ਕਦਮ-ਕਦਮ ’ਤੇ ਹੋ ਰਿਹਾ ਰਿਸ਼ਤਿਆਂ ਦਾ ਖੂਨ ‘ਇਹ ਹੈ ਭਾਰਤ ਦੇਸ਼ ਅਸਾਡਾ!’
Saturday, Jun 15, 2024 - 02:53 AM (IST)
ਭਾਰਤੀ ਸਮਾਜ ’ਚ ਨੈਤਿਕ ਪਤਨ ਵਧਦਾ ਜਾ ਰਿਹਾ ਹੈ ਅਤੇ ਕੁਝ ਲੋਕ ਰਿਸ਼ਤਿਆਂ ਦੀ ਮਰਿਆਦਾ ਨੂੰ ਤਾਰ-ਤਾਰ ਕਰ ਕੇ ਮਨੁੱਖਤਾ ਨੂੰ ਲਹੂ-ਲੁਹਾਨ ਅਤੇ ਕਲੰਕਿਤ ਕਰ ਰਹੇ ਹਨ। ਇਸ ਦੀਆਂ ਪਿਛਲੇ ਸਿਰਫ ਡੇਢ ਮਹੀਨੇ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 1 ਮਈ ਨੂੰ ਬਹਿਰੋੜ (ਰਾਜਸਥਾਨ) ’ਚ ਆਪਣੀ ਨਾਨੀ ਦੀ ਮੌਤ ’ਤੇ ਨਾਨਕੇ ਆਈ ਇਕ ਨਾਬਾਲਿਗਾ ਨੂੰ ਘਰ ’ਚ ਇਕੱਲੀ ਦੇਖ ਕੇ ਉਸ ਦੇ ਮਾਮੇ ਨੇ ਆਪਣੀ ਮਾਂ ਦੇ ਸਸਕਾਰ ਦੇ ਬਾਅਦ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।
* 20 ਮਈ ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ’ਚ ਇਕ 14 ਸਾਲਾ ਨਾਬਾਲਿਗਾ ਦੇ ਗਰਭਵਤੀ ਹੋਣ ’ਤੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਖੁਲਾਸਾ ਹੋਇਆ ਕਿ ਲੜਕੀ ਦੇ ਕ੍ਰਮਵਾਰ 20 ਅਤੇ 23 ਸਾਲਾ ਦੋ ਸਕੇ ਭਰਾ ਹੀ ਆਪਣੀ ਮਾਂ ਦੀ ਗੈਰ-ਹਾਜ਼ਰੀ ’ਚ ਲੰਬੇ ਸਮੇਂ ਤੋਂ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਦੇ ਨਾਲ ਗੈਂਗਰੇਪ ਕਰਦੇ ਆ ਰਹੇ ਸਨ।
* 27 ਮਈ ਨੂੰ ਕਿਸ਼ਨਗੰਜ (ਬਿਹਾਰ) ਦੇ ‘ਦਿਘਲ ਬੈਂਕ ਥਾਣਾ ਇਲਾਕੇ’ ’ਚ ਇਕ ਵਿਅਕਤੀ ਨੇ ਆਪਣੀ ਨਾਬਾਲਿਗ ਧੀ ਨੂੰ ਘੁਮਾਉਣ ਲਿਜਾਣ ਦੇ ਬਹਾਨੇ ਸੁੰਨਸਾਨ ਖੇਤ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ ਅਤੇ ਅੱਧੀ ਰਾਤ ਨੂੰ ਲਹੂ-ਲੁਹਾਨ ਹਾਲਤ ’ਚ ਉਸ ਨੂੰ ਘਰ ਛੱਡ ਕੇ ਫਰਾਰ ਹੋ ਗਿਆ।
* 31 ਮਈ ਨੂੰ ਕਾਸ਼ੀਪੁਰ ’ਚ ਸ਼ਿਆਮ ਨਾਂ ਦੇ ਨੌਜਵਾਨ ਨੇ ਆਪਣੀ ਮਾਂ ਦਿਆਵਤੀ ਕੋਲੋਂ 5000 ਰੁਪਏ ਮੰਗੇ ਅਤੇ ਜਦੋਂ ਮਾਂ ਨੇ ਦੇਣ ਤੋਂ ਨਾਂਹ ਕੀਤੀ ਤਾਂ ਉਸ ਨੇ ਆਪਣੇ ਜੌੜੇ ਭਰਾ ਰਾਮ ਅਤੇ ਆਪਣੀ ਮਾਂ ਦਿਆਵਤੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਰਾਮ ਦੇ ਸਿਰ ’ਤੇ ਇੱਟ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ ਉਸ ਦੀ ਜਾਨ ਚਲੀ ਗਈ।
* 8 ਜੂਨ ਨੂੰ ਅਲਪੂਜਾ (ਕੇਰਲ) ਜ਼ਿਲੇ ’ਚ ਇਕ ਔਰਤ ਨੂੰ ਆਪਣੇ ਇਕ ਸਾਲਾ ਮਾਸੂਮ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਣ ਅਤੇ ਉਸ ਦਾ ਵੀਡੀਓ ਬਣਾ ਕੇ ਵੱਖ ਰਹਿ ਰਹੇ ਆਪਣੇ ਪਤੀ ਨੂੰ ਭੇਜਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 8 ਜੂਨ ਨੂੰ ਹੀ ਅੰਮ੍ਰਿਤਸਰ ’ਚ ਆਪਣੀ ਪਤਨੀ ਨਾਲ ਵਾਰ-ਵਾਰ ਝਗੜਾ ਹੋਣ ’ਤੇ ਗਲਾ ਘੁੱਟ ਕੇ ਉਸ ਦੀ ਹੱਤਿਆ ਕਰਨ ਦੇ ਦੋਸ਼ ’ਚ ਉਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।
* 9 ਜੂਨ ਨੂੰ ਬੁਲੰਦਸ਼ਹਿਰ (ਉੱਤਰ ਪ੍ਰਦੇਸ਼) ’ਚ ਇਕ ਔਰਤ ਨੇ ਆਪਣੇ ਪਤੀ ਦੇ ਵਿਰੁੱਧ ਆਪਣੀ 16 ਸਾਲਾ ਧੀ ਨੂੰ ਡਰਾ-ਧਮਕਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਵਿਰੋਧ ਕਰਨ ’ਤੇ ਮਾਂ-ਧੀ ਦੋਵਾਂ ’ਤੇ ਜਾਨਲੇਵਾ ਹਮਲਾ ਕਰ ਕੇ ਜ਼ਖਮੀ ਕਰ ਦੇਣ ਦੀ ਸ਼ਿਕਾਇਤ ਦਰਜ ਕਰਵਾਈ।
* 10 ਜੂਨ ਨੂੰ ਫਰੀਦਕੋਟ (ਪੰਜਾਬ) ’ਚ ਨਸ਼ੇ ਦੇ ਆਦੀ ਨੌਜਵਾਨ ਨੇ ਨਸ਼ੇ ਲਈ ਪੈਸੇ ਨਾ ਦੇਣ ’ਤੇ ਆਪਣੀ ਵਿਧਵਾ ਮਾਂ ਦੇ ਸਿਰ ’ਤੇ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 10 ਜੂਨ ਨੂੰ ਹੀ ਨਵੀਂ ਦਿੱਲੀ ’ਚ ਇਕ ਔਰਤ ਨੇ ਆਪਣੇ ਪਤੀ ਦੇ ਵਿਰੁੱਧ ਆਪਣੀ 17 ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ।
* 11 ਜੂਨ ਨੂੰ ਅਗਰਤਲਾ (ਤ੍ਰਿਪੁਰਾ) ਦੇ ‘ਜਾਯ ਨਗਰ’ ’ਚ ਇਕ ਔਰਤ ਨੇ ਆਪਣੇ 8 ਸਾਲਾ ਪੁੱਤਰ ਵੱਲੋਂ ਉਸ ਨੂੰ ਤੰਗ ਕਰਨ ’ਤੇ ਗੁੱਸੇ ’ਚ ਆ ਕੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
* 12 ਜੂਨ ਨੂੰ ਪਾਲੀ (ਰਾਜਸਥਾਨ) ਜ਼ਿਲੇ ਦੇ ਉਦਯੋਗਿਕ ਥਾਣੇ ’ਚ ਇਕ ਪੁਲਸ ਕਾਂਸਟੇਬਲ ਭਰਤ ਨੇ ਆਪਣੀ ਕਾਂਸਟੇਬਲ ਪਤਨੀ ਪਿੰਕੂ ਨਾਲ ਵਿਵਾਦ ਦੇ ਕਾਰਨ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ।
* 12 ਜੂਨ ਨੂੰ ਹੀ ਗੁਰਦਾਸਪੁਰ ਦੇ ਪਿੰਡ ‘ਚੱਕਸ਼ਰੀਫ’ ’ਚ ਕਿਸੇ ਵਿਵਾਦ ਕਾਰਨ ਇਕ ਨੌਜਵਾਨ ਨੇ ਆਪਣੇ ਚਚੇਰੇ ਭਰਾ ਦੀ ਹੱਤਿਆ ਕਰ ਦਿੱਤੀ।
* 12 ਜੂਨ ਨੂੰ ਹੀ ਉੱਤਰ ਪੂਰਬੀ ਦਿੱਲੀ ਦੇ ਨੰਦਨਗਰੀ ਇਲਾਕੇ ’ਚ ਜਾਇਦਾਦ ਨੂੰ ਲੈ ਕੇ ਵਿਵਾਦ ਦੇ ਕਾਰਨ ਇਕ ਨੌਜਵਾਨ ਨੇ ਆਪਣੇ ਪਿਤਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।
* 12 ਜੂਨ ਨੂੰ ਨਾਗਪੁਰ (ਮਹਾਰਾਸ਼ਟਰ) ’ਚ ਇਕ ਔਰਤ ਵੱਲੋਂ ਸਹੁਰਿਆਂ ਦੀ 300 ਕਰੋੜ ਰੁਪਏ ਦੀ ਜਾਇਦਾਦ ਹਥਿਆਉਣ ਲਈ ਆਪਣੇ ਸਹੁਰੇ ਦੀ ਹੱਤਿਆ ਕਰਵਾਉਣ ਦਾ ਖੁਲਾਸਾ ਹੋਇਆ। ਇਹ ਹੱਤਿਆ ਹਿੱਟ ਐਂਡ ਰਨ ਤਰੀਕੇ ਨਾਲ ਕਰਵਾਈ ਗਈ ਸੀ ਅਤੇ ਇਸ ਦੇ ਲਈ ਇਕ ਕਾਰ ਡਰਾਈਵਰ ਤੇ ਉਸ ਦੇ ਸਾਥੀਆਂ ਨੂੰ 1 ਕਰੋੜ ਰੁਪਏ ਦੇ ਇਲਾਵਾ ਬਾਰ ਦਾ ਲਾਇਸੰਸ ਦਿਵਾਉਣ ਦਾ ਲਾਲਚ ਵੀ ਦਿੱਤਾ ਗਿਆ ਸੀ। ਇਸ ਸਬੰਧ ’ਚ ਪੁਲਸ ਨੇ ਔਰਤ, ਉਸ ਦੇ ਭਰਾ ਅਤੇ ਪੀ. ਏ. ਨੂੰ ਗ੍ਰਿਫਤਾਰ ਕੀਤਾ ਹੈ।
* 14 ਜੂਨ ਨੂੰ ਠਾਣੇ (ਮਹਾਰਾਸ਼ਟਰ) ਦੀ ਇਕ ਵਿਸ਼ੇਸ਼ ਅਦਾਲਤ ਨੇ ਆਪਣੀ 13 ਸਾਲਾ ਨਾਬਾਲਿਗ ਭਤੀਜੀ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰ ਦੇਣ ਦੇ ਦੋਸ਼ ’ਚ ਉਸ ਦੇ ਚਾਚੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਉਕਤ ਘਟਨਾਵਾਂ ਮੰਗ ਕਰਦੀਆਂ ਹਨ ਕਿ ਸਮਾਜ ਦੇ ਸੂਝਵਾਨ ਲੋਕ, ਖਾਸ ਕਰ ਕੇ ਬਜ਼ੁਰਗ ਇਸ ਮਾਮਲੇ ’ਚ ਅੱਗੇ ਆ ਕੇ ਲੋਕਾਂ ਨੂੰ ਸਿੱਖਿਅਤ ਕਰਨ। ਇਸ ਦੇ ਨਾਲ ਹੀ ਸਾਡੇ ਸੰਤ-ਮਹਾਤਮਾ, ਜਿਨ੍ਹਾਂ ਦਾ ਲੋਕ ਬੜਾ ਆਦਰ ਕਰਦੇ ਹਨ, ਵੀ ਲੋਕਾਂ ਕੋਲੋਂ ਕੋਈ ਵੀ ਅਨੈਤਿਕ ਕੰਮ ਨਾ ਕਰਨ ਦਾ ਪ੍ਰਣ ਲੈਣ। ਇਸ ਦੇ ਨਾਲ ਹੀ ਇਸ ਤਰ੍ਹਾਂ ਦੇ ਆਚਰਣ ’ਚ ਸ਼ਾਮਲ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਵੀ ਲੋੜ ਹੈ।
-ਵਿਜੇ ਕੁਮਾਰ