ਕੇਂਦਰੀ ਲੋਕ ਸੇਵਾ ’ਚ ਔਰਤਾਂ ਦੀ ਵਧਦੀ ਭੂਮਿਕਾ

06/20/2024 5:07:53 PM

ਪਿਛਲੇ ਕੁਝ ਸਾਲਾਂ ਦੀਆਂ ਸਿਵਲ ਸੇਵਾ ਪ੍ਰੀਖਿਆਵਾਂ ਦੇ ਨਤੀਜਿਆਂ ’ਤੇ ਗੌਰ ਕਰਨ ਨਾਲ ਔਰਤਾਂ ਦੀ ਵਧਦੀ ਭੂਮਿਕਾ ਦਾ ਪਤਾ ਲੱਗਦਾ ਹੈ। ਇਸ ਸਾਲ ਦੇ ਟਾਪ ਟੈੱਨ ’ਚ ਅੱਧਾ ਦਰਜਨ ਲੜਕੀਆਂ ਸ਼ਾਮਲ ਹਨ। ਕੁੱਲ 1016 ਸਫਲ ਉਮੀਦਵਾਰਾਂ ’ਚ ਔਰਤਾਂ ਦੀ ਗਿਣਤੀ 352 ਹੈ।

ਘੱਟਗਿਣਤੀ ਭਾਈਚਾਰੇ ਤੋਂ ਵੀ 50 ਉਮੀਦਵਾਰ ਸਫਲ ਹੋਏ ਹਨ। ਵਿਦੇਸ਼ ਸੇਵਾ ਲਈ ਚੁਣੇ ਗਏ ਕੁੱਲ ਉਮੀਦਵਾਰਾਂ ਦੀ ਗਿਣਤੀ 37 ਹੈ। ਨਾਲ ਹੀ ਪ੍ਰਸ਼ਾਸਨਿਕ ਸੇਵਾ ਲਈ 180 ਅਤੇ ਪੁਲਸ ਸੇਵਾ ਲਈ 200 ਅਤੇ ਜੰਗਲਾਤ ਸੇਵਾ ਲਈ 147 ਉਮੀਦਵਾਰ ਚੁਣੇ ਗਏ ਹਨ।

ਅੱਜਕਲ ਮਹਿਲਾ ਅਧਿਕਾਰ ਅੰਦੋਲਨਾਂ ਹੀ ਨਹੀਂ ਸਗੋਂ ਸਰਕਾਰ ਵੀ ਸੰਸਦੀ ਰਾਜਨੀਤੀ ’ਚ ਉਨ੍ਹਾਂ ਲਈ ਇਕ ਤਿਹਾਈ ਸੀਟਾਂ ਦੀ ਵਿਵਸਥਾ ਕਰਨ ’ਚ ਲੱਗੀ ਹੈ। ਇਸ ਨੂੰ ਪੂਰਾ ਕਰਨ ਲਈ ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਬਾਅਦ ਨਾਰੀ ਸ਼ਕਤੀ ਵੰਦਨ ਕਾਨੂੰਨ (ਮਹਿਲਾ ਰਾਖਵਾਂਕਰਨ ਬਿੱਲ) ਪਾਸ ਕੀਤਾ ਗਿਆ ਸੀ।

ਪਰ ਇੱਥੇ ਲੜਕੀਆਂ ਨੇ ਆਪਣੀ ਯੋਗਤਾ ਦੇ ਦਮ ’ਤੇ ਮੰਗ ਨਾਲੋਂ ਥੋੜ੍ਹਾ ਵੱਧ ਹਾਸਲ ਕੀਤਾ ਹੈ। 21ਵੀਂ ਸਦੀ ਦੇ ਦੂਜੇ ਦਹਾਕੇ ’ਚ ਨੌਕਰਸ਼ਾਹੀ ’ਚ ਔਰਤਾਂ ਦੀ ਹਿੱਸੇਦਾਰੀ ਮਹੱਤਵਪੂਰਨ ਹੁੰਦੀ ਹੈ।

ਇਹ 2018 ’ਚ 24 ਫੀਸਦੀ ਤੋਂ ਵਧ ਕੇ 2024 ’ਚ 34 ਫੀਸਦੀ ਹੋ ਗਈ। ਅੱਜ ਔਰਤਾਂ ਸੰਘਰਸ਼ ਅਤੇ ਤਾਕਤ ਦੀਆਂ ਅਦਭੁਤ ਕਹਾਣੀਆਂ ਲਿਖਣ ਲਈ ਸਖਤ ਮਿਹਨਤ ਕਰ ਰਹੀਆਂ ਹਨ।

22 ਸਾਲ ਦੀ ਉਮਰ ’ਚ ਮਹਿਲਾ ਟਾਪਰ ਡੋਨੁਰੂ ਅਨੰਨਿਆ ਰੈੱਡੀ ਅਖਿਲ ਭਾਰਤੀ ਰੈਂਕਿੰਗ ’ਚ ਤੀਜਾ ਸਥਾਨ ਹਾਸਲ ਕਰਦੀ ਹੈ। ਇਹ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਸੀ। ਉਹ ਤੇਲੰਗਾਨਾ ’ਚ ਮਹਿਬੂਬਨਗਰ ਜ਼ਿਲਾ ਹੈੱਡਕੁਆਰਟਰ ਤੋਂ 23 ਕਿਲੋਮੀਟਰ ਦੂਰ ਪੋਨਕਲ ਨਾਂ ਦੇ ਇਕ ਛੋਟੇ ਪਿੰਡ ਤੋਂ ਆਉਂਦੀ ਹੈ।

ਉਨ੍ਹਾਂ ਦੇ ਪਿਤਾ ਝੋਨੇ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਭੂਗੌਲ ’ਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਅਤੇ ਬਦਲਵੇਂ ਵਿਸ਼ੇ ਦੇ ਰੂਪ ’ਚ ਮਨੁੱਖੀ ਵਿਗਿਆਨ ਚੁਣਿਆ ਸੀ।

ਗੁਰੂਗ੍ਰਾਮ ਦੀ 28 ਸਾਲਾ ਰੁਹਾਨੀ ਛੇਵੀਂ ਅਤੇ ਆਖਰੀ ਕੋਸ਼ਿਸ਼ ’ਚ 5ਵਾਂ ਸਥਾਨ ਹਾਸਲ ਕਰ ਚੁੱਕੀ ਹੈ। ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨਜ਼ ਕਾਲਜ ਤੋਂ ਉਹ ਅਰਥਸ਼ਾਸਤਰ ’ਚ ਗ੍ਰੈਜੂਏਟ ਹੈ। ਪਿਛਲੀ ਇਕ ਕੋਸ਼ਿਸ਼ ’ਚ ਮਿਲੀ ਸਫਲਤਾ ਕਾਰਨ ਰੁਹਾਨੀ ਨਤੀਜੇ ਦੇ ਦਿਨ 16 ਅਪ੍ਰੈਲ ਨੂੰ ਹੈਦਰਾਬਾਦ ’ਚ ਟ੍ਰੇਨਿੰਗ ਲੈ ਰਹੀ ਸੀ।

ਟਾਪ 10 ਉਮੀਦਵਾਰਾਂ ’ਚ ਘੱਟਗਿਣਤੀ ਭਾਈਚਾਰੇ ਤੋਂ ਆਉਣ ਵਾਲੀ ਇਕਲੌਤੀ ਉਮੀਦਵਾਰ ਮਹਿਲਾ ਹੈ। ਪੂਰਬੀ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ’ਚ ਪੈਦਾ ਹੋਈ ਨੌਸ਼ੀਨ ਚੌਥੀ ਕੋਸ਼ਿਸ਼ ’ਚ 9ਵਾਂ ਸਥਾਨ ਹਾਸਲ ਕਰਦੀ ਹੈ।

ਤੀਜੀ ਨਾਕਾਮ ਕੋਸ਼ਿਸ਼ ਤੋਂ ਬਾਅਦ ਉਹ ਡਿਪ੍ਰੈਸ਼ਨ ’ਚ ਚਲੀ ਗਈ ਸੀ ਪਰ ਅਗਲੇ ਨਤੀਜੇ ਤੋਂ ਪਤਾ ਲੱਗਦਾ ਹੈ ਕਿ ਉਹ ਛੇਤੀ ਹੀ ਸਿਹਤਮੰਦ ਹੋ ਗਈ ਸੀ। ਉਹ ਵੀ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਕਰਨ ਵਾਲਿਆਂ ’ਚੋਂ ਇਕ ਹੈ। ਨੌਸ਼ੀਨ ਦੇ ਪਿਤਾ ਅਬਦੁਲ ਕਿਊਮ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ’ਚ ਸਹਾਇਕ ਨਿਰਦੇਸ਼ਕ ਹਨ।

ਪੰਜਾਬ ਨੇ ਟਾਪ 100 ਉਮੀਦਵਾਰਾਂ ’ਚੋਂ ਇਕ ਸੀਟ ਹਾਸਲ ਕੀਤੀ ਹੈ। 31 ਸਾਲਾ ਗੁਰਲੀਨ ਕੌਰ ਨੇ ਆਪਣੀ ਚੌਥੀ ਕੋਸ਼ਿਸ਼ ’ਚ 30ਵਾਂ ਰੈਂਕ ਹਾਸਲ ਕੀਤਾ। ਡਾ. ਬਲਵਿੰਦਰ ਕੌਰ ਮਾਨ (ਰਿਟਾ. ਜ਼ਿਲਾ ਸਿਹਤ ਅਧਿਕਾਰੀ) ਦੀ ਬੇਟੀ ਵੀ ਇਕ ਟ੍ਰੇਂਡ ਡਾਕਟਰ ਹੈ। ਉਹ 2021 ’ਚ ਸੂਬਾਈ ਲੋਕ ਸੇਵਾ ਪ੍ਰੀਖਿਆ ’ਚ 9ਵਾਂ ਸਥਾਨ ਮਿਲਣ ’ਤੇ ਪ੍ਰਸ਼ਾਸਨਿਕ ਸੇਵਾ ’ਚ ਸ਼ਾਮਲ ਹੋ ਗਈ ਸੀ।

ਉਨ੍ਹਾਂ ਦੀ ਸਫਲਤਾ ਆਪਣੇ-ਆਪ ’ਚ ਇਕ ਸੰਘਰਸ਼ਪੂਰਨ ਕਹਾਣੀ ਕਹਿੰਦੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਫੁੱਲਟਾਈਮ ਨੌਕਰੀ ਤੋਂ ਪੜ੍ਹਾਈ ਲਈ ਛੁੱਟੀ ਲਏ ਬਿਨਾਂ ਹੀ ਟੀਚਾ ਹਾਸਲ ਕਰ ਕੇ ਇਤਿਹਾਸ ਕਾਇਮ ਕੀਤਾ ਹੈ।

1972 ’ਚ ਰਾਸ਼ਟਰੀ ਪੱਧਰ ’ਤੇ ਟੈਨਿਸ ਖੇਡਣ ਵਾਲੀ ਕਿਰਨ ਬੇਦੀ (ਪੇਸ਼ਾਵਰੀਆ) ਨੇ ਸਿਵਲ ਸੇਵਾ ਦੀ ਪ੍ਰੀਖਿਆ ਪਾਸ ਕੀਤੀ ਤੇ ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐੱਸ ਅਧਿਕਾਰੀ ਬਣੀ ਸੀ। ਅੱਧੀ ਸਦੀ ਤੋਂ ਵੱਧ ਬੀਤਣ ਤੋਂ ਬਾਅਦ ਜਦ ਅਗਲੇ ਸਾਲ ਉਨ੍ਹਾਂ ਦੇ ਜੀਵਨ ’ਤੇ ਫਿਲਮ ਬਣਾਉਣ ਦਾ ਐਲਾਨ ਹੁੰਦਾ ਹੈ ਤਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਖੇਡਣ ਵਾਲੀ ਦੂਜੀ ਮਹਿਲਾ ਖਿਡਾਰਨ ਭਾਰਤੀ ਪੁਲਸ ਸੇਵਾ ’ਚ ਸ਼ਾਮਲ ਹੋਈ।

25 ਸਾਲਾ ਕੁਹੂ ਗਰਗ ਬੈਡਮਿੰਟਨ ’ਚ 50 ਤੋਂ ਵੱਧ ਰਾਸ਼ਟਰੀ ਤੇ 19 ਅੰਤਰਾਰਸ਼ਟਰੀ ਤਮਗੇ ਜਿੱਤਣ ਪਿੱਛੋਂ ਟੀਚਾ ਵਿੰਨ੍ਹ ਕੇ ਇਤਿਹਾਸ ਕਾਇਮ ਕਰਦੀ ਹੈ। ਦੂਜੀ ਕੋਸ਼ਿਸ਼ ’ਚ ਉਨ੍ਹਾਂ ਨੂੰ 178ਵਾਂ ਰੈਂਕ ਮਿਲਿਆ ਹੈ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਸ਼੍ਰੀਰਾਮ ਕਾਲਜ ਆਫ ਕਾਮਰਸ ਤੋਂ ਅਰਥਸ਼ਾਸਤਰ ’ਚ ਗ੍ਰੈਜੂਏਸ਼ਨ ਕੀਤੀ ਹੈ।

ਉਨ੍ਹਾਂ ਇਸ ਨਵੀਂ ਪ੍ਰਾਪਤੀ ਲਈ ਤਿਆਰੀ ਸ਼ੁਰੂ ਕੀਤੀ। ਆਨਲਾਈਨ ਮੁਹੱਈਆ ਸਰੋਤਾਂ ਅਤੇ ਪਿਤਾ ਤੋਂ ਖੂਬ ਮਦਦ ਮਿਲੀ। ਨਾਲ ਹੀ ਜੀ.ਬੀ. ਪੰਤ ਐਗਰੀਕਲਚਰ ਐਂਡ ਟੈਕਨਾਲੋਜੀ ਯੂਨੀਵਰਸਿਟੀ ਦੇ ਕਾਲਜ ਆਫ ਟੈਕਨਾਲੋਜੀ ਦੀ ਡੀਨ ਉਨ੍ਹਾਂ ਦੀ ਮਾਂ ਡਾ. ਅਲਕਨੰਦਾ ਅਸ਼ੋਕ ਵੀ ਬੜੀ ਸਹਿਯੋਗੀ ਸਾਬਤ ਹੋਈ।

ਇਸੇ ਤਰ੍ਹਾਂ ਕਿਰਨ ਬੇਦੀ ਅਤੇ ਕੁਹੂ ਗਰਗ ਵਰਦੀ ’ਚ ਖੇਡ ਭਾਵਨਾ ਨੂੰ ਪੋਸ਼ਿਤ ਕਰਨ ਵਾਲੀਆਂ ਸ਼ਾਨਦਾਰ ਮਿਸਾਲਾਂ ਹਨ। ਦੋਵੇਂ 9 ਸਾਲ ਦੀ ਉਮਰ ਤੋਂ ਅਭਿਆਸ ਕਰਨਾ ਸ਼ੁਰੂ ਕਰਦੀਆਂ ਹਨ। ਇਹ ਗੱਲ ਦੋਵਾਂ ’ਚ ਇਕੋ ਜਿਹੀ ਹੈ। ਬੇਦੀ 1966 ਅਤੇ 1972 ’ਚ ਰਾਸ਼ਟਰੀ ਜੂਨੀਅਰ ਚੈਂਪੀਅਨਸ਼ਿਪ ਜਿੱਤਦੀ ਹੈ। ਆਈ. ਪੀ. ਐੱਸ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ 1974 ’ਚ ਸੀਨੀਅਰਜ਼ ਦਾ ਖਿਤਾਬ ਜਿੱਤਿਆ। ਕੁਹੂ ਦੀਆਂ ਖੇਡਾਂ ’ਚ ਪ੍ਰਾਪਤੀਆਂ ਕਾਫੀ ਪ੍ਰਭਾਵਸ਼ਾਲੀ ਹਨ। ਇਹ ਉਨ੍ਹਾਂ ਦੇ ਸਮਰਪਨ ਅਤੇ ਇਸ ਦੇ ਪ੍ਰਤੀ ਇਮਾਨਦਾਰੀ ਨੂੰ ਦਰਸਾਉਂਦੀਆਂ ਹਨ।

ਔਰਤਾਂ ਦੇ ਸੰਘਰਸ਼ ਅਤੇ ਤਾਕਤ ਦੀ ਕਹਾਣੀ ਸਾਰਿਕਾ ਏ. ਕੇ. ਤੋਂ ਬਿਨਾਂ ਅਧੂਰੀ ਹੈ। 23 ਸਾਲਾ ਇਸ ਕੇਰਲ ਵਾਸੀ ਦੇ ਪਿਤਾ ਸ਼ਸ਼ੀ ਕਤਰ ’ਚ ਡਰਾਈਵਰ ਹਨ ਅਤੇ ਮਾਂ ਰਾਗੀ ਘਰੇਲੂ ਔਰਤ ਹੈ। ਉਹ ਸੇਰੇਬ੍ਰਲ ਪਾਲਸੀ ਤੋਂ ਪੀੜਤ ਹੈ। ਅਜਿਹੀ ਬਿਮਾਰੀ ਜੋ ਮਾਸਪੇਸ਼ੀਆਂ ਦੀ ਰਫਤਾਰ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੇ ਲੱਛਣ ਹਰ ਵਿਅਕਤੀ ’ਚ ਵੱਖ-ਵੱਖ ਹੁੰਦੇ ਹਨ ਅਤੇ ਹਲਕੇ ਤੋਂ ਲੈ ਕੇ ਗੰਭੀਰ ਤੱਕ ਹੋ ਸਕਦੇ ਹਨ। ਸਾਰਿਕਾ ਦਾ ਸੱਜਾ ਹੱਥ ਪੂਰੀ ਤਰ੍ਹਾਂ ਨਾਕਾਰਾ ਹੈ ਅਤੇ ਉਨ੍ਹਾਂ ਦੇ ਖੱਬੇ ਹੱਥ ਦੀਆਂ ਸਿਰਫ 3 ਉਂਗਲਾ ਕੰਮ ਕਰ ਰਹੀਆਂ ਹਨ। ਸਰੀਰਕ ਤੌਰ ’ਤੇ ਅਸਮਰੱਥ ਇਸ ਔਰਤ ਨੇ ਦੂਜੀ ਕੋਸ਼ਿਸ਼ ’ਚ 922ਵਾਂ ਰੈਂਕ ਹਾਸਲ ਕੀਤਾ ਹੈ। ਉਨ੍ਹਾਂ ਦੀ ਪ੍ਰੇਰਣਾ ਸਰੋਤ ਬਿਨਾਂ ਹੱਥ ਵਾਲੀ ਲਾਇਸੈਂਸ ਪ੍ਰਾਪਤ ਪਾਇਲਟ ਜੇਸਿਕਾ ਕਾਕਸ ਹੈ।

ਹੁਣ ਵੀ ਜਨਤਕ ਸੇਵਾ ਭਾਰਤ ’ਚ ਨੌਜਵਾਨ ਪੀੜ੍ਹੀ ਦੀਆਂ ਉੱਚ ਉਮੀਦਾਂ ’ਚੋਂ ਇਕ ਹੈ। ਨੌਕਰਸ਼ਾਹੀ ਅਤੇ ਕਾਰਜਕਾਰੀ ਤੰਤਰ ਇਸ ’ਤੇ ਨਿਰਭਰ ਰਿਹਾ ਹੈ। ਇਨ੍ਹਾਂ ਹਿੰਮਤੀ ਔਰਤਾਂ ਦੇ ਸੰਘਰਸ਼ ਨੇ ਸਾਨੂੰ ਸ਼ਕਤੀ ਦੀਆਂ ਕਈ ਦਿਲ ਟੁੰਭਵੀਆਂ ਕਹਾਣੀਆਂ ਤੋਂ ਜਾਣੂ ਕਰਵਾਇਆ ਹੈ। ਇਸ ਦੇ ਨਾਲ ਹੀ ਇਹ ਔਰਤਾਂ ਨੌਜਵਾਨ ਭਾਰਤ ਲਈ ਪ੍ਰੇਰਣਾ ਦਾ ਨਵਾਂ ਸਰੋਤ ਬਣ ਕੇ ਉਭਰੀਆਂ ਹਨ।

ਕੌਸ਼ਲ ਕਿਸ਼ੋਰ


Rakesh

Content Editor

Related News