ਕਈ ਮਾਇਨਿਆਂ ’ਚ ਅਹਿਮ ਹਨ ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ

09/25/2019 1:43:24 AM

ਕਲਿਆਣੀ ਸ਼ੰਕਰ

ਚੋਣ ਕਮਿਸ਼ਨ ਨੇ ਭਾਜਪਾ ਦੇ ਸ਼ਾਸਨ ਵਾਲੇ 2 ਸੂਬਿਆਂ–ਹਰਿਆਣਾ ਤੇ ਮਹਾਰਾਸ਼ਟਰ ਲਈ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਇਨ੍ਹਾਂ ਦੋਹਾਂ ਸੂਬਿਆਂ ’ਚ 21 ਅਕਤੂਬਰ ਨੂੰ ਵੋਟਾਂ ਪੈਣਗੀਆਂ। ਭਾਜਪਾ ਨਾ ਸਿਰਫ ਇਨ੍ਹਾਂ ਦੋਹਾਂ ਸੂਬਿਆਂ ’ਚ ਵਾਪਸੀ ਨੂੰ ਲੈ ਕੇ ਆਸਵੰਦ ਹੈ, ਸਗੋਂ ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਸੀਟਾਂ ਮਿਲਣ ਦੀ ਵੀ ਉਮੀਦ ਹੈ। ਭਗਵਾ ਪਾਰਟੀ ਇਨ੍ਹਾਂ ਦੋਹਾਂ ਸੂਬਿਆਂ ’ਚ ਜਿੱਤ ਨੂੰ ਲੈ ਕੇ ਇਸ ਲਈ ਵੀ ਬੇਫਿਕਰ ਹੈ ਕਿਉਂਕਿ ਉਥੇ ਵਿਰੋਧੀ ਧਿਰ ਖਿੰਡਰੀ ਹੋਈ ਹੈ।

ਇਹ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੀ ਇਕ ਇਮਤਿਹਾਨ ਹੋਣਗੀਆਂ ਕਿਉਂਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਭਾਰੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਹਨ। ਇਨ੍ਹਾਂ ਚੋਣਾਂ ’ਚ ਕੇਂਦਰ ਦੇ ਅਹਿਮ ਫੈਸਲਿਆਂ, ਜਿਵੇਂ ਕਿ ਜੰਮੂ-ਕਸ਼ਮੀਰ ’ਚੋਂ ਧਾਰਾ-370 ਨੂੰ ਹਟਾਉਣਾ, ਐੱਨ. ਆਰ. ਸੀ. ਅਤੇ ਤਿੰਨ ਤਲਾਕ ’ਤੇ ਰੋਕ ਦਾ ਵੀ ਇਮਤਿਹਾਨ ਹੋਵੇਗਾ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਲੀਡਰਸ਼ਿਪ ਵੀ ਦਾਅ ’ਤੇ ਹੋਵੇਗੀ, ਹਾਲਾਂਕਿ ਭਾਜਪਾ ‘ਮੋਦੀ ਮੈਜਿਕ’ ਉੱਤੇ ਨਿਰਭਰ ਹੈ। ਸਭ ਤੋਂ ਜ਼ਿਆਦਾ, ਇਨ੍ਹਾਂ ਚੋਣਾਂ ਦੇ ਨਤੀਜੇ ਇਸ ਗੱਲ ਨੂੰ ਦਰਸਾਉਣਗੇ ਕਿ ਕਮਜ਼ੋਰ ਹੁੰਦੀ ਅਰਥ ਵਿਵਸਥਾ ਵੋਟਰਾਂ ਲਈ ਕੋਈ ਮਾਇਨੇ ਰੱਖਦੀ ਹੈ ਜਾਂ ਨਹੀਂ। ਮੁੰਬਈ ਦੇਸ਼ ਦੀ ਵਿੱਤੀ ਰਾਜਧਾਨੀ ਹੈ ਤੇ ਅਰਥ ਵਿਵਸਥਾ ਇਨ੍ਹਾਂ ਚੋਣਾਂ ’ਚ ਵੱਡਾ ਮੁੱਦਾ ਹੈ, ਹਾਲਾਂਕਿ ਮੋਦੀ ਸਰਕਾਰ ਨੇ ਅਰਥ ਵਿਵਸਥਾ ਨੂੰ ਮਜ਼ਬੂਤੀ ਦੇਣ ਲਈ ਪਿਛਲੇ ਇਕ ਮਹੀਨੇ ’ਚ ਕੁਝ ਰਿਆਇਤਾਂ ਦਾ ਐਲਾਨ ਕੀਤਾ ਹੈ।

ਭਾਜਪਾ ਅੰਬਰੇਲਾ ਪਾਰਟੀ ਬਣਨ ਲਈ ਯਤਨਸ਼ੀਲ

ਭਾਜਪਾ ਨੂੰ ਕਾਂਗਰਸ ਅਤੇ ਰਾਕਾਂਪਾ ਤੋਂ ਦਲ-ਬਦਲੀ ਕਰ ਕੇ ਆਉਣ ਵਾਲਿਆਂ ਦੇ ਮਾਮਲੇ ’ਚ ਸੰਭਲ ਕੇ ਫੈਸਲੇ ਲੈਣੇ ਪੈਣਗੇ ਅਤੇ ਟਿਕਟਾਂ ਦੀ ਵੰਡ ’ਚ ਵੀ ਸਾਵਧਾਨੀ ਵਰਤਣੀ ਪਵੇਗੀ। ਭਾਜਪਾ ਇਕ ਅੰਬਰੇਲਾ ਪਾਰਟੀ ਵਜੋਂ ਉੱਭਰਨ ਦਾ ਮੌਕਾ ਦੇਖ ਰਹੀ ਹੈ, ਜਿਵੇਂ ਕਿ ਪਹਿਲਾਂ ਕਾਂਗਰਸ ਰਹੀ ਹੈ। 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਗਵਾ ਪਾਰਟੀ ਲਗਾਤਾਰ ਮਜ਼ਬੂਤ ਹੋਈ ਹੈ। 2014 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਹੋਏ ਚਾਰ-ਕੋਣੀ ਮੁਕਾਬਲੇ ’ਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ, ਜਦਕਿ ਸ਼ਿਵ ਸੈਨਾ (63), ਕਾਂਗਰਸ (42) ਅਤੇ ਰਾਕਾਂਪਾ (41) ਪੱਛੜ ਗਈਆਂ ਸਨ।

ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਹੁਣ ਵੀ ਸੀਟ ਹਿੱਸੇਦਾਰੀ ਲਈ ਜੂਝ ਰਹੀ ਹੈ ਤੇ ਊਧਵ ਠਾਕਰੇ ਦੇ ਬੇਟੇ ਆਦਿੱਤਿਆ ਠਾਕਰੇ ਲਈ ਉਪ-ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸੌਦੇਬਾਜ਼ੀ ਕਰ ਰਹੀ ਹੈ। ਸ਼ਿਵ ਸੈਨਾ ਨੇ ਕਾਂਗਰਸ ਅਤੇ ਰਾਕਾਂਪਾ ਛੱਡ ਕੇ ਆਉਣ ਵਾਲਿਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਹੈ। ਅਸਲ ’ਚ ਸ਼ਿਵ ਸੈਨਾ ਨੂੰ ਭਾਜਪਾ ਦੀ ਲਗਾਤਾਰ ਚੜ੍ਹਤ ਤੋਂ ਵੀ ਡਰ ਹੈ। ਪਿਛਲੇ ਕੁਝ ਸਾਲਾਂ ’ਚ ਭਾਜਪਾ ਸ਼ਿਵ ਸੈਨਾ ਨਾਲੋਂ ਅੱਗੇ ਨਿਕਲ ਚੁੱਕੀ ਹੈ।

ਖਿੰਡਰਾਅ ਨਾਲ ਜੂਝਦੀ ਕਾਂਗਰਸ

ਜਿੱਥੋਂ ਤਕ ਕਾਂਗਰਸ ਦੀ ਗੱਲ ਹੈ, ਸੋਨੀਆ ਗਾਂਧੀ ਦੇ ਦੁਬਾਰਾ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਇਹ ਉਸ ਲਈ ਪਹਿਲੀ ਵਿਧਾਨ ਸਭਾ ਚੋਣ ਹੋਵੇਗੀ। ਭਾਜਪਾ-ਸ਼ਿਵ ਸੈਨਾ ਗੱਠਜੋੜ ਲਈ ਕਾਂਗਰਸ ਅਤੇ ਉਸ ਦੀ ਸਹਿਯੋਗੀ ਰਾਕਾਂਪਾ ਮੁੱਖ ਚੁਣੌਤੀ ਹਨ। ਕਾਂਗਰਸ ਪਾਰਟੀ ਅੱਜ ਸਥਾਨਕ ਅਤੇ ਕੌਮੀ ਪੱਧਰ ’ਤੇ ਖਿੰਡਰਾਅ ਦੀ ਸਥਿਤੀ ’ਚ ਹੈ ਅਤੇ ਇਸ ਦਾ ਉਤਸ਼ਾਹ ਬਹੁਤ ਘਟਿਆ ਹੋਇਆ ਹੈ। ਇਹ ਪਾਰਟੀ ਨਾ ਸਿਰਫ ਲੀਡਰਸ਼ਿਪ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ, ਸਗੋਂ ਧੜੇਬੰਦੀ ਅਤੇ ਅਨੁਸ਼ਾਨਹੀਣਤਾ ਨਾਲ ਵੀ ਜੂਝ ਰਹੀ ਹੈ।

ਕਾਂਗਰਸ ਦੀ ਇਸ ਤੋਂ ਵੀ ਵੱਡੀ ਚਿੰਤਾ ਉਸ ਦਾ ਲਗਾਤਾਰ ਕਮਜ਼ੋਰ ਹੋਣਾ ਹੈ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਰਾਧਾਕ੍ਰਿਸ਼ਨ ਵਿਖੇ ਪਾਟਿਲ ਅਤੇ ਸਾਬਕਾ ਮੰਤਰੀ ਹਰਸ਼ਵਰਧਨ ਪਾਟਿਲ ਸਮੇਤ ਬਹੁਤ ਸਾਰੇ ਨੇਤਾਵਾਂ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ। ਅਬਦੁਲ ਸੱਤਾਰ ਸ਼ਿਵ ਸੈਨਾ ’ਚ ਚਲੇ ਗਏ ਹਨ। ਸੋਨੀਆ ਗਾਂਧੀ ਪਾਰਟੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਵਿਚ ਕਾਫੀ ਦੇਰ ਹੋ ਗਈ ਹੈ। ਦੂਜੇ ਪਾਸੇ ਭਾਜਪਾ ਤੇ ਸ਼ਿਵ ਸੈਨਾ ਨੇ ਪੱਛਮੀ ਮਹਾਰਾਸ਼ਟਰ, ਵਿਦਰਭ ਅਤੇ ਮਰਾਠਵਾੜਾ ’ਚ ਵੀ ਆਪਣਾ ਜਨ-ਆਧਾਰ ਮਜ਼ਬੂਤ ਕਰ ਲਿਆ ਹੈ। ਜੇ ਭਾਜਪਾ ਮਹਾਰਾਸ਼ਟਰ ’ਚ ਜਿੱਤ ਜਾਂਦੀ ਹੈ ਤਾਂ ਉਸ ਦਾ ਹੌਸਲਾ ਕਾਫੀ ਵਧ ਜਾਵੇਗਾ।

ਰਾਕਾਂਪਾ ਦੀ ਹਾਲਤ ਪਤਲੀ

ਕਾਂਗਰਸ ਦੀ ਸਹਿਯੋਗੀ ਰਾਕਾਂਪਾ ਦੀ ਹਾਲਤ ਵੀ ਠੀਕ ਨਹੀਂ ਹੈ। ਸ਼ਰਦ ਪਵਾਰ ਵਲੋਂ ਆਪਣੀ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਦੋਹਾਂ ਪਾਰਟੀਆਂ ਨੇ 1999 ’ਚ ਹੱਥ ਮਿਲਾਇਆ ਸੀ ਅਤੇ ਮਿਲ ਕੇ 15 ਸਾਲ ਮਹਾਰਾਸ਼ਟਰ ’ਤੇ ਰਾਜ ਕੀਤਾ ਪਰ 2014 ਦੀਆਂ ਲੋਕ ਸਭਾ ਚੋਣਾਂ ਅੱਡ-ਅੱਡ ਲੜੀਆਂ ਅਤੇ 2019 ’ਚ ਲੋਕ ਸਭਾ ਚੋਣਾਂ ’ਚ ਦੋਵੇਂ ਫਿਰ ਇਕੱਠੀਆਂ ਹੋ ਗਈਆਂ।

ਸ਼ਰਦ ਪਵਾਰ ਆਪਣੇ ਪੁਰਾਣੇ ਸਹਿਯੋਗੀਆਂ ਅਤੇ ਕੱਟੜ ਸਮਰਥਕਾਂ, ਜਿਵੇਂ ਕਿ ਵਿਜੇਸਿੰਘ ਮੋਹਿਤੇ ਪਾਟਿਲ, ਪਦਮ ਸਿੰਘ ਪਾਟਿਲ ਅਤੇ ਮਧੁਕਰ ਪਿਛਾਦ ਨਾਲ ਇਕੱਲੇ ਲੜਾਈ ਲੜ ਰਹੇ ਹਨ, ਜੋ ਉਨ੍ਹਾਂ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਬਜ਼ੁਰਗ ਹੋ ਚੁੱਕੇ ਸ਼ਰਦ ਪਵਾਰ ਦੀ ਸਿਹਤ ਹੁਣ ਠੀਕ ਨਹੀਂ ਰਹਿੰਦੀ ਅਤੇ ਸਿਆਸਤ ’ਤੇ ਉਨ੍ਹਾਂ ਦੀ ਪਕੜ ਢਿੱਲੀ ਹੋ ਗਈ ਹੈ। ਰਾਕਾਂਪਾ ਵੀ ਧੜੇਬੰਦੀ ਅਤੇ ਅਨੁਸ਼ਾਸਨਹੀਣਤਾ ਨਾਲ ਜੂਝ ਰਹੀ ਹੈ। ਅਜਿਹੀ ਸਥਿਤੀ ’ਚ ਇਨ੍ਹਾਂ ਦੋਹਾਂ ‘ਬੀਮਾਰ ਪਾਰਟੀਆਂ’ ਲਈ ਭਾਜਪਾ-ਸ਼ਿਵ ਸੈਨਾ ਗੱਠਜੋੜ ਦਾ ਮੁਕਾਬਲਾ ਕਰ ਸਕਣਾ ਮੁਸ਼ਕਿਲ ਹੋਵੇਗਾ।

ਹਾਲਾਂਕਿ ਕਾਂਗਰਸ ਅਤੇ ਰਾਕਾਂਪਾ ਭਗਵਾ ਪਾਰਟੀਆਂ ਲਈ ਮੁੱਖ ਚੁਣੌਤੀ ਹਨ ਪਰ ਪ੍ਰਕਾਸ਼ ਅੰਬੇਡਕਰ ਦੀ ‘ਵੰਚਿਤ ਬਹੁਜਨ ਅਗਾੜੀ’ (ਵੀ. ਬੀ. ਏ.) ਵੀ ਮਹਾਰਾਸ਼ਟਰ ’ਚ ਤੀਜੇ ਮੋਰਚੇ ਵਜੋਂ ਉੱਭਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਪਾਰਟੀ ਦੂਜਿਆਂ ਲਈ ਸਿਰਫ ਵੋਟਾਂ ਕੱਟਣ ਵਾਲੀ ਹੀ ਸਿੱਧ ਹੋਵੇਗੀ।

ਇਨ੍ਹਾਂ ਚੋਣਾਂ ’ਚ ਵਿਰੋਧੀ ਧਿਰ ਲਈ ਖੇਤੀ ਸੰਕਟ, ਅਰਥ ਵਿਵਸਥਾ ’ਚ ਮੰਦੀ, ਦਿਹਾਤੀ ਸੰਕਟ ਅਤੇ ਬੇਰੋਜ਼ਗਾਰੀ ਮੁੱਖ ਮੁੱਦੇ ਹੋਣਗੇ, ਜਦਕਿ ਭਾਜਪਾ ਮੋਦੀ ਸਰਕਾਰ ਤੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਕੈਸ਼ ਕਰਨਾ ਚਾਹੇਗੀ। ਇਸ ਤੋਂ ਇਲਾਵਾ ਉਥੇ ਰਾਸ਼ਟਰਵਾਦ ਅਤੇ ਮਜ਼ਬੂਤ ਲੀਡਰਸ਼ਿਪ ਦਾ ਵੀ ਉਹ ਸਹਾਰਾ ਲਵੇਗੀ।

ਭਾਜਪਾ ਦਾ ਪੱਲੜਾ ਭਾਰੀ

ਮਹਾਰਾਸ਼ਟਰ ਕਈ ਮਾਇਨਿਆਂ ’ਚ ਅਹਿਮ ਹੈ। ਭਾਜਪਾ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ, ਜਦਕਿ ਸ਼ਿਵ ਸੈਨਾ ਆਪਣਾ ਗੜ੍ਹ ਬਚਾਉਣਾ ਚਾਹੁੰਦੀ ਹੈ। ਰਾਕਾਂਪਾ ਲਈ ਇਹ ਆਪਣੀ ਹੋਂਦ ਬਚਾਉਣ ਦਾ ਮਾਮਲਾ ਹੈ, ਜਦਕਿ ਕਾਂਗਰਸ ਆਪਣਾ ਢੁੱਕਵਾਂਪਣ ਬਣਾਈ ਰੱਖਣ ਲਈ ਜੂਝ ਰਹੀ ਹੈ। ਇਸੇ ਤਰ੍ਹਾਂ ਪ੍ਰਕਾਸ਼ ਅੰਬੇਡਕਰ ਇਕ ਵੱਡੀ ਬ੍ਰੇਕ ਦਾ ਮੌਕਾ ਲੱਭ ਰਹੇ ਹਨ।

ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਭਾਜਪਾ ਲਈ ਇਹ ਇਕਪਾਸੜ ਮੁਕਾਬਲਾ ਹੈ ਕਿਉਂਕਿ ਲੋਕ ਸਭਾ ਚੋਣਾਂ ’ਚ ਪ੍ਰਚੰਡ ਬਹੁਮਤ ਨਾਲ ਮਿਲੀ ਜਿੱਤ ਅਤੇ ਫੜਨਵੀਸ ਦੇ ਵਧਦੇ ਕੱਦ ਕਾਰਣ ਪਾਰਟੀ ਨੂੰ ਚੋਣਾਂ ਜਿੱਤਣ ’ਚ ਕੋਈ ਖਾਸ ਦਿੱਕਤ ਨਹੀਂ ਹੋਵੇਗੀ। ਜੇ ਦੋਵੇਂ ਭਗਵਾ ਪਾਰਟੀਆਂ ਬਿਨਾਂ ਕਿਸੇ ਖਾਸ ਯਤਨਾਂ ਦੇ ਚੋਣਾਂ ਜਿੱਤ ਜਾਣ ਤਾਂ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।


Bharat Thapa

Content Editor

Related News