ਸਰੀਰਕ ਭੱਜ-ਨੱਠ ''ਚ ਪਛੜਦਾ ਭਾਰਤ ਵਰਸ਼
Tuesday, Jul 16, 2024 - 04:32 PM (IST)
ਭਾਰਤੀ ਸੱਭਿਅਤਾ ਤੰਦਰੁਸਤ, ਕਰਮਸ਼ੀਲ ਅਤੇ ਸਰਗਰਮ ਜੀਵਨਸ਼ੈਲੀ ਲਈ ਪ੍ਰਸਿੱਧ ਰਹੀ ਹੈ। ਕਸਰਤ ਹੋਵੇ ਜਾਂ ਯੋਗਾਸਨ, ਸਰੀਰਕ ਤੌਰ ’ਤੇ ਚੁਸਤ-ਦਰੁਸਤ ਬਣੇ ਰਹਿਣ ਲਈ ਇਨ੍ਹਾਂ ਨੂੰ ਹਮੇਸ਼ਾ ਹੀ ਜ਼ਿੰਦਗੀ ’ਚ ਪਹਿਲ ਦਿੱਤੀ ਜਾਂਦੀ ਰਹੀ ਹੈ ਪਰ ਸਮੇਂ ਦਾ ਬਦਲਦਾ ਰੁਖ ਦੇਖੀਏ ਤਾਂ ਮੌਜੂਦਾ ਸਿਹਤ ਸਥਿਤੀ ਨੂੰ ਲੈ ਕੇ ਇਕੱਠੇ ਕੀਤੇ ਗਏ ਅੰਕੜੇ ਇਸ ਸੰਦਰਭ ਵਿਚ ਭਾਰਤੀਆਂ ਦੀ ਇਕ ਵੱਖਰੀ ਹੀ ਤਸਵੀਰ ਪੇਸ਼ ਕਰ ਰਹੇ ਹਨ।
‘ਦਿ ਲੈਂਸੇਟ ਗਲੋਬਲ ਹੈਲਥ ਜਰਨਲ’ ਵਿਚ ਪ੍ਰਕਾਸ਼ਿਤ ਅਧਿਐਨ ਦੱਸਦਾ ਹੈ ਕਿ ਵਿਸ਼ਵ ਦੇ 197 ਦੇਸ਼ਾਂ ’ਚੋਂ ਭਾਰਤ ਅਣਉਚਿਤ ਸਰੀਰਕ ਸਰਗਰਮੀ ਮਾਮਲੇ ’ਚ 12ਵੇਂ ਸਥਾਨ ’ਤੇ ਪਹੁੰਚ ਚੁੱਕਾ ਹੈ। ਬਾਲਗਾਂ ਦੇ ਸਰੀਰਕ ਤੌਰ ’ਤੇ ਸਰਗਰਮ ਨਾ ਹੋਣ ਦੇ ਮਾਮਲੇ ’ਚ ਭਾਰਤ ਉੱਚ ਆਮਦਨ ਵਾਲੇ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਦੂਜੇ ਸਥਾਨ ’ਤੇ ਹੈ। ਖੋਜਕਰਤਾਵਾਂ ਵੱਲੋਂ ਸਾਲ 2000-2022 ਤੱਕ 197 ਦੇਸ਼ਾਂ ’ਚ ਲੋੜੀਂਦੀ ਸਰੀਰਕ ਸਰਗਰਮੀ ’ਚ ਸ਼ਾਮਲ ਬਾਲਗਾਂ ਦੀ ਗਿਣਤੀ ਦਾ ਅੰਦਾਜ਼ਾ ਲਾਉਣ ਲਈ ਆਬਾਦੀ ਆਧਾਰਤ ਸਰਵੇਖਣ ਦਾ ਵਿਸ਼ਲੇਸ਼ਣ ਕਰਨ ਵਾਲੇ ਇਸ ਅਧਿਐਨ ’ਚ ਦਾਅਵਾ ਕੀਤਾ ਗਿਆ ਕਿ ਦੁਨੀਆ ਭਰ ਵਿਚ ਸਰੀਰਕ ਸਰਗਰਮੀਆਂ ’ਚ ਪਛੜਣ ਵਾਲੇ ਬਾਲਗਾਂ ਦੀ ਗਿਣਤੀ 5% ਵਧ ਕੇ 33.3% ਹੋ ਗਈ ਹੈ। ਜਦਕਿ 2010 ਵਿਚ 26.4 ਫੀਸਦੀ ਬਾਲਗ ਸਰੀਰਕ ਤੌਰ ’ਤੇ ਸਰਗਰਮ ਨਹੀਂ ਸਨ।
ਅੰਕੜਿਆਂ ਅਨੁਸਾਰ ਸਾਲ 2000 ’ਚ ਭਾਰਤ ਦੇ 22 ਫੀਸਦੀ ਬਾਲਗ ਸਰੀਰਕ ਤੌਰ ’ਤੇ ਲੋੜੀਂਦੇ ਸਰਗਰਮ ਨਹੀਂ ਪਾਏ ਗਏ। 2010 ਵਿਚ ਇਹ ਅੰਕੜਾ 34% ਤੋਂ ਹੁੰਦਾ ਹੋਇਆ ਮੌਜੂਦਾ ਸਮੇਂ ’ਚ 50% ’ਤੇ ਪਹੁੰਚ ਚੁੱਕਾ ਹੈ। ਇਸ ਨੂੰ ਸੁਧਾਰਿਆ ਨਹੀਂ ਜਾਂਦਾ ਤਾਂ 2030 ਤੱਕ 60% ਭਾਰਤੀ ਬੀਮਾਰਾਂ ਦੀ ਸ਼੍ਰੇਣੀ ’ਚ ਸ਼ਾਮਲ ਹੋਣਗੇ। ਇਸ ਸੰਦਰਭ ਵਿਚ ਔਰਤਾਂ ਦੀ ਸ਼ਮੂਲੀਅਤ 57% ਫੀਸਦੀ ਹੈ ਭਾਵ ਮਰਦਾਂ ਦੇ 42 ਫੀਸਦੀ ਦੀ ਤੁਲਨਾ ਵਿਚ ਉਹ ਵੱਧ ਗੈਰ-ਸਰਗਰਮ ਪਾਈਆਂ ਗਈਆਂ। ਰਿਪੋਰਟ ਵਿਚ ਭਾਰਤੀ ਔਰਤਾਂ ਦੀ ਸਥਿਤੀ ਗੁਆਂਢੀ ਦੇਸ਼ਾਂ ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਨਾਲੋਂ ਵੀ ਭੈੜੀ ਦੱਸੀ ਗਈ ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਹੈ।
ਭਾਰਤੀ ਔਰਤਾਂ ਦਾ ਅੰਕੜਾ ਵੱਧ ਰਹਿਣ ਦਾ ਕਾਰਨ ਫਰੋਲੀਏ ਤਾਂ ਵਧੇਰੇ ਔਰਤਾਂ ਘਰੇਲੂ ਕੰਮਾਂ ਨੂੰ ਸਰੀਰਕ ਕਸਰਤ ਦਾ ਬਦਲ ਮੰਨਦੀਆਂ ਹਨ ਜੋ ਕਿ ਮਾਮੂਲੀ ਤੌਰ ’ਤੇ ਹੀ ਸੱਚ ਹੈ। ਘਰੇਲੂ ਚੱਕੀ ਰਾਹੀਂ ਆਟਾ ਪੀਸਣ, ਮਧਾਣੀ ਨਾਲ ਦੁੱਧ ਰਿੜਕਣ, ਹੱਥ ਨਾਲ ਕੱਪੜੇ ਧੋਣ, ਕੂੰਡਾ-ਡੰਡਾ ਵਰਤਣ ਆਦਿ ਦੀਆਂ ਪੁਰਾਣੀਆਂ ਪ੍ਰਕਿਰਿਆਵਾਂ ਨਾਲ ਬੇਸ਼ਕ ਹੀ ਕੁਝ ਕਸਰਤ ਹੋਣ ਸਬੰਧੀ ਸੰਭਵਾਨਾਵਾਂ ਬਣੀਆਂ ਰਹਿੰਦੀਆਂ ਹਨ ਪਰ ਆਧੁਨਿਕ ਯੁੱਗ ’ਚ ਇਹ ਕੰਮ ਵੀ ਬੀਤੇ ਦਿਨਾਂ ਦੀ ਭੇਟ ਚੜ੍ਹ ਚੁੱਕੇ ਹਨ। ਤਕਨੀਕੀ ਤਰੱਕੀ ਦੇ ਕਾਰਨ ਹੁਣ ਵਧੇਰੇ ਕੰਮਾਂ ਦਾ ਨਿਪਟਾਰਾ ਮਸ਼ੀਨੀ ਸਹਾਇਤਾ ਨਾਲ ਹੁੰਦਾ ਹੈ। ਪਿਛਾਂਹ-ਖਿੱਚੂ ਸੋਚ, ਸੱਭਿਆਚਾਰਕ ਕਾਰਨ, ਦਫਤਰ ਤੇ ਘਰ ਦੀ ਦੋਹਰੀ ਜ਼ਿੰਮੇਵਾਰੀ ਨਿਭਾਉਣ ’ਚ ਸਮੇਂ ਦੀ ਘਾਟ ਦੇ ਕਾਰਨ ਵਧੇਰੇ ਔਰਤਾਂ ਵੱਲੋਂ ਸਿਹਤ ਦੀ ਦੇਖਭਾਲ ਦੀ ਪਹਿਲ ’ਚ ਖੁਦ ਨੂੰ ਪਿੱਛੇ ਸੁੱਟਣਾ ਆਦਿ ਵੀ ਗੈਰ-ਸਰਗਰਮੀ ਵਾਲੇ ਅੰਕੜਿਆਂ ’ਚ ਉਨ੍ਹਾਂ ਦੇ ਅੱਗੇ ਰਹਿਣ ਦਾ ਕਾਰਨ ਬਣ ਗਏ ਹਨ।
ਇਸ ਵਿਚ ਕੋਈ ਦੋ-ਰਾਇ ਨਹੀਂ। ਭਾਰਤ ਸਮੇਤ ਪੂਰੇ ਦੱਖਣੀ ਏਸ਼ੀਆ ’ਚ ਵਧਦੇ ਸ਼ਹਿਰੀਕਰਨ ਨੇ ਖਪਤਕਾਰਵਾਦ ਨੂੰ ਬੜਾ ਹੀ ਵਿਸਤਾਰ ਦੀ ਸਥਿਤੀ ’ਚ ਲਿਆ ਖੜ੍ਹਾ ਕੀਤਾ। ਜ਼ਿੰਦਗੀ ਤਾਂ ਸਹੂਲਤ ਵਾਲੀ ਬਣੀ ਪਰ ਬਦਲੀ ਕੰਮ ਦੀ ਸ਼ੈਲੀ ਨੇ ਅਣਚਾਹੇ ਰੋਗਾਂ ਨੂੰ ਵੀ ਸੱਦਾ ਦੇ ਦਿੱਤਾ ਹੈ। ਜ਼ਿੰਦਗੀ ਜਿਊਣ ਦਾ ਢੰਗ ਬਦਲ ਜਾਵੇ ਤਾਂ ਸਿਹਤ ’ਤੇ ਇਸ ਦਾ ਅਸਰ ਪੈਣਾ ਵੀ ਸੁਭਾਵਿਕ ਹੈ।
ਡਬਲਿਊ.ਐੱਚ.ਓ. ਦੇ ਮੁਤਾਬਿਕ ਮਿਹਨਤ ਨਾ ਕਰਨ ਨਾਲ ਦਿਲ ਦੇ ਰੋਗ, ਸਾਹ ਦੇ ਰੋਗ, ਟਾਈਪ-2 ਸ਼ੂਗਰ, ਭੁੱਲਣ ਦੀ ਸਮੱਸਿਆ ਅਤੇ ਪੇਟ ਦੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ। ਲੈਂਸੇਟ ਦੇ ਡਾਟਾ ਅਨੁਸਾਰ 2021 ਵਿਚ ਭਾਰਤ ਵਿਚ 10.10 ਕਰੋੜ ਲੋਕ ਸ਼ੂਗਰ, 31.50 ਕਰੋੜ ਹਾਈ ਬਲੱਡ ਪ੍ਰੈਸ਼ਰ ਅਤੇ 25.40 ਕਰੋੜ ਮੋਟਾਪੇ ਤੋਂ ਪੀੜਤ ਸਨ। ਸੁਸਤ ਜੀਵਨਸ਼ੈਲੀ ਦੇ ਕਾਰਨ ਪੈਦਾ ਹੋਣ ਵਾਲੇ ਇਹ ਰੋਗ ਦੁਨੀਆ ਭਰ ’ਚ ਸਿਹਤ ਸੇਵਾ ਪ੍ਰਣਾਲੀਆਂ ’ਤੇ ਬੇਲੋੜਾ ਬੋਝ ਵਧਾ ਰਹੇ ਹਨ।
ਉਪਰੋਕਤ ਅਧਿਐਨ ਦਾ ਸਭ ਤੋਂ ਵੱਧ ਚਿੰਤਾ ਵਾਲੇ ਪਹਿਲੂ ਦਾ ਇਹ ਤੱਥ ਦਰਸਾਉਣਾ ਹੈ ਕਿ ਇਕ ਵੱਡੀ ਗਿਣਤੀ ’ਚ ਲੋਕ ਆਪਣੀ ਜੀਵਨਸ਼ੈਲੀ ’ਚ ਸੁਧਾਰ ਕਰਨ ਦੀ ਲੋੜ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਬਾਵਜੂਦ ਇਸ ਦੇ ਕਿ ਭਾਰਤੀਆਂ ’ਚ ਤੁਲਨਾਤਮਕ ਪੱਧਰ ’ਤੇ ਬੇਲੋੜੇ ਤੌਰ ’ਤੇ ਦਿਲ ਦੇ ਰੋਗ ਤੇ ਸ਼ੂਗਰ ਵਰਗੀਆਂ ਗੈਰ-ਸੰਚਾਰੀ ਬੀਮਾਰੀਆਂ ਦੇ ਘੱਟੋ-ਘੱਟ ਇਕ ਦਹਾਕਾ ਪਹਿਲਾਂ ਵਿਕਸਤ ਹੋਣ ਦਾ ਖਤਰਾ ਵੱਧ ਹੁੰਦਾ ਹੈ। ਦੇਸ਼ ਦੇ ਬਾਲਗ ਨਾਗਰਿਕਾਂ ਦੀਆਂ ਸਰੀਰਕ ਸਰਗਰਮੀਆਂ ’ਚ ਕਮੀ ਆਉਣ ਦਾ ਸਿੱਧਾ ਜਿਹਾ ਭਾਵ ਹੈ ਜਾਨ ਦਾ ਜੋਖਮ ਵਧਣਾ, ਸਿਹਤਮੰਦ ਆਬਾਦੀ ਦੇ ਪੱਖੋਂ ਰਾਸ਼ਟਰ ਦਾ ਪਛੜਣਾ।
ਅਸਲ ’ਚ, ਚੰਗੀ ਸਿਹਤ ਇਕ ਅਨਮੋਲ ਖਜ਼ਾਨਾ ਹੈ ਜਿਸ ਦੀ ਤੁਲਨਾ ਦੁਨੀਆ ਦੇ ਕਿਸੇ ਕੀਮਤੀ ਪਦਾਰਥ ਨਾਲ ਨਹੀਂ ਕੀਤੀ ਜਾ ਸਕਦੀ। ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦਾ ਇਕੋ-ਇਕ ਮੂਲ-ਮੰਤਰ ਹੈ ਲੋੜੀਂਦਾ ਸਰਗਰਮ ਰਹਿਣਾ। ਯੋਗਾ ਅਭਿਆਸ-ਕਸਰਤ ਨਾ ਸਿਰਫ ਹਰ ਪੱਖੋਂ ਵਰਦਾਨ ਸਾਬਿਤ ਹੁੰਦੀ ਹੈ ਸਗੋਂ ਵਿਅਕਤੀ ਨੂੰ ਕਰਮਸ਼ੀਲ ਅਤੇ ਮਿਹਨਤੀ ਬਣਾਉਣ ’ਚ ਵੀ ਕਾਫੀ ਸਹਾਈ ਸਿੱਧ ਹੁੰਦੀ ਹੈ। ਜਿਵੇਂ ਮਸ਼ੀਨੀ ਪੁਰਜ਼ਿਆਂ ਦੇ ਲਈ ਲੋੜੀਂਦੀ ਆਇਲਿੰਗ ਅਤੇ ਲਗਾਤਾਰ ਸਰਗਰਮੀ ਉਸ ਨੂੰ ਜੰਗਾਲ ਦੇ ਪ੍ਰਭਾਵ ’ਚ ਆਉਣ ਤੋਂ ਰੋਕਦੀ ਹੈ, ਠੀਕ ਉਸੇ ਤਰ੍ਹਾਂ ਆਪਣੇ ਸਰੀਰਕ ਅੰਗਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਲੋੜੀਂਦੀ ਦੇਖਭਾਲ ਕਰਨ ਦੇ ਨਾਲ ਇਨ੍ਹਾਂ ਨੂੰ ਨਿਯਮਿਤ ਤੌਰ ’ਤੇ ਵਰਤੋਂ ’ਚ ਲਿਆਉਣਾ ਵੀ ਜ਼ਰੂਰੀ ਹੈ।