰਨ ਖੇਤਰਾਂ 'ਚ ਵਿਕਾਸ ਗਤੀਵਿਧੀਆਂ ਦੇ ਨਾਲ ਵਾਤਾਵਰਨ ਸਬੰਧੀ ਪਹਿਲੂਆਂ ਨੂੰ ਜੋੜਨ ਦੀ ਕਾਰਜਨੀਤੀਆਂ ਅਤੇ ਕੰਮਾਂ ਦਾ ਉਲੇਖ ਕੀਤਾ ਗਿਆ ਹੈ, ਜਿਸ ਨਾਲ ਸਥਾਈ ਵਿਕਾਸ ਦਾ ਰਸਤਾ ਖੁੱਲ ਗਿਆ ਹੈ। ਰਾਸ਼ਟਰੀ ਸੁਰੱਖਿਆ ਨੀਤੀ, 1992 ਦੇ ਅੰਤਰਗਤ ਭਾਰਤ ਸਰਕਾਰ ਨੇ ਜੈਵ-ਵਿਭਿੰਨਤਾ ਦੀ ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦਿੱਤੇ ਜਾਣ 'ਤੇ ਜ਼ੋਰ ਦਿੱਤਾ ਹੈ। ਜੈਵ-ਵਿਭਿੰਨਤਾ ਸਾਡੀ ਰਾਸ਼ਟਰੀ ਧਰੋਹਰ ਹੈ ਅਤੇ ਇਸਦੀ ਸੁਰੱਖਿਆ ਅਤਿ ਜ਼ਰੂਰੀ ਹੈ। ਭਾਰਤ ਨੇ ਜੂਨ,1992 'ਚ ਜੈਵ-ਵਿਭਿੰਨਤਾ ਸੁਰੱਖਿਆ ਸੰਧੀ 'ਤੇ ਦਸਤਖਤ ਕੀਤੇ ਸੀ ਅਤੇ 19 ਮਈ, 1994 ਤੋਂ ਇਸ ਨੂੰ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ। ਜੈਵ-ਵਿਭਿੰਨਤਾ ਦੇ ਸਬੰਧ 'ਚ ਇਕ ਰਾਸ਼ਟਰੀ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ। ਰੇਗਿਸਤਾਨ ਦੇ ਵਿਸਥਾਰ ਨੂੰ ਨਿਯੰਤਰਣ ਕਰਨ ਦੇ ਲਈ ਭਾਰਤ ਨੇ ਅੰਤਰਰਾਸ਼ਟਰੀ ਸੰਧੀ 'ਤੇ ਦਸਤਖਤ ਕੀਤੇ ਹਨ, ਇਸ ਲਈ ਰਾਸ਼ਟਰੀ ਪ੍ਰੋਗਰਾਮ ਦੇ ਨਿਰਮਾਣ ਦੀ ਦਿਸ਼ਾ 'ਚ ਕੰਮ ਚੱਲ ਰਹੇ ਹਨ। ਮਾਨਵੀ ਹੋਂਦ ਦੀ ਰੱਖਿਆ ਦੇ ਲਈ ਜੈਵ-ਵਿਭਿੰਨਤਾ ਜ਼ਰੂਰੀ ਹੈ, ਇਸ ਸੱਚ ਨੂੰ ਹਰੇਕ ਮਨੁੱਖ ਨੂੰ ਸਮਝਣਾ ਹੋਵੇਗਾ। ਵਾਤਾਵਰਣ ਸੁਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਧਰਤੀ 'ਤੇ ਵਾਤਾਵਰਨ ਅਤੇ ਜੈਵ-ਵਿਭਿੰਨਤਾ ਦੀ ਰੱਖਿਆ ਦਾ ਮਨੁੱਖ ਦੇ ਲਈ ਇਹ ਆਖਰੀ ਮੌਕਾ ਹੈ ਜੇਕਰ ਉੁਹ ਸਮਾਂ ਰਹਿੰਦਾ ਸੁਚੇਤ ਨਹੀਂ ਹੋਇਆ, ਤਾਂ ਕੁਦਰਤ ਤੋਂ ਬੇਮੁੱਖ ਹੋਣਾ ਉਸ ਦੇ ਲਈ ਅਤੀ ਆਤਮਘਾਤੀ ਸਿੱਧ ਹੋਵੇਗਾ। ਭਾਰਤ ਦੁਆਰਾ ਸੁਰੱਖਿਆ ਦੀ ਦਿਸ਼ਾ 'ਚ ਚੁੱਕੇ ਜਾ ਰਹੇ ਕਦਮ ਪ੍ਰਸ਼ੰਸ਼ਾਯੋਗ  ਹਨ, ਪਰੰਤੂ ਇਸ ਦਿਸ਼ਾ 'ਚ ਹੋਰ ਸਕਾਰਾਤਮਕ ਕਦਮ ਚੁੱਕਣ ਦੀ ਜ਼ਰੂਰਤ ਹੈ। ਸਰਕਾਰ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਇਸ ਪ੍ਰਤੀ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਧਰਤੀ ਤੇ ਰਹਿਣ ਵਾਲੇ ਵੱਖ-ਵੱਖ ਕਿਸਮਾਂ ਦੇ ਜੀਵ ਜੰਤੂਆਂ ਅਤੇ ਪੌਦਿਆਂ ਨੂੰ ਬਚਾਇਆ ਜਾ ਸਕੇ।   
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜ਼ਿਲ੍ਹਾ• ਰੂਪਨਗਰ ਪੰਜਾਬ
ਮੋਬਾ- 9417563054

Related News