ਹਰਿਆਣਾ ’ਚ ਆਤਮਸੰਤੁਸ਼ਟੀ ਤੇ ਅੰਦਰੂਨੀ ਝਗੜਿਆਂ ਨਾਲ ਗ੍ਰਸਤ ਹੈ ਕਾਂਗਰਸ
Monday, Sep 09, 2024 - 06:02 PM (IST)
ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਂਦਿਆਂ ਹੀ ਸੱਤਾਧਾਰੀ ਭਾਜਪਾ, ਜੋ ਇਕ ਦਹਾਕੇ ਤੋਂ ਸੱਤਾ ’ਚ ਰਹਿਣ ਤੋਂ ਬਾਅਦ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ, ਇਕ ਵੰਗਾਰ ਵਾਲੀ ਲੜਾਈ ਲਈ ਕਮਰ ਕੱਸ ਰਹੀ ਹੈ।
ਹਰਿਆਣਾ ’ਚ ਬਹੁ-ਪੱਖੀ ਮੁਕਾਬਲਾ ਹੋਵੇਗਾ। ਮੁਕਾਬਲਾ ਮੁੱਖ ਤੌਰ ’ਤੇ ਭਾਜਪਾ ਅਤੇ ਕਾਂਗਰਸ ਦਰਮਿਆਨ ਹੈ। ਹੋਰ ਹਿੱਸਾ ਲੈਣ ਵਾਲੀਆਂ ਪਾਰਟੀਆਂ ’ਚ ਆਮ ਆਦਮੀ ਪਾਰਟੀ (ਆਪ), ਸਮਾਜਵਾਦੀ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਹਰਿਆਣਾ ਲੋਕਹਿੱਤ ਪਾਰਟੀ ਸ਼ਾਮਲ ਹਨ।
ਭਾਜਪਾ, ਜਜਪਾ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਨੇ ਦੁਸ਼ਯੰਤ ਚੌਟਾਲਾ ਨੂੰ ਆਪਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਇਨੈਲੋ ਅਤੇ ਬਸਪਾ ਨੇ ਅਭੈ ਸਿੰਘ ਚੌਟਾਲਾ ਨੂੰ ਆਪਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ।
ਸੂਬੇ ਨੂੰ ਅਕਸਰ ਆਪਣੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਦੇ ਕਾਰਨ ਧਰਮ ਦੀ ਭੂਮੀ ਕਿਹਾ ਜਾਂਦਾ ਹੈ। ਹਰਿਆਣਾ ਚੋਣਾਂ ਸਾਰੇ ਖਿਡਾਰੀਆਂ ਲਈ ਮਹੱਤਵਪੂਰਨ ਹਨ। ਭਾਜਪਾ ਤੀਜੀ ਵਾਰ ਸੱਤਾ ’ਚ ਆਉਣਾ ਚਾਹੁੰਦੀ ਹੈ। ਕਾਂਗਰਸ ਸੱਤਾ ’ਚ ਵਾਪਸੀ ਦੀ ਆਸ ਕਰ ਰਹੀ ਹੈ। ਹੋਰ ਖੇਤਰੀ ਪਾਰਟੀਆਂ ਵੀ ਸੱਤਾ ਸਾਂਝੀ ਕਰਨੀ ਚਾਹੁੰਦੀਆਂ ਹਨ। 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਸਾਰੀਆਂ 10 ਸੀਟਾਂ ਜਿੱਤੀਆਂ, 2024 ’ਚ ਉਸ ਨੂੰ ਸਿਰਫ 5 ਸੀਟਾਂ ਮਿਲੀਆਂ ਅਤੇ ਕਾਂਗਰਸ ਨੂੰ ਵੀ 5 ਸੀਟਾਂ ਮਿਲ ਗਈਆਂ।
ਪਿਛਲੀਆਂ ਸਫਲਤਾਵਾਂ ਦੇ ਬਾਵਜੂਦ ਭਾਜਪਾ ਬੈਕਫੁੱਟ ’ਤੇ ਹੈ। ਪਾਰਟੀ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦੀ ਹਰਮਨਪਿਆਰਤਾ ’ਚ ਕੋਈ ਘਾਟ ਨਹੀਂ ਆਈ ਹੈ। ਇਹ ਖਾਸ ਤੌਰ ’ਤੇ ਲੋਕ ਸਭਾ ਚੋਣਾਂ ਦੇ ਬਾਅਦ ਸੱਚ ਹੈ ਕਿਉਂਕਿ ਭਾਜਪਾ ਕੋਲ ਬਹੁਮਤ ਨਹੀਂ ਸੀ ਅਤੇ ਉਸ ਨੂੰ ਜਦ(ਯੂ) ਅਤੇ ਤੇਦੇਪਾ ਦੀ ਮਦਦ ਨਾਲ ਸਰਕਾਰ ਬਣਾਉਣੀ ਪਈ।
ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ’ਚ ਕਾਂਗਰਸ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ’ਚ ਜੁਟ ਗਈ ਹੈ। ਪਾਰਟੀ 10 ਸਾਲ ਦੇ ਲੰਬੇ ਵਕਫੇ ਦੇ ਬਾਅਦ ਸੱਤਾ ’ਚ ਵਾਪਸੀ ਨੂੰ ਲੈ ਕੇ ਆਸਵੰਦ ਹੈ। ਕਾਂਗਰਸ ਨੂੰ ਜਾਪ ਰਿਹਾ ਹੈ ਕਿ ਲੋਕ ਬਦਲਾਅ ਦੇ ਮੂਡ ’ਚ ਹਨ।
ਪਾਰਟੀ ਆਮ ਆਦਮੀ ਪਾਰਟੀ (ਆਪ) ਅਤੇ ਸਪਾ ਨੂੰ ਗੱਠਜੋੜ ਲਈ ਸਿਆਸੀ ਤੌਰ ’ਤੇ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਗੱਠਜੋੜਾਂ ਦਾ ਅਸਰ ਕਾਫੀ ਵੱਡਾ ਹੈ।
2014 ਤੋਂ ਪਹਿਲਾਂ ਹਰਿਆਣਾ ਦੀ ਸਿਆਸਤ ’ਚ ਭਾਜਪਾ ਦੀ ਮੌਜੂਦਗੀ ਮਾਮੂਲੀ ਸੀ। ਹਾਲਾਂਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦਾ ਕੱਦ ਵਧਿਆ ਹੈ। 2019 ’ਚ, ਭਾਜਪਾ ਨੇ 40 ਸੀਟਾਂ ਦੇ ਨਾਲ ਸਰਕਾਰ ਬਣਾਈ, ਜੋ ਬਹੁਮਤ ਨਾਲੋਂ 6 ਘੱਟ ਸੀ। 10 ਸੀਟਾਂ ਜਿੱਤਣ ਵਾਲੀ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜਜਪਾ) ਦਾ ਮਹੱਤਵਪੂਰਨ ਸਮਰਥਨ ਜ਼ਰੂਰੀ ਸੀ। ਹਾਲਾਂਕਿ ਹਾਲ ਹੀ ’ਚ ਜਜਪਾ ਨੇ ਭਾਜਪਾ ਨਾਲ ਆਪਣਾ ਗੱਠਜੋੜ ਖਤਮ ਕਰ ਲਿਆ।
ਹਰਿਆਣਾ ’ਚ ਭਾਜਪਾ ਦਾ ਵੋਟ ਸ਼ੇਅਰ 2019 ’ਚ 58.2 ਫੀਸਦੀ ਤੋਂ ਘੱਟ ਕੇ 2024 ’ਚ 46.11 ਫੀਸਦੀ ਹੋ ਗਿਆ। ਇਸ ਨਿਘਾਰ ਦਾ ਸਿਹਰਾ ਗੈਰ-ਸਿਆਸੀ ਸੰਗਠਨ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਾਲੇ ਕਿਸਾਨ ਅੰਦੋਲਨ ਨੂੰ ਦਿੱਤਾ ਜਾਂਦਾ ਹੈ। ਭਾਜਪਾ ਨੂੰ ਰੋਜ਼ੀ-ਰੋਟੀ ਅਤੇ ਖੇਤੀਬਾੜੀ ਨਾਲ ਜੁੜੇ ਮੁੱਦਿਆਂ ਸਮੇਤ ਵਿਰੋਧੀ ਧਿਰ ਵਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਲੋੜ ਹੈ।
2024 ’ਚ, ਖੇਤਰੀ ਪਾਰਟੀਆਂ ਅਤੇ ਕਾਂਗਰਸ ਦਾ ਗੱਠਜੋੜ ‘ਇੰਡੀਆ’ ਬਲਾਕ ਇਕ ਮਹੱਤਵਪੂਰਨ ਤਾਕਤ ਵਜੋਂ ਉੱਭਰਿਆ, ਜਿਸ ਨੇ ਭਾਜਪਾ ਦੇ ਵੋਟ ਸ਼ੇਅਰ ਨੂੰ ਪਿੱਛੇ ਛੱਡ ਦਿੱਤਾ। ਵੋਟਰ ਭਾਵਨਾ ’ਚ ਇਹ ਬਦਲਾਅ ਭਾਜਪਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਮਾਰਚ ’ਚ ਭਾਜਪਾ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਬਦਲ ਦਿੱਤਾ। ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ’ਚ ਭਾਜਪਾ ਨੇ ਭਲਾਈ ਵਾਲੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਅਤੇ ਸਰਕਾਰੀ ਨੌਕਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਦੀ ਯੋਜਨਾ ਬਣਾਈ। ਪਾਰਟੀ ਜਾਟ ਮੁੱਦੇ ਦਾ ਲਾਭ ਉਠਾਉਣ ਦੀ ਆਸ ਕਰ ਰਹੀ ਹੈ ਪਰ ਜਾਟਾਂ ਦਾ ਸਮਰਥਨ ਨਹੀਂ ਮਿਲ ਰਿਹਾ।
ਸੈਣੀ ਦੇ 6 ਮਹੀਨੇ ਦੇ ਛੋਟੇ ਜਿਹੇ ਕਾਰਜਕਾਲ ਨੇ ਉਨ੍ਹਾਂ ਦੇ ਪ੍ਰਭਾਵ ਨੂੰ ਸੀਮਤ ਕਰ ਦਿੱਤਾ ਹੈ। ਕਾਂਗਰਸ ਆਪਣੀਆਂ ਲੋਕ ਸਭਾ ਸੀਟਾਂ ਨੂੰ ਦੁੱਗਣਾ ਕਰਨ ਦੇ ਬਾਅਦ ਉਤਸ਼ਾਹ ’ਚ ਹੈ। ਉਹ ਬੇਰੋਜ਼ਗਾਰੀ, ਮਹਿੰਗਾਈ, ਕਿਸਾਨਾਂ ਦੇ ਮੁੱਦੇ ਅਤੇ ਵਿਵਾਦਿਤ ਅਗਨੀਵੀਰ ਯੋਜਨਾ ਵਰਗੇ ਮੁੱਦੇ ਉਠਾ ਰਹੀ ਹੈ।
ਕਾਂਗਰਸ ਦਿੱਲੀ-ਹਰਿਆਣਾ ਸਰਹੱਦ ’ਤੇ ਰਹਿਣ ਵਾਲੇ ਵੋਟਰਾਂ ’ਤੇ ‘ਆਪ’ ਦੇ ਪ੍ਰਭਾਵ ਤੋਂ ਵੀ ਲਾਭ ਉਠਾਉਣ ਦੀ ਆਸ ਕਰ ਰਹੀ ਹੈ। ਦਿੱਲੀ ਦੀ ਸਿਆਸਤ ’ਚ ਇਕ ਪ੍ਰਮੱਖ ਖਿਡਾਰੀ ਹੋਣ ਦੇ ਨਾਤੇ ‘ਆਪ’ ਹਰਿਆਣਾ ਦੇ ਸਰਹੱਦੀ ਇਲਾਕਿਆਂ ’ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ।
ਕਾਂਗਰਸ ਹੁੱਡਾ ਅਤੇ ਕੁਮਾਰੀ ਸ਼ੈਲਜਾ ਦੀ ਅਗਵਾਈ ’ਚ 2 ਧੜਿਆਂ ’ਚ ਵੰਡੀ ਹੋਈ ਹੈ। ਪਾਰਟੀ ਦੋਵਾਂ ਧੜਿਆਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹੁੱਡਾ ਮੁੱਖ ਮੰਤਰੀ ਵਜੋਂ ਆਪਣੀ ਪਿਛਲੀ ਭੂਮਿਕਾ ਕਾਰਨ ਵੱਧ ਪ੍ਰਭਾਵ ਰੱਖਦੇ ਹਨ।
ਹਰਿਆਣਾ ’ਚ ਭਾਜਪਾ ਨੂੰ ਸਖਤ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜੂਦਾ ਰਾਇਸ਼ੁਮਾਰੀ ਸੰਕੇਤ ਦਿੰਦੀ ਹੈ ਕਿ ਪਾਰਟੀ ਘੱਟ ਸੀਟਾਂ ਜਿੱਤ ਸਕਦੀ ਹੈ।
ਕਾਂਗਰਸ ਆਤਮਸੰਤੁਸ਼ਟੀ, ਅੰਦਰੂਨੀ ਝਗੜਿਆਂ ਅਤੇ ਜ਼ਿਲਾ ਤੇ ਬਲਾਕ ਪੱਧਰ ’ਤੇ ਸੰਗਠਨ ਦੀ ਘਾਟ ਤੋਂ ਪੀੜਤ ਹੈ ਅਤੇ ਬਹੁਤ ਸਾਰੇ ਟਿਕਟ ਚਾਹੁਣ ਵਾਲੇ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਘਟਾ ਸਕਦੇ ਹਨ। ਜੇਕਰ ਕਾਂਗਰਸ ਹਰਿਆਣਾ ਜਿੱਤਦੀ ਹੈ, ਤਾਂ ਕਾਂਗਰਸ ਸਰਕਾਰ ਵਾਲੇ ਸੂਬਿਆਂ ਦੀ ਗਿਣਤੀ ਵਧ ਜਾਵੇਗੀ। ਮਾਹੌਲ ਭਾਜਪਾ ਦੇ ਵਿਰੁੱਧ ਹੈ।
ਕਲਿਆਣੀ ਸ਼ੰਕਰ