ਭਾਰਤ ਨੂੰ ਅੰਗਰੇਜ਼ੀ ਨੇ ਕਿਵੇਂ ਆਪਣਾ ਗੁਲਾਮ ਬਣਾ ਕੇ ਰੱਖਿਆ ਹੈ

02/10/2021 2:20:50 AM

ਡਾ. ਵੇਦਪ੍ਰਤਾਪ ਵੈਦਿਕ

ਆਜ਼ਾਦ ਭਾਰਤ ਨੂੰ ਅੰਗਰੇਜ਼ੀ ਨੇ ਕਿਸ ਤਰ੍ਹਾਂ ਆਪਣਾ ਗੁਲਾਮ ਬਣਾਇਆ ਹੋਇਆ ਹੈ, ਇਸ ਦਾ ਪਤਾ ਮੈਨੂੰ ਅੱਜ ਇੰਦੌਰ ’ਚ ਲੱਗਾ। ਇੰਦੌਰ ਦੀਆਂ ਪ੍ਰਮੁੱਖ ਅਖਬਾਰਾਂ ਦੇ ਮੁੱਖ ਪੰਨਿਆਂ ’ਤੇ ਅੱਜ ਖਾਸ ਖਬਰ ਇਹ ਛਪੀ ਕਿ ਕੋਰੋਨਾ ਦਾ ਟੀਕਾ ਲਵਾਉਣ ਲਈ 8600 ਸਫਾਈ ਮੁਲਾਜ਼ਮਾਂ ਨੂੰ ਸੰਦੇਸ਼ ਭੇਜੇ ਗਏ ਸਨ ਪਰ ਉਨ੍ਹਾਂ ’ਚੋਂ ਸਿਰਫ 1651 ਹੀ ਪਹੁੰਚੇ। ਬਾਕੀਆਂ ਨੂੰ ਇਹ ਸਮਝ ਹੀ ਨਹੀਂ ਲੱਗਾ ਕਿ ਉਹ ਸੰਦੇਸ਼ ਕੀ ਸੀ? ਅਜਿਹਾ ਕਿਉਂ ਹੋਇਆ? ਇਸ ਦਾ ਕਾਰਨ ਇਹ ਹੈ ਕਿ ਉਹ ਸੰਦੇਸ਼ ਅੰਗਰੇਜ਼ੀ ’ਚ ਸੀ। ਅੰਗਰੇਜ਼ੀ ਦੀ ਇਸ ਮਿਹਰਬਾਨੀ ਕਾਰਨ 5 ਟੀਕਾ ਕੇਂਦਰਾਂ ਵਿਖੇ ਇਕ ਵੀ ਆਦਮੀ ਨਹੀਂ ਪਹੁੰਚਿਆ। ਭੋਪਾਲ ਵਿਖੇ ਵੀ ਮੁਸ਼ਕਲ ਨਾਲ 40 ਫੀਸਦੀ ਲੋਕ ਹੀ ਟੀਕਾ ਲਵਾਉਣ ਲਈ ਪਹੁੰਚ ਸਕੇ।

ਕੋਰੋਨਾ ਦਾ ਟੀਕਾ ਤਾਂ ਜਿਉਣ-ਮਰਨ ਦਾ ਸਵਾਲ ਹੈ, ਉਹ ਵੀ ਅੰਗਰੇਜ਼ੀ ਦੇ ਗਲਬੇ ਕਾਰਨ ਦੇਸ਼ ਦੇ 80-90 ਫੀਸਦੀ ਲੋਕਾਂ ਨੂੰ ਵਾਂਝਿਆਂ ਕਰ ਰਿਹਾ ਹੈ। ਜ਼ਰਾ ਸੋਚੋ ਕਿ ਜੋ ਜਿਉਣ-ਮਰਨ ਦੀ ਤੁਰੰਤ ਚੁਣੌਤੀ ਨਹੀਂ ਬਣਦੇ ਹਨ, ਅਜਿਹੇ ਅਹਿਮ ਮਸਲੇ ਅੰਗਰੇਜ਼ੀ ਕਾਰਨ ਕਿੰਨੇ ਲੋਕਾਂ ਦਾ ਕਿੰਨਾ ਨੁਕਸਾਨ ਕਰਦੇ ਹੋਣਗੇ? ਦੇਸ਼ ਦੀ ਸੰਸਦ, ਅਦਾਲਤਾਂ, ਸਰਕਾਰਾਂ, ਨੌਕਰਸ਼ਾਹੀ, ਹਸਪਤਾਲ ਅਤੇ ਉੱਚ ਵਿੱਦਿਅਕ ਅਦਾਰੇ ਆਪਣੇ ਸਾਰੇ ਕੰਮ ਅਕਸਰ ਹੀ ਅੰਗਰੇਜ਼ੀ ’ਚ ਕਰਦੇ ਹਨ। ਉਨ੍ਹਾਂ ਨੇ ਆਜ਼ਾਦੀ ਤੋਂ 74 ਸਾਲ ਬਾਅਦ ਵੀ ਭਾਰਤੀ ਲੋਕ ਰਾਜ ਨੂੰ ਜਾਦੂ-ਟੂਣਾ ਬਣਾ ਕੇ ਰੱਖਿਆ ਹੋਇਆ ਹੈ।

ਭਾਰਤ ’ਚ ਹੀ ਅੰਗਰੇਜ਼ੀ ਨੇ ਇਕ ਫਰਜ਼ੀ ਭਾਰਤ ਖੜ੍ਹਾ ਕੀਤਾ ਹੋਇਆ ਹੈ। ਇਹ ਫਰਜ਼ੀ ਭਾਰਤ ਨਕਲੀ ਤਾਂ ਹੈ ਹੀ, ਨਕਲਚੀ ਵੀ ਹੈ। ਬਰਤਾਨੀਆ ਅਤੇ ਅਮਰੀਕਾ ਦੀ ਨਕਲ ਕਰਨ ਵਾਲਾ ਹੈ। ਇਹ ਦੇਸ਼ ਦੇ 10 ਤੋਂ 15 ਫੀਸਦੀ ਮੁੱਠੀ ਭਰ ਲੋਕਾਂ ਦੇ ਹੱਥਾਂ ਦਾ ਖਿਡੌਣਾ ਬਣ ਗਿਆ ਹੈ। ਇਹ ਲੋਕ ਕੌਣ ਹਨ? ਇਹ ਸ਼ਹਿਰੀ ਹਨ, ਉੱਚੀ ਜਾਤੀ ਦੇ ਹਨ, ਖੁਸ਼ਹਾਲ ਹਨ, ਪੜ੍ਹੇ-ਲਿਖੇ ਹਨ। ਇਨ੍ਹਾਂ ਦੇ ਭਾਰਤ ਦਾ ਨਾਂ ‘ਇੰਡੀਆ’ ਹੈ। ਇਕ ਭਾਰਤ ’ਚ ਦੋ ਭਾਰਤ ਹਨ। ਜਿਸ ਭਾਰਤ ’ਚ 100 ਕਰੋੜ ਤੋਂ ਵੱਧ ਲੋਕ ਰਹਿੰਦੇ ਹਨ, ਉਹ ਘੱਟ ਪੜ੍ਹਿਆ-ਲਿਖਿਆ ਹੈ, ਪੱਛੜਿਆ ਹੈ, ਪੇਂਡੂ ਹੈ ਅਤੇ ਕਿਰਤਜੀਵੀ ਹੈ।

ਭਾਰਤ ’ਚ ਅੱਜ ਤੱਕ ਬਣੀ ਕਿਸੇ ਵੀ ਸਰਕਾਰ ਨੇ ਇਸ ਗਲੀ-ਸੜੀ ਗੁਲਾਮ ਵਿਵਸਥਾ ਨੂੰ ਬਦਲਣ ਦਾ ਦ੍ਰਿੜ੍ਹ ਸੰਕਲਪ ਨਹੀਂ ਵਿਖਾਇਆ। ਮੈਂ ਹੁਣ ਤੋਂ 55 ਸਾਲ ਪਹਿਲਾਂ ਇੰਡੀਅਨ ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼ ’ਚ ਆਪਣਾ ਕੌਮਾਂਤਰੀ ਰਾਜਨੀਤੀ ਦਾ ਖੋਜ ਗ੍ਰੰਥ ਹਿੰਦੀ ‘ਮਾਂ ਬੋਲੀ’ ’ਚ ਲਿਖਣ ਦੀ ਬੇਨਤੀ ਕੀਤੀ ਤਾਂ ਮੈਨੂੰ ਸਕੂਲ ’ਚੋਂ ਕੱਢ ਦਿੱਤਾ ਗਿਆ। ਕਈ ਵਾਰ ਸੰਸਦ ’ਚ ਹੰਗਾਮਾ ਹੋਇਆ। ਅੰਤ ’ਚ ਮੇਰੀ ਜਿੱਤ ਹੋਈ ਪਰ ਉਹ ਢਾਂਚਾ ਅੱਜ ਵੀ ਜਿਉਂ ਦਾ ਤਿਉਂ ਚੱਲ ਰਿਹਾ ਹੈ। ਸਾਰੇ ਦੇਸ਼ ’ਚ ਅੱਜ ਵੀ ਉੱਚ ਅਧਿਐਨ ਅਤੇ ਖੋਜ ਦੇ ਕੰਮ ਅੰਗਰੇਜ਼ੀ ’ਚ ਹੀ ਹੁੰਦੇ ਹਨ। ਦੁਨੀਆ ’ਚ ਕਿਸੇ ਵੀ ਖੁਸ਼ਹਾਲ ਅਤੇ ਮਹਾਸ਼ਕਤੀ ਰਾਸ਼ਟਰ ’ਚ ਇਹ ਕੰਮ ਵਿਦੇਸ਼ੀ ਭਾਸ਼ਾ ’ਚ ਨਹੀਂ ਹੁੰਦਾ। ਇਸ ਸੰਦਰਭ ’ਚ ਨਰਿੰਦਰ ਮੋਦੀ ਨੂੰ ਮੈਂ ਪਹਿਲੀ ਵਾਰ ਇਹ ਕਹਿੰਦਿਆਂ ਸੁਣਿਆ ਹੈ ਕਿ ਹਰ ਸੂਬੇ ’ਚ ਇਕ ਮੈਡੀਕਲ ਕਾਲਜ ਅਤੇ ਇਕ ਤਕਨੀਕੀ ਕਾਲਜ ਉਸ ਦੀ ਆਪਣੀ ਭਾਸ਼ਾ ’ਚ ਕਿਉਂ ਨਹੀਂ ਹੋ ਸਕਦਾ।

ਇਹ ਠੀਕ ਹੈ ਕਿ ਅਸਾਮ ਦੇ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਮੋਦੀ ਨੇ ਉਕਤ ਗੋਲੀ ਉਛਾਲੀ ਹੈ ਕਿ ਅਸਾਮੀ ਭਾਸ਼ਾ ’ਚ ਡਾਕਟਰੀ ਦੀ ਪੜ੍ਹਾਈ ਕਿਉਂ ਨਹੀਂ ਹੋ ਸਕਦੀ। ਕੋਈ ਨੇਤਾ ਆਪਣੀ ਸਵਾਰਥ-ਸਿੱਧੀ ਲਈ ਹੀ ਸਹੀ, ਜੇ ਕੋਈ ਦੇਸ਼ ਦੇ ਹਿੱਤਾਂ ਦੀ ਗੱਲ ਕਰੇ ਤਾਂ ਉਸ ਨੂੰ ਸ਼ਾਬਾਸ਼ ਦੇਣ ’ਚ ਸਾਨੂੰ ਝਿਜਕ ਨਹੀਂ ਵਿਖਾਉਣੀ ਚਾਹੀਦੀ। ਆਪਣੇ ਸਾਬਕਾ ਸਿਹਤ ਮੰਤਰੀ ਜੇ. ਪੀ. ਨੱਢਾ ਅਤੇ ਮੌਜੂਦਾ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਮੇਰੇ ਨਾਲ ਕਈ ਵਾਰ ਵਾਅਦਾ ਕੀਤਾ ਕਿ ਉਹ ਮੈਡੀਕਲ ਦੀ ਪੜ੍ਹਾਈ ਹਿੰਦੀ ’ਚ ਸ਼ੁਰੂ ਕਰਨਗੇ ਪਰ ਹੁਣ ਤਾਂ ਉਨ੍ਹਾਂ ਦੇ ਨੇਤਾ ਜੀ ਨੇ ਵੀ ਐਲਾਨ ਕਰ ਦਿੱਤਾ ਹੈ। ਹੁਣ ਦੇਰੀ ਕਿਉਂ?


Bharat Thapa

Content Editor

Related News