ਭਾਰਤ ਦਾ ਸੁੰਗੜਦਾ ਦਰਮਿਆਨਾ ਵਰਗ
Tuesday, Apr 20, 2021 - 03:22 AM (IST)

ਵੇਦ ਪ੍ਰਤਾਪ ਵੈਦਿਕ
ਕੋਰੋਨਾ ਦੀ ਮਹਾਮਾਰੀ ਦੇ ਦੂਜੇ ਹਮਲੇ ਦਾ ਅਸਰ ਇੰਨਾ ਤੇਜ਼ ਹੈ ਕਿ ਲੱਖਾਂ ਮਜ਼ਦੂਰ ਆਪਣੇ ਪਿੰਡਾਂ ਵੱਲ ਦੁਬਾਰਾ ਭੱਜਣ ਲਈ ਮਜਬੂਰ ਹੋ ਰਹੇ ਹਨ। ਖਾਣ-ਪੀਣ ਦੇ ਸਾਮਾਨ ਅਤੇ ਦਵਾਈਅਾਂ ਵੇਚਣ ਵਾਲਿਅਾਂ ਤੋਂ ਇਲਾਵਾ ਸਾਰੇ ਵਪਾਰੀ ਵੀ ਪ੍ਰੇਸ਼ਾਨ ਹਨ। ਉਨ੍ਹਾਂ ਦੇ ਕੰਮ-ਧੰਦੇ ਠੱਪ ਹੋ ਰਹੇ ਹਨ। ਇਸ ਦੌਰ ’ਚ ਨੇਤਾ ਅਤੇ ਡਾਕਟਰ ਲੋਕ ਵੀ ਜ਼ਰਾ ਜ਼ਿਆਦਾ ਹੀ ਰੁੱਝੇ ਦਿਖਾਈ ਦਿੰਦੇ ਹਨ।
ਬਾਕੀ ਸਾਰੀਅਾਂ ਸ਼੍ਰੇਣੀਅਾਂ ’ਚ ਸੁਸਤੀ ਦਾ ਮਾਹੌਲ ਬਣਿਆ ਹੋਇਆ ਹੈ। ਪਿਛਲੇ ਸਾਲ ਲਗਭਗ 10 ਕਰੋੜ ਲੋਕ ਬੇਰੋਜ਼ਗਾਰ ਹੋਏ ਸਨ। ਉਸ ਸਮੇਂ ਸਰਕਾਰ ਨੇ ਗਰੀਬਾਂ ਦਾ ਖਾਣਾ-ਪੀਣਾ ਚੱਲਦਾ ਰਹੇ, ਉਸ ਲਾਇਕ ਮਦਦ ਜ਼ਰੂਰ ਕੀਤੀ ਸੀ ਪਰ ਯੂਰਪੀ ਸਰਕਾਰਾਂ ਵਾਂਗ ਉਸ ਨੇ ਆਮ ਆਦਮੀ ਦੀ ਆਮਦਨ ਦਾ 80 ਫੀਸਦੀ ਭਾਰ ਖੁਦ ’ਤੇ ਨਹੀਂ ਉਠਾਇਆ ਸੀ।
ਹੁਣ ਵਿਸ਼ਵ ਬੈਂਕ ਦੇ ਅੰਕੜਿਅਾਂ ਦੇ ਆਧਾਰ ’ਤੇ ‘ਪਿਊ ਰਿਸਰਚ ਸੈਂਟਰ’ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਕਾਰਨ ਭਾਰਤ ਦੀ ਅਰਥਵਿਵਸਥਾ ’ਚ ਇੰਨੀ ਗਿਰਾਵਟ ਹੋ ਗਈ ਕਿ ਭਾਰਤ ਦੇ ਗਰੀਬਾਂ ਦੀ ਗੱਲ ਜਾਣ ਦਿਓ, ਜਿਸ ਨੂੰ ਅਸੀਂ ਦਰਮਿਆਨਾ ਵਰਗ ਕਹਿੰਦੇ ਹਾਂ, ਉਸ ਦੀ ਗਿਣਤੀ ਲਗਭਗ 10 ਕਰੋੜ ਘੱਟ ਲਗਭਗ 7 ਕਰੋੜ ਰਹਿ ਗਈ ਹੈ। 3 ਕਰੋੜ 30 ਲੱਖ ਲੋਕ ਦਰਮਿਆਨੇ ਵਰਗ ਤੋਂ ਤਿਲਕ ਕੇ ਹੇਠਲੇ ਵਰਗ ’ਚ ਚਲੇ ਗਏ ਹਨ।
ਦਰਮਿਆਨੇ ਵਰਗ ਦੇ ਪਰਿਵਾਰਾਂ ਦਾ ਰੋਜ਼ਾਨਾ ਖਰਚ 750 ਤੋਂ 3750 ਰੁਪਏ ਤਕ ਦਾ ਹੁੰਦਾ ਹੈ। ਇਹ ਅੰਕੜਾ ਹੀ ਆਪਣੇ ਆਪ ’ਚ ਕਾਫੀ ਦੁਖੀ ਕਰਨ ਵਾਲਾ ਹੈ। ਜੇਕਰ ਭਾਰਤ ਦਾ ਦਰਮਿਆਨਾ ਵਰਗ 10 ਕਰੋੜ ਦਾ ਹੈ ਤਾਂ ਗਰੀਬ ਵਰਗ ਕਿੰਨੇ ਕਰੋੜ ਦਾ ਹੈ? ਜੇਕਰ ਇਹ ਮੰਨ ਲਈਏ ਕਿ ਉੱਚ ਦਰਮਿਆਨਾ ਵਰਗ ਅਤੇ ਉੱਚ ਆਮਦਨ ਵਰਗ ’ਚ 5 ਕਰੋੜ ਲੋਕ ਹਨ ਜਾਂ 10 ਕਰੋੜ ਵੀ ਹਨ ਤਾਂ ਨਤੀਜਾ ਕੀ ਨਿਕਲਦਾ ਹੈ?
ਕੀ ਇਹ ਨਹੀਂ ਕਿ ਭਾਰਤ ਦੇ 100 ਕਰੋੜ ਤੋਂ ਵੀ ਵੱਧ ਲੋਕ ਗਰੀਬ ਵਰਗ ’ਚ ਆ ਗਏ ਹਨ? ਭਾਰਤ ’ਚ ਇਨਕਮ ਟੈਕਸ ਭਰਨ ਵਾਲੇ ਕਿੰਨੇ ਲੋਕ ਹਨ? 5-6 ਕਰੋੜ ਲੋਕ ਵੀ ਨਹੀਂ ਭਾਵ ਸਵਾ ਸੌ ਕਰੋੜ ਲੋਕਾਂ ਕੋਲ ਭੋਜਨ, ਕੱਪੜੇ, ਘਰ, ਸਿੱਖਿਆ, ਡਾਕਟਰੀ ਅਤੇ ਮਨੋਰੰਜਨ ਦੇ ਘੱਟੋ-ਘੱਟ ਸਾਧਨ ਵੀ ਨਹੀਂ ਹਨ। ਇਸ ਦਾ ਅਰਥ ਇਹ ਨਹੀਂ ਕਿ ਆਜ਼ਾਦੀ ਦੇ ਬਾਅਦ ਭਾਰਤ ਨੇ ਕੋਈ ਤਰੱਕੀ ਨਹੀਂ ਕੀਤੀ। ਤਰੱਕੀ ਤਾਂ ਉਸ ਨੇ ਕੀਤੀ ਹੈ ਪਰ ਉਸ ਦੀ ਰਫਤਾਰ ਬਹੁਤ ਹੌਲੀ ਰਹੀ ਹੈ ਅਤੇ ਉਸ ਦਾ ਫਾਇਦਾ ਬਹੁਤ ਘੱਟ ਲੋਕਾਂ ਤਕ ਸੀਮਿਤ ਰਿਹਾ।
ਚੀਨ ਭਾਰਤ ਤੋਂ ਕਾਫੀ ਪਿੱਛੇ ਸੀ ਪਰ ਉਸ ਦੀ ਅਰਥਵਿਵਸਥਾ ਅੱਜ ਭਾਰਤ ਨਾਲੋਂ 5 ਗੁਣਾ ਵੱਡੀ ਹੈ। ਕੋਰੋਨਾ ਫੈਲਾਉਣ ਦੇ ਲਈ ਉਹ ਸਾਰੀ ਦੁਨੀਆ ’ਚ ਬਦਨਾਮ ਹੋਇਆ ਹੈ ਪਰ ਉਸ ਦੀ ਆਰਥਿਕ ਤਰੱਕੀ ਇਸ ਦੌਰਾਨ ਵੀ ਭਾਰਤ ਨਾਲੋਂ ਕਿਤੇ ਜ਼ਿਆਦਾ ਹੈ। ਹੋਰਨਾਂ ਮਹਾਸ਼ਕਤੀਅਾਂ ਦੇ ਮੁਕਾਬਲੇ ’ਚ ਕੋਰੋਨਾ ’ਤੇ ਕਾਬੂ ਪਾਉਣ ’ਚ ਇਹ ਜ਼ਿਆਦਾ ਸਫਲ ਹੋਇਆ ਹੈ।
ਭਾਰਤ ਦੀ ਮਾੜੀ ਕਿਸਮਤ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਣ ਦੇ ਬਾਵਜੂਦ ਦਿਮਾਗੀ ਤੌਰ ’ਤੇ ਉਹ ਅੱਜ ਵੀ ਅੰਗਰੇਜ਼ਾਂ ਦਾ ਗੁਲਾਮ ਬਣਿਆ ਹੋਇਆ ਹੈ। ਉਸ ਦੀ ਭਾਸ਼ਾ, ਉਸ ਦੀ ਸਿੱਖਿਆ, ਉਸ ਦੀ ਡਾਕਟਰੀ, ਉਸ ਦਾ ਕਾਨੂੰਨ ਅਤੇ ਜੀਵਨ ਪ੍ਰਣਾਲੀ ਅਤੇ ਉਸ ਦੀ ਸ਼ਾਸਨ ਪ੍ਰਣਾਲੀ ’ਚ ਵੀ ਉਸ ਦਾ ਨਕਲਚੀਪੁਣਾ ਅੱਜ ਤਕ ਜੀਵਤ ਹੈ। ਮੌਲਿਕਤਾ ਦੀ ਘਾਟ ’ਚ ਭਾਰਤ ਨਾ ਤਾਂ ਕੋਰੋਨਾ ਦੀ ਮਹਾਮਾਰੀ ਨਾਲ ਖੁੱਲ੍ਹ ਕੇ ਲੜ ਰਿਹਾ ਹੈ ਅਤੇ ਨਾ ਹੀ ਉਹ ਸੰੰਪੰਨ ਮਹਾਸ਼ਕਤੀ ਬਣ ਪਾ ਰਿਹਾ ਹੈ।