ਹਿਮਾਚਲ ਦੇਵਭੂਮੀ ਹੈ ਰਣਭੂਮੀ ਨਹੀਂ!
Thursday, Jul 22, 2021 - 03:27 AM (IST)

ਡਾ. ਮਨੋਜ ਡੋਗਰਾ
ਹਿਮਾਚਲ ਪ੍ਰਦੇਸ਼ ਇਕ ਅਜਿਹਾ ਰਮਣੀਕ ਸੂਬਾ ਜੋ ਪੂਰੀ ਦੁਨੀਆ ’ਚ ਆਪਣੇ ਸੱਭਿਆਚਾਰ ਤੇ ਇਮਾਨਦਾਰ ਵਤੀਰੇ ਅਤੇ ਇੱਥੋਂ ਦੇ ਕੁਦਰਤੀ ਸੁਹੱਪਣ ਦੇ ਲਈ ਵਿਸ਼ਵ ਪ੍ਰਸਿੱਧ ਤੇ ਪ੍ਰਸਿੱਧੀ ਹਾਸਲ ਹੈ।
ਸੈਰ-ਸਪਾਟੇ ਦੇ ਨਜ਼ਰੀਏ ਤੋਂ ਹਿਮਾਚਲ ਸੈਲਾਨੀਆਂ ਦੀ ਹਰ ਲੋੜ ਦਾ ਕੇਂਦਰ ਰਹਿੰਦਾ ਹੈ ਭਾਵੇਂ ਉਹ ਸੱਭਿਆਚਾਰ ਨੂੰ ਸਮਝਣਾ ਹੋਵੇ। ਸਾਧਾਰਨ ਅਤੇ ਵਿਸ਼ੇਸ਼ ਰਹਿਣ ਸਹਿਣ ਅਤੇ ਪਹਿਰਾਵੇ ਨੂੰ ਜਾਣਨਾ ਹੋਵੇ ਜਾਂ ਮੰਦਰਾਂ ’ਚ ਜਾਣਾ ਹੋਵੇ ਜਾਂ ਮੁੜ ਸਭ ਤੋਂ ਵਿਸ਼ੇਸ਼ ਬਰਫ ਜਾਂ ਉੱਚੀਆਂ ਚੋਟੀਆਂ ਤੋਂ ਸੰਪੂਰਨ ਕੁਦਰਤੀ ਸੁਹੱਪਣ ਨੂੰ ਨਿਹਾਰਨਾ ਹੋਵੇ ਤਾਂ ਸਾਰਿਆਂ ਦੀ ਪਹਿਲੀ ਪਸੰਦ ਹਿਮਾਚਲ ਪ੍ਰਦੇਸ਼ ਹੀ ਹੁੰਦਾ ਹੈ ਕਿਉਂਕਿ ਇੱਥੋਂ ਦੇ ਲੋਕ ਇੰਨੇ ਸਹਿਯੋਗਨਾਤਮਕ ਪ੍ਰਵਿਰਤੀ ਦੇ ਹਨ ਕਿ ਕਈ ਸੈਲਾਨੀ ਤਾਂ ਲੋਕਾਂ ਦੇ ਘਰਾਂ ’ਚ ਵੀ ਰਹਿੰਦੇ ਹਨ ਅਤੇ ਇਮਾਨਦਾਰੀ ਦੇ ਮਾਮਲੇ ’ਚ ਹਿਮਾਚਲ ਸਮਾਜ ਵਰਗਾ ਪਿਛੋਕੜ ਕਿਸੇ ਹੋਰ ਸਮਾਜ ’ਚ ਨਹੀਂ ਹੈ।
ਹਿਮਾਚਲੀ ਲੋਕ ਕਦੀ ਕਿਸੇ ਨੂੰ ਕੁਝ ਨਹੀਂ ਕਹਿੰਦੇ ਸਗੋਂ ਲੋੜ ਪੈਣ ’ਤੇ ਪੂਰਾ ਸਹਿਯੋਗ ਵੀ ਕਰਦੇ ਹਨ ਪਰ ਪਿਛਲੇ 2-3 ਸਾਲਾਂ ’ਚ ਅਤੇ ਸਭ ਤੋਂ ਵੱਧ ਤਾਂ ਇਸ ਮੌਜੂਦਾ ਦੌਰ ’ਚ ਬਾਹਰੋਂ ਆਉਣ ਵਾਲੇ ਸੈਲਾਨੀਆਂ ਵਲੋਂ ਹਿਮਾਚਲ ਨੂੰ ਗੰਦ ਪਾਉਣ ਵਾਲੀ ਇਕ ਥਾਂ, ਹੁਲੜਬਾਜ਼ੀ ਕਰਨ ਅਤੇ ਹਥਿਆਰਾਂ ਦੇ ਨਾਲ ਇੱਥੋਂ ਦੇ ਲੋਕਾਂ ਨਾਲ ਕੁੱਟ-ਮਾਰ ਕਰਨੀ, ਦੁਕਾਨਦਾਰਾਂ ਦੇ ਨਾਲ ਘਟੀਆ ਸਲੂਕ ਕਰਨ ਦੇ ਨਾਲ-ਨਾਲ ਪਹਾੜਾਂ ਨੂੰ ਪ੍ਰਦੂਸ਼ਿਤ ਕਰਨ ਦਾ ਰਿਵਾਜ ਜੰਗਲ ਦੀ ਅੱਗ ਵਾਂਗ ਫੈਲਦਾ ਜਾ ਰਿਹਾ ਹੈ ਇਹ ਲੋਕ ਮਾਨਸਿਕ ਇਨਫੈਕਸ਼ਨ ਨਾਲ ਗ੍ਰਸਤ ਜਾਪਦੇ ਹਨ ਮੰਨੋ ਕਿ ਜਿਨ੍ਹਾਂ ਦਾ ਦਿਮਾਗ ਕੰਮ ਨਾ ਕਰਦਾ ਹੋਵੇ।
ਕਹਿਣ ਨੂੰ ਤਾਂ ਦੇਸ਼ ਮੌਜੂਦਾ ਸਮੇਂ ’ਚ ਕੋਰੋਨਾ ਨਾਲ ਲੜ ਰਿਹਾ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ ਅੱਧੇ ਤੋਂ ਵੱਧ ਲੋਕ ਤਾਂ ਹਿਮਾਚਲ ਦੇ ਮਨਾਲੀ ਅਤੇ ਸ਼ਿਮਲਾ ’ਚ ਕੋਰੋਨਾ ਦੀ ਤੀਸਰੀ ਲਹਿਰ ਨੂੰ ਜਲਦੀ ਲਿਆਉਣ ਦੇ ਲਈ ਆਪਣਾ ਯੋਗਦਾਨ ਪਾ ਰਹੇ ਹਨ।
ਇਕ ਪਾਸੇ ਮਨਾਲੀ ’ਚ ਲੋਕਾਂ ਨੂੰ ਹੋਟਲਾਂ ’ਚ ਕਮਰੇ ਨਹੀਂ ਮਿਲ ਰਹੇ। ਅਜਿਹਾ ਹੀ ਰਿਹਾ ਤਾਂ 2 ਮਹੀਨਿਆਂ ਦੇ ਬਾਅਦ ਹਸਪਤਾਲਾਂ ’ਚ ਕਮਰੇ ਨਸੀਬ ਨਹੀਂ ਹੋਣਗੇ ਅਤੇ ਫਿਰ ਇਹੀ ਵਰਕ ਫਰਾਮ ਹੋਮ ਦੀ ਥਾਂ ਵਰਕ ਫਰਾਮ ਹਿਮਾਚਲ ਵੱਖਰੇ ਹੀ ਖੇਮੇ ਦੇ ਅਖਾਉਤੀ ਬੁੱਧੀਜੀਵੀ ਫੇਸਬੁਕ, ਟਵਿਟਰ ਅਤੇ ਲੰਬੇ ਚੌੜੇ ਲੇਖ ਲਿਖ ਕੇ ਸਰਕਾਰ ਨੂੰ ਕੋਸਣਗੇ।
ਚਲੋ ਮੰਨ ਵੀ ਲਿਆ ਜਾਵੇ ਕਿ ਹਿਮਾਚਲ ਆ ਕੇ ਸੈਲਾਨੀ ਆਪਣੀ ਲੰਬੀ ਥਕਾਨ ਤੋਂ ਬਾਅਦ ਇਥੇ ਤਰੋਜ਼ਾਤਾ ਮਹਿਸੂਸ ਕਰਨ ਆਉਂਦੇ ਹਨ, ਇਹ ਇਕ ਮਤ ਹੋ ਸਕਦਾ ਹੈ ਪਰ ਇਹੀ ਸੈਲਾਨੀ ਜਦੋਂ ਤਲਵਾਰਾਂ ਲੈ ਕੇ ਸੜਕਾਂ ’ਤੇ ਹੁਲੜਬਾਜ਼ੀ ਕਰਨ, ਆਮ ਲੋਕ ਤੁਹਾਨੂੰ ਪ੍ਰੇਸ਼ਾਨ ਕਰਨ, ਖੁੱਲ੍ਹੇ ’ਚ ਸ਼ਰਾਬ ਪੀ ਕੇ ਦੁਕਾਨਦਾਰਾਂ ਨੂੰ ਸਾਮਾਨ ਲੈਣ ਦੇ ਬਾਅਦ ਪੈਸੇ ਦੀ ਬਜਾਏ ਗਾਲ੍ਹਾਂ ਕੱਢਣ ਤਾਂ ਕਿਵੇਂ ਸਹਿਣਯੋਗ ਹੈ।
ਦੁੱਖ ਹੁੰਦਾ ਹੈ ਜਦੋਂ ਹਿਮਾਚਲ ਪ੍ਰਦੇਸ਼ ਵਰਗੇ ਸ਼ਾਂਤੀ ਪਸੰਦ ਸੂਬੇ ਤੇ ਸਮਾਜ ’ਚ ਅਜਿਹੇ ਜ਼ਹਿਰੀਲੇ ਤੱਤ ਆ ਜਾਂਦੇ ਹਨ। ਸੈਲਾਨੀਆਂ ਨੂੰ ਸਾਫ-ਸਾਫ ਅਤੇ ਸਿੱਧੇ ਅਰਥਾਂ ’ਚ ਸਮਝ ਲੈਣਾ ਚਾਹੀਦਾ ਹੈ ਕਿ ਹਿਮਾਚਲ ਦੇਵਭੂਮੀ ਹੈ ਰਣਭੂਮੀ ਨਹੀਂ ਜੋ ਇਧਰ ‘‘ਸੈਰ-ਸਪਾਟੇ ਦਾ ਤਮਗਾ ਸਿਰ ’ਤੇ ਲਗਾ ਕੇ ਤੁਸੀਂ ਜੋ ਦਿਲ ’ਚ ਆਏ ਉਹੀ ਕਰੋਗੇ। ਸੈਰ-ਸਪਾਟਾ ਇਕ ਦਿਨ ਆਉਂਦਾ ਹੈ, 2 ਦਿਨ ਆਉਂਦਾ ਹੈ ਪਰ ਇੱਥੇ ਕੋਈ ਵਸਦਾ ਵੀ ਹੈ, ਇੱਥੇ ਿਕਸੇ ਦਾ ਘਰ ਵੀ ਹੈ, ਸੈਲਾਨੀਆਂ ਲਈ ਹਿਮਾਚਲ ਜ਼ਿਆਦਾ ਕੁਝ ਨਹੀਂ। ਹਸੀਨ ਵਾਦੀਆਂ ਅਤੇ ਠੰਡੇ ਪਹਾੜ ਅਤੇ ਇੱਧਰ ਕਿਸੇ ਦੇ ਘਰ ਵੀ ਹਨ, ਕਿਸੇ ਦੇ ਪ੍ਰਾਣ ਇੱਥੇ ਵਸਦੇ ਹਨ। ਕੱਲ ਨੂੰ ਜੇਕਰ ਹਿਮਾਚਲ ਦੇ ਲੋਕ ਚੰਡੀਗੜ੍ਹ ਜਾਂ ਪੰਜਾਬ, ਹਰਿਆਣਾ ਅਤੇ ਦਿੱਲੀ ’ਚ ਜਾ ਕੇ ਇਨ੍ਹਾਂ ਦੇ ਘਰਾਂ ਅਤੇ ਸੜਕਾਂ ’ਤੇ ਹੁਲੜਬਾਜ਼ੀ ਮਚਾਉਣ, ਤਲਵਾਰਾਂ ਲਹਿਰਾਉਣ ਤਾਂ ਕਿਹੋ ਜਿਹਾ ਹੋਵੇਗਾ।
ਸੈਲਾਨੀਆਂ ਨੂੰ ਹਿਮਾਚਲ ਆਉਣ ਤੋਂ ਪਹਿਲਾਂ ਸਮਝ ਲੈਣਾ ਚਾਹੀਦਾ ਹੈ ਕਿ ਸਮਾਜ ਦੇ ਲੋਕ ਬੇਸ਼ੱਕ ਹੀ ਸ਼ਾਂਤੀ ਤੇ ਸਾਦਗੀ ਸਵਰੂਪ ਹਨ ਪਰ ਮੂਰਖ ਨਹੀਂ ਹਨ, ਸੈਲਾਨੀ ਜੋ ਮਰਜ਼ੀ ਆਏ ਉਹੀ ਕਰਨ। ਪਹਿਲਾਂ ਮੰਡੀ ’ਚ ਨੌਜਵਾਨ ਦੀਆਂ ਉਂਗਲਾਂ ਵੱਢ ਦਿੱਤੀਆਂ ਤੇ ਹੁਣ ਮਨਾਲੀ ’ਚ ਤਲਵਾਰਾਂ ਲਹਿਰਾ ਕੇ ਲੋਕਾਂ ’ਤੇ ਹਮਲੇ ਕਰ ਦਿੱਤੇ ਤਾਂ ਕਦੀ ਪੁਲਸ ਦੇ ਨਾਲ ਕੁੱਟ-ਮਾਰ ਕਰਨ ਲੱਗ ਜਾਂਦੇ ਹਨ। ਆਖਿਰ ਤੁਸੀਂ ਸੈਲਾਨੀ ਹੋ ਤਾਂ ਘੁੰਮ ਫਿਰ ਕੇ ਅਨੰਦ ਲਓ,ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਆਖਿਰ ਤੁਸੀਂ ਮਹਿਮਾਨ ਹੋ ਪਰ ਮਹਿਮਾਨ ਬਣ ਕੇ ਦੂਸਰਿਆਂ ਦੇ ਘਰਾਂ ’ਚ ਜਾ ਕੇ ਅਜਿਹਾ ਵਤੀਰਾ ਅਪਣਾਉਣਾ ਭਾਰਤੀ ਤੇ ਹਿਮਾਚਲੀ ਸੱਭਿਆਚਾਰ ਦਾ ਹਿੱਸਾ ਕਦੀ ਵੀ ਨਹੀਂ ਰਿਹਾ ਹੈ।
ਹਾਲ ਹੀ ’ਚ ਧਰਮਸ਼ਾਲਾ ਤੇ ਕਾਂਗੜਾ ’ਚ ਕੁਦਰਤ ਦਾ ਕਹਿਰ ਵਰਤਿਆ, ਜਿਸ ਦੇ ਪਿੱਛੇ ਕੁਦਰਤੀ ਅਸੰਤੁਲਨ ਇਕ ਵੱਡਾ ਕਾਰਨ ਹੈ ਅਤੇ ਉਹ ਕਿਸੇ ਹੋਰ ਦੀ ਦੇਣ ਨਹੀਂ ਸਗੋਂ ਇਨ੍ਹਾਂ ਹੀ ਸੈਲਾਨੀਆਂ ਦਾ ਤਮਗਾ ਸਿਰ ’ਤੇ ਲੈ ਕੇ ਘੁੰਮਣ ਵਾਲੇ ਅਖਾਊਤੀ ਬੁੱਧੀਜੀਵੀਆਂ ਦੀ ਹੀ ਹੈ।
ਹਿਮਾਚਲ ਦੇ ਲੋਕ ਬਾਹਰ ਜਾਂਦੇ ਹਨ ਤਾਂ ਆਪਣੇ ਸੱਭਿਆਚਾਰ ਦੀ ਅਮਿਟ ਛਾਪ ਉਥੇ ਛੱਡ ਜਾਂਦੇ ਹਨ ਪਰ ਇਹ ਬਾਹਰੋਂ ਆਉਣ ਵਾਲੇ ਲੋਕ ਆਪਣੇ ਸੱਭਿਆਚਾਰ ਇੱਥੇ ਸੜਕਾਂ ’ਤੇ ਬਿਆਨ ਅਤੇ ਨਿਲਾਮ ਕਰ ਰਹੇ ਹਨ।
ਖੁਸ਼ੀ ਹੈ ਕਿ ਬੇਸ਼ੱਕ ਹੀ ਦੇਰ ਨਾਲ ਪਰ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਪੁਲਸ ਨੇ ਸਖਤ ਵਤੀਰਾ ਅਪਣਾ ਲਿਆ ਹੈ, ਜਿਸ ਨਾਲ ਹੁਣ ਹਿਮਾਚਲ ਆਉਣ ਵਾਲੇ ਹਰੇਕ ਸ਼ੱਕੀ ਦੀ ਹੁਣ ਖੈਰ ਨਹੀਂ।
ਹਿਮਾਚਲ ਦੇ ਸਰਹੱਦੀ ਇਲਾਕਿਆਂ ’ਚ ਪੁਲਸ ਵਿਭਾਗ ਦੀ ਚੌਕਸੀ ਅਤੇ ਹਰ ਇਕ ਗੱਡੀ ਦੀ ਚੈਕਿੰਗ ਸੂਬੇ ਨੂੰ ਇਕ ਵਾਰ ਫਿਰ ਸ਼ਾਂਤਮਈ ਬਣਾਉਣ ਦੇ ਰਾਹ ’ਚ ਇਕ ਵੱਡਾ ਕਦਮ ਹੈ। ਇਸ ਕਦਮ ਨਾਲ ਇਨ੍ਹਾਂ ਗੈਰ-ਸਮਾਜਿਕ ਤੱਤਾਂ ’ਤੇ ਲਗਾਮ ਲੱਗੇਗੀ। ਹਿਮਾਚਲ ਆਉਣ ਵਾਲੇ ਹਰੇਕ ਸੈਲਾਨੀ ਕੋਲੋਂ ਪ੍ਰਦੂਸ਼ਣ ਫੈਲਾਉਣ ਦਾ ਟੈਕਸ ਵਸੂਲਣਾ ਚਾਹੀਦਾ ਹੈ। ਨਾਲ ਹੀ ਆਫਤ ਪ੍ਰਬੰਧਨ ਦੇ ਅਧੀਨ ਵੀ ਰਕਮ ਵਸੂਲੀ ਜਾਣੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਦੇ ਕਾਰਨ ਕਦੀ ਸੂਬੇ ’ਚ ਆਫਤ ਜਾਂ ਕੋਈ ਹੋਰ ਸੰਕਟ ਪੈਦਾ ਹੋ ਜਾਵੇ ਤਾਂ ਲੋੜਵੰਦਾਂ ਦੀ ਸਹਾਇਤਾ ਹੋ ਸਕੇ। ਉਦੋਂ ਜਾ ਕੇ ਇਨ੍ਹਾਂ ਨੂੰ ਅਕਲ ਆਵੇਗੀ ਕਿ ਕੀ ਹੁੰਦਾ ਹੈ ਪੈਸੇ ਦੇ ਦਮ ’ਤੇ ਹੁਲੜਬਾਜ਼ੀ ਮਚਾਉਣਾ।
ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਵੀ ਲੋੜ ਹੈ ਕਿ ਆਪਣੀ ਸੈਲਾਨੀ ਨੀਤੀ ’ਚ ਬਦਲਾਅ ਕਰੇ ਅਤੇ ਇਕ ਮਾਪਦੰਡ ਵੀ ਜ਼ਰੂਰੀ ਹੈ ਕਿ ਆਪਣੀ ਸੈਰ-ਸਪਾਟਾ ਨੀਤੀ ’ਚ ਤਬਦੀਲੀ ਕਰੇ ਅਤੇ ਇਕ ਮਾਪਦੰਡ ਨਿਯਮਾਂਵਾਲੀ ਸੈਲਾਨੀਆਂ ਦੇ ਲਈ ਜਾਰੀ ਹੋਵੇ, ਜੋ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕਰੇਗਾ ਅਤੇ ਵਿਸ਼ੇਸ਼ ਟੈਕਸ ਅਦਾ ਕਰੇਗਾ, ਉਹੀ ਹਿਮਾਚਲ ਆ ਸਕੇਗਾ ਨਹੀਂ ਤਾਂ ਹਿਮਾਚਲ ਪ੍ਰਦੇਸ਼ ਨੂੰ ਗੂਗਲ ’ਤੇ ਹੀ ਦੇਖੇ। ਜੇਕਰ ਸੱਚ ’ਚ ਸਰਕਾਰ ਇਸ ਤਰ੍ਹਾਂ ਦੀ ਨੀਤੀ ਅਪਣਾਉਂਦੀ ਹੈ ਤਾਂ ਸਹੀ ਮਾਈਨਿਆਂ ’ਚ ਇਹ ਸੂਬੇ ਦੇ ਵਾਸੀਆਂ ਦੇ ਇਕ ਤੋਹਫੇ ਵਜੋਂ ਸ਼ਾਂਤੀ ਨਿਰਮਾਣ ਦੇ ਖੇਤਰ ’ਚ ਵੱਡਾ ਕਦਮ ਸਿੱਧ ਹੋਵੇਗਾ। ਇਸ ਤੋਂ ਕੋਈ ਮੁਕਰ ਨਹੀਂ ਨਹੀਂ ਸਕਦਾ।