‘ਇਨਵੈਸਟਰ ਮੀਟ’ ਨਾਲ ਜੁੜ ਗਏ ਹਿਮਾਚਲ ਦੀ ਤਰੱਕੀ ਦੇ ਰਾਹ

Wednesday, Nov 06, 2019 - 01:32 AM (IST)

‘ਇਨਵੈਸਟਰ ਮੀਟ’ ਨਾਲ ਜੁੜ ਗਏ ਹਿਮਾਚਲ ਦੀ ਤਰੱਕੀ ਦੇ ਰਾਹ

ਡਾ. ਰਾਜੀਵ ਪਥਰੀਆ

ਮੁੱਖ ਤੌਰ ’ਤੇ ਖੇਤੀਬਾੜੀ, ਬਾਗਬਾਨੀ, ਊਰਜਾ ਅਤੇ ਸੈਰ-ਸਪਾਟਾ ਕਾਰੋਬਾਰ ’ਤੇ ਨਿਰਭਰ ਹਿਮਾਚਲ ਪ੍ਰਦੇਸ਼ ਨੂੰ ਸੰਨ 2003 ਤੋਂ ਬਾਅਦ ਹੀ ਉਦਯੋਗਿਕ ਨਿਵੇਸ਼ ਲਈ ਇਕ ਬਿਹਤਰ ਸੂਬੇ ਵਜੋਂ ਦੇਸ਼ ਦੇ ਉਦਯੋਗਿਕ ਘਰਾਣਿਆਂ ਨੇ ਦੇਖਿਆ ਸੀ ਕਿਉਂਕਿ ਇਹ ਸਭ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ (ਸਵ.) ਵਲੋਂ ਹਿਮਾਚਲ ਪ੍ਰਦੇਸ਼ ਨੂੰ 2003 ਵਿਚ ਦਿੱਤੇ ਗਏ ਵਿਸ਼ੇਸ਼ ਉਦਯੋਗਿਕ ਪੈਕੇਜ ਕਾਰਣ ਹੀ ਸੰਭਵ ਹੋ ਸਕਿਆ ਸੀ। ਖਾਸ ਰਿਆਇਤਾਂ ਲੈਣ ਲਈ ਹਿਮਾਚਲ ਪ੍ਰਦੇਸ਼ ਦੇ ਕੁਝ ਸਰਹੱਦੀ ਉਦਯੋਗਿਕ ਖੇਤਰਾਂ ਵਿਚ ਕੁਝ ਵਰ੍ਹਿਆਂ ਤਕ ਨਵੇਂ ਉਦਯੋਗ ਸਥਾਪਿਤ ਹੁੰਦੇ ਰਹੇ ਪਰ ਹੁਣ ਪਿਛਲੇ ਕੁਝ ਵਰ੍ਹਿਆਂ ਤੋਂ ਇਥੋਂ ਹੌਲੀ-ਹੌਲੀ ਉਦਯੋਗਾਂ ਦਾ ਦੂਜੇ ਸੂਬਿਆਂ ’ਚ ਪਲਾਇਨ ਹੋ ਰਿਹਾ ਹੈ।

ਇਸ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵਲੋਂ ਪਿਛਲੇ ਇਕ ਸਾਲ ਦੀ ਤਿਆਰੀ ਤੋਂ ਬਾਅਦ ‘ਗਲੋਬਲ ਇਨਵੈਸਟਰ ਮੀਟ’ ਜ਼ਰੀਏ 85 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਲਿਆਉਣ ਦੀ ਕੋਸ਼ਿਸ਼ ਹੋਈ ਹੈ। ਮੁੱਖ ਮੰਤਰੀ ਦੀ ਨਿੱਜੀ ਦਿਲਚਸਪੀ ਅਤੇ ਉਨ੍ਹਾਂ ਦੇ ਅਧਿਕਾਰੀਆਂ ਦੀ ਟੀਮ ਦੀ ਮਿਹਨਤ ਕਾਰਣ ਹੁਣ ਤਕ 83319 ਕਰੋੜ ਰੁੁਪਏ ਦੇ 566 ਸਮਝੌਤਿਆਂ ’ਤੇ ਦਸਤਖਤ ਹੋ ਚੁੱਕੇ ਹਨ। ਜ਼ਾਹਿਰ ਹੈ ਕਿ ਇਹ ਨਿਵੇਸ਼ ਜੇਕਰ ਹਿਮਾਚਲ ਵਿਚ ਆਉਂਦਾ ਹੈ ਤਾਂ ਇਥੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਸਰਕਾਰ ਦਾ ਮਾਲੀਆ ਵੀ ਵਧੇਗਾ।

ਜੈਰਾਮ ਸਰਕਾਰ ਨੇ ‘ਗਲੋਬਲ ਇਨਵੈਸਟਰ ਮੀਟ’ ਨੂੰ ਇਕ ਮੁਹਿੰਮ ਵਜੋਂ ਲਿਆ ਹੈ, ਜਿਸ ਦੇ ਲਈ ਦੇਸ਼-ਵਿਦੇਸ਼ ਵਿਚ ਜਾ ਕੇ ਨਿਵੇਸ਼ਕਾਂ ਨੂੰ ਸੱਦਾ ਦੇਣ ਤੋਂ ਲੈ ਕੇ ਨਿਵੇਸ਼-ਮਿੱਤਰ ਨੀਤੀਆਂ ਬਣਾਉਣਾ ਤਕ ਸ਼ਾਮਿਲ ਹੈ। ਹਿਮਾਚਲ ਵਿਚ ਊਰਜਾ ਖੇਤਰ ਵਿਚ ਕੁਲ 28812 ਕਰੋੜ ਰੁਪਏ ਦੇ 16, ਸੈਰ-ਸਪਾਟਾ ਖੇਤਰ ਵਿਚ 14955 ਕਰੋੜ ਰੁਪਏ ਦੇ 192 ਅਤੇ 12277 ਕਰੋੜ ਰੁਪਏ ਦੇ 31 ਨਿਵੇਸ਼ ਸਮਝੌਤੇ ਹੁਣ ਤਕ ਹੋਏ ਹਨ।

7-8 ਨਵੰਬਰ ਨੂੰ ਧਰਮਸ਼ਾਲਾ ਵਿਚ ਆਯੋਜਿਤ ਹੋਣ ਵਾਲੀ ਇਨਵੈਸਟਰ ਮੀਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ, ਪਿਊਸ਼ ਗੋਇਲ, ਪ੍ਰਹਿਲਾਦ ਪਟੇਲ ਤੇ ਅਨੁਰਾਗ ਠਾਕੁਰ ਖਾਸ ਤੌਰ ’ਤੇ ਹਿੱਸਾ ਲੈ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕੁਝ ਦੇਸ਼ਾਂ ਦੇ ਰਾਜਦੂਤ ਅਤੇ ਕਈ ਵਿਦੇਸ਼ੀ ਨਿਵੇਸ਼ਕ ਵੀ ਇਸ ਮੌਕੇ ਸ਼ਾਮਿਲ ਹੋਣਗੇ। ਭਾਰਤ ਦੇ ਕੁਝ ਵੱਡੇ ਉਦਯੋਗਿਕ ਘਰਾਣਿਆਂ ਦੇ ਸੰਚਾਲਕ ਵੀ ਇਥੇ ਪਹੁੰਚ ਰਹੇ ਹਨ।

ਜੈਰਾਮ ਠਾਕੁਰ ਦੀ ਸਰਕਾਰ ਦੀ ਇਹ ਕੋਸ਼ਿਸ਼ ਹਿਮਾਚਲ ’ਚ ਰੁਕੀ ਤਰੱਕੀ ਦੀ ਰਫਤਾਰ ਨੂੰ ਮੁੜ ਤੇਜ਼ ਕਰਨ ਵਾਲੀ ਸਿੱਧ ਹੋ ਸਕਦੀ ਹੈ। ਹਾਲਾਂਕਿ ਜੈਰਾਮ ਠਾਕੁਰ ਖ਼ੁਦ ਖੁੱਲ੍ਹ ਕੇ ਕਹਿ ਚੁੱਕੇ ਹਨ ਕਿ ਜ਼ਰੂਰੀ ਨਹੀਂ, ਜਿੰਨੇ ਸਮਝੌਤੇ ਹੋਏ ਹਨ, ਉਹ ਸਾਰਾ ਨਿਵੇਸ਼ ਹਿਮਾਚਲ ਵਿਚ ਆਵੇ ਪਰ ਉਨ੍ਹਾਂ ਨੇ ਅਧਿਕਾਰੀਆਂ ਨੂੰ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਦੇ ਸਹਿਯੋਗ ਦੀ ਕਮੀ ਦਾ ਬਹਾਨਾ ਬਣਾ ਕੇ ਕੋਈ ਨਿਵੇਸ਼ਕ ਵਾਪਿਸ ਨਾ ਜਾਵੇ।

ਅਜੇ ਸਬਰ ਰੱਖੇ ਵਿਰੋਧੀ ਧਿਰ

‘ਗਲੋਬਲ ਇਨਵੈਸਟਰ ਮੀਟ’ ਨੂੰ ਲੈ ਕੇ ਵਿਰੋਧੀ ਪਾਰਟੀ ਕਾਂਗਰਸ ਤਲਖ਼ ਹੋਈ ਪਈ ਹੈ। ਕਾਂਗਰਸ ਦੀ ਚਿੰਤਾ ਧਾਰਾ-118 ਵਿਚ ਸੋਧਾਂ ਨੂੰ ਲੈ ਕੇ ਹੈ। ਕਾਂਗਰਸ ਪ੍ਰਧਾਨ ਕੁਲਦੀਪ ਸਿੰਘ ਰਾਠੌਰ ਦਾ ਕਹਿਣਾ ਹੈ ਕਿ ਇਨਵੈਸਟਰ ਮੀਟ ਦੇ ਆਯੋਜਨ ’ਤੇ ਅਰਬਾਂ ਰੁਪਏ ਖਰਚ ਕਰ ਕੇ ਭਾਜਪਾ ਸਰਕਾਰ ਹਿਮਾਚਲ ਦੇ ਲੋਕਾਂ ਦੀਆਂ ਕੀਮਤੀ ਜ਼ਮੀਨਾਂ ਬਾਹਰਲੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ’ਚ ਹੈ। ਕਾਂਗਰਸ ਦੀ ਚਿੰਤਾ ਇਹ ਵੀ ਹੈ ਕਿ ਸੂਬੇ ਵਿਚ ਪਹਿਲਾਂ ਤੋਂ ਸਥਾਪਿਤ ਉਦਯੋਗ ਬੰਦ ਹੁੰਦੇ ਜਾ ਰਹੇ ਹਨ ਅਤੇ ਜਦੋਂ ਸੈਰ-ਸਪਾਟਾ ਖੇਤਰ ਵਿਚ ਵੱਡੇ ਨਿਵੇਸ਼ਕ ਆ ਜਾਣਗੇ ਤਾਂ ਸੂਬੇ ਦੇ ਬੇਰੋਜ਼ਗਾਰਾਂ ਦਾ ਕੀ ਹੋਵੇਗਾ?

ਦੂਜੇ ਪਾਸੇ ਹਿਮਾਚਲ ਵਿਚ ਪ੍ਰਾਈਵੇਟ ਖੇਤਰ ਨੂੰ ਹਾਊਸਿੰਗ ਕਾਲੋਨੀਆਂ ਬਣਾਉਣ ਦੀ ਇਜਾਜ਼ਤ ਦੇਣ ਦਾ ਵੀ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਨੇ ਵਿਰੋਧ ਕੀਤਾ ਹੈ। ਇਹ ਕੁਝ ਸਵਾਲ ਹਨ, ਜੋ ਲਗਾਤਾਰ ਵਿਰੋਧੀ ਧਿਰ ਵਲੋਂ ਉਠਾਏ ਜਾ ਰਹੇ ਹਨ ਪਰ ਮੁੱਖ ਮੰਤਰੀ ਜੈਰਾਮ ਦੇ ਇਸ ਯਤਨ ਨੂੰ ਅਸਲੀਅਤ ’ਚ ਬਦਲਣ ਵਿਚ ਅਜੇ ਸਮਾਂ ਲੱਗੇਗਾ। ਇਸ ਲਈ ਵਿਰੋਧੀ ਧਿਰ ਨੂੰ ਸਰਕਾਰ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ। ਹਿਮਾਚਲ ’ਚ ਤਰੱਕੀ ਦੀ ਰਫਤਾਰ ਬਣੀ ਰਹੇ, ਇਸ ਦੇ ਲਈ ਵਿਰੋਧੀ ਧਿਰ ਅਜੇ ਸਬਰ ਕਰੇ ਅਤੇ ਵਿਰੋਧ ਲਈ ਸਹੀ ਸਮੇਂ ਦੀ ਉਡੀਕ ਕਰੇ।

ਮੰਤਰੀ ਮੰਡਲ ਵਿਚ ਫੇਰਬਦਲ ਛੇਤੀ

ਧਰਮਸ਼ਾਲਾ ਅਤੇ ਪੱਛਾਦ ਉਪ-ਚੋਣਾਂ ਵਿਚ ਜਿੱਤ ਤੋਂ ਬਾਅਦ ਹੁਣ ਮੁੜ ਮੰਤਰੀ ਮੰਡਲ ਵਿਚ ਫੇਰਬਦਲ ਦੇ ਚਰਚੇ ਸ਼ੁਰੂ ਹੋ ਗਏ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ‘ਗਲੋਬਲ ਇਨਵੈਸਟਰ ਮੀਟ’ ਹੋਣ ਤੋਂ ਬਾਅਦ ਮੰਤਰੀ ਮੰਡਲ ਵਿਚ ਖਾਲੀ ਪਏ 2 ਅਹੁਦਿਆਂ ਨੂੰ ਭਰਨ ਅਤੇ ਮੰਤਰੀਆਂ ਦੇ ਮਹਿਕਮਿਆਂ ਵਿਚ ਫੇਰਬਦਲ ਕਰਨ ਦੀ ਗੱਲ ਕਹੀ ਹੈ, ਜਿਸ ਨਾਲ ਮੰਤਰੀ ਮੰਡਲ ਦੇ ਮੌਜੂਦਾ ਮੈਂਬਰਾਂ ਦੀ ਨੀਂਦ ਵੀ ਉੱਡ ਗਈ ਹੈ, ਜਦਕਿ ਮੰਤਰੀ ਅਹੁਦੇ ਹਾਸਿਲ ਕਰਨ ਵਾਲੇ ਸੀਨੀਅਰ ਵਿਧਾਇਕ ਲਾਬਿੰਗ ਵਿਚ ਜੁਟ ਗਏ ਹਨ।

ਸੂਬਾਈ ਮੰਤਰੀ ਮੰਡਲ ਵਿਚ ਕਿਸ਼ਨ ਕਪੂਰ ਦੇ ਐੱਮ. ਪੀ. ਬਣ ਜਾਣ ਅਤੇ ਅਨਿਲ ਸ਼ਰਮਾ ਦੇ ਅਸਤੀਫਾ ਦੇਣ ਤੋਂ ਬਾਅਦ 2 ਅਹੁਦੇ ਖਾਲੀ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਇਸ ਵਿਸ਼ੇ ’ਚ ਛੇਤੀ ਹੀ ਭਾਜਪਾ ਹਾਈਕਮਾਨ ਨਾਲ ਚਰਚਾ ਕਰ ਕੇ ਆਪਣੇ ਮੰਤਰੀ ਮੰਡਲ ਵਿਚ ਅੰਸ਼ਿਕ ਤਬਦੀਲੀ ਕਰ ਸਕਦੇ ਹਨ।

ਕਾਂਗੜਾ ਜ਼ਿਲੇ ਤੋਂ ਸੀਨੀਅਰ ਵਿਧਾਇਕ ਰਾਕੇਸ਼ ਪਠਾਣੀਆ ਨੂੰ ਮੰਤਰੀ ਅਹੁਦੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਜਦਕਿ ਸ਼ਿਮਲਾ ਸੰਸਦੀ ਹਲਕੇ ਦੀ ਸਿਆਸਤ ਦੇ ਭੀਸ਼ਮ ਪਿਤਾਮਾ ਡਾ. ਰਾਜੀਵ ਬਿੰਦਲ ਦੇ ਵੀ ਮੰਤਰੀ ਮੰਡਲ ਵਿਚ ਸ਼ਾਮਿਲ ਹੋਣ ਦੇ ਸੰਕੇਤ ਮਿਲ ਰਹੇ ਹਨ। ਹਾਲਾਂਕਿ ਡਾ. ਬਿੰਦਲ ਇਸ ਸਮੇਂ ਹਿਮਾਚਲ ਵਿਧਾਨ ਸਭਾ ਦੇ ਸਪੀਕਰ ਹਨ ਪਰ ਪੱਛਾਦ ਉਪ-ਚੋਣ ਦੌਰਾਨ ਪਾਰਟੀ ਨੂੰ ਕਿਤੇ ਨਾ ਕਿਤੇ ਉਨ੍ਹਾਂ ਦੀ ਸਰਗਰਮ ਭੂਮਿਕਾ ਦੀ ਕਮੀ ਰੜਕੀ ਹੈ ਕਿਉਂਕਿ ਬਤੌਰ ਵਿਧਾਨ ਸਭਾ ਸਪੀਕਰ ਉਹ ਉਪ-ਚੋਣ ਲਈ ਪ੍ਰਚਾਰ ਨਹੀਂ ਕਰ ਸਕੇ ਸਨ।

ਦੂਜੇ ਪਾਸੇ ਵਿਰੋਧੀ ਪਾਰਟੀ ਕਾਂਗਰਸ ਨੇ ਉਨ੍ਹਾਂ ਵਿਰੁੱਧ ਭਾਜਪਾ ਉਮੀਦਵਾਰ ਲਈ ਚੋਣ ਪ੍ਰਚਾਰ ਕਰਨ ਦੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਕੀਤੀਆਂ ਸਨ। ਹਾਲਾਂਕਿ ਪਾਰਟੀ ਵਿਚ ਹੋਰ ਵੀ ਕਈ ਸੀਨੀਅਰ ਵਿਧਾਇਕਾਂ ਦੀ ਨਜ਼ਰ ਮੰਤਰੀ ਮੰਡਲ ’ਚ ਖਾਲੀ ਪਏ ਅਹੁਦਿਆਂ ’ਤੇ ਹੈ ਪਰ ਮੁੱਖ ਮੰਤਰੀ ਜੈਰਾਮ ਠਾਕੁਰ ਵਲੋਂ ਮੰਤਰੀ ਮੰਡਲ ਵਿਚ ਫੇਰਬਦਲ/ਵਾਧੇ ਦੇ ਜੋ ਸੰਕੇਤ ਦਿੱਤੇ ਗਏ ਹਨ, ਉਸ ਤੋਂ ਬਾਅਦ ਡਾ. ਰਾਜੀਵ ਬਿੰਦਲ ਅਤੇ ਰਾਕੇਸ਼ ਪਠਾਣੀਆ ਦੇ ਨਾਵਾਂ ਦੀ ਚਰਚਾ ਜ਼ਿਆਦਾ ਹੈ।

pathriarajeev@gmail.com


author

Bharat Thapa

Content Editor

Related News