ਹੀਣ-ਭਾਵਨਾ, ਤਣਾਅ ਅਤੇ ਮਾਨਸਿਕ ਸਦਮੇ ਦਾ ਨਤੀਜਾ ਮੌਤ ਨਾ ਹੋਵੇ
Saturday, Mar 02, 2024 - 05:50 PM (IST)

ਅਕਸਰ ਅਜਿਹੇ ਵਿਅਕਤੀ ਸਾਡੇ ਆਲੇ-ਦੁਆਲੇ ਮਿਲ ਜਾਣਗੇ ਜੋ ਉਂਝ ਤਾਂ ਠੀਕ-ਠਾਕ ਦਿਖਾਈ ਦੇਣਗੇ ਪਰ ਜਿਵੇਂ ਹੀ ਉਨ੍ਹਾਂ ਨਾਲ ਗੱਲ ਕਰੋ ਤਾਂ ਲੱਗਦਾ ਹੈ ਕਿ ਬਹਿਕੀਆਂ-ਬਹਿਕੀਆਂ ਗੱਲਾਂ ਕਰ ਰਹੇ ਹਨ, ਚਿਹਰੇ ’ਤੇ ਮੁਸਕਾਨ ਦਾ ਤਾਂ ਨਾਂ-ਨਿਸ਼ਾਨ ਨਹੀਂ ਪਰ ਕਿਸੇ ਡੂੰਘੀ ਨਿਰਾਸ਼ਾ ਅਤੇ ਉਦਾਸੀ ’ਚ ਡੁੱਬੇ ਨਜ਼ਰ ਆਉਂਦੇ ਹਨ। ਗੱਲਾਂ ’ਚ ਉਦਾਸੀ ਤੇ ਸਰੀਰ ’ਚ ਕਮਜ਼ੋਰੀ ਦਿਖਾਈ ਦਿੰਦੀ ਹੈ। ਕੁਝ ਦੇਰ ਚੱਲਣ ਜਾਂ ਗੱਲ ਕਰਨ ਨਾਲ ਸਾਹ ਉਖੜਣ ਲੱਗਦਾ ਹੈ ਅਤੇ ਬੈਠਣ ਦੀ ਥਾਂ ਲੱਭਣ ਲੱਗਦੇ ਹਨ। ਆਮ ਤੌਰ ’ਤੇ ਅਸੀਂ ਸਲਾਹ ਦਿੰਦੇ ਹਾਂ ਕਿ ਡਾਕਟਰ ਤੋਂ ਦਵਾ ਲੈ ਲਓ ਅਤੇ ਹਾਂ ਪੂਰਾ ਚੈੱਕਅੱਪ ਕਰਾ ਲਓ, ਕਿਤੇ ਕੋਈ ਭਿਆਨਕ ਬੀਮਾਰੀ ਅੰਦਰ ਹੀ ਅੰਦਰ ਨਾ ਪਲ ਰਹੀ ਹੋਵੇ। ਅਸੀਂ ਤਾਂ ਆਪਣੇ ਵੱਲੋਂ ਇਹ ਕਹਿ ਕੇ ਆਪਣਾ ਕਰਤੱਵ ਨਿਭਾਅ ਦਿੱਤਾ ਪਰ ਇਸ ਗੱਲ ’ਤੇ ਧਿਆਨ ਨਹੀਂ ਦਿੱਤਾ ਕਿ ਇਸ ਨੂੰ ਸਰੀਰ ਦੀ ਥਾਂ ਮਨ ਦਾ ਰੋਗ ਵੀ ਹੋ ਸਕਦਾ ਹੈ।
ਦਵਾਈ ਤੋਂ ਬਿਹਤਰ ਕੌਂਸਲਿੰਗ : ਅਸਲ ’ਚ ਹੁੰਦਾ ਇਹ ਹੈ ਕਿ ਜਦ ਕੋਈ ਵਿਅਕਤੀ ਆਪਣੇ ਵੱਲੋਂ ਪੂਰੀ ਮਿਹਨਤ ਕਰਨ ਦੇ ਬਾਵਜੂਦ ਆਪਣੇ ਕੰਮ ’ਚ ਸਫਲ ਨਹੀਂ ਹੁੰਦਾ, ਦੂਜਿਆਂ ਨੂੰ ਲਗਾਤਾਰ ਤਰੱਕੀ ਕਰਦਿਆਂ ਦੇਖ ਕੇ ਖੁਦ ਨੂੰ ਇਹ ਸਮਝਣ ਲੱਗਦਾ ਹੈ ਕਿ ਮੈਂ ਕਿਸੇ ਕੰਮ ਦਾ ਨਹੀਂ ਹਾਂ ਅਤੇ ਮੇਰੇ ਕੋਲੋਂ ਕੁਝ ਨਹੀਂ ਹੋਵੇਗਾ ਤਾਂ ਉਹ ਨਿਰਾਸ਼ਾ ਦੀ ਘੁੰਮਣਘੇਰੀ ’ਚ ਡੁੱਬਣ ਲਈ ਉਤਰਨ ਲੱਗਦਾ ਹੈ। ਉਹ ਹੀਣ-ਭਾਵਨਾ ਨਾਲ ਗ੍ਰਸਤ ਹੋਣ ਲੱਗਦਾ ਹੈ ਅਤੇ ਬਿਨਾਂ ਕਿਸੇ ਕਾਰਨ ਹਰ ਸਮੇਂ ਤਣਾਅ ’ਚ ਰਹਿਣ ਲੱਗਦਾ ਹੈ। ਇਹ ਉਸ ਦੀ ਆਦਤ ਜਿਹੀ ਬਣ ਜਾਂਦੀ ਹੈ।ਉਸ ਦੀ ਇਸ ਅਵਸਥਾ ਦਾ ਕਿਸੇ ਹੋਰ ਨੂੰ ਨਾ ਤਾਂ ਅੰਦਾਜ਼ਾ ਹੁੰਦਾ ਹੈ ਤੇ ਨਾ ਹੀ ਇਸ ਵੱਲ ਧਿਆਨ ਜਾਂਦਾ ਹੈ ਕਿ ਇਸ ਵਿਅਕਤੀ ਨੂੰ ਸਰੀਰਕ ਨਹੀਂ ਇਕ ਤਰ੍ਹਾਂ ਦੀ ਮਾਨਸਿਕ ਬੀਮਾਰੀ ਹੈ, ਜਿਸ ਦਾ ਇਲਾਜ ਆਮ ਡਾਕਟਰ ਕੋਲ ਨਹੀਂ ਸਗੋਂ ਖੁਦ ਆਪਣੇ ਕੋਲ ਹੈ ਜਾਂ ਅਜਿਹੇ ਡਾਕਟਰ ਕੋਲ ਜੋ ਮਨੋਵਿਗਿਆਨੀ ਹੋਵੇ। ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ’ਚ ਅਤੇ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ’ਚ ਅਜਿਹੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਖਾਸ ਕਰ ਕੇ ਨੌਜਵਾਨ ਵਰਗ ’ਚ, ਜੋ ਆਪਣੇ ਟੀਚੇ ਤੋਂ ਜ਼ਰਾ ਜਿੰਨਾ ਵੀ ਉੱਕ ਜਾਣ ਕਾਰਨ ਨਿਰਾਸ਼ਾ ਦੇ ਸਮੁੰਦਰ ’ਚ ਗੋਤੇ ਖਾਂਦੇ ਰਹਿੰਦੇ ਹਨ ਅਤੇ ਇਸ ਲਈ ਖੁਦ ਨੂੰ ਆਪਣੇ ਪਰਿਵਾਰ ਅਤੇ ਆਪਣੇ ਹਾਲਾਤ ਨੂੰ ਜ਼ਿੰਮੇਵਾਰ ਮੰਨ ਕੇ ਨਿਰਾਸ਼ ਜ਼ਿੰਦਗੀ ਜਿਊਣ ਲੱਗਦੇ ਹਨ। ਇਸ ਤੋਂ ਇਲਾਵਾ ਇਕ ਹੋਰ ਕਾਰਨ ਹੁੰਦਾ ਹੈ ਜੋ ਆਮ ਤੌਰ ’ਤੇ ਅਣਡਿੱਠ ਕਰ ਦਿੱਤਾ ਜਾਂਦਾ ਹੈ। ਇਹ ਹੈ ਬਚਪਨ ’ਚ ਭਾਵ 8-10 ਜਾਂ 12 ਸਾਲ ਦੀ ਉਮਰ ’ਚ ਕੁਝ ਅਜਿਹਾ ਵਾਪਰ ਜਾਏ ਜੋ ਬੱਚੇ ਦੀ ਸਮਝ ’ਚ ਨਾ ਆਵੇ ਜਿਵੇਂ ਕਿ ਛੇੜਖਾਨੀ, ਕੁੱਟਮਾਰ, ਸੱਟ ਲੱਗਣੀ, ਆਪਣੀ ਜਾਂ ਦੂਜਿਆਂ ਦੀ ਲਾਪਰਵਾਹੀ ਨਾਲ ਜ਼ਖਮੀ ਹੋ ਜਾਣਾ। ਹੁਣ ਬੱਚੇ ਦਾ ਮਨ ਜੋ ਅਜੇ ਵਿਕਸਤ ਹੋ ਰਿਹਾ ਹੈ, ਇਸ ਤਰ੍ਹਾਂ ਦੀ ਘਟਨਾ ਦਾ ਵਿਸ਼ਲੇਸ਼ਣ ਕਰਨ ’ਚ ਅਸਮੱਰਥ ਰਹਿੰਦਾ ਹੈ ਤਾਂ ਉਸ ’ਤੇ ਇਕ ਤਰ੍ਹਾਂ ਦਾ ਦਬਾਅ ਬਣਨ ਲੱਗਦਾ ਹੈ, ਜੋ ਹੋ ਸਕਦਾ ਹੈ ਕਿ ਜ਼ਿੰਦਗੀ ਭਰ ਬਣਿਆ ਰਹੇ।
ਡਾਕਟਰ ਅਮਿਤਾਭ ਘੋਸ਼ : ਮੁੰਬਈ ਦੇ ਅੰਧੇਰੀ ਇਲਾਕੇ ’ਚ ਲੋਖੰਡਵਾਲਾ ’ਚ ਆਪਣਾ ਕਲੀਨਿਕ ਚਲਾ ਰਹੇ ਹਨ ਡਾਕਟਰ ਅਮਿਤਾਭ ਘੋਸ਼ ਨਾਲ ਪਿਛਲੇ ਦਿਨੀਂ ਇਸ ਬਾਰੇ ਵਿਸਥਾਰ ਨਾਲ ਗੱਲਬਾਤ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਮਾਂ ਰਹਿੰਦਿਆਂ ਇਸ ਤਰ੍ਹਾਂ ਦੇ ਮਨੋਰੋਗੀ ਦਾ ਇਲਾਜ ਨਹੀਂ ਕੀਤਾ ਗਿਆ ਤਾਂ ਜ਼ਿੰਦਗੀ ’ਚ ਕਦੇ ਵੀ ਸਾਲਾਂ ਪਹਿਲਾਂ ਘਟੀ ਘਟਨਾ ਅਚਾਨਕ ਮਨ ’ਚ ਜਿਊਂਦੀ ਹੋ ਸਕਦੀ ਹੈ ਅਤੇ ਕਿਸੇ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ ਜੋ ਜਾਨਲੇਵਾ ਵੀ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਵਿਅਕਤੀ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ, ਨਾ ਹੀ ਉਸ ’ਤੇ ਦੋਸ਼ ਲਾਉਣਾ ਚਾਹੀਦਾ ਹੈ ਸਗੋਂ ਕੌਂਸਲਿੰਗ ਥੈਰੇਪੀ ਨਾਲ ਉਸ ਦਾ ਇਲਾਜ ਹੋਣਾ ਜ਼ਰੂਰੀ ਹੈ। ਇਸ ਲਈ ਕਿਸੇ ਦਵਾਈ ਤੋਂ ਵੱਧ ਉਸ ਨਾਲ ਗੱਲਬਾਤ ਕਰ ਕੇ ਮਨ ’ਚ ਸਾਲਾਂ ਪਹਿਲਾਂ ਦੀ ਘਟਨਾ ਜੜ੍ਹ ਫੜ ਕੇ ਬੈਠੀ ਹੈ, ਉਸ ਨੂੰ ਬਾਹਰ ਕੱਢਣਾ ਹੁੰਦਾ ਹੈ।
ਅਜਿਹਾ ਵੀ ਹੁੰਦਾ ਹੈ ਕਿ ਮਨੋਰੋਗ ਤੋਂ ਪੀੜਤ ਵਿਅਕਤੀ ਸ਼ਰਾਬ ਜਾਂ ਡਰੱਗਸ ਜਾਂ ਕੋਈ ਹੋਰ ਨਸ਼ੀਲਾ ਪਦਾਰਥ ਲੈਣ ਲੱਗੇ ਤਾਂ ਕਿ ਆਪਣੇ ਨਾਲ ਹੋਈ ਘਟਨਾ ਨੂੰ ਭੁੱਲ ਸਕੇ। ਇਸ ਲਈ ਇਸ ਨਾਲ ਉਸ ਦੀ ਸਥਿਤੀ ਸੁਧਰਨ ਦੀ ਥਾਂ ਖਰਾਬ ਵੀ ਹੋ ਸਕਦੀ ਹੈ। ਇਹ ਇਕ ਜ਼ਬਰਦਸਤ ਸਦਮੇ ਜਾਂ ਟਰਾਮਾ ਦਾ ਕਾਰਨ ਵੀ ਬਣ ਸਕਦਾ ਹੈ। ਬਚਪਨ ’ਚ ਹੋਇਆ ਬੁਰਾ ਵਤੀਰਾ ਜਾਂ ਕਿਸੇ ਦਰਦਨਾਕ ਘਟਨਾ ਨੂੰ ਆਪਣੇ ਸਾਹਮਣੇ ਹੁੰਦੇ ਹੋਏ ਦੇਖਣਾ ਜਾਂ ਵੱਡੇ ਹੋ ਕੇ ਜਿਵੇ ਕਿ ਫੌਜ ’ਚ ਜੰਗ ਦੇ ਸਮੇਂ ਹੋਣ ਵਾਲੀ ਮਾਰ-ਕਾਟ ਦੇਖ ਕੇ ਵਿਚਲਿਤ ਹੋ ਜਾਣਾ ਜਾਂ ਫਿਰ ਦੰਗਿਆਂ ’ਚ ਫਸ ਜਾਣਾ ਅਤੇ ਹਾਦਸਾ ਹੋ ਜਾਣਾ, ਕੁਦਰਤੀ ਬਿਪਤਾ ਜਿਵੇਂ ਭੂਚਾਲ, ਜ਼ਮੀਨ ਖਿਸਕਣ, ਨਦੀਆਂ, ਪਹਾੜੀ ਇਲਾਕਿਆਂ ’ਚ ਪਹਾੜ ਜਾਂ ਬਰਫ ਦਾ ਪਹਾੜ ਟੁੱਟ ਕੇ ਡਿੱਗਣ ਵਰਗੇ ਕੁਝ ਕਾਰਨ ਹਨ ਜੋ ਜੇ ਕਿਸੇ ਦੇ ਮਨ ’ਤੇ ਗਲਤ ਛਾਪ ਛੱਡ ਦੇਣ ਤਾਂ ਵਿਅਕਤੀ ਦੀ ਜ਼ਿੰਦਗੀ ਖਿੰਡ ਜਾਂਦੀ ਹੈ ਅਤੇ ਜਿਊਣਾ ਸਰਾਪ ਬਣ ਜਾਂਦਾ ਹੈ।
ਅਜਿਹਾ ਵੀ ਹੁੰਦਾ ਹੈ ਕਿ ਕੁਝ ਘਟਨਾਵਾਂ ਤਾਂ ਅਸਲ ਹੁੰਦੀਆਂ ਹਨ ਜਦਕਿ ਕੁਝ ਕਾਲਪਨਿਕ ਵੀ ਹੋ ਸਕਦੀਆਂ ਹਨ ਅਤੇ ਆਪਣੇ ਮਨ ਨਾਲ ਬਣਾ ਲਈਆਂ ਜਾਂਦੀਆਂ ਹਨ। ਹੁਣ ਸੋਚ ਦੀ ਤਾਂ ਕੋਈ ਹੱਦ ਨਹੀਂ ਹੁੰਦੀ, ਇਸ ਲਈ ਕੁਝ ਵੀ ਸੋਚਿਆ ਜਾ ਸਕਦਾ ਹੈ। ਇਹ ਸਭ ਦਿਮਾਗ ਦੇ ਇਕ ਕੋਨੇ ’ਚ ਭੰਡਾਰ ਵਾਂਗ ਜਮ੍ਹਾ ਹੁੰਦਾ ਰਹਿੰਦਾ ਹੈ। ਹੁਣ ਦਿਮਾਗ ਨੂੰ ਤਾਂ ਪਤਾ ਨਹੀਂ ਕਿ ਕੀ ਅਸਲੀ ਘਟਨਾ ਹੈ ਅਤੇ ਕੀ ਸਿਰਫ ਕਾਲਪਨਿਕ ਹੈ ਪਰ ਭੰਡਾਰਨ ਹੁੰਦਾ ਰਹਿੰਦਾ ਹੈ। ਇਹ ਇਕ ਤਰ੍ਹਾਂ ਨਾਲ ਸਾਡੀਆਂ ਭਾਵਨਾਵਾਂ ਦਾ ਸੰਕਲਨ ਹੈ ਜੋ ਕਦੇ ਜ਼ਿੰਦਗੀ ’ਚ ਉਹੋ ਜਿਹੀ ਘਟਨਾ ਹੋਣ ਨਾਲ ਟ੍ਰਿਗਰ ਭਾਵ ਅੰਦੋਲਿਤ ਹੋ ਸਕਦਾ ਹੈ। ਮੰਨ ਲਓ ਕਦੇ ਲਾਲ ਰੰਗ ਦੀ ਕਿਸੇ ਚੀਜ਼ ਨਾਲ ਕੋਈ ਹਾਦਸਾ ਹੋਇਆ ਹੋਵੇ ਤਾਂ ਉਹ ਉਮਰ ਦੇ ਕਿਸੇ ਵੀ ਦੌਰ ’ਚ ਦੁਬਾਰਾ ਹੋਣ ਜਾਂ ਦਿਖਾਈ ਦੇਣ ’ਤੇ ਦਿਮਾਗ ’ਚ ਉਭਰ ਸਕਦਾ ਹੈ ਅਤੇ ਵਿਅਕਤੀ ਉਸ ਦੀ ਲਪੇਟ ’ਚ ਆ ਸਕਦਾ ਹੈ ਅਤੇ ਕਿਸੇ ਗੰਭੀਰ ਸਥਿਤੀ ਦਾ ਸ਼ਿਕਾਰ ਬਣ ਸਕਦਾ ਹੈ। ਇਸ ’ਚ ਉਸ ਦੀ ਮੌਤ ਵੀ ਹੋ ਸਕਦੀ ਹੈ।
ਜਦ ਅਸੀਂ ਕਿਸੇ ਗੱਲ ਨੂੰ ਆਪਣੇ ਮਨ ’ਚ ਬਹੁਤ ਵਧਾ-ਚੜ੍ਹਾ ਕੇ ਭਾਵ ਉਸ ਨੂੰ ਆਪਣੀ ਕਲਪਨਾ ਨਾਲ ਕੋਈ ਵੀ ਆਕਾਰ ਦੇਣ ਲੱਗਦੇ ਹਾਂ ਤਾਂ ਉਹ ਦਿਮਾਗ ’ਚ ਅੰਕਿਤ ਹੋ ਜਾਂਦਾ ਹੈ ਅਤੇ ਭਾਵੇਂ ਸਾਹਮਣੇ ਕੁਝ ਨਾ ਹੋਵੇ ਪਰ ਵਿਅਕਤੀ ਨੂੰ ਦਿਖਾਈ ਦੇਣ ਲੱਗਦਾ ਹੈ ਜੋ ਕਿਸੇ ਭਿਆਨਕ ਦੁਰਘਟਨਾ ਦਾ ਕਾਰਨ ਵੀ ਬਣ ਜਾਂਦਾ ਹੈ। ਹੁਣ ਜੋ ਡਾਕਟਰ ਹੈ ਉਸ ਦਾ ਕੰਮ ਇਹ ਹੋ ਜਾਂਦਾ ਹੈ ਕਿ ਉਹ ਇਸ ਵਿਅਕਤੀ ਦਾ ਇਲਾਜ ਕਰਨ ਲਈ ਜ਼ਿੰਦਗੀ ਦੀਆਂ ਉਨ੍ਹਾਂ ਘਟਨਾਵਾਂ ਦਾ ਵੇਰਵਾ ਲੈਂਦਾ ਹੈ ਜੋ ਮਨ ਦੇ ਭੰਡਾਰ ਵਿਚ ਜਮ੍ਹਾ ਹਨ। ਉਹ ਆਪਣੀ ਥੈਰੇਪੀ ਨਾਲ ਵਿਅਕਤੀ ਦੇ ਦਿਮਾਗ ’ਚੋਂ ਇਕ ਤਰ੍ਹਾਂ ਦਾ ਕਚਰਾ ਜਾਂ ਗੰਦਗੀ ਜੋ ਜਾਣੇ-ਅਣਜਾਣੇ ਵਿਚ ਜਮ੍ਹਾ ਹੋ ਗਈ ਹੈ, ਉਸ ਨੂੰ ਕੱਢ ਕੇ ਉਸ ਨੂੰ ਮਾਨਸਿਕ ਤੌਰ ’ਤੇ ਸਿਹਤਮੰਦ ਬਣਾਉਣ ਦਾ ਕੰਮ ਕਰਦਾ ਹੈ।
ਉਸ ਦਾ ਤਣਾਅ ਜਾਂ ਡਿਪ੍ਰੈਸ਼ਨ, ਹੀਣ-ਭਾਵਨਾ ਜਾਂ ਨਿਰਾਸ਼ਾ ਹੈ, ਉਸ ਨੂੰ ਸਾਫ ਕਰਦਾ ਹੈ ਅਤੇ ਉਸ ਤਰ੍ਹਾਂ ਦੀ ਕਸਰਤ ਕਰਵਾਉਂਦਾ ਹੈ ਜਿਸ ਨਾਲ ਦੁਬਾਰਾ ਇਹ ਸਭ ਦਿਮਾਗ ’ਚ ਨਾ ਭਰ ਸਕੇ ਅਤੇ ਵਿਅਕਤੀ ਖੁਦ ਨੂੰ ਬੁਰੀਆਂ ਭਾਵਨਾਵਾਂ ਜਾਂ ਕਲਪਨਾ ਤੋਂ ਮੁਕਤ ਰੱਖ ਸਕੇ।
ਲੋੜ ਇਹ ਹੈ ਕਿ ਜਦ ਵੀ ਖੁਦ ਨੂੰ ਇਹ ਲੱਗੇ ਕਿ ਮਨ ’ਚ ਕੁਝ ਅਜੀਬ ਜਿਹੀ ਉਥਲ-ਪੁਥਲ ਹੋ ਰਹੀ ਹੈ, ਕੁਝ ਨਾ ਹੁੰਦੇ ਹੋਏ ਵੀ ਅਹਿਸਾਸ ਹੋ ਰਿਹਾ ਕਿ ਮੇਰੇ ਨਾਲ ਗਲਤ ਹੋਣ ਵਾਲਾ ਹੈ ਤਾਂ ਸਮਝ ਲਓ ਕਿ ਇਹ ਇਕ ਬੀਮਾਰੀ ਦੇ ਲੱਛਣ ਹਨ ਜਿਸ ਦਾ ਇਲਾਜ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਆਪਣੇ ਪਰਿਵਾਰ ਜਾਂ ਮਿੱਤਰਾਂ ਨਾਲ ਕੋਈ ਅਜਿਹੀ ਗੱਲ ਦਾ ਅਨੁਭਵ ਕਰੇ ਕਿ ਕੁਝ ਤਾਂ ਹੈ ਜੋ ਆਮ ਵਰਗਾ ਨਹੀਂ ਹੈ ਤਾਂ ਉਸ ਦਾ ਹੱਲ ਕਰਨਾ ਜ਼ਰੂਰੀ ਹੈ। ਅਜਿਹੇ ਵਿਅਕਤੀ ਨੂੰ ਉਸ ਦੇ ਹਾਲ ’ਤੇ ਛੱਡਣ ਦੀ ਥਾਂ ਉਸ ਦੀ ਮਦਦ ਕਰਨੀ ਜ਼ਰੂਰੀ ਹੈ ਤਾਂ ਕਿ ਉਹ ਆਪਣੀਆਂ ਕਲਪਨਾਵਾਂ ’ਚੋਂ ਬਾਹਰ ਨਿਕਲ ਕੇ ਅਸਲੀਅਤ ਨੂੰ ਸਮਝ ਸਕੇ।
ਆਧੁਨਿਕ ਯੁੱਗ ’ਚ ਮਾਨਸਿਕ ਸਮੱਸਿਆਵਾਂ ਤੋਂ ਉਭਰਣ ਲਈ ਕਈ ਇਲਾਜ ਪ੍ਰਣਾਲੀਆਂ ਹਨ ਜੋ ਮਨੋਰੋਗਾਂ ਤੋਂ ਰਾਹਤ ਦਿਵਾ ਸਕਦੀਆਂ ਹਨ। ਉਨ੍ਹਾਂ ਨੂੰ ਨਾ ਅਪਣਾ ਕੇ ਬੀਮਾਰੀ ਨੂੰ ਬੜ੍ਹਾਵਾ ਦੇਣਾ ਹੈ। ਇਸ ’ਚ ਯੌਗਿਕ ਇੰਦਰੀਆਂ, ਮਨ ਨੂੰ ਕੇਂਦਰਿਤ ਕਰਨ ਲਈ ਧਿਆਨ ਲਾਉਣਾ ਅਤੇ ਕਈ ਤਰ੍ਹਾਂ ਦੀਆਂ ਕਸਰਤਾਂ ਆਉਂਦੀਆਂ ਹਨ ਜੋ ਮਾਹਰ ਦੀ ਨਿਗਰਾਨੀ ’ਚ ਹੋਣੀਆਂ ਚਾਹੀਦੀਆਂ ਹਨ। ਤਕਨਾਲੋਜੀ ਦੇ ਯੁੱਗ ’ਚ ਅਤੇ ਜਦ ਰੋਬੋਟ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦੌਰ ਹੋਵੇ ਤਾਂ ਸਰੀਰਕ ਸਿਹਤ ਹੀ ਨਹੀਂ, ਮਨ ਦਾ ਵੀ ਸਿਹਤਮੰਦ ਰਹਿਣਾ ਜ਼ਰੂਰੀ ਹੈ।
ਪੂਰਨ ਚੰਦ ਸਰੀਨ