ਦੇਸ਼ ’ਚ ਲਗਾਤਾਰ ਵੱਧ ਰਹੇ ‘ਮਾਫੀਆ ਅਤੇ ਗੁੰਡਾ'' ਤੱਤਾਂ ਦੀ ਹਿੰਸਾ

05/28/2024 3:18:32 AM

ਅੱਜ ਦੇਸ਼ ’ਚ ਜਿੱਥੇ ਇਕ ਪਾਸੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ, ਉੱਥੇ ਦੂਜੇ ਪਾਸੇ ਵੱਖ-ਵੱਖ ਮਾਫੀਆ ਅਤੇ ਗੁੰਡਾ ਤੱਤਾਂ ਵਲੋਂ ਦੇਸ਼ ’ਚ ਹਿੰਸਾ ਅਤੇ ਖੂਨ-ਖਰਾਬਾ ਲਗਾਤਾਰ ਜਾਰੀ ਹੈ। ਇਹ ਆਪਣੇ ਮਾਰਗ ’ਚ ਰੁਕਾਵਟ ਬਣਨ ਵਾਲੇ ਕਿਸੇ ਵੀ ਵਿਅਕਤੀ ਦੀ ਹੱਤਿਆ ਕਰਨ ਜਾਂ ਉਸ ਨੂੰ ਹਾਨੀ ਪਹੁੰਚਾਉਣ ’ਚ ਜ਼ਰਾ ਵੀ ਸੰਕੋਚ ਨਹੀਂ ਕਰਦੇ, ਜਿਸ ਦੀਆਂ ਇਸੇ ਮਹੀਨੇ ਦੀਆਂ ਚੰਦ ਉਦਾਹਰਣਾਂ ਹੇਠਾਂ ਦਰਜ ਹਨ :

*5 ਮਈ, 2024 ਨੂੰ ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲੇ ’ਚ ਰੇਤ ਮਾਫੀਆ ਨੇ ਨਾਜਾਇਜ਼ ਤੌਰ ’ਤੇ ਮਾਈਨਿੰਗ ਕੀਤੀ ਗਈ ਰੇਤ ਨਾਲ ਭਰੀ ਟ੍ਰੈਕਟਰ-ਟ੍ਰਾਲੀ ਰੋਕਣ ਦੀ ਕੋਸ਼ਿਸ਼ ਕਰਨ ’ਤੇ ਇਕ ਅਸਿਸਟੈਂਟ ਸਬ ਇੰਸਪੈਕਟਰ ਨੂੰ ਦਰੜ ਕੇ ਮਾਰ ਦਿੱਤਾ।

* 6 ਮਈ ਦੀ ਰਾਤ ਨੂੰ ਬਿਹਾਰ ’ਚ ਮੁੰਗੇਰ ਜ਼ਿਲੇ ਦੇ ‘ਵਿਕਰਮਪੁਰ-ਦਰਿਆਪੁਰ’ ਪਿੰਡ ’ਚ ਛਾਪਾ ਮਾਰਨ ਗਈ ਪੁਲਸ ਟੀਮ ’ਤੇ ਸ਼ਰਾਬ ਮਾਫੀਆ ਨੇ ਪਿੰਡ ਵਾਲਿਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਪੇਂਡੂਆਂ ਨੇ ਐਕਸਾਈਜ਼ ਵਿਭਾਗ ਦੀ ਗੱਡੀ ਦੇ ਡਰਾਈਵਰ ਰਾਕੇਸ਼ ਕੁਮਾਰ ’ਤੇ ਹਮਲਾ ਕਰ ਦਿੱਤਾ ਤਾਂ ਜਾਨ ਬਚਾਉਣ ਲਈ ਭੱਜੇ ਡਰਾਈਵਰ ਦੀ ਖੂਹ ’ਚ ਡਿੱਗ ਕੇ ਮੌਤ ਹੋ ਗਈ।

* 14 ਮਈ ਨੂੰ ਰਾਜਸਥਾਨ ’ਚ ਸੂਰਜਗੜ੍ਹ ਦੇ ‘ਬਾਲੌਦਾ’ ਪਿੰਡ ’ਚ ਹੋਏ ਮਾਮੂਲੀ ਝਗੜੇ ’ਚ ਮਾਫੀਆ ਦੇ ਗੁੰਡਿਆਂ ਨੇ ਇਕ ਨੌਜਵਾਨ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਉਲਟਾ ਲਟਕਾ ਕੇ ਤਦ ਤੱਕ ਕੁੱਟਿਆ ਜਦ ਤੱਕ ਕਿ ਉਸ ਦੀ ਜਾਨ ਨਹੀਂ ਚਲੀ ਗਈ।

* 21 ਮਈ ਨੂੰ ਉੱਤਰ ਪ੍ਰਦੇਸ਼ ’ਚ ਹਾਥਰਸ ਦੇ ‘ਸਿਕੰਦਰਾ ਰਾਊ’ ਕੋਤਵਾਲੀ ਇਲਾਕੇ ਦੇ ਪਿੰਡ ‘ਨਗਲਾਮਣੀ’ ’ਚ ਨਾਜਾਇਜ਼ ਮਿੱਟੀ ਪੁੱਟਣ ਤੋਂ ਰੋਕਣ ਗਈ ਪੁਲਸ ਦੀ ਟੀਮ ’ਤੇ ਹਮਲਾ ਕਰ ਕੇ ਔਰਤਾਂ ਸਮੇਤ ਮਾਫੀਆ ਦੇ ਲਗਭਗ 3 ਦਰਜਨ ਗੁੰਡੇ ਗੋਲੀਆਂ ਚਲਾਉਂਦੇ ਹੋਏ ਪੁਲਸ ਵਲੋਂ ਜ਼ਬਤ ਕੀਤੀ ਗਈ ਨਾਜਾਇਜ਼ ਤੌਰ ’ਤੇ ਪੁੱਟੀ ਗਈ ਮਿੱਟੀ ਨਾਲ ਭਰੀ ਟ੍ਰੈਕਟਰ-ਟ੍ਰਾਲੀ ਛੁਡਾ ਕੇ ਲੈ ਗਏ।

* 23 ਮਈ ਨੂੰ ਸਵੇਰੇ-ਸਵੇਰੇ ਬਿਹਾਰ ’ਚ ਕਾਰਾਕਟ ਥਾਣਾ ਇਲਾਕੇ ’ਚ ਚਿਕਸੀਲ ਬਾਜ਼ਾਰ ਤੋਂ ਨਾਜਾਇਜ਼ ਰੇਤ ਨਾਲ ਲੱਦੀ ਟ੍ਰਾਲੀ ਨੂੰ ਜ਼ਬਤ ਕਰ ਕੇ ਲੈ ਜਾ ਰਹੀ ਪੁਲਸ ਦੀ ਟੀਮ ’ਤੇ ‘ਪਿਪਰਾ’ ਪਿੰਡ ਨੇੜੇ ਮੋਟਰਸਾਈਕਲਾਂ ’ਤੇ ਆਏ ਰੇਤ ਮਾਫੀਆ ਦੇ ਲਗਭਗ ਅੱਧੀ ਦਰਜਨ ਗੁੰਡੇ ਮਾਰਕੁੱਟ ਕਰ ਕੇ ਆਪਣੀ ਟ੍ਰੈਕਟਰ-ਟ੍ਰਾਲੀ ਛੁਡਾ ਕੇ ਲੈ ਜਾਣ ’ਚ ਸਫਲ ਹੋ ਗਏ। ਉਨ੍ਹਾਂ ਨੇ ਪੁਲਸ ਟੀਮ ’ਚ ਸ਼ਾਮਲ ਔਰਤ ਸਿਪਾਹੀ ਨਾਲ ਬਦਤਮੀਜ਼ੀ ਵੀ ਕੀਤੀ।

* 24 ਮਈ ਨੂੰ ਹਰਿਆਣਾ ’ਚ ਫਰੀਦਬਾਦ ਦੇ ਪਿੰਡ ਰਾਜਪੁਰ ਫੁਲੇਰਾ ਦੇ ਨੇੜੇ ‘ਕਾਵੜਾ ਮੋੜ’ ’ਤੇ ਗਸ਼ਤ ਕਰ ਰਹੇ ਪੁਲਸ ਮੁਲਾਜ਼ਮਾਂ ਨੇ ਜਦ ਯਮੁਨਾ ਨਦੀ ’ਚੋਂ ਰੇਤ ਚੋਰੀ ਕਰ ਕੇ ਲੈ ਜਾ ਰਹੇ ਵੱਖ-ਵੱਖ ਮਾਫੀਆ ਦੇ ਟ੍ਰੈਕਟਰ-ਟ੍ਰਾਲੀ ਰੋਕ ਕੇ ਪੁੱਛ-ਗਿੱਛ ਕਰਨੀ ਚਾਹੀ ਤਾਂ ਅੱਖ ਝਮਕਦਿਆਂ ਹੀ ਉੱਥੇ ਆ ਪਹੁੰਚੇ ਅੱਧੀ ਦਰਜਨ ਨੌਜਵਾਨਾਂ ਨੇ ਪੁਲਸ ਮੁਲਾਜ਼ਮਾ ਨੂੰ ਦੌੜਾ-ਦੌੜਾ ਕੇ ਕੁੱਟਿਆ ਅਤੇ ਉਨ੍ਹਾਂ ਦੀ ਵਰਦੀ ਤੱਕ ਪਾੜਨ ਤੋਂ ਇਲਾਵਾ ਰੇਤ ਨਾਲ ਭਾਰੀ ਆਪਣੀ ਟ੍ਰੈਕਟਰ-ਟ੍ਰਾਲੀ ਵੀ ਛੁਡਾ ਕੇ ਲੈ ਗਏ। ਇਸ ਹਮਲੇ ’ਚ 3 ਪੁਲਸ ਮੁਲਾਜ਼ਮਾਂ ਨੂੰ ਸੱਟਾਂ ਵੀ ਲੱਗੀਆਂ।

* 25 ਮਈ ਨੂੰ ਰਾਜਸਥਾਨ ਦੇ ਬਾਲੋਤਰਾ ਜ਼ਿਲੇ ’ਚ ਨਦੀ ’ਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਬੱਜਰੀ ਸਮੱਗਲਰਾਂ ਨੂੰ ਫੜਨ ਗਈ ‘ਸਮਦੜੀ’ ਦੀ ਪੁਲਸ ਪਾਰਟੀ ’ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ’ਤੇ ਡੰਪਰ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ।

* 25 ਮਈ ਨੂੰ ਹੀ ਬਿਹਾਰ ਦੇ ‘ਗਯਾ’ ਜ਼ਿਲੇ ਦੇ ‘ਬਹੇਰਾ’ ਥਾਣਾ ਇਲਾਕੇ ’ਚ ਪੁਲਸ ਵਲੋਂ ਸ਼ਰਾਬ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ 5 ਲੋਕਾਂ ਅਤੇ ਉਨ੍ਹਾਂ ਕੋਲੋਂ ਜ਼ਬਤ ਕੀਤੀ ਗਈ ਸ਼ਰਾਬ ਅਤੇ 4 ਮੋਟਰਸਾਈਕਲਾਂ ਨੂੰ ਛੁਡਵਾਉਣ ਲਈ ਸ਼ਰਾਬ ਸਮੱਗਲਰਾਂ ਦੀ ਟੀਮ ਨੇ ਪੁਲਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ‘ਬਹੇਰਾ’ ਥਾਣੇ ਦਾ ਇਕ ਸਬ ਇੰਸਪੈਕਟਰ ਅਤੇ ਇਕ ਜਵਾਨ ਸਖਤ ਜ਼ਖਮੀ ਹੋ ਗਏ।

* 26 ਮਈ ਨੂੰ ਸ਼ਾਹਕੋਟ ’ਚ ਸਤਲੁੱਜ ਦਰਿਆ ਦੇ ਨੇੜੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ’ਤੇ ਫਰੀਦਕੋਟ ਤੋਂ ਛਾਪਾ ਮਾਰਨ ਆਈ ਮਾਈਨਿੰਗ ਵਿਭਾਗ ਦੇ 10 ਅਧਿਅਕਾਰੀਆਂ ਦੀ ਟੀਮ ’ਤੇ ਮਾਈਨਿੰਗ ਮਾਫੀਆ ਦੇ ਤੇਜ਼ਧਾਰ ਹਥਿਆਰਾਂ ਨਾਲ ਲੈਸ 30 ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਵਾਹਨਾਂ ਦੀ ਭੰਨ-ਤੋੜ ਕਰਨ ਤੋਂ ਇਲਾਵਾ ਇਕ ਲੈਪਟਾਪ, ਨਕਦੀ, ਦੋ ਪਰਸ ਅਤੇ ਹੋਰ ਸਮਾਨ ਗੱਡੀ ’ਚੋਂ ਚੋਰੀ ਕਰ ਲਿਆ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਵੱਖ-ਵੱਖ ਸਮਾਜ ਵਿਰੋਧੀ ਮਾਫੀਆ ਅਤੇ ਗੁੰਡਾ ਤੱਤਾਂ ਦੇ ਹੌਸਲੇ ਅਤੇ ਸਰਗਰਮੀਆਂ ਇੰਨੀਆਂ ਵਧ ਚੁੱਕੀਆਂ ਹਨ ਕਿ ਪ੍ਰਸ਼ਾਸਨ ਵੀ ਮਾਫੀਆ ਸਾਹਮਣੇ ਬੇਵੱਸ ਹੋ ਕੇ ਰਹਿ ਗਿਆ ਹੈ।

ਇਸ ਲਈ ਇਸ ਸਬੰਧ ’ਚ ਮਾਫੀਆ ਵਿਰੁੱਧ ਸਖਤ ਮੁਹਿੰਮ ਛੇੜਨ ਦੇ ਨਾਲ-ਨਾਲ ਉਨ੍ਹਾਂ ਨੂੰ ਸ਼ਰਨ ਦੇਣ ਵਾਲੇ ਸਿਆਸਤਦਾਨਾਂ ਅਤੇ ਪੁਲਸ ਮੁਲਾਜ਼ਮਾਂ, ਅਧਿਕਾਰੀਆਂ ਆਦਿ ਦਾ ਪਤਾ ਲਾ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੇ ਬਗੈਰ ਇਸ ਸਮੱਸਿਆ ਦਾ ਹੱਲ ਬਿਲਕੁਲ ਸੰਭਵ ਨਹੀਂ।

-ਵਿਜੇ ਕੁਮਾਰ


Harpreet SIngh

Content Editor

Related News