ਨੌਜਵਾਨਾਂ ’ਚ ਵਧ ਰਿਹਾ ''ਹੁੱਕਾ'' ਪੀਣ ਦਾ ਰੁਝਾਨ, ਦੇ ਰਿਹਾ ਕਈ ਬੀਮਾਰੀਆਂ ਨੂੰ ਸੱਦਾ
Saturday, Feb 17, 2024 - 02:29 AM (IST)
ਕੁਝ ਸਾਲਾਂ ਤੋਂ ਵੱਡੇ ਪੱਧਰ ’ਤੇ ਨੌਜਵਾਨਾਂ ’ਚ ‘ਹੁੱਕਾ’ ਪੀਣ ਦਾ ਰੁਝਾਨ ਵਧ ਰਿਹਾ ਹੈ ਅਤੇ ਸ਼ਹਿਰੀ ਇਲਾਕਿਆਂ ’ਚ ਖੁੱਲ੍ਹਣ ਵਾਲੇ ‘ਹੁੱਕਾ ਬਾਰ’ ਜਾਂ ‘ਹੁੱਕਾ ਪਾਰਲਰਾਂ’ ਦੀ ਵਧਦੀ ਗਿਣਤੀ ਇਸ ਦਾ ਸਬੂਤ ਹੈ। ਇਨ੍ਹੀਂ ਦਿਨੀਂ ‘ਹੁੱਕਾ ਬਾਰ’ ਰੇਸਤਰਾਂ, ਹੋਟਲਾਂ ਅਤੇ ਕਲੱਬਾਂ ’ਚ ਖੋਲ੍ਹੇ ਜਾ ਰਹੇ ਹਨ। ਇੱਥੋਂ ਤੱਕ ਕਿ ਕਿਤੇ-ਕਿਤੇ ਤਾਂ ਵਿਆਹਾਂ ’ਚ ਵੀ ‘ਹੁੱਕਾ’ ਪੇਸ਼ ਕੀਤਾ ਜਾਂਦਾ ਹੈ। ਇਸੇ ਸਾਲ 18 ਜਨਵਰੀ ਨੂੰ ਗਾਜ਼ੀਆਬਾਦ ਦੇ ‘ਇੰਦਰਾਪੁਰਮ’ ’ਚ ਰੇਸਤਰਾਂ ਦੀ ਆੜ ’ਚ ਨਾਜਾਇਜ਼ ਤੌਰ ’ਤੇ ਚਲਾਇਆ ਜਾ ਰਿਹਾ ‘ਹੁੱਕਾ ਬਾਰ’ ਫੜਿਆ ਗਿਆ ਅਤੇ ਪੁਲਸ ਨੇ ਉਸ ਦੇ ਮਾਲਕ ਸਮੇਤ 5 ਲੋਕਾਂ ਨੂੰ ਹਿਰਾਸਤ ’ਚ ਲੈਣ ਤੋਂ ਇਲਾਵਾ ਬਾਰ ’ਚੋਂ ‘ਹੁੱਕਾ’, ਪਾਈਪ ਤੇ ‘ਕੁਆਇਲ’ ਸਮੇਤ ਹੋਰ ਪਾਬੰਦੀਸ਼ੁਦਾ ਸਾਮਾਨ ਬਰਾਮਦ ਕੀਤਾ।
ਇਸੇ ਤਰ੍ਹਾਂ ਬੀਤੇ ਸਾਲ 27 ਦਸੰਬਰ ਨੂੰ ਆਗਰਾ ’ਚ ਸਥਿਤ ਇਕ ‘ਪਲਾਜ਼ਾ’ ’ਚ ਨਾਜਾਇਜ਼ ਤਰੀਕੇ ਨਾਲ ਚਲਾਇਆ ਜਾ ਰਿਹਾ ‘ਹੁੱਕਾ ਬਾਰ’ ਫੜਿਆ ਗਿਆ, ਜਿੱਥੋਂ ਪੁਲਸ ਨੇ 14 ਹੁੱਕੇ, 13 ਪਾਈਪ, 3 ਚਿਲਮਾਂ ਜ਼ਬਤ ਕੀਤੀਆਂ। ਇੱਥੇ ਜ਼ਿਕਰਯੋਗ ਹੈ ਕਿ ਫਿਲਹਾਲ ਦੇਸ਼ ’ਚ ‘ਹੁੱਕਾ ਬਾਰ’ ’ਤੇ ਰੋਕ ਲਾਉਣ ਲਈ ਰਾਸ਼ਟਰੀ ਪੱਧਰ ’ਤੇ ਕੋਈ ਨੀਤੀ ਨਹੀਂ ਹੈ ਪਰ ਮਹਾਰਾਸ਼ਟਰ ਅਤੇ ਗੁਜਰਾਤ ਪਿੱਛੋਂ ਪੰਜਾਬ ਨੇ 2018 ’ਚ ਇਨ੍ਹਾਂ ’ਤੇ ਪੂਰਨ ਪਾਬੰਦੀ ਲਾਈ ਸੀ। ਹਰਿਆਣਾ ਨੇ ਬੀਤੇ ਸਾਲ ਅਤੇ ਕਰਨਾਟਕ ਸਰਕਾਰ ਨੇ ਇਸੇ ਸਾਲ ‘ਹੁੱਕਾ ਬਾਰ’ ’ਤੇ ਪਾਬੰਦੀ ਲਾਈ ਹੈ ਜਦਕਿ ਹੁਣ ਤੇਲੰਗਾਨਾ ਵੀ ਇਸ ਸੂਚੀ ’ਚ ਸ਼ਾਮਲ ਹੋਣ ਜਾ ਰਿਹਾ ਹੈ।
ਡਾਕਟਰਾਂ ਅਨੁਸਾਰ ‘ਹੁੱਕਾ’ ’ਚ ਵੀ ਸਿਗਰਟ ਵਾਂਗ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ‘ਨਿਕੋਟੀਨ’ ਅਤੇ ‘ਟਾਰ’ ਵਰਗੇ ਪਦਾਰਥ ਹੁੰਦੇ ਹਨ, ਜਿਸ ਦੀ ਸਿਗਰਟ ਵਾਂਗ ਹੀ ਲੋਕਾਂ ਨੂੰ ਲਤ ਲੱਗ ਜਾਂਦੀ ਹੈ। ਆਮ ਹੁੱਕੇ ਦੇ ਨਾਲ-ਨਾਲ ਹੁਣ ਵੱਡੇ ਪੱਧਰ ’ਤੇ ‘ਫਲੇਵਰਡ’ ਅਰਥਾਤ ਹਾਨੀਕਾਰਕ ਸੁਗੰਧਿਤ ਰਸਾਇਣਕ ਪਦਾਰਥਾਂ ਨਾਲ ਯੁਕਤ ‘ਹੁੱਕੇ’ ਦਾ ਰੁਝਾਨ ਵਧਦਾ ਜਾ ਰਿਹਾ ਹੈ। ਹਾਲਾਂਕਿ ਆਮ ਧਾਰਨਾ ਹੈ ਕਿ ‘ਫਲੇਵਰਡ ਹੁੱਕਾ’ ਪੀਣ ਨਾਲ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਦਾ ਪਰ ਅਸਲੀਅਤ ਇਸ ਦੇ ਉਲਟ ਹੈ।
ਫਲੇਵਰ ਵਾਲੇ ‘ਹੁੱਕੇ’ ’ਚ ਵੀ ਚਾਰਕੋਲ ਹੁੰਦਾ ਹੈ ਅਤੇ ਇਸ ਤੋਂ ਨਿਕਲ ਕੇ ਫੇਫੜਿਆਂ ’ਚ ਜਾਣ ਵਾਲਾ ਧੂੰਆਂ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ। ਕੁਝ ਲੋਕ ‘ਹੁੱਕਾ’ ਦੇ ਨਾਲ ਸ਼ਰਾਬ ਵੀ ਪੀਂਦੇ ਹਨ ਜੋ ਕਾਫੀ ਖ਼ਤਰਨਾਕ ਹੋ ਸਕਦਾ ਹੈ। ‘ਹੁੱਕਾ’ ਪੀਣ ਨਾਲ ਸਰੀਰ ’ਚ ਜਾਣ ਵਾਲਾ ਧੂੰਆਂ ਫੇਫੜਿਆਂ ’ਚ ਇਨਫੈਕਸ਼ਨ ਕਰਦਾ ਹੈ। ਇਸ ਨਾਲ ‘ਹੁੱਕਾ’ ਪੀਣ ਵਾਲੇ ਨੂੰ ਅਸਥਮਾ ਹੋ ਸਕਦਾ ਹੈ। ਕੁਝ ਮਾਮਲਿਆਂ ’ਚ ਇਹ ਦਿਲ ਦੇ ਰੋਗ ਅਤੇ ਦਿਲ ਦੀਆਂ ਧਮਣੀਆਂ ਨੂੰ ਬਲਾਕ ਕਰਨ ਦਾ ਕਾਰਨ ਵੀ ਬਣ ਸਕਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ‘ਹੁੱਕੇ’ ’ਚ ਇਸਤੇਮਾਲ ਹੋਣ ਵਾਲੇ ਕੁਝ ਫਲੇਵਰਾਂ ਨਾਲ ਪਿਸ਼ਾਬ ’ਚ ‘ਕ੍ਰੇਟੀਨਿਨ’ ਨਾਂ ਦੇ ਪਦਾਰਥ ਦੀ ਮਾਤਰਾ ਵੀ ਵਧ ਸਕਦੀ ਹੈ ਜਿਸ ਨਾਲ ਕਿਡਨੀ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ‘ਹੁੱਕਾ’ ਪੀਣ ਦੀਆਂ ਇਨ੍ਹਾਂ ਹਾਨੀਆਂ ਨੂੰ ਦੇਖਦਿਆਂ 12 ਫਰਵਰੀ, 2024 ਨੂੰ ਤੇਲੰਗਾਨਾ ਵਿਧਾਨ ਸਭਾ ਨੇ ‘ਹੁੱਕਾ ਬਾਰ’ ਜਾਂ ‘ਹੁੱਕਾ ਪਾਰਲਰਾਂ’ ’ਤੇ ਪਾਬੰਦੀ ਦੀ ਵਿਵਸਥਾ ਦਾ ਬਿੱਲ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਬਿੱਲ ਪੇਸ਼ ਕਰਦੇ ਹੋਏ ਤੇਲੰਗਾਨਾ ਦੇ ਵਿਧਾਨਕ ਮਾਮਲਿਆਂ ਦੇ ਮੰਤਰੀ ਡੀ. ਸ਼੍ਰੀਧਰ ਬਾਬੂ ਨੇ ਕਿਹਾ ਕਿ ‘ਹੁੱਕਾ ਬਾਰ’ ਜਾਂ ‘ਹੁੱਕਾ ਪਾਰਲਰ’ ਚਲਾਉਣ ਵਾਲੇ ਸਮਾਜ ਵਿਰੋਧੀ ਤੱਤ ਕਾਲਜ ਦੇ ਵਿਦਿਆਰਥੀਆਂ ਸਮੇਤ ਹੋਰ ਨੌਜਵਾਨਾਂ ਦੀ ‘ਹੁੱਕਾ’ ਪੀਣ ਪ੍ਰਤੀ ਵਧਦੀ ਰੁਚੀ ਦਾ ਲਾਭ ਉਠਾ ਰਹੇ ਹਨ ਅਤੇ ਨੌਜਵਾਨਾਂ ਨੂੰ ਇਸ ਦੇ ਆਦੀ ਬਣਾ ਰਹੇ ਹਨ।
ਉਨ੍ਹਾਂ ਕਿਹਾ ਕਿ ‘ਹੁੱਕਾ’ ਪੀਣਾ ਸਿਗਰਟ ਪੀਣ ਤੋਂ ਵੀ ਵੱਧ ਹਾਨੀਕਾਰਕ ਹੈ। ਇਹ ਪੈਸਿਵ ਸਮੋਕਰਜ਼ ਭਾਵ ‘ਹੁੱਕਾ’ ਨਾ ਪੀਣ ਵਾਲੇ ਜਿਨ੍ਹਾਂ ਲੋਕਾਂ ਦੀ ਨੱਕ ’ਚ ਇਸ ਦਾ ਧੂੰਆਂ ਪਹੁੰਚਦਾ ਹੈ, ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ‘ਹੁੱਕਾ’ ਪੀਣ ਦੀਆਂ ਹਾਨੀਆਂ ਨੂੰ ਦੇਖਦੇ ਹੋਏ ਤੇਲੰਗਾਨਾ ਸਰਕਾਰ ਦਾ ਉਕਤ ਫੈਸਲਾ ਜਨਹਿੱਤਕਾਰੀ ਹੈ। ਇਸ ਨਾਲ ਲੋਕ ਕਈ ਜਾਨਲੇਵਾ ਬੀਮਾਰੀਆਂ ਤੋਂ ਬਚ ਸਕਣਗੇ। ਇਸ ਲਈ ਇਸ ਨੂੰ ਜਿੰਨੀ ਛੇਤੀ ਹੋ ਸਕੇ ਕਾਨੂੰਨ ਦਾ ਰੂਪ ਦੇ ਕੇ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਹੋਰ ਸੂਬਿਆਂ ’ਚ ਵੀ, ਜਿੱਥੇ ‘ਹੁੱਕਾ ਬਾਰ’ ਜਾਂ ‘ਹੁੱਕਾ ਪਾਰਲਰਾਂ’ ’ਤੇ ਪਾਬੰਦੀ ਨਹੀਂ ਹੈ, ਉੱਥੇ ਵੀ ਅਜਿਹਾ ਕਾਨੂੰਨ ਛੇਤੀ ਬਣਾ ਕੇ ਲਾਗੂ ਕਰਨ ਦੀ ਲੋੜ ਹੈ ਤਾਂ ਕਿ ਲੋਕ ਮੌਤਾਂ ਤੋਂ ਬਚ ਸਕਣ।
-ਵਿਜੇ ਕੁਮਾਰ