ਸਿਰਫ ਕੱਪੜੇ ਦਾ ਟੁੱਕੜਾ ਨਹੀਂ ਹਿਜਾਬ
Monday, Sep 23, 2024 - 05:23 PM (IST)
16 ਸਤੰਬਰ ਨੂੰ ਮਹਸਾ ਅਮੀਨੀ ਦੀ ਦੂਜੀ ਬਰਸੀ ਸੀ। ਅਮੀਨੀ 22 ਸਾਲਾ ਈਰਾਨੀ ਔਰਤ ਸੀ, ਜਿਸ ਨੂੰ ਤਹਿਰਾਨ ’ਚ ਲਾਜ਼ਮੀ ਹਿਜਾਬ ਕਾਨੂੰਨਾਂ ਦੀ ਅਣਦੇਖੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਹਿਰਾਸਤ ’ਚ ਉਸ ਦੀ ਬਾਅਦ ’ਚ ਹੋਈ ਮੌਤ ਨੇ ਪੂਰੇ ਈਰਾਨ ’ਚ ਵੱਡੇ ਪੱਧਰ ’ਤੇ ਵਿਰੋਧ-ਵਿਖਾਵਿਆਂ ਨੂੰ ਜਨਮ ਦਿੱਤਾ, ਜਿਸ ਦਾ ਪ੍ਰਤੀਕ ਸ਼ੁਰੂ ’ਚ ਔਰਤਾਂ ਵਲੋਂ ਆਪਣੇ ਹਿਜਾਬ ਉਤਾਰਨਾ ਅਤੇ ਉਸ ਦੇ ਅੰਤਿਮ ਸੰਸਕਾਰ ’ਚ ਸ਼ਾਸਨ ਖਿਲਾਫ ਨਾਅਰੇ ਲਗਾਉਣਾ ਸੀ।
ਇਹ ਵਿਰੋਧ-ਵਿਖਾਵੇ ਅੱਗੇ ਚੱਲ ਕੇ ਜਨਤਕ ਤੌਰ ’ਤੇ ਹਿਜਾਬ ਸਾੜਨ ਅਤੇ ਸਰਕਾਰ ਵਿਰੋਧੀ ਵਿਖਾਵਿਆਂ ਤਕ ਪਹੁੰਚ ਗਏ, ਜੋ ਤਹਿਰਾਨ ’ਚ 80 ਤੋਂ ਵੱਧ ਸ਼ਹਿਰਾਂ ਤਕ ਫੈਲ ਗਏ।
ਅਮੀਨੀ ਦੀ ਮੌਤ ਨੇ ਦੇਸ਼ ਦੀ ਨਾਗਰਿਕ ਅਸ਼ਾਂਤੀ ’ਚ ਇਕ ਮਹੱਤਵਪੂਰਨ ਪਲ ਨੂੰ ਪਛਾਣਿਆ। ਅੱਜ ਚੱਲ ਰਹੀਆਂ ਧਮਕੀਆਂ ਦੇ ਬਾਵਜੂਦ, ਕਈ ਔਰਤਾਂ ਲਾਜ਼ਮੀ ਹਿਜਾਬ ਕਾਨੂੰਨਾਂ ਨੂੰ ਚੁਣੌਤੀ ਦੇਣ ’ਚ ਲੱਗੀਆਂ ਹੋਈਆਂ ਹਨ, ਜੋ ਇਸ ਮੌਲਿਕ ਸਿਧਾਂਤ ਦੀ ਪੁਸ਼ਟੀ ਕਰਦਾ ਹੈ ਕਿ ਔਰਤਾਂ ਦੇ ਅਧਿਕਾਰ ਜ਼ਿੰਦਗੀ ਅਤੇ ਆਜ਼ਾਦੀ ਲਈ ਕੇਂਦ੍ਰਿਤ ਹਨ।
ਹਿਜਾਬ ਕਈ ਮੁਸਲਿਮ ਔਰਤਾਂ ਵਲੋਂ ਸਿਰ ’ਤੇ ਲੈਣ ਵਾਲਾ ਇਕ ਦੁਪੱਟਾ, ਦੁਨੀਆ ਭਰ ਦੇ ਸ਼ਹਿਰੀ ਕੇਂਦਰਾਂ ’ਚ ਬੜਾ ਵੱਧ ਦਿਖਾਈ ਦੇਣ ਲੱਗਾ ਹੈ, ਜਿਸ ਨਾਲ ਇਸ ਦਾ ਸਿਆਸੀਕਰਨ ਵਧ ਗਿਆ ਹੈ। ਆਮ ਧਾਰਨਾ ਦੇ ਉਲਟ, ਕੁਰਾਨ ’ਚ ਹਿਜਾਬ ਸ਼ਬਦ ਸਪੱਸ਼ਟ ਤੌਰ ’ਤੇ ਸਿਰ ਦੇ ਦੁਪੱਟੇ ਨੂੰ ਸੰਦਰਭਿਤ ਨਹੀਂ ਕਰਦਾ ਸਗੋਂ ਇਕ ਪਰਦੇ ਨੂੰ ਸੰਦਰਭਿਤ ਕਰਦਾ ਹੈ ਜੋ ਇਤਿਹਾਸਕ ਤੌਰ ’ਤੇ ਪੈਗੰਬਰ ਮੁਹੰਮਦ ਦੀਆਂ ਪਤਨੀਆਂ ਨੂੰ ਖੁਫੀਅਤਾ ਮੁਹੱਈਆ ਕਰਦਾ ਸੀ।
ਕੁਰਾਨ ਮਰਦਾਂ ਅਤੇ ਔਰਤਾਂ ਦੋਵਾਂ ਲਈ ਸ਼ਾਲੀਨ ਪੋਸ਼ਾਕ ਦੀ ਵਕਾਲਤ ਕਰਦਾ ਹੈ, ਜਿਸ ’ਚ ਕੁਝ ਆਇਤਾਂ ਵੱਖ-ਵੱਖ ਕਿਸਮ ਦੀਆਂ ਧਾਰਨਾਵਾਂ ਦਾ ਸੁਝਾਅ ਦਿੰਦੀਆਂ ਹਨ। ਇਨ੍ਹਾਂ ਨੁਸਖਿਆਂ ਦੀ ਵੱਖ-ਵੱਖ ਸੱਭਿਆਚਾਰਾਂ ’ਚ ਵੱਖ-ਵੱਖ ਢੰਗਾਂ ਨਾਲ ਵਿਆਖਿਆ ਕੀਤੀ ਜਾਂਦੀ ਹੈ, ਜਿਸ ਨਾਲ ਹਿਜਾਬ ਦੀ ਲੋੜ ਲਗਾਤਾਰ ਬਹਿਸ ਦਾ ਵਿਸ਼ਾ ਬਣ ਜਾਂਦੀ ਹੈ।
ਦਿੱਲੀ ਤੋਂ, ਆਇਸ਼ਾ ਨੁਸਰਤ ਆਪਣਾ ਅਨੋਖਾ ਨਜ਼ਰੀਆ ਸਾਂਝਾ ਕਰਦੀ ਹੈ। 2012 ’ਚ ਉਸ ਨੇ ਨਿਊਯਾਰਕ ਟਾਈਮਜ਼ ’ਚ ਤਸ਼ੱਦਦ ਦੇ ਪ੍ਰਤੀਕ ਦੀ ਬਜਾਏ ਇਕ ਮਜ਼ਬੂਤ ਯੰਤਰ ਦੇ ਰੂਪ ’ਚ ਹਿਜਾਬ ਦੀ ਸਮਰੱਥਾ ਬਾਰੇ ਲਿਖਿਆ। ਨੁਸਰਤ ਹਿਜਾਬ ਨੂੰ ਪਛਾਣ ਅਤੇ ਅਧਿਆਤਮਿਕਤਾ ਦੇ ਨਿੱਜੀ ਐਲਾਨ ਵਜੋਂ ਦੇਖਦੀ ਹੈ। ਉਹ ਕਹਿੰਦੀ ਹੈ ‘‘ਇਕ ਅਜਿਹੇ ਸਮਾਜ ’ਚ ਜੋ ਖੁੱਲ੍ਹੇਪਨ ਨੂੰ ਅਪਣਾਉਂਦਾ ਹੈ, ਜੇਕਰ ਮੈਂ ਖੁਦ ਨੂੰ ਢਕਣ ਦਾ ਫੈਸਲਾ ਕੀਤਾ ਤਾਂ ਇਹ ਘਾਣਕਾਰੀ ਕਿਵੇਂ ਹੋ ਸਕਦਾ ਹੈ?
ਮੈਂ ਹਿਜਾਬ ਨੂੰ ਆਪਣੇ ਸਰੀਰ ਨੂੰ ਆਪਣੀ ਚਿੰਤਾ ਮੰਨਣ ਦੀ ਆਜ਼ਾਦੀ ਦੇ ਰੂਪ ’ਚ ਦੇਖਦੀ ਹਾਂ ਅਤੇ ਇਕ ਅਜਿਹੀ ਦੁਨੀਆ ’ਚ ਨਿੱਜੀ ਆਜ਼ਾਦੀ ਨੂੰ ਸੁਰੱਖਿਅਤ ਕਰਨ ਦੇ ਢੰਗ ਵਜੋਂ ਦੇਖਦੀ ਹਾਂ, ਜਿਥੇ ਔਰਤਾਂ ਨੂੰ ਵਸਤੂ ਦੇ ਰੂਪ ’ਚ ਦੇਖਿਆ ਜਾਂਦਾ ਹੈ।’’
ਹਿਜਾਬ ਚੁਣ ਕੇ ਨੁਸਰਤ ਖੁਦ ’ਤੇ ਕੰਟਰੋਲ ਸਥਾਪਿਤ ਕਰਦੀ ਹੈ ਅਤੇ ਬਾਹਰੀ ਰੂੜੀਵਾਦੀਆਂ ਅਤੇ ਅੰਦਰੂਨੀ ਭਾਈਚਾਰਕ ਇੱਛਾਵਾਂ ਨੂੰ ਚੁਣੌਤੀ ਦਿੰਦੀ ਹੈ।
20ਵੀਂ ਸ਼ਤਾਬਦੀ ਦੇ ਦੌਰਾਨ, ਹਿਜਾਬ ਦਾ ਸਿਆਸੀਕਰਨ ਤੇਜ਼ ਹੋ ਗਿਆ ਹੈ ਕਿਉਂਕਿ ਈਰਾਨ ਅਤੇ ਤੁਰਕੀ ਵਰਗੇ ਦੇਸ਼ਾਂ ਦੇ ਨੇਤਾਵਾਂ ਨੇ ਆਧੁਨਿਕ, ਧਰਮਨਿਰਪੱਖ ਆਦਰਸ਼ਾਂ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਣ ਲਈ ਇਸ ਨੂੰ ਲਾਗੂ ਕੀਤਾ ਜਾਂ ਪਾਬੰਦੀ ਲਗਾਈ।
ਹਿਜਾਬ ਦੀ ਭੂਮਿਕਾ ਬਹੁ-ਆਯਾਮੀ ਰਹੀ ਹੈ, ਇਹ ਬਦਲੇ ਅਤੇ ਤਸ਼ੱਦਦ ਦੇ ਪ੍ਰਤੀਕ ਵਜੋਂ ਇਕੱਠਿਆਂ ਕੰਮ ਕਰਦਾ ਹੈ। ਈਰਾਨ ’ਚ 1979 ਦੀ ਇਸਲਾਮੀ ਕ੍ਰਾਂਤੀ ਦੌਰਾਨ ਇਹ ਪੱਛਮੀ ਪ੍ਰਭਾਵ ਵਿਰੁੱਧ ਬਗਾਵਤ ਦਾ ਇਕ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ।
9/11 ਦੇ ਬਾਅਦ ਹਿਜਾਬ ਪੱਛਮੀ ਸਮਾਜਾਂ ’ਚ ਧਾਰਮਿਕ ਆਜ਼ਾਦੀ ਅਤੇ ਪਛਾਣ ’ਤੇ ਚਰਚਾਵਾਂ ਦਾ ਕੇਂਦਰ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਅਕਸਰ ਵਿਵਾਦਿਤ ਨੀਤੀਆਂ ਸਾਹਮਣੇ ਆਈਆਂ।
ਇਤਿਹਾਸਕ ਤੌਰ ’ਤੇ ਸਿਰ ’ਤੇ ਸਕਾਰਫ ਪਹਿਨਣਾ ਈਸਾਈ ਧਰਮ, ਹਿੰਦੂ ਧਰਮ, ਯਹੂਦੀ ਧਰਮ ਅਤੇ ਸਿੱਖ ਧਰਮ ਸਮੇਤ ਵੱਖ-ਵੱਖ ਧਾਰਮਿਕ ਰਵਾਇਤਾਂ ਦਾ ਅਨਿੱਖੜਵਾਂ ਅੰਗ ਰਿਹਾ ਹੈ। ਹਰੇਕ ਦਾ ਆਪਣਾ ਅਨੋਖਾ ਮਹੱਤਵ, ਰੀਤੀ-ਰਿਵਾਜ ਅਤੇ ਇਤਿਹਾਸਕ ਵਿਆਖਿਆ ਹੈ।
ਉਦਾਹਰਣ ਲਈ ਰੂੜੀਵਾਦੀ ਯਹੂਦੀ ਔਰਤਾਂ ਵਿਆਹੁਤਾ ਸਥਿਤੀ ਦੇ ਸੰਕੇਤ ਵਜੋਂ ਵਿਗ ਜਾਂ ਸਕਾਰਫ ਪਹਿਨ ਸਕਦੀਆਂ ਹਨ, ਜੋ ਹਿਬਰੂ ਬਾਈਬਲ ’ਚ ਪ੍ਰਾਚੀਨ ਰਸਮਾਂ ਤੋਂ ਹਾਸਲ ਹੋਇਆ ਹੈ ਜਦਕਿ ਈਸਾਈ ਨਨ ਇਤਿਹਾਸਕ ਤੌਰ ’ਤੇ ਆਪਣੀਆਂ ਧਾਰਮਿਕ ਪ੍ਰਤੀਬੱਧਤਾਵਾਂ ਅਤੇ ਸਮਾਜਿਕ ਮਾਪਦੰਡਾਂ ਤੋਂ ਵੱਖ ਹੋਣ ਦੇ ਪ੍ਰਤੀਕ ਵਜੋਂ ਪਹਿਨਦੀਆਂ ਹਨ। ਇਸਲਾਮ ’ਚ ਹਿਜਾਬ ’ਤੇ ਵਿਆਪਕ ਤੌਰ ’ਤੇ ਚਰਚਾ ਕੀਤੀ ਜਾਂਦੀ ਹੈ ਅਤੇ ਇਸ ਦੀ ਵਰਤੋਂ ਦੇ ਪੱਧਰ ’ਚ ਉਤਰਾਅ-ਚੜ੍ਹਾਅ ਦੇਖਿਆ ਗਿਆ ਹੈ ਜੋ ਸਿਆਸੀ ਅਤੇ ਸਮਾਜਿਕ ਜਲਵਾਯੂ ’ਚ ਤਬਦੀਲੀ ਨੂੰ ਦਰਸਾਉਂਦਾ ਹੈ। ਸਿੱਖਾਂ ਦੀ ਦਸਤਾਰ ਬਰਾਬਰੀ ਅਤੇ ਆਸਥਾ ਪ੍ਰਤੀ ਪ੍ਰਤੀਬੱਧਤਾ ਦੀ ਪ੍ਰਤੀਨਿਧਤਾ ਕਰਦੀ ਹੈ, ਜਿਸ ਨੂੰ ਸ਼ੁਰੂ ’ਚ ਮਰਦਾਂ ਵਲੋਂ ਬੰਨ੍ਹਿਆ ਜਾਂਦਾ ਸੀ ਪਰ ਬਾਅਦ ’ਚ ਕੁਝ ਸੰਪਰਦਾਵਾਂ ’ਚ ਔਰਤਾਂ ਵਲੋਂ ਅਪਣਾਇਆ ਗਿਆ।
ਹਿਜਾਬ ਕਾਨੂੰਨਾਂ ਦਾ ਵਿਸ਼ਵ ਪੱਧਰੀ ਦ੍ਰਿਸ਼ ਕਾਫੀ ਅਲੱਗ ਹੈ। ਈਰਾਨ ’ਚ ਹਿਜਾਬ ਲਾਜ਼ਮੀ ਹੈ ਜਦਕਿ ਫਰਾਂਸ ਅਤੇ ਬੈਲਜੀਅਮ ਵਰਗੇ ਦੇਸ਼ਾਂ ’ਚ ਧਰਮਨਿਰਪੱਖ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਦੇ ਮਕਸਦ ਨਾਲ ਜਨਤਕ ਸਕੂਲਾਂ ਅਤੇ ਸਰਕਾਰੀ ਨੌਕਰੀਆਂ ’ਚ ਇਸ ’ਤੇ ਪਾਬੰਦੀ ਲਗਾਈ ਗਈ ਹੈ।
ਭਾਰਤ ਇਕ ਉਲਟ ਸਥਿਤੀ ਪੇਸ਼ ਕਰਦਾ ਹੈ, ਜਿਥੇ ਨਿੱਜੀ ਪਸੰਦ ਹਿਜਾਬ ਦੀ ਵਰਤੋਂ ਨੂੰ ਰੋਕਦੀ ਹੈ, ਜੋ ਧਾਰਮਿਕ ਰਵਾਇਤਾਂ ਪ੍ਰਤੀ ਸਾਡੇ ਬਹੁਲਵਾਦੀ ਨਜ਼ਰੀਏ ਨੂੰ ਦਰਸਾਉਂਦਾ ਹੈ। ਔਰਤਾਂ ਨੂੰ ਇਹ ਤੈਅ ਕਰਨ ਦਾ ਹੱਕ ਦੇਣਾ ਕਿ ਉਹ ਆਪਣੀ ਪਛਾਣ ਅਤੇ ਵਿਸ਼ਵਾਸ ਕਿਵੇਂ ਪ੍ਰਗਟ ਕਰਦੀਆਂ ਹਨ, ਅਸਲੀ ਆਜ਼ਾਦੀ ਅਤੇ ਬਰਾਬਰੀ ਲਈ ਜ਼ਰੂਰੀ ਹੈ।
ਲਾਜ਼ਮੀ ਹਿਜਾਬ ਈਰਾਨ ’ਚ ਇਕ ਡੂੰਘਾ ਫੁੱਟਪਾਊ ਮੁੱਦਾ ਬਣਿਆ ਹੋਇਆ ਹੈ, ਫਿਰ ਵੀ ਅਜਿਹੀ ਲਾਜ਼ਮੀਅਤਾ ਨੂੰ ਚੁਣੌਤੀ ਦੇਣ ਵਾਲੀਆਂ ਔਰਤਾਂ ਦੀ ਬਹਾਦਰੀ ਖੁਦਮੁਖਤਿਆਰ ਅਤੇ ਸਨਮਾਨ ਦੀ ਲਾਲਸਾ ਨੂੰ ਉਜਾਗਰ ਕਰਦੀ ਹੈ। ਇਹ ਚੱਲ ਰਹੀਆਂ ਬਹਿਸਾਂ ਸਿਰਫ ਕੱਪੜੇ ਦੇ ਇਕ ਟੁਕੜੇ ਬਾਰੇ ਨਹੀਂ ਹੈ ਸਗੋਂ ਮੂਲ ਮਨੁੱਖੀ ਅਧਿਕਾਰਾਂ ਅਤੇ ਵਿਅਕਤੀਆਂ ਵਲੋਂ ਆਪਣੀ ਪਛਾਣ ਅਤੇ ਵਿਸ਼ਵਾਸਾਂ ਨੂੰ ਪ੍ਰਗਟ ਕਰਨ ਦੇ ਅਣਗਿਣਤ ਢੰਗਾਂ ਬਾਰੇ ਹੈ। ਸਾਡੇ ਵਿਕਸਿਤ ਹੁੰਦੇ ਸਮਾਜ ’ਚ ਸਾਨੂੰ ਖੁਦ ਨੂੰ ਉਸ ਹੱਠਪੁਣੇ ਅਤੇ ਧਾਰਨਾਵਾਂ ਦੇ ਬਾਂਝਪਨ ਤੋਂ ਮੁਕਤ ਕਰਨਾ ਹੋਵੇਗਾ, ਜਿਨ੍ਹਾਂ ਨੇ ਖੁਦ ਨੂੰ ਸਭ ਅਰਥਾਂ ਨਾਲ ਖਾਲੀ ਕਰ ਲਿਆ ਹੈ।
ਹਰੀ ਜੈਸਿੰਘ