ਦੂਜਿਆਂ ਦੀਆਂ ਸਮੱਸਿਆਵਾਂ ਦੀ ਅਣਦੇਖੀ ਆਖਿਰਕਾਰ ਆਪਣੀ ਸਮੱਸਿਆ ਬਣ ਸਕਦੀ ਹੈ
Monday, Dec 30, 2024 - 02:21 PM (IST)
ਪੂਰੀ ਦੁਨੀਆ, ਦੇਸ਼ ਅਤੇ ਕੋਈ ਵੀ ਸਮਾਜਿਕ ਸਮੂਹ ਕਿਸੇ ਵੀ ਸਮੇਂ ’ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਦਾ ਰਹਿੰਦਾ ਹੈ। ਇਹ ਸਮੱਸਿਆਵਾਂ ਪੂਰੇ ਵਿਸ਼ਵ, ਕਿਸੇ ਦੇਸ਼ ਜਾਂ ਕਿਸੇ ਦੇਸ਼ ਦੇ ਅੰਦਰ ਵੱਖ-ਵੱਖ ਵਰਗਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਤ੍ਰਾਸਦੀ ਇਹ ਹੈ ਕਿ ਬਹੁਤ ਸਾਰੇ ਲੋਕ ਇਨ੍ਹਾਂ ਸਮੱਸਿਆਵਾਂ ਬਾਰੇ ਅਲੱਗ-ਥਲੱਗ ਰਹਿੰਦੇ ਹਨ, ਜਦੋਂ ਤਕ ਇਹ ਸਮੱਸਿਆਵਾਂ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਨਹੀਂ ਕਰਦੀਆਂ। ਇਸ ਕਾਰਨ ਦੁਨੀਆ ’ਚ ਬਹੁਤ ਸਾਰੀਆਂ ਸਮੱਸਿਆਵਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ ਕਿਉਂਕਿ ਜਿਨ੍ਹਾਂ ਲੋਕਾਂ ਕੋਲ ਉਨ੍ਹਾਂ ਦਾ ਹੱਲ ਕਰਨ ਦੀ ਸ਼ਕਤੀ ਹੁੰਦੀ ਹੈ, ਉਹ ਇਹ ਸਮਝ ਕੇ ਕਿ ਇਨ੍ਹਾਂ ਸਮੱਸਿਆਵਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ।
ਮੌਜੂਦਾ ਸਮੇਂ ਅਤੇ ਇਤਿਹਾਸ ’ਚ ਇਸ ਵਿਚਾਰਧਾਰਾ ਦੀਆਂ ਕਈ ਮਿਸਾਲਾਂ ਹਨ। ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ’ਚ ਅਮਰੀਕਾ ਨੇ ਖੁਦ ਨੂੰ ਇਨ੍ਹਾਂ ਯੁੱਧਾਂ ਤੋਂ ਵੱਖ ਰੱਖਿਆ ਕਿਉਂਕਿ ਉਹ ਆਪਣੇ ਨਾਗਰਿਕਾਂ ਨੂੰ ਇਸਦੇ ਮਾੜੇ ਪ੍ਰਭਾਵਾਂ ਤੋਂ ਬਚਾਉਣਾ ਚਾਹੁੰਦਾ ਸੀ ਪਰ ਆਖਿਰਕਾਰ ਜਦੋਂ ਇਸ ਯੁੱਧ ਦਾ ਅਸਰ ਅਮਰੀਕਾ ਦੇ ਨਾਗਰਿਕਾਂ ਤਕ ਪਹੁੰਚਣ ਲੱਗਾ ਤਾਂ ਅਮਰੀਕਾ ਨੇ ਐਟਾਮਿਕ ਬੰਬ ਦੀ ਵਰਤੋਂ ਕਰ ਕੇ ਦੂਜੇ ਵਿਸ਼ਵ ਯੁੱਧ ਦਾ ਅੰਤ ਕੀਤਾ। ਇਸੇ ਤਰ੍ਹਾਂ ਰੂਸ ਅਤੇ ਯੂਕ੍ਰੇਨ ਦੀ ਜੰਗ ਦੇ ਮਾਮਲੇ ’ਚ ਬਹੁਤ ਸਾਰੇ ਦੇਸ਼ਾਂ ਨੂੰ ਲੱਗਦਾ ਹੈ ਕਿ ਉਹ ਇਸ ਤੋਂ ਪ੍ਰਭਾਵਿਤ ਨਹੀਂ ਹੋਣਗੇ ਅਤੇ ਇਸ ਲਈ ਉਹ ਇਸ ਜੰਗ ਨੂੰ ਖਤਮ ਕਰਨ ’ਚ ਕੋਈ ਭੂਮਿਕਾ ਨਿਭਾਅ ਨਹੀਂ ਰਹੇ ਪਰ ਇਹ ਸੱਚ ਨਹੀਂ ਹੈ ਕਿਉਂਕਿ ਰੂਸ ਅਤੇ ਯੂਕ੍ਰੇਨ ਦੀ ਜੰਗ ਦਾ ਸਿੱਧਾ ਅਸਰ ਉਨ੍ਹਾਂ ਦੇਸ਼ਾਂ ’ਤੇ ਪੈਂਦਾ ਹੈ ਜੋ ਤੇਲ ਅਤੇ ਹੋਰ ਸਰੋਤਾਂ ਦੀ ਦਰਾਮਦ ਕਰਦੇ ਹਨ।
ਯੂਕ੍ਰੇਨ ਜੰਗ ਦੇ ਕਾਰਨ ਯੂਕ੍ਰੇਨ ਤੋਂ ਹੋਰ ਵਸਤੂਆਂ ਦੀ ਦਰਾਮਦ ’ਚ ਰੁਕਾਵਟ ਆਈ ਹੈ ਅਤੇ ਬਹੁਤ ਸਾਰੇ ਦੇਸ਼ ਇਸ ਸਮੱਸਿਆ ਨਾਲ ਜੂਝ ਰਹੇ ਹਨ। ਨਾਲ ਹੀ ਰੂਸ ਵਲੋਂ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਯੂਰਪ ਦੇ ਕਈ ਦੇਸ਼ਾਂ ’ਚ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਦੇ ਸਮੇਂ ’ਚ ਜਿਥੇ ਇੰਟਰਨੈੱਟ ਅਤੇ ਗਲੋਬਲ ਕਮਿਊਨੀਕੇਸ਼ਨ ਕਾਰਨ ਦੁਨੀਆ ਬਹੁਤ ਤੇਜ਼ੀ ਨਾਲ ਆਪਸ ’ਚ ਜੁੜੀ ਹੋਈ ਹੈ ਅਤੇ ਅਜਿਹਾ ਹੋ ਹੀ ਨਹੀਂ ਸਕਦਾ ਕਿ ਕਿਸੇ ਇਕ ਘਟਨਾ ਦਾ ਅਸਰ ਪੂਰੀ ਦੁਨੀਆ ’ਤੇ ਨਾ ਪਵੇ। ਜੇ ਰੂਸ ਅਤੇ ਯੂਕ੍ਰੇਨ ਦੀ ਜੰਗ ’ਚ ਹੋਰ ਤੇਜ਼ੀ ਆਉਂਦੀ ਹੈ ਜਾਂ ਈਰਾਨ ਅਤੇ ਇਜ਼ਰਾਈਲ ਦੀ ਜੰਗ ’ਚ ਕੋਈ ਵੱਡਾ ਉਥਲ-ਪੁਥਲ ਹੁੰਦਾ ਹੈ ਤਾਂ ਇਸ ਦਾ ਅਸਰ ਪੂਰੀ ਦੁਨੀਆ ਦੇ ਵਿੱਤੀ ਬਾਜ਼ਾਰਾਂ ’ਤੇ ਪਵੇਗਾ।
ਇਸ ਦਾ ਮਤਲਬ ਇਹ ਹੈ ਕਿ ਅਸੀਂ ਕਿਸੇ ਹੋਰ ਜਗ੍ਹਾ ਪੈਦਾ ਹੋ ਰਹੀਆਂ ਸਮੱਸਿਆਵਾਂ ਤੋਂ ਖੁਦ ਨੂੰ ਵੱਖ ਨਹੀਂ ਰੱਖ ਸਕਦੇ ਕਿਉਂਕਿ ਉਨ੍ਹਾਂ ਦਾ ਅਸਰ ਭਾਵੇਂ ਅਸਿੱਧੇ ਤੌਰ ’ਤੇ ਹੋਵੇ, ਉਹ ਸਾਡੇ ਤੱਕ ਪਹੁੰਚਣ ਹੀ ਵਾਲਾ ਹੈ। ਦੁਨੀਆ ’ਚ ਅਜਿਹੇ ਕਈ ਮੁੱਦੇ ਹਨ ਜਿਨ੍ਹਾਂ ਦਾ ਅਸਰ ਸ਼ੁਰੂ ’ਚ ਕਿਸੇ ਇਕ ਵਰਗ ਜਾਂ ਖੇਤਰ ’ਤੇ ਪੈਂਦਾ ਹੈ ਪਰ ਹੌਲੀ-ਹੌਲੀ ਇਹ ਸਮੱਸਿਆ ਪੂਰੇ ਸਮਾਜ ਅਤੇ ਦੇਸ਼ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਦੀ ਇਕ ਚੰਗੀ ਮਿਸਾਲ ਕੋਵਿਡ-19 ਮਹਾਮਾਰੀ ਹੈ। ਜਦ ਦੁਨੀਆ ਨੇ ਪਹਿਲੀ ਵਾਰ ਇਹ ਦੇਖਿਆ ਕਿ ਇਹ ਸਮੱਸਿਆ ਸਿਰਫ ਚੀਨ ਦੀ ਹੈ ਤਾਂ ਸ਼ੁਰੂ ’ਚ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਫਿਰ ਇਹ ਸਮੱਸਿਆ ਯੂਰਪ ਅਤੇ ਹੋਰ ਦੇਸ਼ਾਂ ’ਚ ਫੈਲ ਗਈ ਅਤੇ ਬਹੁਤ ਛੇਤੀ ਇਹ ਪੂਰੀ ਦੁਨੀਆ ਲਈ ਗੰਭੀਰ ਸੰਕਟ ਬਣ ਗਈ। ਕਿਸੇ ਇਕ ਦੇਸ਼ ਜਾਂ ਭਾਈਚਾਰੇ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਨਾਲ ਉਹ ਸਮੱਸਿਆ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਅੱਤਵਾਦ ਦੀ ਮਿਸਾਲ ਲਓ ਤਾਂ ਇਹ ਕਿਸੇ ਇਕ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਤੋਂ ਸ਼ੁਰੂ ਹੋ ਸਕਦਾ ਹੈ ਪਰ ਹੌਲੀ-ਹੌਲੀ ਇਹ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਸ਼੍ਰੀਲੰਕਾ ’ਚ 1983 ’ਚ ਤਮਿਲ ਨਾਗਰਿਕਾਂ ਵਿਰੁੱਧ ਹਿੰਸਾ ਨੇ ਪਹਿਲਾਂ ਇਕ ਭਾਈਚਾਰੇ ਨੂੰ ਪ੍ਰਭਾਵਿਤ ਕੀਤਾ ਪਰ ਸਮੇਂ ਦੇ ਨਾਲ ਇਹ ਹਿੰਸਾ ਪੂਰੇ ਦੇਸ਼ ’ਚ ਫੈਲ ਗਈ ਅਤੇ ਸ਼੍ਰੀਲੰਕਾ ਨੂੰ ਅੱਤਵਾਦ ਦੀ ਭਿਆਨਕ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਕਸ਼ਮੀਰ ’ਚ ਅੱਤਵਾਦ ਦਾ ਮੁੱਦਾ ਵੀ ਪਹਿਲਾਂ ਸਿਰਫ ਕਸ਼ਮੀਰੀ ਹਿੰਦੂਆਂ ਨੂੰ ਪ੍ਰਭਾਵਿਤ ਕਰਦਾ ਸੀ ਪਰ ਬਾਅਦ ’ਚ ਇਹ ਪੂਰੇ ਦੇਸ਼ ਲਈ ਇਕ ਗੰਭੀਰ ਸਮੱਸਿਆ ਬਣ ਗਿਆ। ਪੰਜਾਬ ’ਚ ਵੀ ਅੱਤਵਾਦ ਦੀ ਸ਼ੁਰੂਆਤ ਦੋ ਫਿਰਕਿਆਂ ਦੇ ਆਪਸੀ ਵਿਰੋਧੀ ਵਿਚਾਰਾਂ ਕਾਰਨ ਹੋਈ ਪਰ ਸਾਰਿਆਂ ਨੂੰ ਪਤਾ ਹੈ ਕਿ ਦਹਾਕਿਆਂ ਤੱਕ ਸਮਾਜ ਦੇ ਹਰ ਵਰਗ ਨੇ ਇਸ ਦਾ ਨਤੀਜਾ ਭੁਗਤਿਆ। ਕਿਸੇ ਪਿੰਡ ’ਚ ਇਕ ਕਿਸਾਨ ਦੇ ਘਰ ’ਚ ਇਕ ਚੂਹਾ, ਇਕ ਕਬੂਤਰ, ਇਕ ਸੱਪ ਅਤੇ ਬੱਕਰੀ ਰਹਿੰਦੇ ਸਨ। ਉਹ ਸਾਰੇ ਸ਼ਾਂਤੀ ਨਾਲ ਰਹਿ ਰਹੇ ਸਨ। ਇਕ ਦਿਨ ਇਕ ਪਿੰਜਰਾ ਘਰ ’ਚ ਲਿਆਂਦਾ ਗਿਆ। ਚੂਹੇ ਨੇ ਉਸ ਨੂੰ ਦੇਖਿਆ ਅਤੇ ਤੁਰੰਤ ਆਪਣੇ ਦੋਸਤਾਂ ਕੋਲ ਗਿਆ।
ਸਭ ਤੋਂ ਪਹਿਲਾਂ ਉਸ ਨੇ ਸੱਪ ਨੂੰ ਉਸ ਪਿੰਜਰੇ ਬਾਰੇ ਦੱਸਿਆ। ਸੱਪ ਬਹੁਤ ਲਾਪਰਵਾਹ ਸੀ ਅਤੇ ਉਸ ਨੇ ਚੂਹੇ ਦੀ ਚਿੰਤਾ ਪ੍ਰਤੀ ਕੋਈ ਦਿਆ ਨਹੀਂ ਦਿਖਾਈ ਕਿਉਂਕਿ ਉਸ ਨੂੰ ਲੱਗਾ ਕਿ ਇਹ ਉਸ ਨੂੰ ਪ੍ਰਭਾਵਿਤ ਨਹੀਂ ਕਰੇਗਾ। ਕਬੂਤਰ ਅਤੇ ਬੱਕਰੀ ਦਾ ਰਵੱਈਆ ਵੀ ਉਸੇ ਵਰਗਾ ਸੀ। ਚੂਹਾ ਦੁਖੀ ਹੋ ਗਿਆ ਅਤੇ ਘਰ ਛੱਡਣ ਦਾ ਫੈਸਲਾ ਕੀਤਾ ਅਤੇ ਫਿਰ ਮਾੜੀ ਕਿਸਮਤ ਨਾਲ ਇਕ ਦਿਨ ਸੱਪ ਚੂਹੇ ਦੇ ਪਿੰਜਰੇ ’ਚ ਫਸ ਗਿਆ ਪਰ ਸੱਪ ਪਿੰਜਰੇ ’ਚ ਫਿੱਟ ਨਹੀਂ ਹੋ ਸਕਿਆ। ਘਟਨਾ ਦੌਰਾਨ ਮਹਿਲਾ ਨੂੰ ਲੱਗਾ ਕਿ ਚੂਹਾ ਫਸ ਗਿਆ ਹੈ। ਉਸ ਨੇ ਚੂਹੇ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋਏ ਚੂਹੇ ਦੇ ਪਿੰਜਰੇ ਨੂੰ ਫੜ ਲਿਆ। ਜਦ ਮਹਿਲਾ ਨੇ ਪਿੰਜਰੇ ਨੂੰ ਫੜਿਆ ਤਾਂ ਸੱਪ ਨੇ ਆਪਣਾ ਰਾਹ ਬਣਾਇਆ ਅਤੇ ਔਰਤ ਨੂੰ ਡੰਗ ਮਾਰ ਦਿੱਤਾ। ਔਰਤ ਚੀਕੀ ਅਤੇ ਘਰ ਦੇ ਹੋਰ ਲੋਕ ਇਕੱਠਾ ਹੋ ਗਏ।
ਉਨ੍ਹਾਂ ਨੇ ਤੁਰੰਤ ਸੱਪ ਨੂੰ ਮਾਰ ਦਿੱਤਾ। ਇਕ ਡਾਕਟਰ ਨੂੰ ਸੱਦਿਆ ਗਿਆ ਅਤੇ ਡਾਕਟਰ ਨੇ ਸਲਾਹ ਿਦੱਤੀ ਕਿ ਔਰਤ ਨੂੰ ਸਿਹਤਮੰਦ ਸੂਪ ਦਿੱਤਾ ਜਾਣਾ ਚਾਹੀਦਾ ਹੈ। ਘਰ ’ਚ ਇਕ ਕਬੂਤਰ ਸੀ ਜਿਸ ਨੂੰ ਮਾਰ ਕੇ ਸੂਪ ਬਣਾਇਆ ਗਿਆ। ਕੁਝ ਦਿਨਾਂ ਬਾਅਦ ਔਰਤ ਫਿਰ ਤੋਂ ਸਿਹਤਮੰਦ ਹੋ ਗਈ। ਉਸ ਦੇ ਸਿਹਤਮੰਦ ਹੋਣ ਦਾ ਜ਼ਸ਼ਨ ਮਨਾਇਆ ਗਿਆ। ਇਸ ਦੌਰਾਨ ਬੱਕਰੀ ਨੂੰ ਮਾਰ ਕੇ ਮਹਿਮਾਨਾਂ ਲਈ ਸੁਆਦੀ ਮਾਸ ਬਣਾਇਆ ਗਿਆ। ਚੂਹਾ ਉਥੋਂ ਬਹੁਤ ਦੂਰ ਚਲਾ ਗਿਆ ਸੀ ਅਤੇ ਆਪਣੇ ਨਵੇਂ ਰਹਿਣ ਵਾਲੇ ਸਥਾਨ ਦਾ ਮਜ਼ਾ ਲੈ ਰਿਹਾ ਸੀ।
ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਦੂਜਿਆਂ ਦੀਆਂ ਸਮੱਸਿਆਵਾਂ ਨਜ਼ਰਅੰਦਾਜ਼ ਕਰਨ ਨਾਲ ਆਖਿਰਕਾਰ ਅਸੀਂ ਵੀ ਉਨ੍ਹਾਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹਾਂ। ਅੱਜ ਵੀ ਦੇਸ਼ ਅਤੇ ਦੁਨੀਆ ’ਚ ਕਈ ਅਜਿਹੇ ਮੁੱਦੇ ਹਨ ਜੋ ਕਿ ਲੱਗਦੇ ਤਾਂ ਦੋ-ਪੱਖੀ ਹਨ ਪਰ ਜੇ ਉਨ੍ਹਾਂ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਕਈ ਦੇਸ਼ ਅਤੇ ਭਾਈਚਾਰੇ ਛੇਤੀ ਹੀ ਉਨ੍ਹਾਂ ਤੋਂ ਭਿਆਨਕ ਤੌਰ ’ਤੇ ਪ੍ਰਭਾਵਿਤ ਹੋ ਸਕਦੇ ਹਨ। ਸਾਨੂੰ ਇਹ ਸਮਝਣਾ ਪਵੇਗਾ ਕਿ ਜਦ ਅਸੀਂ ਕਿਸੇ ਦੂਜਿਆਂ ਦੀਆਂ ਸਮੱਸਿਆਵਾਂ ਨੂੰ ਅਣਦੇਖਾ ਕਰਦੇ ਤਾਂ ਅਖੀਰ ’ਚ ਸਾਨੂੰ ਵੀ ਉਨ੍ਹਾਂ ਦੇ ਅਸਰ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜ ਦੇ ਸਮੂਹਿਕ ਵਿਕਾਸ ਅਤੇ ਖੁਸ਼ਹਾਲੀ ਲਈ ਸਾਨੂੰ ਇਕਜੁੱਟ ਹੋ ਕੇ ਇਕ-ਦੂਜੇ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦਾ ਹੱਲ ਲੱਭਣ ਲਈ ਸਹਿਯੋਗ ਕਰਨਾ ਪਵੇਗਾ। ਏਕਤਾ ਅਤੇ ਸਹਿਯੋਗ ਹੀ ਸਮਾਜ ਦੀ ਤਰੱਕੀ ਦਾ ਆਧਾਰ ਬਣ ਸਕਦੇ ਹਨ।