ਕਿਵੇਂ ਮਨਾਈਏ ‘ਸ੍ਰੀ ਗੁਰੂ ਤੇਗ ਬਹਾਦਰ ਜੀ’ ਦਾ 400 ਸਾਲਾ ਪ੍ਰਕਾਸ਼ ਪੁਰਬ

04/18/2021 2:49:34 AM

ਇਕਬਾਲ ਸਿੰਘ ਲਾਲਪੁਰਾ 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ, ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਨਾਨਕੀ ਜੀ ਦੇ ਗ੍ਰਹਿ, ਵਿਸਾਖ ਵਦੀ 5 ਸੰਮਤ 1678 (1 ਅਪ੍ਰੈਲ 1621) ਨੂੰ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਿਮਾ ਕਰਦੇ ਹੋਏ, ਭਾਈ ਨੰਦ ਲਾਲ ਜੀ ਦਰਜ ਕਰਦੇ ਹਨ ‘‘ਗੁਰੂ ਤੇਗ ਬਹਾਦਰ ਆਂ ਸਰਾਪਾ ਅਫ਼ਜਾਲ॥ਜ਼ੀਨਤ-ਅਰਾਇ ਮਹਿਫ਼ਲਿ ਜਾਹੋ ਜਲਾਲ॥ ਗੁਰੂ ਤੇਗ ਬਹਾਦਰ ਸਿਰ ਤੋਂ ਪੈਰਾਂ ਤਕ ਉਚਾਈਆਂ ਅਤੇ ਵਡਿਆਈਆਂ ਦਾ ਭੰਡਾਰ ਹਨ ਅਤੇ ਰੱਬ ਦੀ ਸ਼ਾਨੋ-ਸ਼ੌਕਤ ਦੀ ਮਹਿਫ਼ਿਲ ਦੀ ਰੌਣਕ ਵਧਾਉਣ ਵਾਲੇ ਹਨ। ਨੌਵੀਂ ਪਾਤਸ਼ਾਹੀ ਨਵੇਂ ਨਿਧਾਨ ਵਾਲੀ ਅਤੇ ਸੱਚ ਦੇ ਪਾਲਣਹਾਰ ਸਰਦਾਰਾਂ ਦੇ ਸਰਦਾਰ ਹਨ। ਲੋਕ ਪ੍ਰਲੋਕ ਦੀ ਸੁਲਤਾਨ, ਮਾਣ ਸਤਿਕਾਰ ਅਤੇ ਗੌਰਵ ਦੇ ਤਖ਼ਤ ਦਾ ਸ਼ਿੰਗਾਰ ਹਨ। ਬਾਵਜੂਦ ਰੱਬੀ ਸ਼ਕਤੀ ਦੇ ਮਾਲਕ ਹੋਣ ਦੇ, ਉਹ ਰੱਬ ਦੀ ਆਗਿਆ ਅੱਗੇ ਸੀਸ ਝੁਕਾਉਣ ਵਾਲੀ ਅਤੇ ਰੱਬੀ ਜਲਾਲ ਅਤੇ ਵਡਿਆਈ ਦਾ ਗੁਪਤ ਸਾਜ਼ ਹਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਨਾਨਕ ਦੀ ਉਪਮਾ ‘‘ਤਿਲਕ ਜੰਞੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਿ ਸਾਕਾ॥ ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ। ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ॥’’ ਇਹ ਹੀ ਨਹੀਂ ‘ਵਾਰ ਦੁਰਗਾ ਕੀ’ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿਮਰਨ ਦੀ ਮਹਿਮਾ ਦਰਜ ਕਰਦਿਆਂ ਅੰਕਿਤ ਕੀਤਾ ਹੈ ‘‘ਤੇਗ ਬਹਾਦਰ ਸਿਮਰੀਐ, ਘਰ ਨੌਨਿਧ ਆਵੈ ਧਾਇ। ਸਭ ਥਾਈਂ ਹੋਏ ਸਹਾਇ।।’’ ਭਾਵ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿਮਰਨ ਨਾਲ ਘਰ ਵਿਚ ਨੌਨਿਧਾਂ ਦੀ ਤੁਰੰਤ ਪ੍ਰਾਪਤੀ ਹੁੰਦੀ ਹੈ। ਇਨ੍ਹਾਂ ਬਰਕਤਾਂ ਵਾਲੇ ਗੁਰੂ ਦੇ 400 ਸਾਲਾ ਪ੍ਰਕਾਸ਼ ਪੁਰਬ ਮਨਾਉਣਾ, ਸਾਰੀ ਕਾਇਨਾਤ ਲਈ ਇਕ ਚੰਗਾ ਮੌਕਾ ਹੈ।

ਸਿੱਖ ਕੌਮ ਦੇ ਨੌਵੇਂ ਪਾਤਸ਼ਾਹ ਨੇ 24 ਚੇਤ ਸੰਮਤ 1722 (20 ਮਾਰਚ 1665) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੰਘਾਸਨ ’ਤੇ ਬਿਰਾਜ ਕੇ ਅਨੰਤ ਜੀਵਾਂ ਨੂੰ ਸੁਮਾਰਗ ਪਾਇਆ, ਪ੍ਰਚਾਰ ਲਈ ਮਾਲਵਾ, ਪੁਆਧ, ਬਾਂਗਰ, ਪੂਰਬ ਬਿਹਾਰ, ਬੰਗਾਲ, ਅਸਾਮ ਆਦਿ ਪ੍ਰਦੇਸ਼ਾਂ ਵਿਚ ਵਿਚਰ ਕੇ ਸੱਚਾ ਧਰਮ ਦ੍ਰਿੜਾਇਆ। ਆਪ ਜੀ ਦੀ ਬਾਣੀ ਵੈਰਾਗਮਈ ਅਜਿਹੀ ਅਦਭੁੱਤ ਹੈ ਕਿ ਕਠੋਰ ਮਨਾਂ ਨੂੰ ਕੋਮਲ ਕਰਨ ਦੀ ਅਪਾਰ ਸ਼ਕਤੀ ਰੱਖਦੀ ਹੈ।

ਸਤਲੁਜ ਦੇ ਕੰਢੇ ਪਹਾੜੀ ਰਾਜਿਆਂ ਤੋਂ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਗਰ ਵਸਾਇਆ। ਹਿੰਦੁਸਤਾਨ ਅੰਦਰ ਮੁਗਲ ਰਾਜ ਦੇ ਜ਼ੁਲਮ ਤੇ ਜਬਰੀ ਧਰਮ ਪਰਿਵਰਤਨ ਨੂੰ ਠੱਲ੍ਹ ਪਾਉਣ ਤੇ ਧਰਮ ਦਾ ਬੀਜ ਰੱਖਣ ਲਈ ਆਪ ਨੇ ਮੱਘਰ ਸੁਦੀ 5 ਸੰਮਤ 1722 (11 ਨਵੰਬਰ 1675) ਨੂੰ ਸ਼ਹੀਦੀ ਦਿੱਤੀ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 15 ਰਾਗਾਂ ਤੇ ਵਾਰਾਂ ਤੋਂ ਵਧੀਕ ਸਲੋਕ ਰੂਪ ਵਿਚ ਦਰਜ ਹੈ। ਸੰਨ 1969 ਈ. ਤੋਂ ਸਿੱਖ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਮਨਾਉਣ ਦਾ ਰਿਵਾਜ ਸ਼ੁਰੂ ਹੋਇਆ। ਸ਼ਤਾਬਦੀਆਂ ਮਨਾਉਣੀਆਂ ਸਾਰਥਕ ਹੋ ਸਕਦੀਆਂ ਹਨ ਜੇ ਗੁਰਮਤਿ ਦਾ ਸੁਨੇਹਾ ਵਿਸ਼ਵ ਭਰ ਵਿਚ ਪੁੱਜੇ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ 1969 ਈ. ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਸਰਕਾਰ ਤੇ ਸ. ਗੁਰਨਾਮ ਸਿੰਘ ਮੁੱਖ ਮੰਤਰੀ ਦੀ ਅਗਵਾਈ ਹੇਠ ਮਨਾਈ ਗਈ, ਜਿਸ ਵਿਚ ਦੇਸ਼ ਦੇ ਉਸ ਸਮੇਂ ਦੇ ਰਾਸ਼ਟਰਪਤੀ ਸ਼੍ਰੀ ਵੀ. ਵੀ. ਗਿਰੀ, ਪਖਤੂਨ ਲੀਡਰ ਖ਼ਾਨ ਅਬਦੁਲ ਗੱਫ਼ਾਰ ਖਾਂ, ਬੁੱਧ ਧਰਮ ਦੇ ਦਲਾਈਲਾਮਾ, ਸੰਤ ਫ਼ਤਿਹ ਸਿੰਘ, ਸ. ਗੁਰਦਿਆਲ ਸਿੰਘ ਢਿੱਲੋਂ ਤੇ ਸਭ ਪਾਰਟੀਆਂ ਦੇ ਆਗੂ ਇਕ ਸਟੇਜ ’ਤੇ ਇਕੱਤਰ ਹੋਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਅੱਗੇ ਤੋਰਨ ਲਈ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ। ਇਕ ਚੰਗੀ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ਨੇ ਵੀ ਚੰਗੀ ਵਾਹ-ਵਾਹ ਖੱਟੀ।

ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਨੇ 10 ਅਪ੍ਰੈਲ, 1973 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਦਮਦਮਾ ਸਾਹਿਬ ਤਲਵੰਡੀ ਸਾਬੋ ਪੁੱਜਣ ਤੱਕ 577 ਕਿਲੋਮੀਟਰ ਦੇ ਰਸਤੇ ’ਤੇ ਇਤਿਹਾਸਿਕ ਪਿੰਡਾਂ ਤੇ ਧਰਮ ਅਸਥਾਨਾਂ ਨੂੰ ਜੋੜਦੀ ਸੜਕ ਦਾ ਨੀਂਹ ਪੱਥਰ ਰੱਖ ਕੇ, ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੀ ਉਸਾਰੀ ਦੀ ਗੱਲ ਕੀਤੀ।

ਗੁਰੂ ਜੀ ਦੇ ਸ਼ਸਤਰ ਵਲੈਤ ਤੋਂ ਵਾਪਸ ਮੰਗਵਾ ਕੇ ਇਸ ਰਾਹਾਂ ਤੋਂ ਗੁਜ਼ਰੇ, ਇਥੇ ਧਰਮ ਵਿਚ ਰਾਜਨੀਤੀ ਦਾਖਲ ਵਾਲੀ ਪ੍ਰਣਾਲੀ ਦੀ ਸ਼ੁਰੂਆਤ ਵੀ ਹੋਈ ਅਤੇ ਜਥੇ. ਗੁਰਚਰਨ ਸਿੰਘ ਟੌਹੜਾ ਪ੍ਰਧਾਨ ਐੱਸ. ਜੀ. ਪੀ. ਸੀ. ਸਮੇਤ ਹੋਰ ਅਕਾਲੀ ਆਗੂ ਇਸ ਮਾਰਚ ਵਿਚ ਪ੍ਰਸ਼ਾਦ ਵੰਡਦੇ ਰਹੇ। ਇਸ ਮਾਰਗ ’ਤੇ 48 ਸਾਲ ਬਾਅਦ ਵੀ ਬੱਸ ਸਰਵਿਸ ਚਾਲੂ ਨਹੀਂ ਹੋਈ, ਕੇਵਲ ਸਿਅਾਸੀ ਡਰਾਮੇਬਾਜ਼ੀ ਤੱਕ ਸੀਮਤ ਰਹੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਤੇ ਫਲਸਫੇ ’ਤੇ ਚਾਨਣਾ ਪਾਉਣ ਤੇ ਅੱਗੇ ਤੋਰਨ ਲਈ ਕੁਝ ਨਹੀਂ ਸੀ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਂ ’ਤੇ ਤਿਆਰ ਹੋਣ ਵਾਲਾ ਮੈਡੀਕਲ ਕਾਲਜ ਵੀ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਆਪਣੇ ਜੱਦੀ ਸ਼ਹਿਰ ਫ਼ਰੀਦਕੋਟ ਲੈ ਗਏ। ਸ੍ਰੀ ਅਨੰਦਪੁਰ ਸਾਹਿਬ ਅੱਜ ਵੀ ਡਾਕਟਰੀ ਸਹੂਲਤਾਂ ਤੋਂ ਸੱਖਣਾ ਹੈ।

ਖ਼ਾਲਸਾ ਦੀ 300 ਸਾਲਾ ਜਨਮ ਸ਼ਤਾਬਦੀ ਅਪ੍ਰੈਲ 1999 ਵਿਚ ਮਨਾਈ ਗਈ। ਇਸ ਤੋਂ ਬਾਅਦ ਤਾਂ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸ਼ਤਾਬਦੀਆਂ ਤੇ ਅਰਧ ਸ਼ਤਾਬਦੀਆਂ ਦੀ ਝੜੀ ਹੀ ਲੱਗ ਗਈ। ਇਕ ਵੀ ਪ੍ਰੋਗਰਾਮ ਸਰਬਸਾਂਝਾ ਨਹੀਂ ਹੋਇਆ। ਰਾਜਸੀ ਪਾਰਟੀਆਂ ਦੀਆਂ ਵੱਖ-ਵੱਖ ਡਫਲੀਆਂ ਤੇ ਵੱਖ-ਵੱਖ ਰਾਗ, ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਸੁਲਤਾਨਪੁਰ ਲੋਧੀ ਸਾਹਿਬ ਵਿਚ ਵੇਖੇ ਗਏ। ਨਾ ਤਾਂ ਗੁਰੂ ਸਾਹਿਬਾਨ ਦੇ ਫਲਸਫੇ ਦੀ ਗੱਲ ਹੋਈ ਅਤੇ ਨਾ ਹੀ ਜੀਵਨ ਤੇ ਇਤਿਹਾਸ ਦਾ ਹੀ ਜ਼ਿਕਰ ਕਿਧਰੇ ਹੋਇਆ।

ਸ੍ਰੀ ਕਰਤਾਰਪੁਰ ਸਾਹਿਬ ਦੀ ਸਾਂਭ-ਸੰਭਾਲ ਤੇ ਲਾਂਘਾ ਵੀ ਬਹੁਤਾ ਸਿਆਸੀ ਸੌਦਾ ਹੈ। ਇਸੇ ਸਮੇਂ ਸ੍ਰੀ ਨਨਕਾਣਾ ਸਾਹਿਬ ਦੇ ਗੁਰੂ ਦੇ ਚਾਕਰ, ਗ੍ਰੰਥੀ ਸਿੰਘ ਦੀ ਧੀ ਅਗਵਾ ਕਰ ਕੇ ਧਰਮ ਪਰਿਵਰਤਨ ਕਰਵਾ ਦਿੱਤਾ। ਪਾਕਿਸਤਾਨ ਵਿਚ 365 ਦੇ ਕਰੀਬ ਇਤਿਹਾਸਕ ਤੇ ਹੋਰ ਅਨੇਕਾਂ ਗੁਰੂ ਘਰ ਹਨ ਜਿਨ੍ਹਾਂ ਦੀ ਸਾਂਭ-ਸੰਭਾਲ ਲਈ ਅਕਾਫ ਬੋਰਡ ਦਾ ਮੁਖੀ ਇਕ ਉਹ ਵਿਅਕਤੀ ਹੁੰਦਾ ਹੈ, ਜਿਸ ਦਾ ਸਿੱਖ ਧਰਮ ਨਾਲ ਦੂਰ ਦਾ ਵੀ ਸਬੰਧ ਨਹੀਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਆਪਣੇ ਆਪ ਨੂੰ ਸਿੱਖ ਕੌਮ ਦੀ ਸਿਰਮੌਰ ਸੰਸਥਾ ਵਜੋਂ ਪੇਸ਼ ਕਰਦੀ, ਨੇ ਯੂ. ਐੱਨ. ਓ. ਪਾਸੋਂ 1 ਮਈ 2021 ਨੂੰ ਮਨਾਈ ਜਾ ਰਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨਮ ਸ਼ਤਾਬਦੀ ਨੂੰ ਇਸ ਸਾਲ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਉਣ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ ਪਾਸੋਂ ਗੁਰੂ ਜੀ ਦੇ ਪ੍ਰਕਾਸ਼ ਅਸਥਾਨ ਤੋਂ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦਿੱਲੀ ਤੱਕ ਗੁਰਧਾਮਾਂ ਦਾ ਵੱਡੇ ਪੱਧਰ ਤੇ ਵਿਕਾਸ, ਸ਼ਹੀਦੀ ਦਿਹਾੜੇ ਨੂੰ ਧਾਰਮਿਕ ਸਹਿਣਸ਼ੀਲਤਾ ਦਿਵਸ ਵੱਲੋਂ ਮਨਾਉਣ ਤੇ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਦੁਨੀਆ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਕਰਵਾ ਕੇ ਸੰਸਾਰ ਭਰ ਵਿਚ ਭੇਜਣ ਦਾ ਪ੍ਰਬੰਧ ਕਰਨ, ਐੱਸ. ਜੀ. ਪੀ. ਸੀ. ਨੂੰ ਨੋਡਲ ਸੰਸਥਾ ਐਲਾਨ ਤੇ ਆਗਰਾ ਤੋਂ ਦਿੱਲੀ ਸੜਕ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੀਸ ਮਾਰਗ ਐਲਾਨ ਕਰਨ ਦੀ ਮੰਗ ਦੇ ਮਤੇ ਪਾਸ ਕੀਤੇ ਹਨ।

ਪੰਜਾਬ ਦੀ ਸਰਕਾਰ ਨੇ ਇਨ੍ਹਾਂ ਸਮਾਗਮਾਂ ਨੂੰ ਮਨਾਉਣ ਲਈ ਕੇਂਦਰ ਸਰਕਾਰ ਤੋਂ 937 ਕਰੋੜ ਦਾ ਫੰਡ ਮਨਜ਼ੂਰ ਕਰ ਕੇ ਦੇਣ ਦੀ ਮੰਗ ਕੀਤੀ ਹੈ। ਸਮਾਗਮ 15 ਅਪ੍ਰੈਲ ਤੋਂ ਸ਼ੁਰੂ ਹੋ ਕੇ ਮੁੱਖ ਸਮਾਗਮ 1 ਮਈ ਨੂੰ ਕਰਨ ਦਾ ਐਲਾਨ ਕੀਤਾ ਹੈ।

ਕੇਂਦਰ ਸਰਕਾਰ ਨੇ ਵੀ 70 ਮੈਂਬਰੀ ਉੱਚ ਪੱਧਰੀ ਕਮੇਟੀ ਬਣਾਈ ਹੈ। ਪਤਾ ਨਹੀਂ ਉਸ ਵਿਚ ਕਿੰਨੇ ਲੋਕ ਗੁਰਮਤਿ ਦੇ ਧਾਰਨੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਫਲਸਫੇ ਬਾਰੇ ਜਾਣਕਾਰੀ ਰੱਖਦੇ ਹਨ? ਐੱਸ. ਜੀ. ਪੀ. ਸੀ. ਤੇ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਫ਼ਲਸਫੇ ਦੇ ਪ੍ਰਚਾਰ-ਪ੍ਰਸਾਰ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ’ਤੇ ਪਾ ਕੇ ਆਪ ਮੁਕਤ ਹੁੰਦੀਆਂ ਲੱਗਦੀਆਂ ਹਨ। ਅੱਜ ਭਾਰਤ ਵਿਚ ਵੀ ਧਾਰਮਿਕ ਅਸਹਿਣਸ਼ੀਲਤਾ ਦਾ ਪ੍ਰਚਾਰ ਜ਼ੋਰਾਂ ’ਤੇ ਹੈ। ਕੇਵਲ ਇਹ ਹੀ ਨਹੀਂ, ਝੂਠ ਤੇ ਲਾਲਚ ਨਾਲ ਪੰਜਾਬ ਵਿਚ ਵੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਅਤੇ ਨਸ਼ੇ ਤੇ ਬੇਰੋਜ਼ਗਾਰੀ ਸਿਖਰ ’ਤੇ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਮਾਤਾ ਜੀ ਦੇ ਨਾਂ ’ਤੇ ਨਗਰ ਚੱਕ ਨਾਨਕੀ ਤਾਮੀਰ ਕੀਤਾ ਸੀ। ਸ੍ਰੀ ਅਨੰਦਪੁਰ ਸਾਹਿਬ ਉਸ ਤੋਂ ਬਾਅਦ ਇਕ ਵੱਖਰੇ ਸ਼ਹਿਰ ਦੀ ਨੀਂਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਖਵਾਈ ਸੀ, ਕਿਉਂ ਨਾ ਪਿੰਡ ਚੱਕ ਨੇੜੇ ਅਨੰਦਪੁਰ ਸਾਹਿਬ ਦਾ ਨਾਂ ਮੁੜ ਚੱਕ ਨਾਨਕੀ ਰੱਖ ਕੇ ਇਤਿਹਾਸ ਨੂੰ ਠੀਕ ਕੀਤਾ ਜਾਵੇ?

ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ 6 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਕਰਮਭੂਮੀ ਹੈ। ਇੱਥੇ ਇਤਿਹਾਸ ਦਾ ਖੋਜ ਕੇਂਦਰ ਸਥਾਪਿਤ ਕਰਨਾ, ਗੁਰੂ ਸਾਹਿਬਾਨ ਦੀ ਯਾਦ ਵਿਚ ਤੇ ਉਨ੍ਹਾਂ ਦੇ ਸੇਵਕ ਭਾਈ ਘਨ੍ਹੱਈਆ ਦੀ ਸੇਵਾ ਨੂੰ ਸਮਰਪਿਤ ਮੈਡੀਕਲ ਕਾਲਜ ਖੋਲ੍ਹਣ ’ਤੇ ਵਿਚਾਰ ਕਰਨਾ ਬਣਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨਮ ਭੂਮੀ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਤਪ ਅਸਥਾਨ ਬਾਬਾ ਬਕਾਲਾ ਸਾਹਿਬ ਤੇ ਕਰਮਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਜੋੜਨ ਵਾਲੀ ਸੜਕ ਸ੍ਰੀ ਅਨੰਦਪੁਰ ਸਾਹਿਬ ਤੋਂ ਬੰਗਾ ਤੱਕ ਖ਼ਸਤਾ ਹਾਲਤ ਵਿਚ ਹੈ, ਜਿਸ ਨੂੰ ਚੌੜਾ ਕਰਨ ਤੇ ਨਿਰਮਾਣ ਕਰਨ ਦੇ ਕੰਮ ਦਾ 2019 ਦੀਆਂ ਚੋਣਾਂ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਨੀਂਹ ਪੱਥਰ ਰੱਖਿਆ ਸੀ ਪਰ ਕੰਮ ਅੱਗੇ ਨਹੀ ਵਧਿਆ, ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਦਾ ਨਾਂ ਦੇ ਕੇ ਤਿਆਰ ਕਰਵਾਉਣ ਜੋ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੋੜੇਗੀ, ਲਈ ਕੇਂਦਰ ਸਰਕਾਰ ਨੂੰ ਬੇਨਤੀ ਕਰਨੀ ਬਣਦੀ ਹੈ।

ਸਿੱਖ ਧਰਮ ਦੁਨੀਆ ਦਾ ਸਭ ਤੋਂ ਨਵਾਂ, ਸਭ ਨੂੰ ਜੋੜਨ ਵਾਲਾ, ਸੇਵਾ ਅਤੇ ਸੁਰੱਖਿਆ ਕਰਨਾ ਹੀ ਨਹੀਂ, ਦੂਜੇ ਧਰਮ ਦੀ ਰਾਖੀ ਲਈ ਆਪਣੀ ਜਾਨ ਨਿਛਾਵਰ ਕਰਨ ਵਾਲਾ ਫਲਸਫਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਇਸ ਦੀ ਵੱਡੀ ਮਿਸਾਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਚਮ ਪਾਤਸ਼ਾਹ ਦਾ ਹੁਕਮ ‘ਨਾ ਹਮ ਹਿੰਦੂ ਨਾ ਮੁਸਲਮਾਨ। ਅਲਹ ਰਾਮ ਕੇ ਪਿੰਡੁ ਪਰਾਨ॥ਅੰਗ 1136॥’ ਸਿੱਖ ਧਰਮ ਦੇ ਵੱਖਰੇ ਫਲਸਫੇ ਦੀ ਗੱਲ ਕਰਦਾ ਹੈ ਪਰ ਫਿਰ ਵੀ ਪੰਜਾਬੀ ਹਿੰਦੂ ਸਿੱਖ ਧਰਮ ਦੀ ਨਰਸਰੀ ਹੈ। ਦੋਵਾਂ ਧਰਮਾਂ ਵਿਚ ਰੋਟੀ-ਬੇਟੀ ਦੀ ਸਾਂਝ ਵੀ ਹੈ ਤੇ ਸਾਰੇ ਪੰਜਾਬੀ ‘ਪੰਜਾਬ ਜਿਊਂਦਾ ਗੁਰਾਂ ਦੇ ਨਾਂ ’ਤੇ’ ਦੀ ਸੱਭਿਅਤਾ ਦੇ ਧਾਰਨੀ ਹਨ। ਦੋਵਾਂ ਫ਼ਿਰਕਿਆਂ ਵਿਚ ਰਾਜਸੀ ਕਾਰਨਾਂ ਕਰਕੇ ਬਣੇ ਮਤਭੇਦਾਂ ਨੂੰ ਦੂਰ ਕਰਨ ਦੇ ਯਤਨ ਕਰਨ ਦਾ ਕੀ ਇਹ ਸਹੀ ਸਮਾਂ ਨਹੀਂ? ਕੀ ਤਿਲਕ ਜੰਝੂ ਧਾਰਨ ਕਰਨ ਵਾਲਿਆਂ ਵੱਲੋਂ ਵੀ ਅੱਗੇ ਵੱਧ ਕੇ ਯੋਗਦਾਨ ਪਾ ਕੇ ਗੁਰੂ ਜੀ ਦੇ ਸਦਭਾਵਨਾ ਦੇ ਪੈਗਾਮ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ?

iqbalsingh_73@yahoo.co.in


Bharat Thapa

Content Editor

Related News